ਆਪਣੀ ਨਿੱਜੀ ਆਮਦਨ ਦਾ ਦਸਵਾਂ ਹਿੱਸਾ ਆਪਣੇ ਇਸ਼ਟ, ਆਪਣੇ ਗੁਰੂ ਲਈ ਦੇਣਾ, ਹਰ ਸਿੱਖ ਦਾ ਫਰਜ਼ ਮੰਨਿਆ ਜਾਂਦਾ ਹੈ। ਇਸ ਨੂੰ ਇਨਕਮ ਟੈਕਸ ਦੇ ਬਰਾਬਰ ਮੰਨਣਾ ਠੀਕ ਨਹੀਂ, ਕਿਉਂਕਿ ਟੈਕਸ ਤਾਂ ਸਰਕਾਰੀ ਰੋਹਬ ਨਾਲ ਉਗਰਾਹਿਆ ਜਾਂਦਾ ਹੈ ਤੇ ਅਜਿਹਾ ਟੈਕਸ ਨਾ ਦੇਣ ਵਾਲੇ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਇਸ ਨੂੰ ਦਾਨ ਵੀ ਨਹੀਂ ਸਮਝਣਾ ਚਾਹੀਦਾ, ਕਿਉਂਕਿ ਦਾਨ ਕਰਮਕਾਂਡੀ ਸਿਲਸਿਲੇ ਵਿਚ ਮੁਕਤੀ ਪ੍ਰਾਪਤ ਕਰਨ ਦਾ ਇਕ ਸਾਧਨ ਤੇ ਸਵਰਗ ਵਿਚ ਜਾਣ ਦਾ ਸਾਧਨ ਮੰਨਿਆ ਜਾਂਦਾ ਹੈ, ਜਿਸ ਦੀ ਸਿੱਖੀ ਵਿਚ ਕੋਈ ਗੁੰਜਾਇਸ਼ ਨਹੀਂ। ਫਿਰ ਇਸ ਨਾਲ ਵਿਹਲੜਾਂ ਤੇ ਮੰਗਤਿਆਂ ਦੀਆਂ ਧਾੜਾਂ ਪੈਦਾ ਹੁੰਦੀਆਂ ਹਨ। ਦਸਵੰਧ ਤਾਂ ਸਵੈ-ਇੱਛਾ ਨਾਲ ਦਿੱਤਾ ਜਾਂਦਾ ਹੈ। ਇਸ ਤੋਂ ਇਕੱਠੀ ਹੋਈ ਰਕਮ ਧਰਮ ਕਾਰਜਾਂ, ਜਿਨ੍ਹਾਂ ਤੋਂ ਮਨੁੱਖ ਨੂੰ ਆਤਮਿਕ ਖੁਰਾਕ ਮਿਲਣੀ ਹੈ, ਲਈ ਵਰਤਿਆ ਜਾਂਦਾ ਹੈ ।
ਇਹ ਆਤਮਿਕ ਖੁਰਾਕ, ਸਾਧ ਸੰਗਤ, ਕੀਰਤਨ ਅਤੇ ਗੁਰ ਉਪਦੇਸ਼ ਤੋਂ ਪ੍ਰਾਪਤ ਹੁੰਦੀ ਹੈ। ਇਹ ਮਾਇਆ ਸੰਗਤ, ਲੰਗਰ ਤੇ ਸਿੱਖ ਰਹੁ ਰੀਤ ਦੇ ਆਯੋਜਨ ਲਈ ਵਰਤੀ ਜਾਂਦੀ ਹੈ ਤਾਂ ਕਿ ਲੋਕ ਬੱਝਵੀਂ ਮਰਯਾਦਾ ਨਾਲ ਜੁੜੇ ਰਹਿਣ। ਗੁਰੂ ਤਾਂ ਸਭ ਦਾ ਸਾਂਝਾ ਹੁੰਦਾ ਹੈ। ਇਸ ਲਈ ਦਸਵੰਧ ਦੀ ਰਕਮ ਨਾ ਕੇਵਲ ਗੁਰਦੁਆਰਿਆਂ ਦੀ ਉਸਾਰੀ ਤੇ ਗੁਰਦੁਆਰਿਆਂ ਨਾਲ ਚਲਦੀਆਂ ਸਰਾਵਾਂ ਦੇ ਪ੍ਰਬੰਧ ਲਈ ਅਤੇ ਗਰੀਬ ਅਨਾਥ ਬੱਚਿਆਂ ਲਈ, ਯਤੀਮਖਾਨੇ ਚਲਾਉਣ ਲਈ ਵਰਤੀ ਜਾਂਦੀ ਹੈ, ਸਗੋਂ ਸਕੂਲ ਤੇ ਕਾਲਜ ਚਲਾਉਣ ਲਈ ਵੀ ਵਰਤੀ ਜਾਂਦੀ ਹੈ ਤਾਂ ਕਿ ਲੋਕ ਧਾਰਮਿਕ ਸਿੱਖਿਆ ਦੇ ਨਾਲ ਨਾਲ ਹਰ ਪ੍ਰਕਾਰ ਦੀ ਸਿੱਖਿਆ ਲੈ ਕੇ ਸੁਹੇਲੇ ਜੀਵਨ ਵਿਚ ਪ੍ਰਵੇਸ਼ ਕਰ ਸਕਣ। ਰੋਜ਼ਗਾਰ ਦੀ ਸਿੱਖਿਆ ਲਈ ਟੈਕਨੀਕਲ ਕਾਲਜ ਤੇ ਮੈਡੀਕਲ ਕਾਲਜ ਵੀ ਚਲਾਏ ਜਾਂਦੇ ਹਨ। ਇਸ ਸਬੰਧ ਵਿਚ ਇਕ ਹੋਰ ਕਦਮ ਇਹ ਹੈ ਕਿ ਗਰੀਬ ਬੱਚਿਆਂ ਲਈ ਪੜ੍ਹਾਈ ਦਾ ਖਰਚ ਤੇ ਵਜੀਫੇ ਆਦਿ ਵੀ ਇਸ ਵਿਚੋਂ ਦਿੱਤੇ ਜਾਂਦੇ ਹਨ। ਕਈ ਵਾਰੀ ਹੋਣਹਾਰ ਤੇ ਲਾਇਕ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉੱਚ ਵਿਦਿਆ ਲਈ ਵੀ ਭੇਜਿਆ ਜਾਂਦਾ ਹੈ, ਜਿਨ੍ਹਾਂ ਨੂੰ ਇਹ ਰਕਮ ਕਰਜ਼ੇ ਦੇ ਤੌਰ ਤੇ ਦਿੱਤੀ ਜਾਂਦੀ ਹੈ।
ਗੁਰੂ ਸਾਹਿਬਾਨ ਦੇ ਜ਼ਮਾਨੇ ਵਿਚ ਇਹ ਰਕਮ ਅੰਮ੍ਰਿਤਸਰ ਸਾਹਿਬ ਤੇ ਅਨੰਦਪੁਰ ਸਾਹਿਬ ਵਰਗੇ ਸ਼ਹਿਰਾਂ ਨੂੰ ਵਸਾਉਣ ਲਈ ਤੇ ਇਨ੍ਹਾਂ ਥਾਵਾਂ ਉਤੇ ਲੋਕਾਂ ਦੀ ਰਿਹਾਇਸ਼ ਲਈ ਮਕਾਨ ਤੇ ਦੁਕਾਨਾਂ ਆਦਿ ਉਸਾਰਨ ਲਈ ਵਰਤੀ ਜਾਂਦੀ ਸੀ। ਲੋਕਾਂ ਨੂੰ ਰੋਜ਼ਗਾਰ ਚਲਾਉਣ ਲਈ ਕਰਜ਼ੇ ਜਾਂ ਗਰਾਂਟਾਂ ਦੇ ਰੂਪ ਵਿਚ ਦਿੱਤੀ ਜਾਂਦੀ ਸੀ। ਪਾਣੀ ਦੀ ਘਾਟ ਦੂਰ ਕਰਨ ਲਈ ਖੂਹ, ਬਾਉਲੀਆਂ ਤੇ ਤਲਾਬ ਲਗਾਏ ਜਾਂਦੇ ਸਨ ਤੇ ਸਿੰਜਾਈ ਲਈ ਛੋਟੀਆਂ ਕੱਸੀਆਂ ਤੇ ਖਾਲੇ ਵੀ ਤਿਆਰ ਕੀਤੇ ਜਾਂਦੇ ਸਨ। ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ ਤੇ ਗੁਰੂ ਕੀ ਕਾਸ਼ੀ ( ਤਲਵੰਡੀ ਸਾਬੋ) ਵਿਚ ਉਚੇਰੀ ਸਿੱਖਿਆ ਦੇ ਕੇਂਦਰ ਸਥਾਪਤ ਕਰ ਕੇ ਵਿਦਵਾਨਾਂ ਨੂੰ ਖੋਜ ਦੇ ਕੰਮ ਵਿਚ ਜੋੜਿਆ ਜਾਂਦਾ ਸੀ।
ਹਸਪਤਾਲੀ ਸੇਵਾ ਹਮੇਸ਼ਾਂ ਹੀ ਸੰਗਤਾਂ ਤੋਂ ਇੱਕਠੀ ਹੋਈ ਦਸਵੰਧ ਦੀ ਰਕਮ ਉਤੇ ਨਿਰਭਰ ਕਰਦੀ ਰਹੀ ਹੈ। ਦਸਵੰਧ ਦੀ ਰਕਮ ਨਾਲ ਹੀ ਵਿਕਲਾਂਗ ਤੇ ਬੇਆਸਰਾ ਰੋਗੀਆਂ ਲਈ ਪਿੰਗਲਵਾੜੇ ਚੱਲ ਰਹੇ ਹਨ। ਅੱਜ ਕੱਲ੍ਹ ਉਚੇਰੀ ਪੱਧਰ ਦੀ ਵਿਸ਼ੇਸ਼ ਹਸਪਤਾਲੀ ਸੇਵਾ-ਜਿਵੇਂ ਓਪਨ ਹਾਰਟ ਸਰਜਰੀ ਵਰਗੀਆਂ ਇੰਸਟੀਚਿਊਟ ਸਥਾਪਤ ਕਰਨ ਦੇ ਉਪਰਾਲੇ ਹੋ ਰਹੇ ਹਨ।
ਦਸਵੰਧ ਦੀ ਰਕਮ ਦਾ ਇਕ ਹੋਰ ਮਹੱਤਵ ਪੂਰਨ ਉਪਯੋਗ ਹੈ ਲੋਕਾਂ ਨੂੰ ਸੰਕਟ ਤੇ ਭੀੜਾਂ ਦਾ ਟਾਕਰਾ ਕਰਕੇ, ਉਸ ਵਿਚੋਂ ਨਿਕਲਣ ਲਈ ਤਿਆਰ ਕਰਨਾ। ਇਹ ਸੰਕਟ ਭਾਵੇਂ ਕਿਸੇ ਕੁਦਰਤੀ ਆਫਤ ਦੇ ਰੂਪ ਵਿਚ ਹੋਵੇ, ਜਿਵੇਂ ਭੂਚਾਲ, ਹੜ੍ਹ ਜਾਂ ਵੱਡੀ ਬੀਮਾਰੀ ਦੇ ਰੂਪ ਵਿਚ ਜਾਂ ਸ਼ਰਨਾਰਥੀ ਸਮੱਸਿਆ ਦੇ ਰੂਪ ਵਿਚ ਹੋਵੇ ਜਾਂ ਰਾਜਨੀਤਿਕ ਸੰਕਟ, ਜਿਵੇਂ ਦੇਸ਼ ਦੀ ਗੁਲਾਮੀ ਜਾਂ ਧਰਮ ਸੰਕਟ ਯਾਨੀ ਸਰਕਾਰ ਵਲੋਂ ਧਰਮ ਦੇ ਆਧਾਰ ਉਤੇ ਦਮਨ ਹੋ ਰਿਹਾ ਹੋਵੇ।
ਇਸ ਤਰ੍ਹਾਂ ਦੀਨ ਦੁਖੀਆਂ ਦੀਆਂ ਹਰ ਪ੍ਰਕਾਰ ਦੀਆਂ ਲੋੜਾਂ ਦੀ ਪੂਰਤੀ ਕਰਨ ਦਾ ਉਪਰਾਲਾ ਦਸਵੰਧ ਵਿਚੋਂ ਕਰਨਾ ਪਰਮ ਉਪਯੋਗੀ ਹੈ ਜੋ ਗੁਰੂ ਸਾਹਿਬਾਨ ਦੇ ਜ਼ਮਾਨੇ ਤੋਂ ਚੱਲਿਆ ਆ ਰਿਹਾ ਹੈ।
(ਪੁਸਤਕ “ਨੈਤਿਕ ਸਿੱਖਿਆ” ਵਿਚੋਂ ਧੰਨਵਾਦ ਸਹਿਤ)
