views 4 secs 0 comments

ਸਫ਼ਾਈ-ਮਜ਼ਦੂਰਾਂ ਨੇ ਹੱਥ ਰੰਗ ਲਏ

ਲੇਖ
June 08, 2026

(੯ ਜੂਨ ੧੯੮੪)

ਕਿਸੇ ਨੇ ਦੱਸਿਆ ਕਿ ਕਲ੍ਹ ਜਦੋਂ ਗਿਆਨੀ ਜ਼ੈਲ ਸਿੰਘ ਸ੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉਥੇ ਹੋਈ ਤਬਾਹੀ ਦੇਖ ਕੇ ਰੋ ਪਏ ਸਨ । ਫ਼ੌਜ ਨੇ ਭਾਵੇਂ ਪ੍ਰਕਰਮਾ ਸਾਫ਼ ਕਰ ਕੇ ਫੀਨਾਇਲ ਆਦਿ ਛਿੜਕ ਦਿੱਤੀ ਸੀ, ਪਰ ਹਾਲੇ ਤਕ ਲਾਸ਼ਾਂ ਦੀ ਸੜਿਆਂਦ ਨਹੀਂ ਗਈ ਸੀ । ਦੱਸਿਆ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ-ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੇ ਸਾਰੀ ਤਬਾਹੀ ਦਾ ਦ੍ਰਿਸ਼ ਗਿਆਨੀ ਜੀ ਨੂੰ ਵਿਖਾਉਂਦਿਆਂ ਵਾਰ ਵਾਰ ਕਿਹਾ “ਐਹ ਵੇਖੋ, ਤੁਹਾਡੀ ਫ਼ੌਜ ਨੇ ਕੀ ਬਰਬਾਦੀ ਕੀਤੀ ਹੈ।” ਗਿਆਨੀ ਜੀ ਨੇ ਸ੍ਰੀ ਦਰਬਾਰ ਸਾਹਿਬ, ਹਰਿ ਕੀ ਪੌੜੀ ਵਿਖੇ ਸੁਸ਼ੋਭਿਤ ਹਸਤ ਲਿਖਤ ਬੀੜ, ਜਿਸ ਵਿਚ ਗੋਲੀ ਲੱਗੀ ਹੈ, ਦੇ ਵੀ ਦਰਸ਼ਨ ਕੀਤੇ ਸਨ ।

ਕਿਸੇ ਨੇ ਦੱਸਿਆ ਕਿ ਜਦੋਂ ਗਿਆਨੀ ਜੀ ਆਏ ਸਨ, ਉਦੋਂ ਵੀ ਫ਼ਾਇਰਿੰਗ ਹੋ ਰਹੀ ਸੀ ਅਤੇ ਬੁੰਗਾ ਰਾਮਗੜੀਆਂ ‘ਚੋਂ ਕਥਿਤ ਅੱਤਵਾਦੀਆਂ ਵੱਲੋਂ ਚਲਾਈ ਗਈ ਇਕ ਗੋਲੀ ਉਨ੍ਹਾਂ ਦੇ ਅੱਗ-ਰਖਸ਼ਕ ਕਰਨਲ ਨੂੰ ਲੱਗੀ ਹੈ।

ਇਕ ਦੋਸਤ ਪ੍ਰੈਸ ਫੋਟੋਗ੍ਰਾਫ਼ਰ ਮਿਲੇ, ਉਨ੍ਹਾਂ ਦੱਸਿਆ ਕਿ ਕੁਝ ਫ਼ੌਜੀ ਉਸ ਨੂੰ ਬੁਲਾਉਣ ਆਏ ਸਨ ਕਿ ਅੰਦਰ (ਲਾਸ਼ਾਂ ਆਦਿ) ਦੀਆਂ ਫੋਟੋਆਂ ਖਿਚ ਦਿਉ ਪਰ ਉਸ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਕੈਮਰਾ ਅਤੇ ਫ਼ਿਲਮਾਂ ਸਟੂਡੀਓ ਵਿਚ ਪਈਆਂ ਹਨ । ਉਸ ਨੇ ਹੋਰ ਦੋ ਤਿੰਨ ਫ਼ੋਟੋਗ੍ਰਾਫ਼ਰਾਂ ਦਾ ਐਡਰੈਸ ਦੇ ਦਿੱਤਾ ਸੀ, ਪਰ ਇਤਨੇ ਨੂੰ ਦਿੱਲੀ ਤੋਂ ਫ਼ੌਜ ਦਾ ਹੀ ਫੋਟੋਗ੍ਰਾਫ਼ਰ ਆ ਗਿਆ ।

ਇਕ ਹੋਰ ਦੋਸਤ ਜੋ ਇਸਲਾਮਾਬਾਦ ਦਾ ਰਹਿਣ ਵਾਲਾ ਹੈ (ਹਿੰਦੂ ਵੀਰ) ਨੇ ਦੱਸਿਆ ਕਿ ਉਸ ਦੇ ਇਲਾਕੇ ਵਿੱਚੋਂ ਫ਼ੌਜੀ ਆ ਕੇ ਜਮਾਂਦਾਰਾਂ (ਸਫ਼ਾਈ ਮਜ਼ਦੂਰਾਂ) ਨੂੰ ਲਾਸ਼ਾਂ ਚੁਕਣ ਲਈ ਲੈ ਕੇ ਗਏ ਸਨ । ਗਰਮੀ ਕਾਰਨ ਲਾਸ਼ਾਂ ਬਹੁਤ ਖ਼ਰਾਬ ਹੋ ਚੁੱਕੀਆਂ ਸਨ । ਬਦਬੂ ਵੀ ਬਹੁਤ ਆ ਰਹੀ ਸੀ । ਸ਼ਾਇਦ ਇਕ ਲਾਸ਼ ਚੁਕਣ ਦੇ ੫੦ ਰੁਪਏ ਦਿੱਤੇ ਗਏ ਹਨ । ਪਹਿਲਾਂ ਸਫ਼ਾਈ ਮਜ਼ਦੂਰਾਂ ਨੂੰ ਸ਼ਰਾਬ ਵੀ ਪਿਲਾਈ ਗਈ । ਜਮਾਂਦਾਰਾਂ ਨੂੰ ਇਹ ਵੀ ਪੁਰੀ ਖੁਲ੍ਹ ਸੀ ਕਿ ਹਰ ਲਾਸ਼ ਦੀ ਘੜੀ, ਸੋਨੇ ਦਾ ਕੜਾ ਜਾਂ ਪੈਸੇ ਆਦਿ ਉਸ ਆਪ ਹੀ ਰੱਖ ਸਕਦੇ ਹਨ। ਦੋਸਤ ਨੇ ਦੱਸਿਆ ਕਿ ਲਾਸ਼ਾਂ ਚੁਕਣ ਵਾਲਿਆਂ ਨੇ ਖੂਬ ਜੇਬਾਂ ਭਰੀਆਂ ਹਨ। ਨਗਰ ਪਾਲਕਾ ਦੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਵਿਚ ਲਾਸ਼ਾਂ ਢੋਈਆਂ ਗਈਆਂ ਹਨ।

ਵਿਦੇਸ਼ੀ ਸਮਾਚਾਰ ਏਜੰਸੀ ਏ. ਪੀ. ਦੇ ਸਟਾਫ ਰੀਪੋਟਰ ਬ੍ਰਹਮਾ ਚੇਲਾਨੀ ਕੋਤਵਾਲੀ ਮਿਲੇ । ਤਿੰਨ ਜੂਨ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾਉਣ ਪਿੱਛੋਂ ਫ਼ੌਜ ਨੇ ਅੰਮ੍ਰਿਤਸਰ ਦੇ ਥ੍ਰੀ ਸਟਾਰ ਹੋਟਲਾਂ ਵਿਚ ਠਹਿਰੇ ਵਿਦੇਸ਼ੀ ਅਖ਼ਬਾਰਾਂ ਜਾਂ ਏਜੰਸੀਆਂ ਨੂੰ ਖ਼ਬਰਾਂ ਭੇਜਣ ਵਾਲੇ ਸਾਰੇ ਪੱਤਰਕਾਰ ਜ਼ਬਰਦਸਤੀ ਕੱਢ ਕੇ ਦਿੱਲੀ ਭੇਜ ਦਿੱਤੇ ਸਨ । ਚੇਲਾਨੀ ਜਿਸ ਹੋਟਲ ਵਿਚ ਠਹਿਰਿਆ, ਉਹ ਫ਼ੌਜ ਜਾਂ ਪੁਲਿਸ ਦੇ ਨੋਟਿਸ ਵਿਚ ਨਾ ਆਇਆ। ਚੇਲਾਨੀ ਸਾਨੂੰ ਇਸ ਤੋਂ ਪਹਿਲਾਂ ਵੀ ਜਸਪਾਲ (ਯੂ. ਐਨ. ਆਈ.) ਨਾਲ ਇਕ ਦੋ ਵਾਰੀ ਗਿੱਲ ਦੇ ਘਰ ਮਿਲਿਆ ਸੀ। (ਇਥੋਂ ਵਾਪਸ ਜਾ ਕੇ ਚੇਲਾਨੀ ਨੇ ਫ਼ੌਜੀ ਐਕਸ਼ਨ ਬਾਰੇ ਜੋ ਖ਼ਬਰਾਂ ਭੇਜੀਆਂ-ਬਿਲਕੁਲ ਸਹੀ ਸਨ। ਉਹ ਵਿਦੇਸ਼ਾਂ ਦੇ ਕਈ ਅਖ਼ਬਾਰਾਂ ਵਿਚ ਛਪੀਆਂ-ਜਿਸ ਨਾਲ ਸਰਕਾਰ ਦੇ ਕਈ ਦਾਅਵੇ ਝੂਠੇ ਸਾਬਤ ਹੋ ਗਏ । ਪਿੱਛੋਂ ਸਰਕਾਰ ਨੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਫ਼ੀ ਪ੍ਰੇਸ਼ਾਨ ਵੀ ਕੀਤਾ) ।

ਅੱਜ ਸਵੇਰੇ ੭-੨੫ ਦੇ ਕਰੀਬ ਫਿਰ ਐਮ. ਐਮ. ਜੀ. ਦੀਆਂ ਗੋਲੀਆਂ ਦੀ ਆਵਾਜ਼ ਆਈ ਹੈ। ਹੈਲੀਕਾਪਟਰ ਉੱਡ ਰਿਹਾ ਹੈ।

ਇਸ ਤੋਂ ਪਿੱਛੋਂ ੯-੧੫ ਦੇ ਕਰੀਬ ਫਿਰ ਕਿਤੋਂ ਤੋਪਾਂ ਚੱਲਣ ਦੀ ਆਵਾਜ਼ ਕਾਫ਼ੀ ਦੇਰ ਆਉਂਦੀ ਰਹੀ । ਸਾਡੇ ਸਾਹਮਣੇ ਦੀ ਸੜਕ ਤੋਂ ਮਿਲਟਰੀ ਕੈਂਪ ਵੱਲੋਂ ਫ਼ੌਜ ਦੀਆਂ ਭਰੀਆਂ ਤਿੰਨ ਗੱਡੀਆਂ ਲੰਘੀਆਂ ਹਨ।

ਸ਼ਾਮੀਂ ਦੋ ਤੋਂ ਪੰਜ ਵਜੇ ਤਕ ਕਰਫ਼ਿਊ ਵਿਚ ਢਿੱਲ ਦਿੱਤੀ ਗਈ । ਮੈਂ ਤੇ ਤੋਮਰ ਜੇਠ ਹਾੜ੍ਹ ਦੀ ਕੜਕਦੀ ਧੁੱਪ ਵਿਚ ਪੈਦਲ ਹੀ ਦਰਬਾਰ ਸਾਹਿਬ ਵੱਲ ਆਏ (ਸਕੂਟਰਾਂ ਤੇ ਹਾਲੇ ਪਾਬੰਦੀ ਹੈ), ਪਰ ਮਿਲਟਰੀ ਨੇ ਧਰਮ ਸਿੰਘ ਮਾਰਕਿਟ ਵਾਲੇ ਚੌਂਕ ਤੋਂ ਅੱਗੇ ਨਹੀਂ ਜਾਣ ਦਿੱਤਾ । ਸਾਰਾ ਸ਼ਹਿਰ ਹੀ, ਕੀ ਹਿੰਦੂ, ਕੀ ਸਿੱਖ, ਸ੍ਰੀ ਦਰਬਾਰ ਸਾਹਿਬ ਵੱਲ ਉਮਡ ਪਿਆ ਸੀ। ਅਸੀਂ ਕਈ ਗਲੀਆਂ ਵਿਚ ਦੀ ਹੁੰਦੇ ਹੋਏ ਕੋਸ਼ਿਸ਼ ਕੀਤੀ ਕਿ ਜਲ੍ਹਿਆਂ ਵਾਲੇ ਬਾਗ਼ ਲਾਗੇ ਪਹੁੰਚ ਕੇ ਦੂਰੋਂ ਹੀ ਦਰਬਾਰ ਸਾਹਿਬ ਦੀ ਹਾਲਤ ਵੇਖ ਸਕੀਏ ਪਰ ਫ਼ੌਜ ਨੇ ਕੋਈ ਪੇਸ਼ ਨਾ ਜਾਣ ਦਿੱਤੀ।

ਦੁਕਾਨਾਂ ਤੇ ਬੜੀ ਹੀ ਭੀੜ ਸੀ । ਲੋਕੀਂ ਆਟਾ, ਦਾਲਾਂ, ਖੰਡ, ਸੁੱਕਾ ਦੁੱਧ ਆਦਿ ਖ਼ਰੀਦ ਰਹੇ ਸਨ । ਮੌਕੇ ਦਾ ਫ਼ਾਇਦਾ ਉਠਾ ਕੇ ਦੁਕਾਨਦਾਰ ਲੋਕਾਂ ਦੀ ਛਿਲ ਲਾਹ ਰਹੇ ਸਨ । ਇਕ ਫ਼ਿਰਕੇ ਦੇ ਲੋਕ ਬੜੇ ਖੁਸ਼ ਨਜ਼ਰ ਆ ਰਹੇ ਹਨ । ਇਕ ਦੂਜੇ ਨੂੰ ਗਲਵਕੜੀਆਂ ਪਾ ਰਹੇ ਹਨ, ਵਧਾਈਆਂ ਦੇ ਰਹੇ ਹਨ।
(‘ਡਾਇਰੀ ਦੇ ਪੰਨੇ’ ਵਿੱਚੋਂ)

ਹਰਬੀਰ ਸਿੰਘ ਭੰਵਰ