views 32 secs 0 comments

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤਮਾਨ ਪ੍ਰਾਸੰਗਿਕਤਾ

ਲੇਖ
March 09, 2026

ਇਹ ਲੇਖ ਲਿਖਣ ਤੋਂ ਪਹਿਲਾਂ ਇਕ ਸਵਾਲ ਪੈਦਾ ਹੋਇਆ ਕਿ ‘ਸ੍ਰੀ ਅਕਾਲ ਤਖਤ ਸਾਹਿਬ ਦੀ ਵਰਤਮਾਨ ਪ੍ਰਾਸੰਗਿਕਤਾ’ ਵਿਸ਼ੇ ‘ਤੇ ਲਿਖਣ ਦੀ ਲੋੜ ਹੀ ਕਿਉਂ ਪਈ? ਇਹਦਾ ਉੱਤਰ ਵੀ ਸਪੱਸ਼ਟ ਹੈ ਕਿ ਜਦੋਂ ਕੁਝ ਕੁ ਸ਼ਰਾਰਤੀ ਦਿਮਾਗ ਇਸ ਦੀ ਅਜ਼ਮਤ ਨੂੰ ਵੰਗਾਰ ਰਹੇ ਹੋਣ ਤਾਂ ਇਹ ਵਿਚਾਰ-ਚਰਚਾ ਜਰੂਰ ਹੋਣੀ ਚਾਹੀਦੀ ਹੈ। ਵਰਤਮਾਨ ਯੁੱਗ ਦੀ ਬਿਰਤੀ ਅਨੁਸਾਰ ਅਸੀਂ ਬਹੁਗਿਣਤੀ ਲੋਕ ਹਰ ਚੀਜ, ਵਸਤੂ, ਵਿਸ਼ਾ, ਸਿਧਾਂਤ, ਧਰਮ-ਕਰਮ ਨੂੰ ਸਮੇਂ ਦੀ ਕਸਵਟੀ ‘ਤੇ ਪਰਖਣਾ ਜ਼ਰੂਰੀ ਸਮਝਦੇ ਹਾਂ। ਇਹ ਵੀ ਦਾਨਿਆਂ ਦਾ ਕਥਨ ਹੈ ਕਿ ‘ਕਸਵੱਟੀ ਇਕ ਪੱਥਰ ਦਾ ਟੁਕੜਾ ਹੈ, ਜਿਸ ਉਪਰ ਸੋਨੇ ਦੀ ਚੀਜ਼ ਨੂੰ ਘਸਾ ਕੇ ਤਜਰਬੇਕਾਰ ਸੁਨਿਆਰ ਸੋਨੇ ਦੀ ਸ਼ੁੱਧਤਾ ਪਰਖਦੇ ਹਨ। ‘ਕਸਵੱਟੀ’ ਆਪਣੇ ਆਪ ਕੁਝ ਨਹੀਂ ਬੋਲਦੀ, ਇਹ ਤਾਂ ਪਰਖ ਕਰਨ ਵਾਲੇ ਦੀ ਬੁੱਧੀ `ਤੇ ਨਿਰਭਰ ਹੈ ਕਿ ਉਹ ਇਸ ਨੂੰ ਪਰਖ ਕੇ ਕੀ ਸਿੱਟਾ ਕਢਦਾ ਹੈ।

ਵਰਤਮਾਨ ਪ੍ਰਸੰਗ ਵਿਚ ਉਨੇ ਸਵਾਲ ਭੈ ਤੇ ਭਾਵਨਾ ਵਾਲੇ ਗੁਰੂ-ਪੁਸਤਾਂ ਦੇ ਨਹੀਂ ਹਨ, ਬਸ ਕੁਝ ਕੁ ਅਸ਼ਰਧਕ ਤੇ ਭਾਵਨਾ-ਵਿਹੂਣਿਆਂ ਦੀਆਂ ਸੋਚਾਂ ਦੀ ਉਪਜ ਹਨ। ਕਦੇ ਵੀ ਜਾਤੀ ਸੋਚ ਜਾਂ ਜਾਤੀ ਰੰਜਸ਼ ਦੇ ਅਧੀਨ ਜਮਾਤੀ ਸਿਸਟਮ ਉੱਤੇ ਫੈਸਲੇ ਨਹੀਂ ਠੋਸੇ ਜਾਂਦੇ ਕਿਉਂਕਿ ਗੁਰੂ ਪਾਤਸ਼ਾਹ ਵੱਲੋਂ ਸਿਰਜੇ ਤੇ ਸੰਵਾਰੇ ਇਸ ਮਹਾਨ ਤਖ਼ਤ ਨੂੰ ਸਮੁੱਚੀ ਕੌਮ ਆਪਣਾ ਮਾਣ ਸਮਝਦੀ ਹੈ । ਪੈਦਾ ਹੋਣਾ ਇਕ ਦਿਨ ਦੀ ਘਾੜਤ ਨਹੀਂ ਹੈ।

ਸਵ: ਪ੍ਰਿੰ. ਨਰਿੰਦਰ ਸਿੰਘ ਸੋਚ ਦੇ ਸ਼ਬਦ ਬਹੁਤ ਭਾਵਪੂਰਤ ਹਨ ਕਿ ਵਿਸ਼ਵ ਦਾ ਇਤਿਹਾਸ ਪੜ੍ਹੀਏ ਤਾਂ ਤਖਤ ਗਿਣੇ ਨਹੀਂ ਜਾਂਦੇ। ਤਖਤਾਂ ‘ਤੇ ਕਬਜ਼ਾ ਕੀਤਾ ਜਾਂਦਾ ਹੈ ਜਾਂ ਤਖਤ ਬਣਾਏ ਜਾਂਦੇ ਹਨ। ਫਸਲਾਂ ਵਾਂਗ ਤਖਤ ਉਗਦੇ ਹਨ, ਫਸਲਾਂ ਵਾਂਗ ਤਖਤ ਵੱਢੇ ਜਾਂਦੇ ਹਨ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਬਾਣੀ ਦਾ ਸੰਕਲਪ ਹੈ। ਇਹ ਕੇਵਲ ‘ਤਖਤ’ ਨਹੀਂ ਹੈ। ਇਸ ਨਾਲ ‘ਸ੍ਰੀ ਭੀ ਹੈ, ‘ਸਾਹਿਬ’ ਭੀ ਹੈ, ‘ਜੀ’ ਭੀ ਹੈ ਤੇ ‘ਅਕਾਲ’ ਭੀ ਹੈ। ਚਾਰ ਸ਼ਬਦ ਇਸ ਨੂੰ ਵਿਸ਼ਵ ਦੇ ਤਖਤਾਂ ਤੋਂ ਵੱਖ ਕਰਦੇ ਹਨ।

ਡਾ. ਸੁਖਦਿਆਲ ਸਿੰਘ ਦੇ ਸ਼ਬਦਾਂ ‘ਚ. “ਅਕਾਲ ਤਖਤ ਸਾਹਿਬ ਖਾਲਸਾ ਪੰਥ ਦੀ ਸੁਤੰਤਰਤਾ ਦਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਹ ਸਿੱਖਾਂ ਦੀ ਐਸੀ ਸੰਸਥਾ ਬਣ ਚੁਕੀ ਹੈ, ਜਿਸ ਨੂੰ ਸਿੱਖਾਂ ਦੀਆਂ ਰੋਜਾਨਾ ਦੀਆਂ ਗਤੀਵਿਧੀਆਂ ਜਾਂ ਸਿੱਖ ਰਾਜਨੀਤੀ ਵਿੱਚੋਂ ਨਜ਼ਰ ਅੰਦਾਜ਼ ਕਰ ਕੇ ਨਹੀਂ ਰੱਖਿਆ ਜਾ ਸਕਦਾ। ਸਿੱਖ ਭਾਵੇਂ ਅਜਾਦ ਰਹੇ ਹੋਣ ਭਾਵੇਂ ਗੁਲਾਮ ਪਰ ਅਕਾਲ ਤਖਤ ਉਨ੍ਹਾਂ ਦੀ ਹਰ ਮੁਸ਼ਕਲ ਸਮੇਂ ਯੋਗ ਰਹਿਨੁਮਾਈ ਕਰਦਾ ਰਿਹਾ ਹੈ।”

ਅਸੀਂ ਇਸ ਪੰਕਤੀ ਨੂੰ ਬਹੁਤ ਹੀ ਮਾਣ ਨਾਲ ਪੜ੍ਹਦੇ ਹਾਂ, ਜਿਥੇ ਭਾਈ ਗੁਰਦਾਸ ਜੀ ਲਿਖਦੇ ਹਨ:

‘ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।’ (ਵਾਰ ੧:੪੫)

ਇਸੇ ਪੰਥ ਨੂੰ ਅਸੀਂ ਤੀਸਰਾ ਪੰਥ, ਗੁਰੂ ਪੰਥ ਖਾਲਸਾ ਪੰਥ, ਸਿੱਖ ਪੰਥ ਆਦਿ ਸਤਿਕਾਰਤ ਸ਼ਬਦਾਂ ਨਾਲ ਸੰਬੋਧਨ ਕਰਦੇ ਹਾਂ। ਇਹ ਵੀ ਸਪੱਸ਼ਟ ਹੈ ਕਿ ਇਸ ਨਿਰਮਲ ਪੰਥ ਦੀਆਂ ਰਵਾਇਤਾਂ, ਫਿਲਾਸਫੀ, ਮਰਯਾਦਾ, ਜੀਵਨ ਸੰਸਕਾਰ ਸਭ ਧਰਮਾਂ ਤੋਂ ਨਿਆਰੇ ਹਨ। ਇਹ ‘ਤਖਤ’ ਵੀ ਉਸੇ ਨਿਆਰੇਪਨ, ਸੁਤੰਤਰਤਾ ਤੋਂ ਪ੍ਰਭੂਸਤਾ ਸੰਪੰਨ ਹੋਣ ਦਾ ਜਾਮਨ ਹੈ। ਇਹ ਕਿਸੇ ਕਾਲ ਦੇ ਘੇਰੇ ਵਿਚ ਨਹੀਂ, ਇਹ ਸਥਾਨ, ਸਮੇਂ ਦੇ ਪ੍ਰਭਾਵ ਤੋਂ ਸੁਤੰਤਰ ਹੈ।
‘ਪੰਜਾਬ ਕੋਸ਼’ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਬਹੁਤ ਸੁੰਦਰ ਤਸਵੀਰ ਪੇਸ਼ ਕੀਤੀ ਹੈ, “ਹਰਿਮੰਦਰ ਸਾਹਿਬ ਕੌਮ ਦੀ ਇਬਾਦਤਗਾਹ ਹੈ ਅਤੇ ਅਕਾਲ ਤਖਤ ਸਾਹਿਬ ਉਸ ਇਬਾਦਤਗਾਹ ਦੀ ਚੌਂਕੀ ਹੈ। ਅਕਾਲ ਤਖਤ ਅਸਲ ਵਿਚ ਭਗਤੀ ਤੇ ਸ਼ਕਤੀ ਦੇ ਸੰਤੁਲਨ, ਤਿਆਗ ਅਤੇ ਤੇਗ ਦੇ ਫਲਸਫੇ ਦਾ ਨਾਂ ਹੈ। ਹਰਿਮੰਦਰ ਮੰਤਰ ਰੂਪ ਹੈ, ਅਕਾਲ ਤਖਤ ਤੰਤਰ ਰੂਪ ਹੈ। ਹਰਿਮੰਦਰ ਵਿੱਚ ਨਿਰੰਤਰ ਅਮਿਉਂ ਰਸ ਚੋਂਦਾ ਹੈ, ਅਕਾਲ ਤਖਤ ਵਿੱਚ ਧੌਂਸੇ ਵੱਜਦੇ ਹਨ, ਤੇਗਾਂ ਲਿਸ਼ਕਦੀਆਂ ਹਨ। ਹਰਿਮੰਦਰ ਵਿਚ ਸ਼ਸਤਰ ਦਾ ਪ੍ਰਕਾਸ਼ ਹੈ, ਅਕਾਲ ਤਖਤ ਵਿੱਚ ਸ਼ਸਤਰਾਂ ਦੀ ਪ੍ਰਦਰਸ਼ਨੀ ਹੈ। ਹਰਿਮੰਦਰ ਸਾਹਿਬ ਸਿੱਖ ਕੌਮ ਦੇ ਧਾਰਮਿਕ ਗੌਰਵ ਦਾ ਪ੍ਰਤੀਕ ਹੈ, ਅਕਾਲ ਤਖਤ ਉਨ੍ਹਾਂ ਦੀ ਰਾਜ ਸੱਤਾ ਦਾ ਚਿੰਨ੍ਹ ਹੈ।”

ਸ੍ਰੀ ਅਕਾਲ ਤਖਤ ਸਾਹਿਬ ਉਸ “ਦਲਿ ਭੰਜਨ ਗੁਰ ਸੂਰਮੇ” ਦੀ ਮਹਾਨ ਬਖਸ਼ਿਸ਼ ਹੈ ਜਿੱਥੋਂ ਢਾਡੀਆਂ ਦੀਆਂ ਬੀਰ ਰਸੀ ਵਾਰਾਂ ਨੇ ਕੌਮ ਨੂੰ ਨਵਾਂ ਜੀਵਨ, ਉਤਸ਼ਾਹ ਤੇ ਉਮਾਹ ਦਿੱਤਾ, ਜਿਥੋਂ ਗੁਰੂ ਹੁਕਮ ਨੇ ਸੁੱਤੀਆਂ ਸੋਚਾਂ ਨੂੰ ਝੰਜੋੜ ਕੇ ਸਮੇਂ ਦੇ ਮਹਾਨ ਯੋਧੇ ਤੇ ਬਲਵਾਨ ਬਣਾਇਆ। ਇਥੋਂ ਪਈ ਨਗਾਰੇ ਦੀ ਧਮਕ, ਨਿਰਮਲ ਪੰਥ ਵਿਰੁੱਧ ਘਾੜਤਾਂ ਘੜ ਰਹੀਆਂ ਦੋਖੀ ਤਾਕਤਾਂ ਲਈ ਵੰਗਾਰ ਬਣ ਗਈ। ਇਥੋਂ ਘੋੜ ਸਵਾਰੀ, ਫੌਜਾਂ ਤੇ ਕਿਲਿਆਂ ਦਾ ਨਿਰਮਾਣ ਹੋਇਆ। ਇਥੋਂ ਸਜੀ ਪੱਗ ਵੀ ਸਮੇਂ ਦੇ ਜਾਲਮ ਬਾਦਸ਼ਾਹ ਲਈ ਵੰਗਾਰ ਬਣ ਗਈ ਜਦ ਗੁਰੂ ਘਰ ਦੇ ਢਾਡੀਆਂ ਨੇ ਗਾਇਆ, “ਪੱਗ ਤੇਰੀ ਕੀ ਜਹਾਂਗੀਰ ਦੀ? ਇਹ ਸਤਾਰਵੀਂ ਸਦੀ ਦੇ ਮੁਢਲੇ ਦਹਾਕੇ ਵਿਚ ਉਠੀਆਂ ਗੂੰਜਾਂ ਅੱਜ ਵੀ ਨਾਨਕ ਨਿਰਮਲ ਪੰਥ ਦੀ ਜੀਵਨ ਜੁਗਤੀ ਸੁਤੰਤਰਤਾ ਤੇ ਅਜਾਦ ਹਸਤੀ ਦੀਆਂ ਲਖਾਇਕ ਹਨ।

ਹੁਣ ਵਰਤਮਾਨ ਦੀ ਗੱਲ ਕਰੀਏ ਤਾਂ ਅੱਜ ਵੀ ਵਿਸ਼ਵ ਭਰ ਦੀਆਂ ਸੰਗਤਾਂ ਦੀ ਕੌਮੀ ਮੁੱਦਿਆਂ ਪ੍ਰਤੀ ਆਸ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੀ ਹੈ ਅਤੇ ਇਥੋਂ ਹੁੰਦੇ ਹਰ ਫੈਸਲੇ ਨੂੰ ਉਚੇਚ ਸਮਝਿਆ ਜਾਂਦਾ ਹੈ।

ਸੰਸਾਰ ਭਰ ‘ਚ ਵੱਸਦਾ ਨਾਨਕ ਨਾਮ-ਲੇਵਾ ਇਥੇ ਆ ਕੇ ਅੰਮ੍ਰਿਤ ਦਾ ਦਾਤ ਪ੍ਰਾਪਤ ਕਰਨੀ ਫਖਰ ਸਮਝਦਾ ਹੋ ਅਤੇ ਮਾਣ ਨਾਲ ਕਹਿੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕਿਆ ਹੈ। ਬੇਅੰਤ ਸੰਗਤਾਂ ਅੰਮ੍ਰਿਤ ਦੀ ਦਾਤ ਲੈ ਕੇ ਇਥੇ ਗੁਰੂ ਨਾਲ ਜੁੜੀਆਂ, ਜੁੜਦੀਆਂ ਰਹੀਆਂ ਤੇ ਜੁੜਦੀਆਂ ਰਹਿਣਗੀਆਂ।

ਅੱਜ ਵੀ ‘ਸਿੱਖ ਰਹਿਤ ਮਰਯਾਦਾ’ ਦੇ ਪ੍ਰਚਾਰ ਤੇ ਪਾਸਾਰ ਲਈ ਉਦਮੀ ਗੁਰਸਿੱਖਾਂ ਨੂੰ ਇਹ ਕਹਿੰਦਿਆਂ ਸੁਣੋਗੇ ਕਿ ਅਸੀਂ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਨੂੰ ਮੰਨਦੇ ਹਾਂ।

ਅੱਜ ਵੀ ਵੱਖ-ਵੱਖ ਪਿੰਡਾਂ, ਇਲਾਕਿਆਂ ਤੇ ਦੇਸ਼ ਪ੍ਰਦੇਸ਼ ਦੇ ਧਾਰਮਿਕ ਮਸਲਿਆਂ ਦੇ ਹੱਲ ਲਈ ਕੌਮ ਦੇ ਵਾਰਸ ਇਧਰ ਹੀ ਵਹੀਰਾਂ ਘੱਤ ਕੇ ਆਉਂਦੇ ਹਨ।

ਇਥੋਂ ਚਾਹੇ ਨਕਲੀ ਨਿਰੰਕਾਰੀਆਂ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਦੇ ਵਿਰੁੱਧ ਹੁਕਮਨਾਮਾ ਜਾਰੀ ਹੋਇਆ, ਚਾਹੇ ਭਰੂਣ ਹੱਤਿਆ ਵਰਗੇ ਨਾਜ਼ਕ ਵਿਸ਼ੇ ‘ਤੇ, ਚਾਹੇ ਜੂਨ ਚੌਰਾਸੀ ਦੇ ਘੱਲੂਘਾਰੇ ਦੇ ਦੋਸ਼ੀਆਂ ਖਿਲਾਫ਼, ਭਾਵੇਂ ਕਬਰਾਂ ਮੜੀਆਂ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾ ਕਰਨ ਸਬੰਧੀ ਹੋਵੇ ਜਾਂ ਇਥੋਂ ‘ਨਾਨਕਸ਼ਾਹੀ ਕੈਲੰਡਰ’ ਲਾਗੂ ਹੋਣ ਦੀ ਗੱਲ ਹੋਈ, ਇਹ ਸਭਨਾਂ ਦੇ ਗਿਆਤ ਹਿੱਤ ਹੋਵੇਗਾ ਕਿ ਕੁਝ ਕੁ ਪ੍ਰਤੀਸ਼ਤ ਲੋਕਾਂ ਦੇ ‘ਨਾਨਕਸ਼ਾਹੀ ਕੈਲੰਡਰ’ ਪ੍ਰਤੀ ਰੋਸਾ ਕਰਨ ਦੇ ਬਾਵਜੂਦ ਵੀ ਵਿਸ਼ਵ ਭਰ ਦੇ ਨਾਨਕ ਨਾਮ-ਲੇਵਾ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਤਿਕਾਰ ਕਰਦਿਆਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਹੈ ਅਤੇ ਸਭ ਦਿਨ ਦਿਹਾਰ, ਪੁਰਬ ਇਸ ਅਨੁਸਾਰੀ ਮਨਾਏ ਜਾ ਰਹੇ
ਹਨ। ਇਹ ਗੱਲ ਆਮ ਕਹੀ ਜਾਂਦੀ ਹੈ ਕਿ ਕਾਲ ਕੋਈ ਭੀ ਹੋਵੇ, ਭੂਤ-ਭਵਿੱਖ ਜਾਂ ਵਰਤਮਾਨ, ਸ੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ।

ਵਰਤਮਾਨ ਸਮੇਂ ‘ਚ ਕੁਝ ਕੁ ਲੋਕ ਗਲਤ ਪ੍ਰਚਾਰ ਕਰ ਰਹੇ ਹਨ ਕਿ ਅਜੋਕੇ ਸਮੇਂ ‘ਚ ਇਸ ਦੀ ਅਹਿਮੀਅਤ ਨਹੀਂ, ਜੇਕਰ ਕਿਸੇ ਦੀਆਂ ਊਣਤਾਈਆਂ ਕਰਕੇ ਸਜ਼ਾ ਦੇਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇਣ, ਅਸੀਂ ਬਾਗ਼ੀ ਹਾਂ। ਕਿਸ ਨੂੰ ਛੇਕਣਾ ਕਬੀਲਾਈ ਸੋਚ ਹੈ। ਅਸੀਂ ਸਿੰਘ ਸਾਹਿਬ ਜਾਂ ਜਥੇਦਾਰ ਨੂੰ ਪੁਜਾਰੀ ਕਹਿੰਦੇ ਹਾਂ।

ਪਹਿਲੀ ਗੱਲ ਕਿ ਨਿਯਮਤ ਸਿਸਟਮ ਤੋਂ ਬਿਨਾਂ ਕੋਈ ਵੀ ਜਥੇਬੰਦਕ ਧਰਮ ਚੱਲ ਹੀ ਨਹੀਂ ਸਕਦਾ। ਹਾਂ, ਉਸ ਦੇ ਸੁਧਾਰ ਲਈ ਸੁਝਾਅ ਦੇਣਾ ਹੋਰ ਗੱਲ ਹੈ ਪਰ ਉਸਦੇ ਮੂਲ ਧੁਰੇ ਨੂੰ ਹੀ ਰੱਦ ਕਰਨਾ ਖਤਰਨਾਕ ਸ਼ਰਾਰਤ ਹੈ। ਉਂਜ ਇਹ ਸਾਰਾ ਵਰਤਾਰਾ ਪੰਥ ‘ਚੋਂ ਛੇਕੇ ਹੋਏ ਕੁਝ ਕੁ ਦਿਮਾਗਾਂ ਦੀ ਉਪਜ ਹੈ ਜੋ ਪੰਜ ਕਕਾਰ, ਅੰਮ੍ਰਿਤ ਵੇਲਾ, ਨਿੱਤਨੇਮ ਦੀਆਂ ਬਾਣੀਆਂ, ਖੰਡੇ-ਬਾਟੇ ਦੇ ਅੰਮ੍ਰਿਤ, ਅੰਮ੍ਰਿਤ ਦੀਆਂ ਬਾਣੀਆਂ, ਦਸਮ ਪਿਤਾ ਦੀ ਬਾਣੀ ਅਤੇ ਹੋਰ ਅਨੇਕਾਂ ਵਿਸ਼ਿਆਂ, ਕੌਮੀ ਸਿਧਾਂਤਾਂ-ਵਿਸ਼ਵਾਸਾਂ ਉੱਤੇ ਬੋਲੋੜਾ ਵਾਦ-ਵਿਵਾਦ ਵਧਾਉਣਾ ਆਪਣੀ ਵਿਦਵਤਾ ਸਮਝ ਰਹੇ ਹਨ।

‘ਹੁਕਮਨਾਮੇ-ਆਦੇਸ-ਸੰਦੇਸ਼’ ਵਿਚ ਸ. ਰੂਪ ਸਿੰਘ ਜੀ ਨੇ ਬਹੁਤ ਵਧੀਆ ਲਿਖਿਆ ਹੈ ਕਿ “ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਈ ਗਈ ਧਾਰਮਿਕ ਸਜਾ ਦਾ ਅਸਲ ਮਨੋਰਥ ਕਿਸੇ ਦੋਸ਼ੀ ਨੂੰ ਦੋਸ਼ੀ ਬਣਾ ਕੇ ਉਸ ਦਾ ਨਿਰਾਦਰ ਕਰਨਾ ਨਹੀਂ, ਸਗੋਂ ਵਿਅਕਤੀ ਵਿਸ਼ੇਸ਼ ਵਿੱਚ ਆਈ ਵਕਤੀ ਕਮਜ਼ੋਰੀ, ਸਿਧਾਂਤਕ ਢਿਲਿਆਈ ਨੂੰ ਦੂਰ ਕਰ ਕੇ, ਉਸ ਨੂੰ ਮਨ-ਬਚਨ ਕਰਮ ਤੋਂ ਪਵਿੱਤਰ ਬਣਾਉਂਦਿਆਂ, ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਕਰਨਾ ਹੈ।”

ਇਸ ਨੁਕਤੇ ਤੋਂ ਇਸ ਮਰਯਾਦਾ ਨੂੰ ਸਮਝਣ ਵਿਚ ਸ਼ੰਕਾ ਹੋ ਸਕਦਾ ਹੈ ਕਿ ਇਥੋਂ ਤੋੜਿਆ (ਛੇਕਿਆ) ਜਾਣਾ ਵੀ ਅਸਲ ਵਿਚ ਪੰਥ ਨਾਲ ਜੋੜਨ ਦੀ ਪਿਰਤ ਹੈ। ਅੱਜ ਤਕ ਇਹ ਕਦੇ ਨਹੀਂ ਹੋਇਆ ਕਿ ਕੋਈ ਆਪਣੀ ਭੁੱਲ ਬਖਸ਼ਾਉਣ ਆਇਆ ਹੋਵੇ ਤੇ ਉਸ ਲਈ ਕਦੇ ਦਰਵਾਜੇ ਬੰਦ ਹੋਏ ਹੋਣ।…
ਕੁਝ ਕੁ ਸੰਗਤਾਂ ‘ਚ ਕੁਝ ਚਲਾਕ ਲੋਕਾਂ ਵੱਲੋਂ ਇਹ ਭਰਮ ਪਾਇਆ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਸਿਰਫ਼ ਸਜ਼ਾ ਹੀ ਦਿੱਤੀ ਜਾਂਦੀ ਹੈ, ਜਦ ਕਿ ਇਥੋਂ ਗੁਰੂ ਪੰਥ ਲਈ ਘਾਲਣਾ ਘਾਲਣ ਵਾਲੇ ਗੁਰਸਿੱਖਾਂ ਦਾ ਮਾਣ-ਸਨਮਾਨ ਵੀ ਸਮੇਂ-ਸਮੇਂ ਹੋਇਆ ਅਤੇ ਉਚੇਚ ਉਪਾਧੀਆਂ ਵੀ ਦਿੱਤੀਆਂ ਗਈਆਂ ਹਨ।

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉਚਤਾ ਦਾ ਹੀ ਰਾਜ ਹੈ ਕਿ ਇਨ੍ਹਾਂ ਨੂੰ ੧੭੫੭,੧੭੬੨,੧੭੬੪ ਈ. ਵਿਚ ਤਿੰਨ ਵਾਰ ਮੁਗਲ ਹੁਕਮਰਾਨਾਂ ਅਤੇ ਅਫਗਾਨ ਹਮਲਾਵਰਾਂ ਨੇ ਢਾਹਿਆ ਅਤੇ ਜੂਨ ੧੯੮੪ ‘ਚ ਆਪਣੇ ਦੇਸ਼ ਦੀ ਸਰਕਾਰ ਨੇ, ਪਰ ਇਨ੍ਹਾਂ ਸਭਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਹ ਸਿਰਫ਼ ਇਮਾਰਤ ਦਾ ਨਾਉਂ ਹੀ ਨਹੀਂ ਹੈ. ਇਸ ਦੀ ਹਰ ਇੱਟ ਨਾਲ ਸਿੱਖਾਂ ਦਾ ਹਿਰਦਾ ਜੁੜਿਆ ਹੋਇਆ ਹੈ। ਜਿਸ ਦਾ ਸਿਰਜਣਹਾਰਾ ‘ਸੱਚਾ ਪਾਤਸ਼ਾਹ’ ਹੋਵੇ ਤੇ ਜਿਸ ਤਖਤ ਦਾ ਵਾਸਾ ਕੌਮੀ ਵਾਰਸਾਂ ਦੇ ਹਿਰਦੇ ‘ਚ ਹੋਵੇ, ਉਸ ਨੂੰ ਭੰਨਣਾ ਤੋੜਨਾ, ਤਹਿਸ-ਨਹਿਸ ਕਰਨਾ ਕਿਸੇ ਮੂੜ ਮੱਤੀਏ ਦਾ ਵਕਤੀ ਭਰਮ ਤਾਂ ਹੋ ਸਕਦਾ ਹੈ, ਪਰ ਸੱਚਾਈ ਤੋਂ ਕੋਹਾਂ ਦੂਰ ਹੈ। ਇਹਦੀ ਅਜ਼ਮਤ ਲਈ ਹਰ ਸਦੀ ‘ਚ ਕੌਮੀ ਪਰਵਾਨਿਆਂ ਨੇ ਆਪਾ ਕੁਰਬਾਨ ਕੀਤਾ ਹੈ।

ਹੁਣ ਵਿਚਾਰਿਆ ਜਾਵੇ ਕਿ ਜੇ ਇਸ ਦੀ ਵਿਸ਼ੇਸ਼ ਮਹਾਨਤਾ ਹੈ ਤਾਂ ਹੀ ਪੰਥ ਵਿਰੋਧੀ ਸ਼ਕਤੀਆਂ ਵੱਖ-ਵਖ ਤਰੀਕਿਆਂ ਨਾਲ ਇਸ ਉੱਤੇ ਹਮਲੇ ਕਰਦੀਆਂ ਹਨ। ਅਕਾਲ ਤਖਤ ਸਾਹਿਬ ਆਪਣੀ ਹੋਂਦ ਸਮੇਂ ਤੋਂ ਲੈ ਕੇ ਪੰਥ ਦੀ ਯੋਗ ਅਗਵਾਈ ਕਰਦਾ ਆਇਆ ਹੈ ਤੇ ਕਰਦਾ ਰਹੇਗਾ। ਇਸ ਦੀ ਨੀਂਹ ਸਿਦਕਵਾਨ, ਕਰਮ ਯੋਗੀਆਂ ਬਾਣੀ ਦੇ ਰਸੀਏ ਧਰਮੀਆਂ ਨੇ ਰੱਖੀ ਹੈ। ਇਸ ਦੇ ਸਿਰਜਣਹਾਰ ਸਤਿਗੁਰੂ ਆਪ ਨੇ। ਇਥੋਂ ਦਾ ਇਕ ਨਿਵੇਕਲਾ ਇਤਿਹਾਸ ਹੈ। ਇਤਿਹਾਸ ਕੁਰਬਾਨੀ ਵਾਲਿਆਂ ਦਾ ਹੁੰਦਾ ਹੈ, ਕੁਰਬਾਨੀ ਸਮਰਪਿਤ ਭਾਵਨਾ ਵਾਲੇ ਹੀ ਕਰ ਸਕਦੇ ਹਨ। ਇਹ ਪੰਥਕ ਸ਼ਕਤੀ ਦਾ ਗੜ੍ਹ ਹੈ। ਇਸੇ ਲਈ ਰੋਜਾਨਾ ਅਰਦਾਸ ਵਿਚ ਹਰ ਗੁਰਸਿੱਖ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ‘ਵਾਹਿਗੁਰੂ’ ਬੋਲਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਸਮੁੱਚੇ ਪੰਥ ਦਾ ਹੀ ਮਾਣ ਰਿਹਾ ਹੈ ਅਤੇ ਜੁਗਾਂ-ਜੁਗਾਂਤਰਾਂ ਤਕ ਰਹੇਗਾ। ਇਸ ਦੀ ਆਨ-ਸ਼ਾਨ ਤੇ ਸਵੈਮਾਣ ਨੂੰ ਬਰਕਰਾਰ ਰੱਖਣ ਲਈ ਸਦਾ ਤਤਪਰ ਰਹਿਣਾ ਸਾਡਾ ਸਭਨਾਂ ਦਾ ਫਰਜ਼ ਹੈ।

ਡਾ. ਇੰਦਰਜੀਤ ਸਿੰਘ ਗੋਗੋਆਣੀ