ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਬਾਬਾ ਅਟੱਲ ਰਾਏ ਸਾਹਿਬ ਜੀ ਦਾ ਜਨਮ ਸੰਮਤ 1676 (1619 ਈ:) ਵਿਚ ਹੋਇਆ। ਛੋਟੀ ਅਵਸਥਾ ਵਿਚ ਹੀ ਜੋ ਕੁਝ ਆਖਦੇ ਸਨ, ਉਹ ਸਭ ਹੁੰਦਾ ਸੀ। ਇਸ ਲਈ ਉਹਨਾਂ ਦੇ ਇਸ ਬਜੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਸਨ। ਥਾਲ ਅਵਸਥਾ ਵਿਚ ਆਪ ਹਾਣੀ ਬਾਲਕਾਂ ਨਾਲ ਖਿਦੋ ਖੂੰਡੀ ਖੇਡਿਆ ਕਰਦੇ ਸਨ। ਇਕ ਦਿਨ ਖੇਡਦਿਆਂ ਖੇਡਦਿਆਂ ਇਕ ਮੀਟੀ ਬਾਲਕ ਮੋਹਨ ਸਿਰ ਆਈ ਜੋ ਉਸ ਨੇ ਦੂਜੇ ਦਿਨ ਦੇਣ ਦਾ ਬਚਨ ਕੀਤਾ। ਮੋਹਨ ਨੂੰ ਰਾਤ ਸੰਪ ਨੇ ਡੰਗਿਆ ਤਾਂ ਮੋਹਨ ਮਰ ਗਿਆ। ਜਦ ਅਗਲੇ ਦਿਨ ਮੋਹਨ ਮੀਟੀ ਦੇਣ ਲਈ ਨਾ ਪੁੱਜਾ ਤਾਂ ਬਾਬਾ ਅਟਲ ਰਾਏ ਜੀ ਸਣੇ ਸਾਥੀਆਂ ਮੋਹਨ ਦੇ ਘਰ ਗਏ। ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ। ਰੋਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੰਪ ਲੜ ਕੇ ਮਰ ਜਾਣ ਦਾ ਹਾਲ ਦੱਸਿਆ। ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੂੰਡੀ ਮੋਹਨ ਦੇ ਗਲ ਵਿਚ ਪਾ ਕੇ ਕਿਹਾ, ‘ਉਠ ਸਾਡੀ ਮੀਟੀ ਦੇਹ।’ ਜਿਸ ਨਾਲ ਮੋਹਨ ਸੁਰਜੀਤ ਹੋ ਉਠਿਆ। ਇਸ ਗੱਲ ਦੀ ਸਾਰੇ ਸ਼ਹਿਰ ਵਿਚ ਬੜੀ ਚਰਚਾ ਹੋਈ ਤੇ ਸਤਿਗੁਰੂ ਜੀ ਨੂੰ ਵੀ ਪਤਾ ਲੱਗਿਆ । ਬਾਬਾ ਅਟੱਲ ਰਾਏ ਸਾਹਿਬ ਜੀ ਸਤਿਗੁਰੂ ਜੀ ਦੀ ਹਜੂਰੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਆਏ। ਸਤਿਗੁਰੂ ਜੀ ਨੇ ਫੁਰਮਾਇਆ, ਭਾਣਾ ਉਲਟਿਆ, ਜੋ ਬਾਬਾ ਜੀ ਨੇ ਲਖ ਲਿਆ ਕਿ ਨਮਸਕਾਰ ਕਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ। ਇਹ ਪਤਾ ਲੱਗਣ ‘ਤੇ ਸੰਗਤਾਂ ਸਮੇਤ ਸਤਿਗੁਰੂ ਜੀ ਨੇ ਅਪਣੇ ਸਪੁੱਤਰ ਬਾਬਾ ਅਟੱਲ ਰਾਏ ਸਾਹਿਬ ਜੀ ਸਸਕਾਰ ਕੀਤਾ। ਸਸਕਾਰ ਸਮੇਂ ਜਿਸ ਥਾਂ ਹਜੂਰ ਸੰਗਤਾਂ ਨਾਲ ਬੈਠੇ ਉਸ ਥਾਂ ਗੁਰਦੁਆਰਾ ਬਾਰਾਂਦਰੀ ਹੈ। ਅਕਾਲ ਚਲਾਣੇ ਸਮੇਂ ਬਾਬਾ ਜੀ ਦੀ ਅਵਸਥਾ 9 ਸਾਲ ਦੀ ਸੀ । ਸੰਗਤਾਂ ਨੇ ਸਸਕਾਰ ਵਾਲੀ ਥਾਂ ‘ਤੇ ਸੰਮਤ 1835 (1778 ਈ:)ਵਿਚ 9 ਮੰਜਿਲਾ ਗੁਰਦੁਆਰਾ ਬਣਵਾਇਆ। ਇਹ ਇਮਾਰਤ ਸ੍ਰੀ ਅੰਮ੍ਰਿਤਸਰ ਵਿਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਇਮਾਰਤ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਾਬਾ ਅਟੱਲ ਰਾਇ ਜੀ ਨੂੰ ਦਿੱਤੇ ਗਏ ਪੰਜ ਵਰ:-
1. ਸਾਰੇ ਸ਼ਹਿਰ ਤੋਂ ਉੱਚਾ ਤੇਰਾ ਦਰਬਾਰ ਹੋਵੇਗਾ।
2. ਅੰਮ੍ਰਿਤਸਰ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਯਾਤਰਾ ਤੇਰੇ ਦਰ ‘ਤੇ ਮੱਥਾ ਟੇਕਣ ‘ਤੇ ਹੀ ਸਫ਼ਲ ਹੋਵੇਗੀ।
3. ਤੇਰੇ ਦਰ ਤੋਂ ਲੋੜਵੰਦ ਪ੍ਰਸ਼ਾਦਾ ਛਕਿਆ ਕਰਨਗੇ। (ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ)
4. ਤੇਰੇ ਦਰ ਤੋਂ ਸੰਗਤਾਂ ਸਦਾ ਮੂੰਹੋਂ ਮੰਗੀਆਂ ਮੁਰਾਦਾਂ ਪਾਉਣਗੀਆਂ।
5. ਅਸੀ ਤੈਨੂੰ ਇਸ ਸ਼ਹਿਰ ਦਾ ਮੁਖੀ ਥਾਪਦੇ ਹਾਂ ਜੋ ਵੀ ਅੰਤਿਮ ਸਮੇਂ ਤੇਰਾ ਧਿਆਨ ਧਰੇਗਾ ਉਹ ਤੇਰੇ ਚਰਨਾਂ ਵਿੱਚ ਆਵੇਗਾ।
