views 10 secs 0 comments

ਕੇਸਾਂ ਬਾਰੇ ਵਿਗਿਆਨਕ ਖੋਜ

ਲੇਖ
February 10, 2026

ਪੱਛਮ ਵਿੱਚ 18ਵੀਂ-19ਵੀਂ ਸਦੀ ਦੌਰਾਨ ਉਦਯੋਗਿਕ ਕ੍ਰਾਂਤੀ ਕਾਰਨ ਰੋਜ਼ਗਾਰ ਦੇ
ਮੌਕੇ ਵਧੇ, ਪਰ ਫੈਕਟਰੀਆਂ ਵਿੱਚ ਮਨੁੱਖੀ ਸੁਰੱਖਿਆ ਦੇ ਮੁਨਾਸਿਬ ਪ੍ਰਬੰਧ ਨਾ ਹੋਣ ਕਾਰਨ ਲੰਬੇ ਕੇਸਾਂ ਕਰਕੇ ਮਾਰੂ ਦੁਰਘਟਨਾਵਾਂ ਹੋਣ ਲੱਗ ਪਈਆਂ । ਅਜਿਹੀ ਸਥਿਤੀ ਨੂੰ ਰੋਕਣ ਲਈ ਕਾਮਿਆਂ ਨੇ ਨਾ-ਚਾਹੁੰਦੇ ਹੋਏ ਵੀ ਮਜਬੂਰਨ ਦੁਖੀ ਹੋ ਕੇ ਆਪਣੇ ਲੰਬੇ-ਲੰਬੇ ਕੇਸ ਕਟਵਾਉਣੇ ਅਰੰਭ ਕਰ ਦਿੱਤੇ ਤੇ ਨਤੀਜੇ ਵਜੋਂ ਸ਼ੇਕਸਪੀਅਰ ਵਰਗੇ ਲੰਬੇ-ਲੰਬੇ ਵਾਲਾਂ ਵਾਲੇ ਮਨੁੱਖਾਂ ਦੀ ਗਿਣਤੀ ਯੂਰਪ ਵਿੱਚ ਘਟਣ ਲੱਗ ਪਈ, ਜਿਹੜੀ ਘਟਦੀ-ਘਟਦੀ ਅੱਜ ਲੱਗਭਗ ਬਿਲਕੁਲ ਖਤਮ ਹੋ ਗਈ ਹੈ । ਪਰ ਇਸ ਮਾਰੂ ਪ੍ਰਭਾਵ ਦੇ ਬਾਵਜੂਦ ਉਥੇ ਇਕ ਗੱਲ ਜ਼ਰੂਰ ਹੋਈ ਕਿ ਉਹਨਾਂ ਲੋਕਾਂ ਨੇ ਕੇਸ ਕਟਵਾਉਣ ਮਗਰੋਂ ਇਸ ਖੇਤਰ ਦੇ ਫ਼ਾਇਦੇ ਕੀ ਹਨ ਅਤੇ ਇਨ੍ਹਾਂ ਨੂੰ ਕਟਵਾਉਣ ਨਾਲ ਮਨੁੱਖੀ ਸਰੀਰ ਤੇ ਸੁਭਾਅ ਆਦਿ ਵਿੱਚ ਕੀ ਤਰੁੱਟੀਆਂ ਤੇ ਤਬਦੀਲੀਆਂ ਆਉਂਦੀਆਂ ਹਨ ਸਬੰਧੀ ਵਿਚਾਰ ਕੀਤੀ। ਇਸ ਆਸ਼ੇ ਨੂੰ ਮੁੱਖ ਰੱਖ ਕੇ ਪੱਛਮ ਵਿੱਚ ਹੋਈ ਖੋਜ ਅਨੁਸਾਰ ਇਹ ਸਿੱਟਾ ਨਿਕਲ ਕੇ ਸਾਹਮਣੇ ਆਇਆ ਹੈ ਕਿ ਕੇਸ ਮਨੁੱਖੀ ਸਰੀਰ ਵਿੱਚ ਵਿਟਾਮਿਨ ‘ਡੀ’ ਪੈਦਾ ਕਰਨ ਲਈ ਇਕ ਫੈਕਟਰੀ ਦਾ ਕੰਮ ਕਰਦੇ ਹਨ। ਵਿਟਾਮਿਨ ‘ਡੀ’ ਤਪਦਿਕ ਵਰਗੇ ਖਈ ਰੋਗ ਤੋਂ ਮਨੁੱਖ ਨੂੰ ਬਚਾਉਂਦਾ ਹੈ ਅਤੇ ਇਹ ਸਰੀਰ ਦੀਆਂ ਹੱਡੀਆਂ, ਦੰਦਾਂ ਅਤੇ ਨਰਵਸ ਸਿਸਟਮ ਲਈ ਬਹੁਤ ਹੀ ਜ਼ਰੂਰੀ ਤੱਤ ਹੈ ਜਿਹੜਾ ਅੱਜ-ਕਲ੍ਹ ਦੁਰਲੱਭ ਜਿਹਾ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਤੋਂ ਅਸੀਂ ਸਬਜ਼ੀਆਂ ਅਤੇ ਅਨਾਜ ਨੂੰ ਕੀੜੇ ਮਾਰ ਦਵਾਈਆਂ ਰਾਹੀਂ ਬਚਾਉਣ ਦੇ ਉਪਰਾਲੇ ਸ਼ੁਰੂ ਕੀਤੇ ਹਨ ਉਦੋਂ ਦਾ ਹੀ ਵਿਟਾਮਿਨ “ਡੀ” ਵੀ ਇਨ੍ਹਾਂ ਸਬਜ਼ੀਆਂ ਵਿੱਚੋਂ ਕਾਫੀ ਮਾਤਰਾ ਵਿੱਚ ਨਸ਼ਟ ਹੁੰਦਾ ਜਾ ਰਿਹਾ ਹੈ, ਜਿਸ ਦੇ ਫਲਸਰੂਪ ਸਮੁੱਚੇ ਸੰਸਾਰ ਵਿੱਚ ਵਿਟਾਮਿਨ ‘ਡੀ’ ਦੀ ਭਾਰੀ ਕਮੀ ਮਹਿਸੂਸ ਹੋਣ ਲੱਗ ਪਈ ਹੈ। ਵਿਕਸਿਤ ਦੇਸਾਂ ਨੇ ਇਸ ਕਮੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਬਨਾਵਟੀ ਤੌਰ ‘ਤੇ ਵਿਟਾਮਿਨ “ਡੀ” ਤਿਆਰ ਕਰਕੇ ਬੱਚਿਆਂ ਦੀ ਖੁਰਾਕ ਵਿੱਚ ਰਲਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਵੱਡੇ ਹੋ ਕੇ ਉਹ ਅਜਿਹੀ ਹਸਤੀ ਦੇ ਮਾਲਕ ਨਾ ਬਣਨ ਜਿਹੜੀ ਸਰੀਰ ਦੇ ਪੱਖੋਂ ਦੁਰਬਲ ਅਤੇ ਮਾਨਸਿਕ ਤੌਰ ‘ਤੇ ਉਖੜੀ-ਪੁਖੜੀ ਹੋਵੇ । ਅਮੀਰ ਦੇਸ਼ਾਂ ਦੇ ਉਲਟ ਗਰੀਬ ਦੇਸ਼ ਥੋੜ੍ਹੀ ਜਿਹੀ ਸਿਆਣਪ ਨਾਲ ਕੇਸ ਰੱਖ ਕੇ ਆਪਣੇ ਬੱਚਿਆਂ ਦੀ ਇਹ ਕਮੀ ਕੁਦਰਤ ਦੇ ਵਡਮੁੱਲੇ ਭੰਡਾਰੇ (ਸੂਰਜੀ ਧੁੱਪ) ਵਿੱਚੋਂ ਵਿਟਾਮਿਨ “ਡੀ” ਮੁਫਤ ਪ੍ਰਾਪਤ ਕਰਕੇ ਅਸਾਨੀ ਨਾਲ ਪੂਰੀ ਕਰ ਸਕਦੇ ਹਨ । ਇਸ ਮਹੱਤਵਪੂਰਨ ਖੋਜ ਨੇ ਇਹ ਵੀ ਸਿੱਧ ਕੀਤਾ ਹੈ ਕਿ ਸਿਰ ਦੇ ਵਾਲ ਜਿਤਨੇ ਲੰਮੇ ਹੋਣਗੇ ਉਹਨਾਂ ਵਿਚਲਾ ਤੇਲ ਸੂਰਜੀ ਸ਼ਕਤੀ ਦੇ ਅਮਲ ਨਾਲ ਉਤਨਾ ਹੀ ਵੱਧ ਵਿਟਾਮਿਨ ‘ਡੀ’ ਪੈਦਾ ਕਰੇਗਾ । ਇਸ ਲਈ ਵਾਲ ਰੱਖਣੇ ਹਰ ਕਿਸੇ ਦੀ ਸਿਹਤ ਅਤੇ ਮਾਨਸਿਕ ਅਵਸਥਾ ਦੋਹਾਂ ਲਈ ਅਤੀ ਜ਼ਰੂਰੀ ਹਨ । ਤਜ਼ਰਬਿਆਂ ਦੇ ਆਧਾਰ ‘ਤੇ ਇਹ ਵੀ ਸਾਬਤ ਕੀਤਾ ਜਾ ਚੁੱਕਾ ਹੈ ਕਿ ਜੇਕਰ ਕੇਸਾਂ ਨੂੰ ਸਿਰ ਦੀ ਚੋਟੀ ਉੱਤੇ ਵਲੇਵਾਂ ਦੇ ਕੇ ਜੂੜੇ ਦੀ ਸ਼ਕਲ ਵਿੱਚ ਸੰਵਾਰਿਆ ਜਾਵੇ ਤਾਂ ਉਹ ਸੂਰਜੀ ਸ਼ਕਤੀ ਨੂੰ ਵੱਧ ਤੋਂ ਵੱਧ ਮਾਤਰਾ ਵਿੱਚ ਇਵੇਂ ਆਪਣੇ ਵਿੱਚ ਸਮੇਟਣ ਦੀ ਸਮਰੱਥਾ ਰੱਖਦੇ ਹਨ ਜਿਸ ਤਰ੍ਹਾਂ ਟੈਲੀਵੀਜ਼ਨ ਦਾ ਐਨਟੀਨਾ ਵਾਤਾਵਰਨ ਵਿੱਚੋਂ ਚਿੱਤਰ ਰੇਖਾਵਾਂ ਖਿੱਚਣ ਦੀ ਸ਼ਕਤੀ ਰੱਖਦਾ ਹੈ । (ਟੈਸੀਟਸ ਦੇ ਕਥਨ ਅਨੁਸਾਰ ਪ੍ਰਾਚੀਨ ਜਰਮਨ ਵਾਸੀ ਆਪਣੇ ਸਿਰਾਂ ਉੱਤੇ ਲੰਬੇ ਵਾਲਾਂ ਦਾ ਜੂੜਾ ਕਰਦੇ ਹੁੰਦੇ ਸਨ ਅਤੇ ਹੋ ਸਕਦਾ ਹੈ ਉਹ ਅਜਿਹਾ ਉਕਤ ਲਾਭ ਦੀ ਪ੍ਰਾਪਤੀ ਲਈ ਹੀ ਕਰਦੇ ਹੋਣ !) ਕੁਦਰਤ ਦੀ ਦੁਰਲੱਭ ਦਾਤ ਵਿਟਾਮਿਨ ‘ਡੀ’ ਜੇ ਮਨੁੱਖ ਨੂੰ ਕੇਵਲ ਕੇਸ ਰੱਖ ਕੇ ਕਾਫੀ ਮਾਤਰਾ ਵਿੱਚ ਮੁਫਤ ਮਿਲ ਸਕਦੀ ਹੈ ਤਾਂ ਸਿਹਤ ਦੇ ਨੁਕਤਾ-ਨਿਗਾਹ ਤੋਂ ਵੀ ਕੇਸ ਰੱਖਣੇ ਬਹੁਤ ਗੁਣਕਾਰੀ ਤੇ ਲਾਭਦਾਇਕ ਹਨ ।

ਸਰੂਪ ਸਿੰਘ ਅਲੱਗ