views 5 secs 0 comments

ਪ੍ਰੇਰਨਾਮਈ ਯਾਤਰਾ: “ਮੇਰੀ ਦਰਬਾਰ ਸਾਹਿਬ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੀ ਯਾਤਰਾ”

ਲੇਖ
March 12, 2026

ਅਸੀਂ ਹਰ ਰੋਜ਼ ਸਵੇਰੇ ਸ਼ਾਮ ਟੀਵੀ (TV) ‘ਤੇ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਨ ਦੇਖਦੇ ਰਹਿੰਦੇ ਹਾਂ। ਇਕ ਦਿਨ ਅਸੀਂ ਪ੍ਰੋਗਰਾਮ ਬਣਾਇਆ ਕਿ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋ ਕੇ ਆਉਂਦੇ ਹਾਂ।

ਮੈਂ ਤੇ ਮੇਰੀ ਧਰਮ ਪਤਨੀ ਹਰਭਜਨ ਮੱਲ ਅਸੀਂ 4.6.2025 ਸਵੇਰ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਸ਼ਤਾਬਦੀ ਵਿੱਚ ਬੈਠੇ ਅਤੇ ਡੇਢ ਵਜੇ ਦੁਪਹਿਰੇ ਅੰਮ੍ਰਿਤਸਰ ਪਹੁੰਚ ਗਏ। ਸਟੇਸ਼ਨ ਤੋਂ ਸਿੱਧਾ ਅਸੀਂ ਦਰਬਾਰ ਸਾਹਿਬ ਗਏ। ਇਕ ਹੋਟਲ ਵਿੱਚ ਕਮਰਾ ਬੁੱਕ ਕਰਵਾ ਕੇ ਸਮਾਨ ਰੱਖਿਆ ਅਤੇ ਫਿਰ ਦਰਬਾਰ ਸਾਹਿਬ ਪਹੁੰਚ ਗਏ। ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਮੱਥਾ ਟੇਕਣ ਦੀ ਲਾਈਨ ਵਿੱਚ ਲੱਗ ਗਏ। ਤਕਰੀਬਨ 45 ਮਿੰਟ ਦੇ ਸਮੇਂ ਵਿੱਚ ਅਸੀਂ ਹਰਿਮੰਦਰ ਸਾਹਿਬ ਵਿੱਚ ਪਹੁੰਚ ਗਏ। ਮੱਥਾ ਟੇਕਿਆ, ਕੁਝ ਦੇਰ ਲਈ ਬਾਹਰ ਪਰਿਕਰਮਾ ਵਿੱਚ ਬੈਠ ਗਏ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰੀ। ਫਿਰ ਮਨ ਵਿੱਚ ਆਇਆ ਕਿ ਗੁਰੂ ਗ੍ਰੰਥ ਸਾਹਿਬ ਵੱਲ ਜਿੱਥੇ ਭਾਈ ਗਿਆਨੀ ਜੀ ਬੈਠ ਕੇ ਹੁਕਮਨਾਮਾ ਦੇਂਦੇ ਹਨ ਉੱਧਰੋਂ ਦੀ ਵੀ ਜਾ ਕੇ ਮੱਥਾ ਟੇਕਿਆ ਜਾਵੇ। ਇੰਜ ਜਾਣ ਤਾਂ ਨਹੀਂ ਦੇਂਦੇ ਪਰ ਸਾਨੂੰ ਦੋਨਾਂ ਨੂੰ ਅੰਦਰ ਜਾਣ ਦਿੱਤਾ। ਅਸੀਂ ਮੱਥਾ ਟੇਕਿਆ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਵੀ ਕਰਵਾਈ। ਸਾਨੂੰ ਵੱਡੇ ਪਤਾਸੇ ਦਾ ਪ੍ਰਸ਼ਾਦ ਵੀ ਮਿਲ ਗਿਆ, ਮੈਨੂੰ ਵੀ ਅਤੇ ਹਰਭਜਨ ਮੱਲ ਨੂੰ ਵੀ ਅਸੀਂ ਬਾਹਰ ਆਏ ਫਿਰ ਪਰਿਕਰਮਾ ਵਿੱਚ ਬੈਠ ਗਏ। ਉਪਰੰਤ ਅਸੀਂ ਦਰਬਾਰ ਸਾਹਿਬ ਦੀ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਵੀ ਜਾ ਕੇ ਮੱਥਾ ਟੇਕਿਆ ਅਤੇ ਛੱਤ ਦੇ ਉੱਪਰ ਦਾ ਸਾਰਾ ਨਜ਼ਾਰਾ ਦੇਖਿਆ। ਥੱਲੇ ਆ ਕੇ ਅੰਮ੍ਰਿਤ ਪੀਤਾ ਅਤੇ ਬਾਹਰ ਆ ਗਏ।

5.6.2025 ਸਵੇਰ ਨੂੰ ਜਲਦੀ ਉੱਠ ਗਏ ਅਤੇ ਇਸ਼ਨਾਨ ਪਾਣੀ ਕਰ ਕੇ ਪਾਠ ਕੀਤਾ ਅਤੇ ਫਿਰ ਨਾਸ਼ਤਾ ਕੀਤਾ। ਹੁਣ ਸਵੇਰ ਦੇ 9.00 ਵੱਜ ਚੁੱਕੇ ਸਨ। ਅਸੀਂ ਬੈਟਰੀ ਰਿਕਸ਼ਾ ਕੀਤਾ ਅਤੇ ਪਿੰਗਲਵਾੜਾ ਪਹੁੰਚ ਗਏ। ਪਹਿਲਾਂ ਮੈਂ ਡਾ. ਬੀਬੀ ਇੰਦਰਜੀਤ ਕੌਰ ਨੂੰ ਫ਼ੋਨ ਕੀਤਾ ਕਿ ਅਸੀਂ ਇਸ ਤਰ੍ਹਾਂ ਅੰਮ੍ਰਿਤਸਰ ਆਏ ਹੋਏ ਹਾਂ ਅਤੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਉਸ ਦਿਨ ਪਿੰਗਲਵਾੜੇ ਦੀ ਮਾਨਾਂਵਾਲਾ ਬਰਾਂਚ ਵਿੱਚ ਇਕ ਫੰਕਸ਼ਨ ਸੀ ਅਤੇ ਬੀਬੀ ਜੀ ਨੇ ਉੱਥੇ ਜਾਣਾ ਸੀ ਜੋ ਅੰਮ੍ਰਿਤਸਰ ਤੋਂ 8 ਮੀਲ ਦੇ ਫ਼ਰਕ ਤੇ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ਉੱਪਰ ਹੀ ਸਥਿਤ ਹੈ। ਸਾਡੇ ਕੋਲ ਐਨਾ ਸਮਾਂ ਨਹੀਂ ਸੀ, ਬੀਬੀ ਜੀ ਨੇ ਕਿਹਾ ਕਿ ਤੁਸੀਂ ਪਿੰਗਲਵਾੜਾ ਪਹੁੰਚ ਜਾਵੇ ਉੱਥੇ ਸ੍ਰੀ ਯੋਗੇਸ਼ ਸੂਰੀ ਜੀ ਹਨ, ਉਨ੍ਹਾਂ ਨੂੰ ਮਿਲ ਲੈਣਾ। ਬੀਬੀ ਇੰਦਰਜੀਤ ਕੌਰ ਜੀ ਦਾ ਮੇਰੇ ਕੋਲ ਫੋਨ ਨੰਬਰ ਸੀ, ਕਿਉਂਕਿ ਉਹ ਮੈਨੂੰ ਇਕ ਵਾਰ ਦਿੱਲੀ ਭਾਈ ਵੀਰ ਸਿੰਘ ਸਦਨ ਵਿਖੇ ਮਿਲੇ ਸਨ ਜਦੋਂ ਉਹ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੀ ਪਾਸੋਂ ਐਵਾਰਡ ਲੈਣ ਲਈ ਆਏ ਸਨ। ਬੀਬੀ ਜੀ ਭਾਵੇਂ ਉਸ ਮੁਲਾਕਾਤ ਨੂੰ ਭੁੱਲ ਵੀ ਗਏ ਹੋਣਗੇ ਪਰ ਉਨ੍ਹਾਂ ਦੀ ਗੱਲਬਾਤ ਅਤੇ ਮਿੱਠੇ ਸੁਭਾਅ ਨੇ ਮੇਰਾ ਦਿੱਲ ਜਿੱਤ ਲਿਆ।

ਅਸੀਂ ਪਿੰਗਲਵਾੜਾ ਪਹੁੰਚ ਗਏ। ਜਿਉਂ ਹੀ ਅਸੀਂ ਗੇਟ ਦੇ ਅੰਦਰ ਵੜੇ ਤਾਂ ਸ੍ਰ. ਇੰਦਰਜੀਤ ਸਿੰਘ ਰਾਜਨ ਜੀ ਸਾਡੇ ਕੋਲ ਆਏ। ਉਹਨਾਂ ਨੇ ਸਾਨੂੰ ਪੁੱਛਿਆ ਕਿ ਕਿੱਥੋਂ ਆਏ ਹੋ ਅਤੇ ਕਿਵੇਂ ਆਏ ਹੋ? ਮੈਂ ਉਨ੍ਹਾਂ ਨੂੰ ਸਾਰੀ ਗੱਲਬਾਤ ਦੱਸ ਦਿੱਤੀ। ਉਨ੍ਹਾਂ ਨੇ ਕਿਹਾ ਕਿ ਯੋਗੇਸ਼ ਸੂਰੀ ਜੀ ਹਾਲੇ ਆਏ ਨਹੀਂ ਹਨ। ਤਕਰੀਬਨ 10.00 ਵਜੇ ਤੋਂ ਬਾਅਦ ਹੀ ਉਹ ਆਉਂਦੇ ਹਨ। ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਇੰਤਜ਼ਾਰ ਕਰ ਲੈਂਦੇ ਹਾਂ। ਉਹਨਾਂ ਨੇ ਸਾਨੂੰ ਦਫ਼ਤਰ ਅੰਦਰ ਬਿਠਾ ਦਿੱਤਾ ਅਤੇ ਸਾਨੂੰ ਚਾਹ ਪਾਣੀ ਲਈ ਪੁੱਛਿਆ। ਪਹਿਲਾਂ ਸਾਨੂੰ ਪਾਣੀ ਪਿਆਇਆ ਅਤੇ ਫਿਰ ਚਾਹ ਪਿਆਈ। ਇਸ ਦੇ ਉਪਰੰਤ ਸਾਨੂੰ ਸਾਰਾ ਪਿੰਗਲਵਾੜਾ ਘੁਮਾ ਕੇ ਦਿਖਾਇਆ। ਮਰੀਜ਼ਾਂ ਨਾਲ ਮੁਲਾਕਾਤ ਕਰਵਾਈ। ਮੇਰਾ ਇਹ ਸਭ ਦੇਖ ਕੇ ਦਿਲ ਬਹੁਤ ਖ਼ੁਸ਼ ਹੋ ਗਿਆ ਕਿ ਮਰੀਜ਼ਾਂ ਦੀ ਕਿੰਨੀ ਅੱਛੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ। ਜਿਸ ਦਾ ਕੋਈ ਨਹੀਂ ਹੈ ਉਸ ਦਾ ਸਹਾਰਾ ਇਹ ਪਿੰਗਲਵਾੜਾ ਹੈ। ਮੈਂ ਦੇਖਿਆ ਕਿ ਜਿਹੜੀਆਂ ਵੀ ਬੀਬੀਆਂ ਉੱਥੇ ਸਨ ਉਨ੍ਹਾਂ ਦੀ ਤਾਂ ਪਿੰਗਲਵਾੜੇ ਨੇ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਹੈ। ਐਨੀ ਦੇਖ ਭਾਲ ਤਾਂ ਸ਼ਾਇਦ ਉਨ੍ਹਾਂ ਦੇ ਬੱਚੇ ਵੀ ਨਹੀਂ ਕਰ ਸਕਦੇ ਸੀ ਜਿੰਨੀ ਪਿੰਗਲਵਾੜੇ ਵਿੱਚ ਕੀਤੀ ਜਾ ਰਹੀ ਹੈ। ਵਾਕਿਆ ਹੀ ਇਹ ਕਾਬਲੇ ਤਾਰੀਫ਼ ਹੈ।
ਇਹ ਬੀਬੀਆਂ ਦੀ ਵਾਰਡ ਸੀ। ਚਾਹ ਪਾਣੀ ਰੋਟੀ ਨਿਯਮਾਂ ਅਨੁਸਾਰ ਟਾਈਮ ਨਾਲ ਦਿੱਤੀ ਜਾਂਦੀ ਹੈ। ਇੱਥੇ ਕਿਸੇ ਬੀਬੀ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ। ਕੋਈ ਜਾਤ ਬਰਾਦਰੀ ਦਾ ਭਿੰਨ ਭੇਤ ਨਹੀਂ ਹੈ। ਬਸ ਮਨੁੱਖਤਾ ਦੀ ਸੇਵਾ ਰੱਬ ਦੇ ਬੰਦਿਆਂ ਦੀ ਸੇਵਾ ਸਮਝ ਕੇ ਕੀਤੀ ਜਾਂਦੀ ਹੈ। ਮੇਰਾ ਦੇਖ ਕੇ ਦਿਲ ਖੁਸ਼ ਵੀ ਬਹੁਤ ਹੋਇਆ ਅਤੇ ਮੈਂ ਹੈਰਾਨ ਵੀ ਹੋ ਰਿਹਾ ਸੀ ਕਿ ਐਨਾ ਪ੍ਰਬੰਧ ਸੁਚੱਜੇ ਢੰਗ ਨਾਲ ਕਿਵੇਂ ਮੈਨੇਜ ਕੀਤਾ ਜਾ ਰਿਹਾ ਹੈ। ਕੀ ਇੱਥੇ ਕੋਈ ਦੈਵੀ ਸ਼ਕਤੀ ਹੈ? ਫਿਰ ਧਿਆਨ ਜਾਂਦਾ ਭਗਤ ਪੂਰਨ ਸਿੰਘ ਜੀ ਵੱਲ, ਮੈਂ ਭਗਤ ਜੀ ਨੂੰ ਦੇਖਿਆ ਤਾਂ ਨਹੀਂ, ਪਰ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਬਾਰੇ ਜ਼ਰੂਰ ਪੜ੍ਹਿਆ ਹੈ ਕਿ ਕਿਵੇਂ ਉਨ੍ਹਾਂ ਨੇ ਮਨੁੱਖਾਂ ਦੀ, ਗ਼ਰੀਬ ਗੁਰਬੇ ਦੀ ਸੇਵਾ ਕੀਤੀ ਅਤੇ ਗੁਰਬਾਣੀ ਦਾ ਸਿਮਰਨ ਕੀਤਾ। ਸ਼ਾਇਦ ਉਹ ਹੀ ਦੈਵੀ ਸ਼ਕਤੀ ਇੱਥੇ ਕੰਮ ਕਰਦੀ ਹੋਵੇਗੀ। ਕਿਉਂਕਿ ਇਹੋ ਜਿਹੇ ਮਹਾਂਪੁਰਸ਼ਾਂ ਦੀ ਕੀਤੀ ਹੋਈ ਅਰਦਾਸ ਬਿਰਥੀ ਨਹੀਂ ਜਾਂਦੀ। ਉਨ੍ਹਾਂ ਦੇ ਇਕ-ਇਕ ਬੋਲ ਵਿੱਚ ਸ਼ਕਤੀ ਆ ਜਾਂਦੀ ਹੈ ਅਤੇ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਹੈ।

ਦੇਖਣ ਨੂੰ ਤਾਂ ਭਗਤ ਜੀ ਬਹੁਤ ਹੀ ਸਿੱਧੇ ਸਾਦੇ ਸੁਭਾਅ ਅਤੇ ਲਿਬਾਸ ਵਿੱਚ ਰਹਿੰਦੇ, ਪਰ ਉਨ੍ਹਾਂ ਦੀ ਸੋਚ ਅਤੇ ਕਥਨੀ ਬਹੁਤ ਉੱਚੀ ਅਤੇ ਸੁੱਚੀ ਸੀ। ਭਗਤ ਜੀ ਨੇ ਇਕ ਰਿਕਸ਼ੇ ਦੇ ਉੱਪਰ ਯਾ ਪੈਦਲ ਤੁਰ ਕੇ ਸਫ਼ਰ ਤੈਅ ਕਰ ਕੇ ਗ਼ਰੀਬ-ਗੁਰਬੇ ਦੀ ਸੇਵਾ ਕੀਤੀ। ਪਤਾ ਨਹੀਂ ਕਿੱਥੇ-ਕਿੱਥੇ ਭਰਮਣ ਕੀਤਾ ਹੋਵੇਗਾ। ਉਨ੍ਹਾਂ ਨੇ ਆਪਣਾ ਨਿੱਜੀ ਸਵਾਰਥ ਕਦੀ ਵੀ ਨਹੀਂ ਦੇਖਿਆ ਸੀ। ਬਸ ਇਕ ਹੀ ਮਨਸ਼ਾ ਤੇ ਟੀਚਾ ਸੀ ਗ਼ਰੀਬ-ਗੁਰਬੇ ਦੀ ਸੇਵਾ ਅਤੇ ਨਾਲ ਨਾਲ ਪ੍ਰਮਾਤਮਾ ਦਾ ਸਿਮਰਨ। ਭਗਤ ਜੀ ਨੇ ਕਦੇ ਵੀ ਆਪਣੇ ਪੈਰਾਂ ਤੇ ਮੱਥਾ ਨਹੀਂ ਟਿਕਾਇਆ ਸੀ, ਨਾ ਹੀ ਭਗਤ ਜੀ ਨੇ ਆਪਣੇ ਆਪ ਨੂੰ ਸੰਤ ਜਾਂ ਬਾਬਾ ਕਹਿਣ ਦਿੱਤਾ। ਭਗਤ ਜੀ ਚਾਹੁੰਦੇ ਤਾਂ ਉਹ ਇੱਕ ਸੰਤ ਬਣ ਕੇ ਵੀ ਬੈਠ ਸਕਦੇ ਸੀ ਕਿਉਂਕਿ ਉਨ੍ਹਾਂ ਕੋਲ ਰੂਹਾਨੀਅਤ ਦੀ ਭਰਮਾਰ ਸੀ। ਪਰ ਉਨ੍ਹਾਂ ਨੇ ਆਪਣਾ ਜੀਵਨ ਹਮੇਸ਼ਾਂ ਸਾਦਾ ਹੀ ਰੱਖਿਆ। ਮੇਰਾ ਮੰਨਣਾ ਹੈ ਕਿ ਜੇ ਤੁਸੀਂ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਰੂਹਾਨੀਅਤ ਦੀ ਅਧਿਆਤਮਿਕ ਤਾਕਤ ਹੈ ਤਾਂ ਪ੍ਰਮਾਤਮਾ ਹਮੇਸ਼ਾਂ ਤੁਹਾਡੇ ਅੰਗ ਸੰਗ ਰਹਿੰਦਾ ਹੈ। ਤੁਸੀਂ ਜੋ ਵੀ ਕੰਮ ਕਰੋਗੇ ਪ੍ਰਮਾਤਮਾ ਆਪਣੇ ਆਪ ਤੁਹਾਡੇ ਨਾਲ ਖੜ੍ਹਾ ਹੋ ਕੇ ਕਾਰਜ ਸੰਪੂਰਨ ਕਰੇਗਾ। ਇਸ ਵਿੱਚ ਕੋਈ ਸ਼ੱਕ ਨਹੀ, ਹੇਠਾਂ ਲਿਖਿਆ ਗੁਰਬਾਣੀ ਦਾ ਸ਼ਬਦ ਇਸ ਗੱਲ ਦਾ ਗਵਾਹ ਹੈ।

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥

-ਸ਼੍ਰੀ ਫ਼ਕੀਰ ਚੰਦ ਮਾਲ
ਈ.ਏ. ਡਾਇਰੈਕਟਰ (ਰਿਟਾ.)
ਮਿਨਸਟਰੀ ਆਫ਼ ਹੋਮ ਅਫੇਅਰ, ਨਵੀਂ ਦਿੱਲੀ।

(ਪਿੰਗਲਵਾੜਾ ਵਿਸ਼ੇਸ਼ ਅੰਕ ਵਿਚੋਂ)