40 views 13 secs 0 comments

ਮਾਤਾ-ਪਿਤਾ ਦਾ ਬੱਚਿਆਂ ਪ੍ਰਤੀ ਫਰਜ਼ (ਗੁਰਮਤਿ ਦੀ ਰੌਸ਼ਨੀ ਵਿੱਚ)

ਲੇਖ
December 27, 2025

ਕਹਿੰਦੇ ਨੇ ਈਸਾਈ ਧਰਮ ਵਿਚ ਇਕ ਫ਼ਿਲਾਸਫ਼ਰ ਹੋਇਆ ਹੈ, ਜਿਸ ਨੂੰ ਪੰਜ ਸਾਲ ਦੀ ਉਮਰ ਵਿਚ ਪੂਰੀ ਬਾਇਬਲ ਯਾਦ ਸੀ। ਜਦੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਜੁਆਬ ਦਿੱਤਾ ਕਿ ਮੇਰੀ ਮਾਂ ਨੇ ਛੋਟੇ ਹੁੰਦਿਆਂ ਮੇਰੇ ਸੋਟੀਆਂ ਮਾਰ-ਮਾਰ ਕੇ ਮੈਨੂੰ ਬਾਇਬਲ ਯਾਦ ਕਰਵਾ ਦਿੱਤੀ ਸੀ। ਇਸ ਤਰ੍ਹਾਂ ਹੁਣ ਇਹ ਮੇਰੀ ਚਮੜੀ ਵਿਚ ਰਚ ਗਈ। ਨਿਪੋਲੀਅਨ ਦਾ ਵਿਚਾਰ ਹੈ ਕਿ “ਚੰਗੀਆਂ ਮਾਵਾਂ ਹੀ ਚੰਗੇ ਸਮਾਜ ਨੂੰ ਜਨਮ ਦੇ ਸਕਦੀਆਂ ਹਨ। ਚੰਗਾ ਸਮਾਜ ਸਿਰਜ ਸਕਦੀਆਂ ਹਨ।

ਜਦੋਂ ਬਾਬਾ ਫਰੀਦ ਜੀ ਛੋਟੀ ਉਮਰ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਨੇ ਆਖਿਆ ਕਿ ਬੱਚਾ ਤੂੰ ਖ਼ੁਦਾ, ਅੱਲਾ-ਤਾਲਾ ਨੂੰ ਯਾਦ ਕਰਿਆ ਕਰ ਤਾਂ ਬਾਬਾ ਜੀ ਨੇ ਪੁੱਛਿਆ ਕਿ ਮਾਤਾ ਜੀ ਫਿਰ ਅੱਲਾ ਮੈਨੂੰ ਕੀ ਦੇਵੇਗਾ? ਤਾਂ ਮਾਤਾ ਕਹਿਣ ਲੱਗੀ ਖ਼ੁਦਾ ਤੈਨੂੰ ਗੁੜ ਦਿਆ ਕਰੇਗਾ। ਮਾਤਾ ਨੇ ਹਰ ਰੋਜ਼ ਮੰਜੇ ਥੱਲੇ ਗੁੜ ਰੱਖ ਕੇ ਉਸ ਬੱਚੇ ਨੂੰ ਖ਼ੁਦਾ ਦਾ ਨਾਮ ਜਪਣ ‘ਤੇ ਲਗਾ ਦਿੱਤਾ ਤੇ ਫਿਰ ਨਾਮ ਜਪਦੇ-ਜਪਦੇ ਨਾਮ ਇਤਨਾ ਮਿੱਠਾ ਲੱਗਾ ਕਿ ਉਹ ਆਪ ਇਹ ਗੱਲ ਕਹਿ ਉਠੇ:

ਫਰੀਦਾ ਸਕਰ ਖੰਡ ਨਿਵਾਤ ਗੁੜੁ ਮਾਖਿਉ ਮਾਂਝਾ ਦੁਧੁ॥ ਸਭੇ ਵਸਤੂ ਮਿਠੀਆਂ ਰਬ ਨ ਪੂਜਨਿ ਤੁਧੁ॥(ਅੰਗ ੧੩੭੯)

ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜਦੋਂ ਇਕ ਕਿਰਤੀ ਸਿੱਖ ਭਾਈ ਬਦਰ ਸਿੰਘ ਜੀ ਚੜ੍ਹਾਈ ਕਰ ਗਏ ਤਾਂ ਉਨ੍ਹਾਂ ਦੀ ਪਤਨੀ ਨੇ ਬਾਪ ਵਿਹੂਣੇ ਬੱਚੇ ਦਾ ਪਾਲਣ-ਪੋਸ਼ਣ ਅਜਿਹੇ ਸੁਚੱਜੇ ਢੰਗ ਨਾਲ ਕੀਤਾ ਕਿ ਉਹੀ ਬੱਚਾ ਇਕ ਦਿਨ “ਸੁਲਤਾਨ-ਉਲ-ਕੌਮ” ਜੱਸਾ ਸਿੰਘ ਆਹਲੂਵਾਲੀਆ ਹੋ ਨਿਬੜਿਆ, ਕਿਉਂਕਿ ਉਸ ਦੀ ਮਾਂ ਨੇ ਛੋਟੇ ਹੁੰਦਿਆਂ ਤੋਂ ਹੀ ਉਸ ਦੇ ਕੰਨਾਂ ਵਿਚ ਗੁਰਬਾਣੀ ਦੇ ਸਿਧਾਂਤ ਪਾ ਕੇ ਉਸ ਨੂੰ ਹਰ ਪੱਖੋਂ ਧਰਮੀ ਬਣਾ ਦਿੱਤਾ ਸੀ। ਇਹ ਹੈ ਧਰਮੀ ਮਾਂ ਦਾ ਫਰਜ਼। ਇਹ ਹੈ ਧਰਮੀ ਅਤੇ ਅਕਲਮੰਦ ਮਾਵਾਂ ਦੀ ਨਿਸ਼ਾਨੀ। ਮਾਂ ਹੋਣੀ ਚਾਹੀਦੀ ਹੈ ਮਾਤਾ ਭਾਨੀ ਜੀ ਵਰਗੀ, ਕਿਉਂਕਿ ਜਦੋਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਜੇਠ ਮਹੀਨੇ ਦੀ ਕੜ੍ਹਦੀ ਧੁੱਪ ਵਿਚ, ਤੱਤੀ ਤਵੀ ਉਪਰ ਬੈਠਿਆਂ, ਸਿਰ ‘ਤੇ ਗਰਮ ਰੇਤ ਪਵਾ ਕੇ ਵੀ ਸਤਿਗੁਰੂ ਜੀ ਅਡੋਲ ਚਿੱਤ ਰਹੇ ਅਤੇ ਮੁੱਖੋਂ ਉਚਾਰ ਰਹੇ ਸਨ:

ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥ (ਅੰਗ ੩੯੪)

ਸੋ, ਹਰੇਕ ਮਾਤਾ ਨੂੰ ਮਾਤਾ ਭਾਨੀ ਜੀ ਵਰਗਾ ਰੋਲ ਅਦਾ ਕਰਨ ਦੀ ਲੋੜ ਹੈ ਕਿਉਂਕਿ ਬੱਚੇ ਦਾ ਪਹਿਲਾ ਸਕੂਲ ਮਾਤਾ ਦੀ ਗੋਦ ਹੁੰਦਾ ਹੈ। ਬੱਚੇ ਦਾ ਪਹਿਲਾ ਪਿਆਰ ਹੀ ਮਾਂ ਦੇ ਦੁੱਧ ਨਾਲ ਪੈਂਦਾ ਹੈ:

ਪਹਿਲੈ ਪਿਆਰਿ ਲਗਾ ਥਣ ਦੁਧਿ॥
ਦੂਜੈ ਮਾਇ ਬਾਪ ਕੀ ਸੁਧਿ॥ (ਅੰਗ ੧੩੭)

ਇਕ ਮਾਂ ਹੀ ਅਜਿਹੀ ਹੈ ਜੇ ਚਾਹੇ ਤਾਂ ਆਪਣੇ ਬੱਚੇ ਨੂੰ ਧਰਮੀ ਬਣਾ ਸਕਦੀ ਹੈ। ਪਰ ਅੱਜ ਕੀ ਕਾਰਨ ਹੈ ਕਿ ਸਾਡੇ ਬੱਚੇ ਪਤਿਤਪੁਣੇ ਅਤੇ ਨਸ਼ਿਆਂ ਦੀ ਦਲਦਲ ਵਿਚ ਜਾ ਫਸੇ ਹਨ? ਕੇਸ ਕਟਾ ਕੇ ਦਸਤਾਰ ਕਿਉਂ ਤਿਆਗ ਚੁੱਕੇ ਹਨ ? ਗੁਰੂ ਤੋਂ ਬੇਮੁਖ ਕਿਉਂ ਹੋ ਗਏ ਹਨ? ਮੁੱਖ ਰੂਪ ਵਿਚ ਅੱਜ ਦੇ ਮਾਤਾ-ਪਿਤਾ ਜ਼ਿਆਦਾ ਜ਼ਿੰਮੇਵਾਰ ਹਨ। ਕਿਉਂਕਿ ਮਾਂ-ਬਾਪ ਦਾ ਫਰਜ਼ ਹੈ ਕਿ ਆਪਣੇ ਬੱਚੇ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਰਮ ਦੀ ਸਿੱਖਿਆ ਵੀ ਦਿੱਤੀ ਜਾਵੇ। ਸਤਿਗੁਰੂ ਜੀ ਪਾਵਣ ਬਾਣੀ ਵਿਚ ਬਚਨ ਕਰਦੇ ਹਨ ਕਿ ਜੇਕਰ ਕਿਸੇ ਮਾਂ ਦੇ ਬੱਚੇ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਿਆ ਤਾਂ ਮਾਂ ਨੂੰ ਆਪਣਾ ਰੂਪ ਗਵਾਉਣ ਦਾ ਕੋਈ ਫਾਇਦਾ ਨਹੀਂ:

ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥ (ਅੰਗ ੬੯੭)

ਕਿਉਂਕਿ ਜੇ ਬੱਚਾ ਨਲਾਇਕ ਹੋਵੇ ਤਾਂ ਉਲਾਮਾ ਵੀ ਪਹਿਲਾਂ ਮਾਂ ਨੂੰ ਹੀ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਸਿੱਧਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਚਾ ਹੋਈ ਤਾਂ ਸਿੱਧ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਉਦਾਸੀ ਭੇਖ ਉਤਾਰ ਕੇ ਸੰਸਾਰਿਕ ਕੱਪੜੇ ਪਾ ਲਏ ਹਨ ਅਤੇ ਇਸ ਤਰ੍ਹਾਂ ਕਰਕੇ ਤੁਸੀਂ ਉਦਾਸੀ ਬਾਣੇ ਨੂੰ ਲਾਜ ਲਾਈ ਹੈ, ਤੁਸੀਂ ਤਾਂ ਮਾਨੋ ਦੁੱਧ ਵਿਚ ਕਾਂਜੀ ਪਾ ਕੇ ਸਾਰਾ ਦੁੱਧ ਹੀ ਖਰਾਬ ਕਰ ਦਿੱਤਾ। ਉਸ ਸਮੇਂ ਗੁਰੂ ਜੀ ਨੇ ਜੋ ਜੁਆਬ ਦਿੱਤਾ, ਭਾਈ ਗੁਰਦਾਸ ਜੀ ਲਿਖਦੇ ਹਨ:

ਨਾਨਕ ਆਖੇ, ਭੰਗਰਿਨਾਥ! ਤੇਰੀ ਮਾਉ ਕੁਚਜੀ ਆਹੀ।
(ਵਾਰ ੧:੪੦)

ਸਤਿਗੁਰੂ ਜੀ ਕਹਿਣ ਲੱਗੇ ਕਿ ਐ ਭੰਗਰਨਾਥ! ਤੇਰੀ ਮਾਂ ਹੀ ਕੁਚੱਜੀ ਹੈ ਜਿਸ ਨੇ ਤੈਨੂੰ ਇਹ ਨਹੀਂ ਸਮਝਾਇਆ ਕਿ ਕੋਈ ਬਾਣੇ ਨਾਲ ਧਰਮੀ ਨਹੀਂ ਬਣ ਸਕਦਾ ਭਾਵ ਕਿ ਤੈਨੂੰ ਧਰਮ ਦੀ ਸਿੱਖਿਆ ਨਹੀਂ ਦਿੱਤੀ। ਇਸ ਲਈ ਮਾਂ ਦਾ ਫ਼ਰਜ਼ ਫ਼ਰਜ਼ ਹੈ ਕਿ ਉਹ ਬੱਚੇ ਨੂੰ ਧਰਮ ਦੀ ਸਿੱਖਿਆ ਦੇਵੇ, ਪਰ ਅਫ਼ਸੋਸ ਅੱਜ ਅਸੀਂ ਛੋਟੇ-ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਭਾਈ ਮਨੀ ਸਿੰਘ ਜੀ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਭਾਈ ਤਾਰੂ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਵਰਗੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਬੱਚਿਆਂ ਤਕ ਪਹੁੰਚਾ ਨਹੀਂ ਸਕੇ, ਕਿਉਂਕਿ ਮਾਂ-ਬਾਪ ਆਪ ਇਸ ਪੱਖੋਂ ਕੋਰੇ ਹਨ। ਸਭ ਤੋਂ ਪਹਿਲਾਂ ਸਿੱਖੀ ਘਰੋਂ ਮਿਲਣੀ ਸੀ ਪਰ ਮਾਤਾ-ਪਿਤਾ ਆਪ ਸਿੱਖੀ ਤੋਂ ਅਣਜਾਣ ਹਨ, ਬੱਚਿਆਂ ਨੂੰ ਕੀ ਸਿਖਾਉਣਗੇ? ਅੱਜ ਸ਼ਾਇਦ ਹੀ ਕੋਈ ਮਾਂ ਆਪਣੇ ਬੱਚੇ ਨੂੰ ਕਹਿੰਦੀ ਹੋਵੇਗੀ ਕਿ ਬੇਟਾ ਤੂੰ ਮੈਨੂੰ ਮੂਲ-ਮੰਤਰ ਦਾ ਪਾਠ ਸੁਣਾ, ਮੈਂ ਤੈਨੂੰ ਟਾਫੀਆਂ ਦਿਆਂਗੀ ਜਾਂ ਅੱਜ ਸ਼ਾਮੀ ਰਹਿਰਾਸ ਦਾ ਪਾਠ ਤੂੰ ਕਰੇਂਗਾ ਤਾਂ ਤੈਨੂੰ ਚਾਕਲੇਟ ਦਿਆਂਗੀ ਜਾਂ ਫਿਰ ਜੇ ਤੂੰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਪਾਠ ਕਰੇਂਗਾ ਤਾਂ ਤੈਨੂੰ ਪੜ੍ਹਾਈ ਜ਼ਿਆਦਾ ਆਵੇਗੀ । ਅੱਜ ਬੱਚੇ ਉਠਦੇ ਹੀ ਟੀ.ਵੀ. ਦੇਖਦੇ ਹਨ ਜਿਸ ਉਪਰ ਅਸ਼ਲੀਲ ਗਾਣੇ ਚਲ ਰਹੇ ਹੁੰਦੇ ਹਨ। ਫਿਰ ਦੱਸੋ ਬੱਚਾ ਕਿਵੇਂ ਧਰਮੀ ਅਤੇ ਸਦਾਚਾਰਕ ਗੁਣਾਂ ਦਾ ਧਾਰਨੀ ਬਣ ਸਕਦਾ ਹੈ। ਟੀ.ਵੀ ਵਿਚ ਜੋ ਦਿਖਾਇਆ ਜਾ ਰਿਹਾ ਹੈ, ਉਹ ਸਿੱਖੀ ਦੇ ਉੱਚੇ-ਸੁੱਚੇ, ਮਹਾਨ ਆਦਰਸ਼ਾਂ ਨੂੰ ਸੱਟ ਮਾਰਨ ਵਾਲਾ ਹੈ; ਜਿਸ ਨੂੰ ਬੱਚੇ ਬਾਰ-ਬਾਰ ਦੇਖਦੇ ਹਨ ਅਤੇ ਸੁਣਦੇ ਹਨ। ਸਿੱਖੀ ਬਾਰੇ ਕੋਈ ਗਿਆਨ ਨਾ ਹੋਣ ਕਾਰਨ ਮੱਲੋ-ਮੱਲੀ ਉਸ ਵਰਗਾ ਬਣਨਾ ਚਾਹੁੰਦੇ ਹਨ। ਅੱਜ ਦਾ ਨੌਜਵਾਨ ਕੱਚੇ ਘੜੇ ‘ਤੇ ਤੈਰਨ ਵਾਲੀ ਕੁੜੀ ਬਾਰੇ ਤਾਂ ਜਾਣਦਾ ਹੈ, ਪਰ ਕੱਚੀ ਗੜ੍ਹੀ ਵਿਚ ਦਸ ਲੱਖ ਫ਼ੌਜਾਂ ਨਾਲ ਲੜਨ ਵਾਲੇ ਗੁਰੂ ਦੇ ੪੦ ਸਿੰਘਾਂ ਦੀ ਸ਼ਹੀਦੀ ਤੋਂ ਅਣਜਾਣ ਹੈ। ਅੱਜ ਮਿਸ ਪੰਜਾਬਣ, ਗਾਉਣ, ਹਸਾਉਣ, ਭੰਗੜੇ ਅਤੇ ਗਲੈਮਰ ਸ਼ੋਅ ਲਈ ਸਮਾਂ ਹੈ। ਦਿਨ-ਰਾਤ ਤਿਆਰੀ ਹੁੰਦੀ ਹੈ, ਅਭਿਆਸ ਹੁੰਦੇ ਹਨ, ਪਰ ਧਾਰਮਿਕ ਪੜ੍ਹਾਈ ਜਾਂ ਗੁਰਮਤਿ ਕਲਾਸ ਲਈ ਉੱਤਰ ਮਿਲਦਾ ਹੈ ਕਿ ਸਿਲੇਬਸ ਬੜਾ ਔਖਾ ਹੈ, ਪੜ੍ਹਾਈ ਖ਼ਰਾਬ ਹੋਵੇਗੀ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜੇਕਰ ਮਾਂ ਹੀ ਆਪਣੇ ਬੱਚੇ ਨੂੰ ਨਹੀਂ ਰੋਕਦੀ ਤਾਂ ਉਸ ਨੂੰ ਕੋਈ ਨਹੀਂ ਬਚਾ ਸਕਦਾ:

ਜੇ ਮਾਉ ਪਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ।
(ਵਾਰ ੩੫:੨੨)

ਜੇਕਰ ਮਾਂ ਹੀ ਬੱਚੇ ਨੂੰ ਮਾਰਨਾ ਚਾਹਵੇ ਤਾਂ ਕੌਣ ਬਚਾ ਸਕਦਾ ਹੈ? ਇਸ ਦਾ ਮਤਲਬ ਇਹ ਨਹੀਂ ਕਿ ਮਾਂ ਦੀ ਭਾਵਨਾ ਬੱਚੇ ਨੂੰ ਮਾਰਨਾ ਹੈ, ਪਰ ਜੇਕਰ ਬੱਚੇ ‘ਤੇ ਨਜ਼ਰ ਨਾ ਰੱਖਣੀ ਕਿ ਉਹ ਕਿਸ ਪਾਸੇ ਜਾ ਰਿਹਾ ਹੈ, ਕਿਸ ਸੰਗਤ ਵਿਚ ਹੈ, ਗਲਤ ਪਾਸੇ ਹੈ ਜਾਂ ਧਰਮ ਦੇ ਪਾਸੇ। ਇਸ ਗੱਲ ਤੋਂ ਜੇ ਮਾਂ ਅਣਗਿਹਲੀ ਕਰਦੀ ਹੈ ਤਾਂ ਉਹ ਆਪ ਜ਼ਿੰਮੇਵਾਰ ਹੈ, ਨਾਲ ਪਿਤਾ ਵੀ।

ਇਕ ਸਮਾਂ ਸੀ ਕਿ ਇਤਨੀਆਂ ਮਹਾਨ ਮਾਤਾਵਾਂ ਹੁੰਦੀਆਂ ਸਨ, ਜਿਹੜੀਆਂ ਜੰਗਾਂ-ਯੁੱਧਾਂ ਵਿਚ ਜਦੋਂ ਕਿਸੇ ਮਾਂ ਦਾ ਪੁੱਤਰ ਸ਼ਹੀਦ ਹੋ ਜਾਣਾ ਤਾਂ ਜਦ ਉਸ ਦਾ ਮ੍ਰਿਤਕ ਸਰੀਰ ਘਰ ਲਿਆਂਦਾ ਜਾਣਾ ਤਾਂ ਦਰਵਾਜ਼ਾ ਖੋਲਣ ਤੋਂ ਪਹਿਲਾਂ ਪੁੱਛ ਕਰਨੀ ਕਿ “ਜੇ ਗੋਲੀ ਜਾਂ ਫੱਟ ਇਸ ਦੀ ਛਾਤੀ ਵਿਚ ਲੱਗਾ ਹੈ ਤਾਂ ਅੰਦਰ ਲੈ ਆਵੋ, ਜੇਕਰ ਪਿੱਠ ਵਿਚ ਹੈ ਤਾਂ ਵਾਪਸ ਲੈ ਜਾਵੋ।”

ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਮਾਤਾ ਗੁਜਰੀ ਜੀ ਦੀ ਗੁੜ੍ਹਤੀ ਸਦਕਾ ੭ ਅਤੇ ੯ ਸਾਲ ਦੀ ਉਮਰ ਦੇ ਲਾਲ, ਸੂਬੇਦਾਰ ਵਜ਼ੀਰ ਖ਼ਾਨ ਤੋਂ ਵੀ ਨਾ ਘਬਰਾਏ ਅਤੇ ਜੇਕਰ ਜ਼ਾਲਮਾਂ ਵੱਲੋਂ ਧਰਮ ਛੱਡਣ ਦੀ ਗੱਲ ਕੀਤੀ ਤਾਂ ਗੱਜ ਕਿ ਕਿਹਾ:-

“ਸਾਹਿਬਜ਼ਾਦਿਆਂ ਕੜ੍ਹਕ ਕੇ ਕਿਹਾ ਸੂਬੇ: ਪਰਬਤ ਦਾਬਿਆਂ ਨਾਲ ਨਹੀਂ ਹੱਲ ਜਾਂਦੇ।ਪੁੱਤਰ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੇ ਭੇਡਾਂ ਵਿਚ ਨਹੀਂ ਰਲ ਜਾਂਦੇ। ”

ਰਹਿਤਨਾਮਿਆਂ ਵਿਚ ਸਿੱਖਿਆ ਦਿੱਤੀ ਗਈ ਹੈ ਕਿ ਮਾਤਾ-ਪਿਤਾ ਜਿੱਥੇ ਖੁਦ ਘਰ ਵਿਚ ਬੈਠ ਕੇ ਗੁਰਮਤਿ ਵਿਚਾਰਾਂ ਕਰਨ, ਉਥੇ ਆਪਣੇ ਬੱਚਿਆਂ ਨੂੰ ਵੀ ਗੁਰਮਤਿ ਸਿਖਾਉਣ:

ਸਿੰਘ ਸਿੰਘਣੀ ਮਿਲ ਬਹੈ, ਚਰਚਾ ਕਰੇ ਆਪਾਰ।

ਅੱਜ ਹਰ ਮਾਤਾ-ਪਿਤਾ ਦਾ ਫ਼ਰਜ ਹੈ ਕਿ ਆਪਣੇ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਧਰਮ ਦੀ ਵਿੱਦਿਆ ਦੇਣ ਦਾ ਵੀ ਖ਼ਾਸ ਪ੍ਰਬੰਧ ਕਰਨ ਅਤੇ ਆਪਣੇ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਜਾਣੂ ਕਰਾਉਣ।

-ਸ. ਇਕਵਾਕ ਸਿੰਘ