1 views 1 sec 0 comments

੧੯ ਚੇਤ, 1 ਅਪ੍ਰੈਲ ਗੁਰਿਆਈ ਦਿਵਸ ‘ਤੇ : ਸ੍ਰੀ ਗੁਰੂ ਤੇਗ ਬਹਾਦਰ ਜੀ

ਲੇਖ
March 31, 2026

ਵੈਰਾਗ, ਤਿਆਗ ਤੇ ਸ਼ਾਂਤੀ ਦੀ ਮੂਰਤ, ਧਰਮ ਰਖਿਅਕ, ਅਦੁੱਤੀ ਸ਼ਹੀਦ ਗੁਰੂ ਤੇਗ ਬਹਾਦਰ ਜੀ ਦਾ ਜਨਮ ਮਾਤਾ ਨਾਨਕੀ ਜੀ ਦੀ ਕੁਖੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਐਤਵਾਰ 1 ਅਪ੍ਰੈਲ, 1621 ਈ: ਨੂੰ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਦੇ ਜਨਮ ਸਮੇਂ ਜਦੋਂ ਗੁਰਦੇਵ ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਨੇ ਆਪਣੇ ਤੇਜਸਵੀ ਬਾਲ ਨੂੰ ਪਹਿਲੀ ਵਾਰ ਵੇਖਿਆ ਤਾਂ ਸਿਰ ਝੁਕਾ ਕੇ ਆਦਰ ਕੀਤਾ ਅਤੇ ਭਵਿੱਖਤ ਵਾਕ ਉਚਾਰਨ ਕੀਤੇ ਕਿ ਆਪ ਮਹਾਨ ਗੁਰੂ ਵਿਅਕਤੀ ਹੋਣਗੇ।

ਬਚਪਨ ਵਿਚ ਆਪ ਨੂੰ ਸਭ ਪ੍ਰਕਾਰ ਦੀ ਸਿੱਖਿਆ ਦਿੱਤੀ ਗਈ। ਆਪ ਸ਼ਸਤਰ ਵਿਦਿਆ ਅਤੇ ਸ਼ਿਕਾਰ ਖੇਡਣ ਵਿਚ ਬੜੇ ਨਿਪੁੰਨ ਸਨ। (ਗੁਰੂ) ਤੇਗ ਬਹਾਦਰ ਜੀ ਨੇ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਦੀ ਸਿੱਖਿਆ ਭਾਈ ਬਿੱਧੀ ਚੰਦ ਤੋਂ ਪ੍ਰਾਪਤ ਕੀਤੀ। ਆਪ ਬਚਪਨ ਵਿਚ ਬੜੇ ਸੁੰਦਰ, ਸਿਹਤਮੰਦ, ਸੰਤ ਸਰੂਪ, ਕੋਮਲ ਚਿੱਤ, ਗੰਭੀਰ ਤੇ ਪਰਉਪਕਾਰੀ ਬ੍ਰਿਤੀਆਂ ਦੇ ਮਾਲਕ ਸਨ।

ਆਪ ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ। ਗੁਰਦੇਵ ਪਿਤਾ ਦਾ ਇਨ੍ਹਾਂ ਤੇ ਬੜਾ ਡੂੰਘਾ ਪ੍ਰਭਾਵ ਸੀ। ਆਪ ਜੀ ਦੇ ਚਾਰ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅੱਟਲ ਰਾਏ ਜੀ ਅਤੇ ਭੈਣ ਬੀਬੀ ਵੀਰੋ ਆਪ ਜੀ ਤੋਂ ਵੱਡੇ ਸਨ। ਜਦੋਂ ਆਪ ਦੀ ਉਮਰ 13 ਵਰ੍ਹੇ ਦੀ ਹੋਈ ਤਾਂ ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਦੀ ਸਪੁੱਤਰੀ ਗੁਜਰੀ ਨਾਲ ਆਪ ਜੀ ਦੀ ਸ਼ਾਦੀ ਹੋ ਗਈ। ਆਪ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ।

ਗੁਰੂ ਹਰਿਗੋਬਿੰਦ ਸਾਹਿਬ ਨੂੰ ਚਾਰ ਵੇਰ ਮੁਗਲ ਸੈਨਾ ਨਾਲ ਯੁੱਧ ਕਰਨਾ ਪਿਆ। ਉਨ੍ਹਾਂ ਦਾ ਪਹਿਲਾ ਯੁੱਧ ਅੰਮ੍ਰਿਤਸਰ, ਦੂਜਾ ਯੁੱਧ ਲਹਿਰਾ, ਤੀਜਾ ਯੁੱਧ ਕਰਤਾਰਪੁਰ ਅਤੇ ਚੌਥਾ ਯੁੱਧ ਫਗਵਾੜਾ ਵਿਖੇ ਹੋਇਆ। (ਗੁਰੂ) ਤੇਗ ਬਹਾਦਰ ਜੀ ਨੇ ਕਰਤਾਰਪੁਰ ਵਿਖੇ ਯੁੱਧ ਵਿਚ ਅਦੁੱਤੀ ਬੀਰਤਾ, ਸਾਹਸ ਤੇ ਦਲੇਰੀ ਵਿਖਾਈ। ਆਪ ਜੀ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਗੁਰਦੇਵ ਪਿਤਾ ਨੇ ਆਪਦਾ ਨਾਂ ਤਿਆਗ ਰਾਇ ਤੋਂ ਤੇਗ ਬਹਾਦਰ ਰੱਖ ਦਿੱਤਾ। ਆਪ ਜੀ ਦਾ ਨਾਂ ਤੇਗ ਬਹਾਦਰ ਸ਼ਕਤੀ, ਦਲੇਰੀ ਅਤੇ ਨਿਰਭੈਤਾ ਦਾ ਸੂਚਕ ਹੈ।

ਗੁਰੂ ਹਰਿਗੋਬਿੰਦ ਸਾਹਿਬ 4 ਮਾਰਚ, 1644 ਈ: ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਗੁਰਿਆਈ ਦੀ ਗੱਦੀ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਿਰਾਇ ਸਾਹਿਬ ਨੂੰ ਦਿੱਤੀ ਗਈ। ਮਾਤਾ ਨਾਨਕੀ ਜੀ ਗੁਰੂ ਜੀ ਦਾ ਹੁਕਮ ਮੰਨ ਕੇ (ਗੁਰੂ) ਤੇਗ
ਬਹਾਦਰ ਜੀ ਨੂੰ ਨਾਲ ਲੈ ਕੇ ਬਕਾਲੇ ਚਲੇ ਗਏ। ਉੱਥੇ (ਗੁਰੂ) ਤੇਗ ਬਹਾਦਰ ਜੀ ਦੇ ਨਾਨਕੇ ਸਨ। ਆਪ ਨੇ ਇਥੇ ਲਗਭਗ 21 ਸਾਲ ਭੋਰੇ ਵਿਚ ਰਹਿ ਕੇ ਤਪ ਸਾਧਨਾ ਕੀਤੀ।

30 ਮਾਰਚ, 1644 ਈ: ਨੂੰ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ। ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੇ ਆਦਰ ਸਹਿਤ ਪੁੱਛਿਆ ਕਿ ਉਹ ਉਨ੍ਹਾਂ ਨੂੰ ਕਿਸ ਦੇ ਲੜ ਲਾ ਚਲੇ ਹਨ। ਗੁਰੂ ਹਰਿਕ੍ਰਿਸ਼ਨ ਜੀ ਨੇ ਦੋ ਸ਼ਬਦਾਂ ਵਿਚ ਉੱਤਰ ਦਿੱਤਾ-“ਬਾਬਾ ਬਕਾਲੇ” ਇਸ ਦਾ ਭਾਵ ਅਰਥ ਇਹ ਸੀ ਕਿ ਗੁਰੂ ਤੇਗ ਬਹਾਦਰ ਜੀ ਜੋ ਉਨ੍ਹਾਂ ਦੇ ਦਾਦਾ ਜੀ ਸਨ, ਬਕਾਲੇ ਰਹਿੰਦੇ ਸਨ।

ਮਾਤਾ ਨਾਨਕੀ ਜੀ ਦੀ ਆਗਿਆ ਅਨੁਸਾਰ ਗੋਇੰਦਵਾਲ ਤੋਂ ਭਾਈ ਦਵਾਰਕਾ ਦਾਸ, ਭਾਈ ਗੜੀਏ ਨੂੰ ਨਾਲ ਲੈ ਕੇ ਬਕਾਲੇ ਪਹੁੰਚੇ। ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ। ਜੀ ਕੀਰਤਪੁਰ ਸਾਹਿਬ ਤੋਂ ਆ ਗਏ। ਇਨ੍ਹਾਂ ਨੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਗੁਰੂ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਾ ਦਿੱਤਾ।

ਬਕਾਲੇ ਵਿਚ ਧਰਮ ਦੀਆਂ 22 ਮੰਜੀਆਂ ਸਥਾਪਿਤ ਹੋ ਗਈਆਂ। ਹਰ ਕੋਈ ਆਪਣੇ ਆਪ ਨੂੰ ਗੁਰਗੱਦੀ ਦਾ ਵਾਰਸ ਸਿੱਧ ਕਰਨ ਲਗਾ। ਇਨ੍ਹਾਂ ਵਿਚੋਂ ਸਭ ਤੋਂ ਮੁੱਖੀ (ਗੁਰੂ) ਤੇਗ ਬਹਾਦਰ ਜੀ ਦਾ ਭਤੀਜਾ ਧੀਰ ਮਲ ਸੀ। ਮੱਖਣ ਸ਼ਾਹ ਲੁਬਾਣਾ ਨੇ ਪਖੰਡੀ ਗੁਰੂਆਂ ਦੀ ਪਰਖ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਅੱਗੇ ਕੀਤੀ ਗਈ ਅਰਦਾਸ ਦੇ ਸੰਬੰਧ ਵਿਚ ਸੁੱਖਣਾ ਪੂਰੀ ਕਰ ਕੇ ਉਨ੍ਹਾਂ ਨੂੰ ਪਰਗਟ ਕੀਤਾ।

ਕੁੱਝ ਸਮਾਂ ਗੁਰੂ ਜੀ ਬਕਾਲੇ ਠਹਿਰਨ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਅਤੇ ਕੁਝ ਹੋਰ ਸਿੱਖਾਂ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਵਿਖੇ ਆਏ। ਅੰਮ੍ਰਿਤਸਰ ਤੋਂ ਬਾਅਦ ਗੁਰੂ ਜੀ ਕੀਰਤਪੁਰ ਸਾਹਿਬ ਚਲੇ ਗਏ। ਇਥੇ ਗੁਰੂ ਜੀ ਨਾਮ ਬਾਣੀ ਦਾ ਪ੍ਰਚਾਰ ਕਰਦੇ ਰਹੇ।

ਜਦੋਂ ਗੁਰੂ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਧੀਰ ਮਲ ਦੇ ਹਿਤੈਸ਼ੀਆਂ ਨੇ ਗੁਰੂ ਜੀ ਦਾ ਬਕਾਲੇ ਵਿਚ ਰਹਿਣਾ ਮੁਸ਼ਕਲ ਕਰ ਦਿੱਤਾ। ਆਪ ਨੇ ਕਿਸੇ ਇਕਾਂਤ ਥਾਂ ਤੇ ਜਾਣ ਦਾ ਫ਼ੈਸਲਾ ਕੀਤਾ। ਕੀਰਤਪੁਰ ਸਾਹਿਬ ਵਿਚ ਵੀ ਮਸੰਦ ਆਪੋ-ਧਾਪੀ ਵਿਚ ਰੁੱਝੇ ਹੋਏ ਸਨ। ਉਹ ਧਰਮ ਦੀਆਂ ਝੂਠੀਆਂ ਦੁਕਾਨਾਂ ਚਲਾ ਰਹੇ ਸਨ। ਇਹ ਸਭ ਕੁਛ ਵੇਖ ਕੇ ਗੁਰੂ ਜੀ ਬੜੇ ਪ੍ਰੇਸ਼ਾਨ ਹੋਏ।

26 ਅਸੂ, ਸੰਮਤ 1722 ਮੁਤਾਬਿਕ 1765 ਈ: ਵਿਚ ਕਹਿਲੂਰ ਦੇ ਰਾਜੇ ਦੀਪ ਚੰਦ ਪਾਸੋਂ ਆਪ ਜੀ ਨੇ ਪਿੰਡ ਮਖੇਵਾਲ ਦੀ ਜ਼ਮੀਨ ਖ਼ਰੀਦ ਕੇ ਅਨੰਦਪੁਰ ਸਾਹਿਬ ਨਾਂ ਦਾ ਨਗਰ ਵਸਾਇਆ। ਇਸ ਥਾਂ ਤੇ ਗੁਰੂ ਜੀ ਨੇ ਆਪਣੇ ਰਹਿਣ ਲਈ ਮਕਾਨ ਅਤੇ ਸੰਗਤਾਂ ਦੇ ਨਿਵਾਸ ਲਈ ਧਰਮਸ਼ਾਲਾ ਬਣਵਾਈਆਂ, ਦੁਕਾਨਦਾਰਾਂ ਅਤੇ ਹੋਰ ਭਾਂਤ ਭਾਂਤ ਦੇ ਕਿਤਿਆਂ ਵਾਲਿਆਂ ਲੋਕਾਂ ਨੂੰ ਉਥੇ ਵਸਾਇਆ।

ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਤੋਂ ਇਲਾਵਾ ਪੂਰਬੀ ਭਾਰਤ ਦੇ ਇਲਾਕੇ ਦੀਆਂ ਸੰਗਤਾਂ ਨੂੰ ਵੀ ਦਰਸ਼ਨ ਦਿੱਤੇ ਅਤੇ ਦੁੱਖੀ ਹਿਰਦਿਆਂ ਨੂੰ ਠੰਡ ਪਾਈ। ਗੁਰੂ ਜੀ ਜਿਥੇ ਬਾਣੀ ਦਾ ਪ੍ਰਚਾਰ ਕਰਦੇ, ਉਸ ਦੇ ਨਾਲ ਨਾਲ ਸਿੱਖ ਸੰਗਤਾਂ ਨੂੰ ਜੱਥੇਬੰਦ ਵੀ ਕਰਦੇ। ਗੁਰੂ ਜੀ ਦੇ ਨਾਲ ਹਰ ਸਮੇਂ ਹਜ਼ਾਰਾਂ ਸੇਵਕ ਰਹਿੰਦੇ ਸਨ।

ਬਾਦਸ਼ਾਹ ਔਰੰਗਜ਼ੇਬ ਗੁਰੂ ਜੀ ਦੀ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਨਾ ਜਰ ਸਕਿਆ। ਆਪ ਜਦ ਸੈਦਾਬਾਦ ਪੁੱਜੇ ਤਾਂ ਇਥੋਂ ਔਰੰਗਜ਼ੇਬ ਦੇ ਹੁਕਮ ਨਾਲ ਆਪ ਜੀ ਨੂੰ ਗਿਫ਼ਤਾਰ
ਕਰਕੇ ਦਿੱਲੀ ਲਿਜਾਇਆ ਗਿਆ ਅਤੇ ਔਰੰਗਜ਼ੇਬ ਦੇ ਅੱਗੇ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਗੁਰੂ ਜੀ ਨੂੰ ਕਈ ਤਰ੍ਹਾਂ ਦੇ ਡਰਾਵੇ ਅਤੇ ਲਾਲਚ ਦਿੱਤੇ, ਪਰ ਗੁਰੂ ਜੀ ਦੇ ਦਿਲ ਤੇ ਕਿਸੇ ਗੱਲ ਦਾ ਕੋਈ ਅਸਰ ਨਾ ਹੋਇਆ।

ਆਖਰ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਨੂੰ ਸਮਝਾਇਆ ਕਿ ਗੁਰੂ ਤੇਗ ਬਹਾਦਰ ਜੀ ਇਕ ਰੱਬੀ ਜੋਤ ਹਨ। ਇਨ੍ਹਾਂ ਨੂੰ ਤਲਵਾਰ ਦੇ ਜ਼ੋਰ ਨਾਲ ਡਰਾਇਆ ਨਹੀਂ ਜਾ ਸਕਦਾ। ਇਹ ਤਾਂ ਦੀਨ ਦੁੱਖੀਆਂ ਨੂੰ ਤਾਰਨ ਲਈ ਆਏ ਹਨ। ਇਹ ਕਿਸੇ ਧਰਮ ਲਈ ਰੁਕਾਵਟ ਨਹੀਂ ਸਗੋਂ ਇਨਸਾਨੀਅਤ ਹੀ ਉਨ੍ਹਾਂ ਦਾ ਧਰਮ ਹੈ। ਰਾਜਾ ਰਾਮ ਸਿੰਘ ਦੇ ਸਮਝਾਉਣ ਤੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਛੱਡ ਦਿੱਤਾ।

ਲਗਭਗ ਇਕ ਮਹੀਨਾ ਦਿੱਲੀ ਵਿਚ ਠਹਿਰ ਕੇ ਗੁਰੂ ਜੀ ਆਪਣੀ ਅਗਲੀ ਯਾਤਰਾ ਲਈ ਚਲ ਪਏ। ਪਟਨਾ ਜਾਂਦੇ ਹੋਏ ਆਪ ਮੱਥਰਾ, ਆਗਰਾ, ਕਾਨਪੁਰ, ਬਨਾਰਸ ਤੇ ਗਯਾ ਵਿਚੋਂ ਗੁਜਰੇ। ਆਪ ਜੀ ਦੀ ਯਾਤਰਾ ਦਾ ਮਨੋਰਥ ਲੋਕਾਂ ਵਿਚ ਪ੍ਰਭੂ ਭਗਤੀ ਦੀ ਭਾਵਨਾ ਪੈਦਾ ਕਰਨੀ ਸੀ।

ਪੰਜਾਬ ਤੋਂ ਬਾਹਰ ਆਪ ਬਹੁਤਾ ਸਮਾਂ ਪਟਨਾ ਸਾਹਿਬ ਵਿਖੇ ਰਹੇ। ਇਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਪਟਨਾ ਤੋਂ ਰਾਜਾ ਰਾਮ ਸਿੰਘ ਗੁਰੂ ਜੀ ਨੂੰ ਆਸਾਮ ਲੈ ਗਿਆ। ਗੁਰੂ ਜੀ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਢਾਕਾ ਵੀ ਗਏ।

ਆਪ ਨੂੰ ਪੰਜਾਬ ਤੋਂ ਬਾਹਰ ਗਿਆ ਕਾਫੀ ਸਮਾਂ ਹੋ ਗਿਆ ਸੀ। ਹੁਣ ਆਪ ਨੇ ਅਨੰਦਪੁਰ ਵਾਪਸ ਜਾਣ ਦਾ ਫ਼ੈਸਲਾ ਕਰ ਲਿਆ। ਗੁਰੂ ਜੀ ਦਾ ਪਰਿਵਾਰ ਉਸ ਸਮੇਂ ਪਟਨਾ ਸਾਹਿਬ ਵਿਖੇ ਹੀ ਸੀ। ਆਪ ਨੇ ਭਾਈ ਮਤੀ ਦਾਸ ਨੂੰ ਭੇਜ ਕੇ ਪਰਿਵਾਰ ਨੂੰ ਪਟਨੇ ਤੋਂ ਮੰਗਵਾ ਲਿਆ।

ਇਨ੍ਹਾਂ ਦਿਨਾਂ ਵਿਚ ਔਰੰਗਜ਼ੇਬ ਮੁਗਲ ਸਮਰਾਟ ਦਾ ਜ਼ੁਲਮ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਉਹ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਸੀ। ਉਸ ਨੇ ਹਿੰਦੂਆਂ ਦੇ ਮੰਦਰਾਂ ਨੂੰ ਢਾਓੁਣ ਦਾ ਹੁਕਮ ਦੇ ਦਿੱਤਾ ਔਰੰਗਜ਼ੇਬ ਨੇ 1674 ਈ: ਦੇ ਸ਼ੁਰੂ ਵਿਚ ਫ਼ੈਸਲਾ ਕੀਤਾ ਕਿ ਗ਼ੈਰ-ਮੁਸਲਮਾਨਾਂ ਨੂੰ ਇਸਲਾਮ ਦੇ ਦਾਇਰੇ ਵਿਚ ਲਿਆਉਣ ਦਾ ਕੰਮ ਇਕ ਸਿਰੇ ਤੋਂ ਆਰੰਭ ਕੀਤਾ ਜਾਏ। ਇਸ ਮੰਤਵ ਲਈ ਉਸ ਨੇ ਕਸ਼ਮੀਰ ਨੂੰ ਚੁਣਿਆ।

ਔਰੰਗਜ਼ੇਬ ਦੇ ਨਿਤਾਪ੍ਰਤੀ ਅਤਿਆਚਾਰ ਤੋਂ ਤੰਗ ਆ ਕੇ ਕਸ਼ਮੀਰ ਦੇ ਬ੍ਰਾਹਮਣਾਂ ਨੇ ਜਗਨ ਨਾਥ ਪੁਰੀ ਦੇ ਮੰਦਰ ਵਿਚ ਜਾ ਕੇ ਈਸ਼ਵਰ ਅੱਗੇ ਅਰਾਧਨਾ ਕੀਤੀ ਕਿ ਉਨ੍ਹਾਂ ਨੂੰ ਮੁਗਲਾਂ ਦੇ ਜ਼ੁਲਮ ਤੋਂ ਬਚਾਇਆ ਜਾਵੇ। ਉਥੇ ਉਨ੍ਹਾਂ ਨੂੰ ਆਕਾਸ਼ ਬਾਣੀ ਹੋਈ ਕਿ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਜਾਓ, ਉਹ ਤੁਹਾਡੇ ਦੁੱਖ ਨਵਿਰਤ ਕਰਨਗੇ।

ਕਸ਼ਮੀਰ ਦੇ ਪੰਡਤਾਂ ਦਾ ਇਕ ਪ੍ਰਤੀਨਿਧ ਮੰਡਲ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਅਨੰਦਪੁਰ ਸਾਹਿਬ ਵਿਖੇ ਆਇਆ। ਉਨ੍ਹਾਂ ਦੇ ਦੁੱਖਾਂ ਦੀ ਵਿਥਿਆ ਸੁਣ ਕੇ ਗੁਰੂ ਤੇਗ ਬਹਾਦਰ ਜੀ ਪਸੀਜ ਗਏ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੀ ਬੇਨਤੀ ਸੁਣ ਕੇ ਉਸ ਤੇ ਵਿਚਾਰ ਕੀਤਾ। (ਬਾਲ ਗੁਰੂ) ਗੋਬਿੰਦ ਸਿੰਘ ਜੀ ਦੇ ਕਸ਼ਮੀਰੀ ਪੰਡਤਾਂ ਨੂੰ ਮਦਦ ਦੇਣ ਲਈ ਕਹਿਣ ਤੇ ਗੁਰੂ ਜੀ ਨੇ ਆਪਣਾ ਫ਼ੈਸਲਾ ਕਸ਼ਮੀਰੀ ਪੰਡਤਾਂ ਨੂੰ ਤੁਰੰਤ ਸੁਣਾ ਦਿੱਤਾ ਅਤੇ ਕਿਹਾ ਕਿ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦੇਵੋ, ਜੇ ਸਾਡਾ ਗੁਰੂ ਇਸਲਾਮ ਧਰਮ ਕਬੂਲ ਕਰ ਲਵੇ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਔਰੰਗਜ਼ੇਬ ਪਹਿਲਾਂ ਹੀ ਗੁਰੂ ਘਰ
ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਉਣ ਦਾ ਹੁਕਮ ਦੇ ਦਿੱਤਾ।

ਗੁਰੂ ਜੀ ਆਪਣੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਦਿੱਲੀ ਚਲ ਪਏ। (ਗੁਰੂ) ਗੋਬਿੰਦ ਸਿੰਘ ਨੇ ਖਿੜੇ ਮੱਥੇ ਆਪਣੇ ਗੁਰਦੇਵ ਪਿਤਾ ਨੂੰ ਧਰਮ ਦੀ ਰੱਖਿਆ ਕਰਨ ਲਈ ਤੋਰਿਆ। ਅਨੰਦਪੁਰ ਸਾਹਿਬ ਤੋਂ ਗੁਰੂ ਜੀ ਵਿਦਾ ਹੋ ਕੇ ਲਾਹੌਰ ਪਹੁੰਚੇ, ਉਥੇ ਉਨ੍ਹਾਂ ਆਪਣੇ ਆਉਣ ਦੀ ਖ਼ਬਰ ਲਾਹੌਰ ਦੇ ਸੂਬੇਦਾਰ ਜ਼ਾਲਮ ਖਾਂ ਨੂੰ ਦਿੱਤੀ। ਉਸ ਨੇ ਗੁਰੂ ਜੀ ਦੇ ਆਉਣ ਦੀ ਰਿਪੋਰਟ ਔਰੰਗਜ਼ੇਬ ਨੂੰ ਭੇਜ ਦਿੱਤੀ।

ਗੁਰੂ ਜੀ ਥਾਂ ਥਾਂ ਤੇ ਲੋਕਾਂ ਨੂੰ ਨਾਮ ਬਾਣੀ ਦਾ ਪ੍ਰਚਾਰ ਕਰਦੇ ਅਤੇ ਉਨ੍ਹਾਂ ਨੂੰ ਆਪਣੇ ਧਰਮ ਤੇ ਦ੍ਰਿੜ ਰਹਿਣ ਦਾ ਉਪਦੇਸ਼ ਦੇਂਦੇ ਰਹੇ। ਇਸ ਤਰ੍ਹਾਂ ਗੁਰੂ ਜੀ ਨੂੰ ਦਿੱਲੀ ਪਹੁੰਚਦਿਆਂ ਕਾਫ਼ੀ ਸਮਾਂ ਲਗ ਗਿਆ। ਔਰੰਗਜ਼ੇਬ ਨੂੰ ਇਸ ਗੱਲ ਦਾ ਸ਼ਕ ਹੋਣ ਲੱਗਾ ਕਿ ਗੁਰੂ ਜੀ ਕਿਤੇ ਉਸ ਦੀ ਪਕੜ ਤੋਂ ਬਾਹਰ ਨਾ ਚਲੇ ਜਾਣ। ਉਸ ਨੇ ਗੁਰੂ ਜੀ ਨੂੰ ਲੱਭਣ ਲਈ ਇਕ ਦਸਤਾ ਘੋੜ ਸਵਾਰਾਂ ਦਾ ਭੇਜਿਆ ਜਿਸ ਇਲਾਕੇ ਵਿਚੋਂ ਗੁਰੂ ਜੀ ਲੰਘੇ ਸਨ।

ਗੁਰੂ ਜੀ ਆਪਣੀ ਅੰਤਮ ਯਾਤਰਾ ਮੁਕਾ ਕੇ ਜਦ ਆਗਰੇ ਪੁੱਜੇ ਤਾਂ ਉਨ੍ਹਾਂ ਇਕ ਬਾਗ ਵਿਚ ਡੇਰਾ ਲਾਇਆ। ਇਥੋਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ। ਇਸ ਵੇਲੇ ਗੁਰੂ ਜੀ ਦੇ ਨਾਲ ਦੀਵਾਨ ਮਤੀ ਦਾਸ, ਭਾਈ ਸਤੀ ਦਾਸ, ਭਾਈ ਗੁਰਦਿੱਤਾ, ਭਾਈ ਦਿਆਲਾ ਅਤੇ ਭਾਈ ਉਦਾ ਸਨ।

ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਜਦ ਦੀਵਾਨ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨੇ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਦੇ ਸਾਹਮਣੇ ਦੀਵਾਨ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਨੂੰ ਦੇਗ ਵਿਚ ਉਬਾਲਿਆ ਗਿਆ ਅਤੇ ਭਾਈ ਸਤੀ ਦਾਸ ਦੇ ਟੋਟੇ ਟੋਟੇ ਕਰ ਦਿੱਤੇ ਗਏ। ਇਨ੍ਹਾਂ ਅਣਖੀਲੇ ਸੂਰਮਿਆਂ ਨੇ ਜ਼ਰਾ ਵੀ ਸੀ ਨਾ ਕੀਤੀ ਸਗੋਂ ਪਰਵਾਨਿਆਂ ਵਾਂਗ ਸ਼ਮਾ ਤੋਂ ਜਾਨਾਂ ਵਾਰ ਦਿੱਤੀਆਂ।

ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਦੇ ਪ੍ਰਭਾਵ ਨੂੰ ਭਲੀ ਭਾਂਤ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਗੁਰੂ ਜੀ ਆਪਣੀ ਗੱਲ ਤੋਂ ਜ਼ਰਾ ਵੀ ਪਰੇ ਨਹੀਂ ਹੱਟਣਗੇ। ਔਰੰਗਜ਼ੇਬ ਦੇ ਡਰਾਵੇ ਅਤੇ ਲਾਲਚ ਗੁਰੂ ਜੀ ਨੂੰ ਡੁਲਾ ਨਾ ਸਕੇ। ਗੁਰੂ ਜੀ ਨੂੰ ਕਈ ਤਸੀਹੇ ਦੇ ਕੇ ਇਕ ਪਿੰਜਰੇ ਵਿਚ ਬੰਦ ਕਰ ਦਿੱਤਾ ਗਿਆ।

ਔਰੰਗਜ਼ੇਬ ਦੇ ਹੁਕਮ ਨਾਲ ਕਾਜ਼ੀ ਅਬੁੱਲਵਹਾਬ ਬੇਗ ਨੇ ਗੁਰੂ ਜੀ ਨੂੰ ਕਤਲ ਕਰਨ ਦਾ ਫ਼ਤਵਾ ਪੜ੍ਹਿਆ। ਭਾਈ ਗੁਰਦਿੱਤਾ ਗੁਰੂ ਜੀ ਦੀ ਆਗਿਆ ਨਾਲ ਅਨੰਦਪੁਰ ਜਾ ਚੁੱਕੇ ਸਨ। ਭਾਈ ਊਦਾ ਮੁਸਲਮਾਨੀ ਭੇਸ ਵਿਚ ਦਿੱਲੀ ਵਿਖੇ ਹੀ ਸਨ।

ਆਖਰ ਉਹ ਦਿਨ ਆ ਗਿਆ। ਸਾਰੇ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਗਈ। ਨਿਯਤ ਸਮੇਂ ਤੇ ਗੁਰੂ ਜੀ ਨੂੰ ਪਿੰਜਰੇ ਵਿਚੋਂ ਬਾਹਰ ਕਢਿਆ ਅਤੇ ਚਾਂਦਨੀ ਚੌਂਕ ਵਿਚ ਲੈ ਆਂਦਾ। ਉਹ ਸਮਾਂ ਬੜਾ ਦਰਦਨਾਕ ਸੀ, ਜਦ ਜੱਲਾਦ ਨੂੰ ਤਲਵਾਰ ਚਲਾਉਣ ਲਈ ਕਿਹਾ ਗਿਆ। ਗੁਰੂ ਸਾਹਿਬ ਦੇ ਸੀਸ ਨੂੰ ਧੜ ਤੋਂ ਜੁਦਾ ਕਰ ਦਿੱਤਾ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 11 ਨਵੰਬਰ, 1675 ਈ: ਨੂੰ ਹੋਈ।

ਭਾਈ ਜੈਤੇ ਨੇ ਬੜੀ ਹੁਸ਼ਿਆਰੀ ਨਾਲ ਗੁਰੂ ਜੀ ਦੇ ਸੀਸ ਨੂੰ ਉਥੋਂ ਚੁੱਕ ਕੇ ਅਨੰਦਪੁਰ ਸਾਹਿਬ ਪਹੁੰਚਾਇਆ। ਭਾਈ ਲੱਖੀ ਸ਼ਾਹ ਤੇ ਉਨ੍ਹਾਂ ਦੇ ਪੁੱਤਰ ਨਿਗਹੀਆ ਨੇ ਗੁਰੂ ਜੀ ਦੇ
ਧੜ ਨੂੰ ਗਡਿਆ ਵਿਚ ਪਾ ਕੇ ਲੈ ਗਏ ਅਤੇ ਘਰ ਸਮੇਤ ਅੱਗ ਲਾ ਕੇ ਸੰਸਕਾਰ ਕਰ ਦਿੱਤਾ। ਜਿਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਉਥੇ ਗੁਰਦੁਆਰਾ ਸੀਸ ਗੰਜ ਚਾਂਦਨੀ ਚੌਂਕ ਦਿੱਲੀ ਵਿਚ ਹੈ। ਜਿਥੇ ਧੜ ਦਾ ਸੰਸਕਾਰ ਕੀਤਾ ਗਿਆ, ਉਥੇ ਗੁਰਦੁਆਰਾ ਰਕਾਬ ਗੰਜ ਸਥਿਤ ਹੈ।

ਡਾ. ਜਸਬੀਰ ਸਿੰਘ