ਅਜੋਕੇ ਵਣ ਵਿਗਿਆਨੀ ਧਰਤੀ ਉੱਤੇ ਉਗਮੀ ਸਾਰੀ ਵਨਸਪਤੀ ਨੂੰ ਧਰਤੀ ਦੇ ਰੋਮ ਸਮਝਦੇ ਹਨ । ਇਵੇਂ ਉਹਨਾਂ ਦੇ ਕਥਨ ਅਨੁਸਾਰ ਸਾਰੀ ਧਰਤੀ ਰੋਮਾਂ ਨਾਲ ਢੱਕੀ ਹੋਈ ਹੈ ਜੋ ਉਸ ਨੂੰ ਸੂਰਜ ਦੀਆਂ ਮਾਰੂ ਰੇਡਿਉ ਐਕਟਿਵ ਤਰੰਗਾਂ ਤੋਂ ਬਚਾਉਂਦੇ ਆ ਰਹੇ ਹਨ । ਮਨੁੱਖ ਨੇ ਆਪਣੇ ਲਾਲਚ ਦੀ ਪੂਰਤੀ ਹਿੱਤ ਧਰਤੀ ‘ਤੇ ਉੱਗੀ ਬਨਸਪਤੀ ਅਤੇ ਵਿਸ਼ੇਸ਼ ਕਰਕੇ ਰੁੱਖਾਂ ਦਾ ਬੜੀ ਬੇਰਹਿਮੀ ਨਾਲ ਸਫਾਇਆ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਨਤੀਜਾ ਸਾਡੇ ਸਾਹਮਣੇ ਹੈ । ਸਾਨੂੰ ਸਾਰਿਆਂ ਨੂੰ ਆਪਣੀ ਇਸ ਨਾਦਾਨੀ ਕਾਰਨ ਆਪਣੀ ਸੋਹਣੀ ਭੂਮੀ ਦਾ ਭਵਿੱਖ ਕਾਲਾ ਹੋਇਆ ਦਿੱਸਣ ਲੱਗ ਪਿਆ ਹੈ ਜਿਸ ਕਰਕੇ ਦੁਨੀਆਂ ਦੇ 185 ਦੇਸ਼ ਪੂਰੀ ਗੰਭੀਰਤਾ ਨਾਲ ਧਰਤੀ ਨੂੰ ਦੋਬਾਰਾ ਕੁਦਰਤੀ ਰੂਪ ਵਿੱਚ ਢੱਕਣ ਲਈ ਸਰਗਰਮ ਸੋਚਾਂ ਵਿਚਾਰਾਂ ਵਿੱਚ ਜੁਟੇ ਹੋਏ ਹਨ । ਇਹੀ ਹਾਲ ਮਨੁੱਖੀ ਸਰੀਰ ਦਾ ਹੈ ਜਿਹੜਾ ਸਾਰੇ ਦਾ ਸਾਰਾ ਵੱਖ-ਵੱਖ ਪ੍ਰਕਾਰ ਦੇ ਰੋਮਾਂ ਨਾਲ ਢੱਕਿਆ ਹੋਇਆ ਹੈ । ਇਹ ਰੋਮ ਹੀ ਉਸ ਨੂੰ ਧੁਰ-ਕਦੀਮਾਂ ਤੋਂ ਕੁਦਰਤੀ ਸੁਰੱਖਿਆ ਤੇ ਸ਼ਕਤੀ ਪ੍ਰਦਾਨ ਕਰਦੇ ਆ ਰਹੇ ਹਨ । ਮਨੁੱਖ ਨੇ ਇਨ੍ਹਾਂ ਨੂੰ ਵੀ ਬਿਨਾਂ ਸੋਚੇ ਸਮਝੇ ਜ਼ਾਇਆ ਕਰਨਾ ਸ਼ੁਰੂ ਕੀਤਾ ਹੋਇਆ ਹੈ । ਇਸ ਦਾ ਕੀ ਨਤੀਜਾ ਹੋਵੇਗਾ ? ਇਸ ਬਾਰੇ ਖੋਜਾਂ ਚੱਲ ਰਹੀਆਂ ਹਨ। ਰੋਗਾਂ ਦੇ ਵਧਣ ਦੀ ਕੀ ਪ੍ਰਕਿਰਿਆ ਹੈ, ਇਸ ਬਾਰੇ ਵੀ ਨਿੱਤ ਨਵੇਂ ਤਜ਼ਰਬੇ ਹੋ ਰਹੇ ਹਨ । ਇਵੇਂ ਕੇਸਾਂ ਦੀ ਲੋੜ ਬਾਰੇ ਨਵੀਂ ਜਿਗਿਆਸਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ ਤੇ ਹੋ ਸਕਦਾ ਹੈ ਮਨੁੱਖ ਇਹ ਸਮਝਣ ਵਿੱਚ ਸਫਲ ਹੋ ਹੀ ਜਾਵੇ ਕਿ ਕੇਸ ਸਰੀਰ ਦਾ ਜ਼ਰੂਰੀ ਤੇ ਲੋੜੀਂਦਾ ਅੰਗ ਹਨ ਅਤੇ ਇਹਨਾਂ ਦੀ ਸਾਂਭ-ਸੰਭਾਲ ਤੇ ਪ੍ਰਫੁੱਲਣ ਲਈ ਹਰ ਹੀਲਾ-ਵਸੀਲਾ ਵਰਤਣਾ ਅਤੀ ਅਵੱਸ਼ਕ ਹੈ । ਹੁਣ ਕੁਝ ਸਮਾਜਕ ਵਿਗਿਆਨੀ ਉਕਤ ਗੱਲ ਦੇ ਪ੍ਰਮਾਣ ਵਿੱਚ ਇਵੇਂ ਵੀ ਦਲੀਲ ਦੇ ਰਹੇ ਹਨ ਕਿ ਪੁਰਾਤਨ ਯੁੱਗਾਂ ਦੇ ਮਨੁੱਖ ਸਾਡੇ ਨਾਲੋਂ ਇਸ ਕਰਕੇ ਵਧੇਰੇ ਚੰਗੇ ਤੇ ਸਦਾਚਾਰਕ ਸਨ, ਕਿਉਂਕਿ ਉਹ ਕੇਸਾਂ ਆਦਿ ਨੂੰ ਨਾ ਕੱਟ ਕੇ ਕੁਦਰਤ ਨਾਲ ਵਧੇਰੇ ਸਬੰਧਤ ਰਹਿੰਦੇ ਸਨ ਤੇ ਕੇਸਾਂ ਦੀ ਬਦੌਲਤ ਉਹ ਕੁਦਰਤ ਪਾਸੋਂ ਚੰਗੇ ਕੰਮ ਕਰਨ ਦਾ ਨਿਰੰਤਰ ਸੁਨੇਹਾ ਪ੍ਰਾਪਤ ਕਰਦੇ ਰਹਿੰਦੇ ਸਨ । ਹੁਣ ਵਾਲਾਂ ਨੂੰ ਕਟਵਾ ਕੇ ਮਨੁੱਖ ਜ਼ਾਤਿ ਦਾ ਕੁਦਰਤ ਨਾਲੋਂ ਸਿੱਧਾ ਸੰਪਰਕ ਟੁੱਟ ਜਿਹਾ ਗਿਆ ਹੈ ਇਸ ਲਈ ਉਹ ਕੁਦਰਤ ਦਾ ਚੰਗੇ ਕੰਮ ਕਰਨ ਬਾਰੇ ਸੰਦੇਸ਼ ਪ੍ਰਾਪਤ ਨਹੀਂ ਕਰ ਰਹੀ ਜਿਸ ਕਰਕੇ ਸਾਰੀ ਦੁਨੀਆਂ ਦੇ ਮਨੁੱਖਾਂ ਦੀ ਰੁਚੀ ਮਾੜੇ ਕੰਮਾਂ ਤੇ ਖੁਦਗਰਜ਼ੀ ਵੱਲ ਇਤਨੀ ਵਧ ਗਈ ਹੈ ਕਿ ਭਰਾ, ਭਰਾ ਦਾ ਦੁਸ਼ਮਣ ਬਣ ਗਿਆ ਹੈ । ਕੇਸ ਰੱਖ ਕੇ ਅਸੀਂ ਕੁਦਰਤ ਦੇ ਨੇੜੇ ਹੋ ਸਕਦੇ ਹਾਂ ਤੇ ਕੁਦਰਤ ਦੇ ਨੇੜੇ ਹੋਣ ਨਾਲ ਸਹਿਜ ਸੁਭਾਏ ਹੀ ਅਸੀਂ ਸੰਤੋਖੀ ਤੇ ਠਰੰਮੇ ਵਾਲੀ ਜ਼ਿੰਦਗੀ ਬਤੀਤ ਕਰਨ ਯੋਗ ਹੋ ਸਕਦੇ ਹਾਂ; ਜਿਸ ਵਿੱਚ ਸ਼ਾਂਤੀ ਹੀ ਸ਼ਾਂਤੀ ਹੈ; ਨਹੀਂ ਤਾਂ ਐਟਮ ਬੰਬ, ਮੀਜ਼ਾਈਲਾਂ ਸਾਡੇ ਸਮੁੱਚੇ ਸਰਵਨਾਸ਼ ਲਈ ਸਾਡੇ ਸਟਾਕ ਵਿੱਚ ਮੌਜੂਦ ਹਨ ।
ਸਰੂਪ ਸਿੰਘ ਅਲੱਗ
