1 views 2 secs 0 comments

ਸਾਖੀ ਪੁਰਾਤਨ ਗੁਰਸਿੱਖ: ਭਾਈ ਭਿਖਾਰੀ ਜੀ

ਲੇਖ
March 25, 2026

ਸ੍ਰੀ ਗੁਰੁ ਅਰਜਨ ਦੇਵ ਜੀ ਦਾ ਆਪਣਾ ਜੀਵਨ ਸਿੱਖਾਂ ਲਈ ਇਕ ਅਨੋਖੀ ਉਦਾਹਰਣ ਹੈ। ਉਨ੍ਹਾਂ ਦੇ ਸਿੱਖਾਂ ਵਿਚ ਵੀ ਗੁਰੂ ਜੀ ਦੇ ਸਿਖਾਏ ਗੁਣ ਸੇਵਾ, ਸਿਮਰਨ ਤੇ ਪ੍ਰਭੂ ਰਜ਼ਾ ਵਿਚ ਰਹਿਣਾ ਭਰੇ ਹੋਏ ਸਨ। ਗੁਰੂ ਜੀ ਦਾ ਇਕ ਅਨਿੰਨ ਸਿੱਖ ਭਾਈ ਭਿਖਾਰੀ ਗੁਰਮਤਿ ਅਨੁਸਾਰ ਜੀਵਨ ਜਿਉ ਰਿਹਾ ਸੀ। ਇਕ ਵੇਰਾਂ ਇਕ ਸਿੱਖ ਭਾਈ ਗੁਰਮੁਖ, ਗੁਰੂ ਜੀ ਦੇ ਦਰਬਾਰ ਵਿਚ ਪਹੁੰਚਿਆ। ਤੇ ਕਹਿਣ ਲੱਗਾ, ਗੁਰੂ ਜੀ ਮੈਨੂੰ ਆਪਣਾ ਸਿੱਖ (ਸੇਵਕ) ਬਣਾਉ। ਗੁਰੂ ਜੀ ਨੇ ਫੁਰਮਾਇਆ ਭਾਈ ਗੁਰਮੁਖਾ:

ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ ਪੰਕਤੀ ਅਰਥਾਂ ਸਮੇਤ ਯਾਦ ਕਰ ਲੈ। ਭਾਈ ਗੁਰਮੁਖ ਜੀ, ਪ੍ਰਭੂ ਦੀ ਰਜ਼ਾ ਅਨੁਸਾਰ ਦੁੱਖ ਵਿਚ ਸੁੱਖ ਮਨਾਉਣ ਦੇ ਅਰਥ ਸਮਝ ਨਾ ਸਕੇ। ਗੁਰੂ ਜੀ ਨੇ ਭਾਈ ਗੁਰਮੁਖ ਜੀ ਨੂੰ ਇਸ ਪੰਕਤੀ ਦੇ ਅਰਥ ਸਮਝਣ ਲਈ ਇਕ ਹੋਰ ਸਿੱਖ ਭਾਈ ਭਿਖਾਰੀ ਜੀ ਦੇ ਪਿੰਡ ਭੇਜ ਦਿੱਤਾ।

ਭਾਈ ਗੁਰਮੁਖ ਜੀ, ਭਾਈ ਭਿਖਾਰੀ ਦੇ ਘਰ ਪਹੁੰਚੇ। ਕੀ ਵੇਖਦੇ ਹਨ ਕਿ ਭਾਈ ਭਿਖਾਰੀ ਦੇ ਲੜਕੇ ਦਾ ਵਿਆਹ ਹੈ। ਘਰ ਵਿਚ ਚਾਰੇ ਪਾਸੇ ਚਹਿਲ-ਪਹਿਲ ਹੈ ਪਰ ਭਾਈ ਭਿਖਾਰੀ ਜੀ ਇਕ ਕੱਫਨ ਸਿਉਂ ਰਹੇ ਹਨ। ਭਾਈ ਗੁਰਮੁਖ ਜੀ ਨੇ ਇਸ ਖੁਸ਼ੀ ਦੇ ਮੌਕੇ ਇਹ ਕੱਫਣ ਸਿਉਣ ਦਾ ਕਾਰਨ ਪੁੱਛਿਆ ਤਾਂ ਜੁਆਬ ਮਿਲਿਆ ਕਿ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ।

ਭਾਈ ਗੁਰਮੁਖ ਜੀ ਕੀ ਵੇਖਦੇ ਹਨ ਕਿ ਵਿਆਹ ਬੜੀ ਧੂਮ-ਧਾਮ ਨਾਲ ਸੰਪੂਰਨ ਹੋ ਗਿਆ ਤੇ ਲੜਕਾ (ਲਾੜਾ) ਵਿਆਹ ਵਾਲੇ ਦਿਨ ਹੀ ਚੜ੍ਹਾਈ ਕਰ ਗਿਆ। ਉਹ ਤਿਆਰ ਕੀਤਾ ਕੱਫ਼ਨ ਉਸ ਉਤੇ ਪਾ ਦਿੱਤਾ ਗਿਆ। ਖੁਸ਼ੀ, ਗਮੀ ਵਿਚ ਬਦਲ ਗਈ। ਸਾਰਾ ਟੱਬਰ ਰੋਣ ਧੋਣ ਲੱਗ ਗਿਆ ਤੇ ਭਾਈ ਭਿਖਾਰੀ ਜੀ ਸ਼ਾਂਤ ਚਿੱਤ ਦੁੱਖ ਸੁੱਖ ਤੋਂ ਨਿਰਲੇਪ ਭਾਣੇ ਵਿਚ ਵਿਚਰ ਰਹੇ ਸਨ।

ਹੁਣ ਭਾਈ ਗੁਰਮੁਖ ਜੀ ਨੂੰ ‘ਤੇਰਾ ਕੀਆ ਮੀਠਾ ਲਾਗੈ’ ਪੰਕਤੀ ਦੇ ਅਰਥ ਸਮਝ ਆ ਗਏ ਸਨ।