ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਹਿੰਦੁਸਤਾਨ ਦੀ ਸ਼ੋਸ਼ਿਤ ਹੋ ਚੁੱਕੀ ਮਾਨਸਿਕਤਾ ਨੂੰ ਸੁਤੰਤਰਤਾ ਵਿੱਚ ਬਦਲਣ ਲਈ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਸ਼ਹਾਦਤ ਦੇ ਜਾਮ ਪੀਤੇ ਤੇ ਨਵਾਂ ਇਤਿਹਾਸ ਸਿਰਜਿਆ। ਜਿਸਦਾ ਕੋਈ ਸਾਨੀ ਨਹੀਂ। ਆਪ ਦੀ ਬਾਣੀ ਅਨੇਕ ਗੁਣਾਂ ਨਾਲ ਭਰਪੂਰ ਹੈ। ਇਸ ਦਾ ਬਿਆਨ ਕਰਨਾ ਬਹੁਤ ਕਠਿਨ ਹੈ। ਇਸ ਵਿਚੋਂ ਮਨੁੱਖਤਾ, ਭਾਈਚਾਰਾ, ਆਤਮਿਕ ਗਿਆਨ ਤੇ ਵੈਰਾਗ ਦਾ ਸੁਨੇਹਾ ਮਿਲਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਜੋ ਜਗਤ ਪ੍ਰਤੀ ਦ੍ਰਿਸ਼ਟੀਕੋਣ ਸਾਹਮਣੇ ਆਉਂਦਾ ਹੈ ਉਹ ਦਾਰਸ਼ਨਿਕ ਹੈ। ਉਹਨਾਂ ਦੇ ਫਰਮਾਨ ਪੜ੍ਹਨ ਵਾਲੇ ਦੇ ਮਨ ਵਿੱਚ ਵੈਰਾਗ ਦੀ ਭਾਵਨਾ ਪੈਦਾ ਕਰਦੇ ਹਨ:
“ਜਗਤ ਮੈ ਝੂਠੀ ਦੇਖੀ ਪ੍ਰੀਤਿ॥”
ਉਹਨਾ ਦੇ ਸਲੋਕਾਂ ਵਿੱਚ ਜਗਤ ਪ੍ਰਤੀ ਵੈਰਾਗ ਦੀ ਭਾਵਨਾ ਪ੍ਰਬਲ ਹੈ। ਉਹਨਾਂ ਬਾਣੀ ਰਾਹੀਂ ਕੌੜੀ ਅਸਲੀਅਤ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਇਹ ਇਕ ਸੱਚਾਈ ਹੈ ਕਿ ਜਦੋਂ ਮਨੁੱਖ ਦੇ ਤਨ ਵਿਚੋਂ ਪ੍ਰਾਣ ਨਿਕਲ ਜਾਂਦੇ ਹਨ ਤਾਂ ਉਸ ਦੀ ਲਾਸ਼ ਨੂੰ ਬਹੁਤ ਸਮਾਂ ਘਰ ਵਿੱਚ ਨਹੀਂ ਰੱਖਿਆ ਜਾਂਦਾ। ਅਸਲੀਅਤ ਤਾਂ ਇਹ ਹੈ ਕਿ ਮਨੁੱਖ ਦੀ ਹੋਂਦ ਹੀ ਉਸ ਦੇ ਪ੍ਰਾਣਾਂ ਕਰਕੇ ਹੈ। ਇਹਨਾਂ ਪ੍ਰਾਣਾਂ ਸਦਕਾ ਹੀ ਉਹ ਤੁਰਦਾ ਫਿਰਦਾ, ਕੰਮ ਕਰਦਾ ਸਾਕ ਸਬੰਧੀਆਂ ਨਾਲ ਵਿਚਰਦਾ ਹੈ। ਉਨ੍ਹਾਂ ਆਪਣੀ ਬਾਣੀ ਵਿੱਚ “ਜੀਵਤ ਕੋ ਬਿਵਹਾਰ” ਸ਼ਬਦ ਵਰਤੇ ਹਨ ਜਿਸ ਦਾ ਭਾਵ ਹੈ ਮਨੁੱਖ ਦੀ ਅਹਿਮੀਅਤ ਜਾਂ ਕੀਮਤ ਉਸ ਦੇ ਸਵਾਸਾਂ ਤਕ ਸੀਮਤ ਹੈ। ਲਾਸ਼ ਨਾਲ ਕੋਈ ਕੀ ਵਿਵਹਾਰ ਕਰੇਗਾ? ਲਾਸ਼ ਤਾਂ ਸਮਾਂ ਪਾ ਕੇ ਗਲ ਸੜ ਜਾਵੇਗੀ, ਇਸ ਲਈ ਕੋਈ ਇਸ ਨੂੰ ਦਫਨਾਉਂਦਾ ਤੇ ਕੋਈ ਸਾੜਦਾ ਤੇ ਇਸ ਭਾਣੇ ਨੂੰ ਸਭ ਨੂੰ ਮੰਨਣਾ ਪੈਂਦਾ। ਜਦੋਂ ਮਨੁੱਖ ਦੀ ਤੰਦਰੁਸਤੀ ਉਸ ਤੋਂ ਦੂਰ ਹੋ ਜਾਂਦੀ ਹੈ ਤੇ ਉਹ ਜੀਵਨ ਦੇ ਕਾਰ ਵਿਹਾਰ ਨਹੀਂ ਕਰ ਸਕਦਾ। ਉਸ ਸਮੇਂ ਕੋਈ ਵੀ ਬਹੁਤਾ ਸਮਾਂ ਉਸ ਦਾ ਸਾਥ ਨਹੀਂ ਦਿੰਦਾ । ਜਦ ਤੱਕ ਉਹ ਮਨੁੱਖ ਸੁੱਖ ਦਾ ਕਾਰਨ ਸੀ ਸਭ ਨਾਲ ਸਨ ਪਰ ਦੁੱਖ ਸਮੇਂ ਇਹ ਅਵਸਥਾ ਉਲਟ ਹੋ ਜਾਂਦੀ ਹੈ। ਜਦ ਤੱਕ ਮਨੁੱਖ ਕਮਾ ਰਿਹਾ ਉਸ ਪਾਸ ਧਨ ਹੈ। ਦੂਜਿਆਂ ਦੇ ਕੰਮ ਆ ਰਿਹਾ ਹੈ ਤਾਂ ਠੀਕ ਹੈ ਪਰ ਜਦ ਉਹ ਦੂਜਿਆਂ ‘ਤੇ ਨਿਰਭਰ ਹੋ ਜਾਂਦਾ ਹੈ ਤਾ ਸਭ ਉਸ ਤੋਂ ਦੂਰ ਭੱਜਦੇ ਹਨ। ਗੁਰਮਤਿ ਵਿੱਚ ਇਸੇ ਲਈ ਕਿਰਤ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਕਿਰਤ ਮਨੁੱਖ ਨੂੰ ਬੇਸ਼ੱਕ ਧਨਵਾਨ ਨਾ ਬਣਾ ਸਕੇ ਪਰ ਸਵੈ ਨਿਰਭਰ ਜ਼ਰੂਰ ਬਣਾ ਦਿੰਦੀ ਹੈ। ਇਸ ਲਈ ਗੁਰੂ ਤੇਗ ਬਹਾਦਰ ਜੀ ਇਹ ਕਹਿੰਦੇ ਹਨ ਕਿ ਨਿਰਧਨ ਵਿਅਕਤੀ ਦਾ ਸੰਗ ਸਭ ਛੱਡ ਜਾਂਦੇ ਸੀ।
ਸਮਾਜ ਵਿੱਚ ਮਨੁੱਖ ਦੀ ਕੀਮਤ ਉਸ ਦੇ ਪ੍ਰਾਣਾਂ ਤੰਦਰੁਸਤੀ, ਰੁਜ਼ਗਾਰ ਅਤੇ ਧਨ ਕਰਕੇ ਹੈ। ਇਨ੍ਹਾਂ ਸਭ ਤੋਂ ਰਹਿਤ ਮਨੁੱਖ ਸਮਾਜ ਲਈ ਬੇਅਰਥ ਸਮਝਿਆ ਜਾਂਦਾ ਹੈ। ਇਸ ਕੋੜੇ ਯਥਾਰਥ ਨੂੰ ਗੁਰੂ ਸਾਹਿਬ ਨੇ ਪੇਸ਼ ਕੀਤਾ ਹੈ ਕਿਉਂਕਿ ਮਨੁੱਖ ਇਨ੍ਹਾਂ ਦੁਆਲੇ ਹੀ ਆਪਣੀ ਸੋਚ ਰੱਖਦਾ ਕਦੀਂ ਪਰਮਾਤਮਾ ਨਾਲ ਨਹੀਂ ਜੁੜਦਾ ਜੋ ਕਿ ਸਦੀਵੀ ਸੰਗੀ ਹੈ। ਉਹ ਸਦਾ ਸਹਾਈ ਹੈ। ਪਰਮਾਤਮਾ ਤੇ ਮਨੁੱਖ ਦਾ ਪਿਆਰ ਨਿਰਸਵਾਰਥ ਹੈ। ਉਸ ਅੰਸ਼ ਨੇ ਆਪਣੇ ਸਮੁੱਚ ਵਿੱਚ ਮਿਲਣਾ ਹੈ:
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭੧੮)
ਜਗਤ ਦੇ ਸੁਖਾਂ ਵਿਚ ਰੁਚੀ ਉਪਜਾਉਣ ਤੋਂ ਭਾਵ ਹੈ ਸੰਸਾਰ ਦੇ ਸੁਖਾਂ ਵਿਚ ਖਚਿਤ ਹੋ ਜਾਣਾ। ਗੁਰੂ ਸਾਹਿਬ ਆਖਦੇ ਹਨ ਸਾਕ ਸਬੰਧੀਆਂ ਵਿਚ ਦੁਨਿਆਵੀ ਧੰਦਿਆਂ ਵਿਚ ਆਪਣੇ ਫਰਜਾਂ ਨੂੰ ਮਨੁੱਖ ਪੂਰਾ ਜਰੂਰ ਕਰੇ ਪਰ ਆਪਣੇ ਅਸਲ ਮਨੋਰਥ ਤੋਂ ਮੁਨਕਰ ਨਾ ਹੋਵੇ ਭਾਵ ਨਾਮ ਸਿਮਰਨ ਨੂੰ ਨਾ ਭੁਲੇ। ਪਰਮਾਤਮਾ ਨੂੰ ਭੁਲ ਮਨੁੱਖ ਗਲਤ ਤੇ ਅਨੈਤਿਕ ਕੰਮ ਕਰਦਾ ਹੈ। ਮੌਤ ਨੂੰ ਭੁੱਲ ਦੂਜੇ ਨਾਲ ਠੱਗੀ ਕਰਦਾ ਹੈ। ਗੁਰੂ ਸਾਹਿਬ ਆਪਣੀ ਬਾਣੀ ਰਾਹੀਂ ਮਨੁੱਖ ਨੂੰ ਮੌਤ ਦੀ ਯਾਦ ਬਾਰ-ਬਾਰ ਕਰਵਾਉਂਦੇ ਹਨ। ਜੋ ਕਿ ਇਕ ਅਟੱਲ ਸਚਾਈ ਹੈ। ਜੋ ਵੀ ਉਪਜਿਆ ਹੈ, ਉਸ ਨੇ ਆਖਰਕਾਰ ਬਿਨਸਣਾ ਹੈ। ਇਕ ਪਰਮਾਤਮਾ ਹੀ ਹੈ ਜੋ ਕਾਲ ਰਹਿਤ ਹੈ। ਇਸ ਲਈ ਆਤਮਾ ਨੂੰ ਪਰਮਾਤਮਾ ਵਿਚ ਲੀਨ ਕਰਨ ਲਈ ਮਨੁੱਖ ਨੂੰ ਅਕਾਲ ਦੀ ਯਾਦ ਵਿਚ ਲੀਨ ਹੋ ਜਾਣਾ ਚਾਹੀਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਮੌਤ ਦੀ ਅਟੱਲ ਸਚਾਈ ਨੂੰ ਬਿਆਨ ਕਰਦੇ ਹੋਏ
ਫਰਮਾਉਂਦੇ ਹਨ:
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੪੨੮-੨੯)
ਇਥੇ ਗੁਰੂ ਸਾਹਿਬ ਦੁਨਿਆਵੀਂ ਪਦਾਰਥਾਂ ਨਾਲ ‘ਅਤਿ ਨੇਹੁ’ ਦੀ ਗੱਲ ਕਰਦੇ ਹਨ ਅਤੇ ਜਦੋਂ ਆਪ ਦੁਨਿਆਵੀ ਕਾਰ ਵਿਹਾਰ ਨੂੰ ‘ਜੰਜਾਲ’ ਦਾ ਨਾਂ ਦਿੰਦੇ ਹਨ ਤਾਂ ਉਹਨਾਂ ਦਾ ਭਾਵ ਇਹ ਨਹੀਂ ਕਿ ਮਨੁੱਖ ਦੁਨਿਆਵੀ ਫਰਜ਼ ਪੂਰੇ ਨਾ ਕਰੇ ਸੰਨਿਆਸੀ ਹੋ ਜਾਵੇ ਸਗੋਂ ਉਹ ਮਨੁੱਖ ਫਰਜ਼ ਨਿਭਾਉਂਦੇ ਜੰਜਾਲ ਵਿਚ ਨਾ ਫਸੇ ਸੰਸਾਰ ਵਿਚ ਰਹਿ ਕੇ ਇਸ ਵਿਚ ਖਚਿਤ ਨਾ ਹੋਵੇ ਦੀ ਗੱਲ ਕਰਦੇ ਹਨ। ਉਨ੍ਹਾਂ ਅਨੁਸਾਰ ਜਗਤ ਦਾ ਤਿਆਗ ਨਹੀਂ ਸਗੋਂ ਜਗਤ ਦੇ ਦੁਰ ਪ੍ਰਭਾਵ ਦਾ ਤਿਆਗ ਕਰਨਾ ਹੈ। “ਸਾਧੋ ਮਨ ਕਾ ਮਾਨੁ ਤਿਆਗਉ” ਸ਼ਬਦ ਵਿਚ ਗੁਰੂ ਸਾਹਿਬ ਨੇ ਇਸ ਨਿਰਲੇਪਤਾ ਦੋ ਕਠਿਨ ਖੇਲ ਦੀ ਵਿਆਖਿਆ ਕੀਤੀ ਹੈ। ਉਹਨਾਂ ਸਪਸ਼ਟ ਕਿਹਾ ਮਨ ਦੇ ਮਨ ਨੂੰ ਤਿਆਗੋ। ਹਉਮੈ ਨੂੰ ਤਿਆਗੋ ਇਹ ਹੀ ਪਰਮਾਤਮਾ ਦੇ ਮਿਲਾਪ ਦੇ ਰਾਹ ਵਿਚ ਵੱਡੀ ਰੁਕਾਵਟ ਹੈ। ਕਾਮ,ਕ੍ਰੋਧ ਤੇ ਕੁਸੰਗਤ ਦਾ ਤਿਆਗ ਉਹਨਾਂ ਦਾ ਉਪਦੇਸ਼ ਹੈ। ਅਗਲਾ ਉਪਦੇਸ਼ ਜੋ ਉਹਨਾਂ ਨੇ ਦਿੱਤਾ। ਹੈ। ਉਸ ਤੇ ਕੋਈ ਗੁਰਮੁਖ ਹੀ ਅਮਲ ਕਰ ਸਕਦਾ ਹੈ। ਸੁੱਖ-ਦੁੱਖ, ਮਾਨ-ਅਪਮਾਨ, ਹਰਖ-ਸੋਗ ਅਤੇ ਉਸਤਤਿ-ਨਿੰਦਾਂ ਨੂੰ ਇਕ ਸਮਾਨ ਸਮਝਣਾਂ ਕੋਈ ਛੋਟੀ ਗੱਲ ਨਹੀ ਪਰ ਜੇ ਮਨੁੱਖ ਨੇ ਜੀਵਨ ਦੇ ਅਸਲ ਮਨੋਰਥ ਨੂੰ ਪ੍ਰਾਪਤ ਕਰਨਾ ਤਾਂ ਇਸ ਮਾਰਗ ਤੇ ਤੁਰਨਾ ਹੀ ਪੈਣਾ। ਸਾਧੂ, ਸੰਨਿਆਸੀ ਬਣ ਇਹ ਤਿਆਗ ਪੂਰਾ ਨਹੀਂ ਹੁੰਦਾ। ਇਸੇ ਕਰਕੇ ਗੁਰੂ ਜੀ ਨੇ ਇਸ ਸ਼ਬਦ ਦੇ ਸ਼ੁਰੂ ਵਿੱਚ ਸੰਬੋਧਨੀ ਸ਼ਬਦ ਸਾਧੋ ਵਰਤਿਆ ਹੀ ਪਰਮਾਤਮਾ ਦੀ ਖੋਜ ਕਰਨ ਲਈ ਜੰਗਲਾ ਪਹਾੜਾਂ ਵਿੱਚ ਜਾਣ ਦੀ ਲੋੜ ਨਹੀਂ ਹੈ:
ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੬੭੪)
ਗੁਰੂ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਤਾਂ ਮਨੁੱਖ ਦੇ ਅੰਦਰ ਵਸਦਾ ਹੈ ਜੰਗਲਾਂ ਵਿਚ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਕਿਰਪਾ ਗੁਰਬਾਣੀ ਰਾਹੀਂ ਕਰਦੇ ਹੋਏ ਆਖਦੇ ਹਨ ਕਿ
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥ ਕਾਮੁ ਕ੍ਰੋਧ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੬੩੩)
ਆਸ਼ਾਵਾਂ ਦਾ ਤਿਆਗ ਕਰ ਕੇ ਜਗਤ ਵਿਚ ਵੈਰਾਗੀ ਹੋ ਕੇ ਰਹਿਣਾ ਅਤੇ ਕਾਮ-ਕ੍ਰੋਧ ਵਰਗੇ ਔਗੁਣਾਂ ਨੂੰ ਆਪਣੇ ‘ਤੇ ਹਾਵੀ ਨਾ ਹੋਣ ਦੇਣਾ ਹੀ ਅਸਲ ਤਿਆਗ ਦਾ ਮਾਰਗ ਹੈ ‘ਗ੍ਰਿਹਸਥ ਵਿਚ ਸੰਨਿਆਸ’ ਦਾ ਜੀਵਨ ਹੀ ਗੁਰਮਿਤ ਦੇ ਅਨੁਕੂਲ ਜੀਵਨ ਦਾ ਇਕ ਸਹੀ ਰੂਪ ਹੈ। ਇਹ ਦੋਵੇ ਕਾਰਜ ਇਕ ਸਮੇਂ ਨਿਭਾਣਾ ਮਨੁੱਖ ਲਈ ਇਕ ਵੱਡੀ ਪ੍ਰੀਖਿਆ ਹੈ। ਜਿਸ ਵਿਚੋਂ ਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਹੀ ਪਾਸ ਹੋਇਆ ਜਾ ਸਕਦਾ ਹੈ। ਗੁਰਬਾਣੀ ਵਿਚ ਜਗਤ ਨੂੰ ਮਾਇਆ ਦਾ
ਭਰਮ ਕਿਹਾ ਗਿਆ:
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੪੨੮)
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੪੨੭)
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਮੌਤ ਅਤੇ ਜਗਤ ਦੀ ਅਸਥਿਰਤਾ ਦੇ ਬਾਰ-ਬਾਰ ਬਿਆਨ ਕਰਨ ਦਾ ਮੰਤਵ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਵਿਚ ਜੋੜਨਾ ਹੈ। ਜਗਤ ਤੋਂ ਉਪਰਾਮ ਕਰ ਕੇ ਨਿਰਾ ਤਿਆਗੀ ਬਣਾਉਣਾ ਨਹੀਂ ਹੈ। ਆਪ ਨਿਰਭੈਤਾ ਆਜ਼ਾਦੀ, ਬਰਾਬਰੀ ਅਤੇ ਨਿਆਂ ਦੇ ਅਲੰਬਰਦਾਰ ਸਨ। ਆਪ ਜੀ ਨੇ ਇਹਨਾਂ ਅਦਰਸ਼ਾਂ ਦੀ ਰਾਖੀ ਲਈ ਆਪਣੇ ਜੀਵਨ ਤੱਕ ਨੂੰ ਕੁਰਬਾਨ ਕੀਤਾ। ਆਪ ਦੀ ਬਾਣੀ ਮਨੁੱਖੀ ਜੀਵਨ ਦੀ ਅਨਮੋਲਤਾ ਨੂੰ ਬਿਆਨ
ਕਰਦੀ ਹੈ। ਆਪ ਨੇ ਮਨੁੱਖੀ ਸਰੀਰ ਨੂੰ ਦੁਰਲੱਭ ਕਿਹਾ। ਮਨੁੱਖੀ ਜੀਵਨ ਦਾ ਕਾਰਜ ਪਰਮਾਤਮਾ ਦਾ ਨਾਮ ਸਿਮਰਨ ਦੱਸਿਆ ਹੈ। ਮਾਨਸ ਜਨਮ ਨੂੰ ਅਮੋਲਕ ਆਖਿਆ ਹੈ। ਇਸ ਲਈ ਆਪ ਮਨੁੱਖ ਨੂੰ ਕਦੇ ਵੀ ਨਿਰਾਸ਼ਾਵਾਦੀ ਹੋਣ ਦਾ ਸੰਦੇਸ਼ ਨਹੀਂ ਦਿੰਦੇ ਸਗੋਂ ਜਗਤ ਅਤੇ ਜੀਵਨ ਦੋਵੇਂ ਹੀ ਪਰਮਾਤਮਾ ਦੀ ਅਲੌਕਿਕ ਦੇਣ ਜਾਣ ਕੇ ਉਸ ਨੂੰ ਨਾਮ ਵਿੱਚ ਲਾਉਣ ਲਈ ਕਹਿੰਦੇ ਹਨ ਤਾਂ ਜੋ ਮਨੁੱਖ ਜੀਵਨ ਮੁਕਤ ਹੋ ਸਕੇ ਤੇ ਪਰਮਾਤਮਾ ਨਾਲ ਉਸ ਦਾ ਮਿਲਾਪ ਹੋ ਸਕੇ।
ਸੋ ਆਪ ਦੀ ਬਾਣੀ ਨਾਸ਼ਵਾਨਤਾ ਕਿਧਰੇ ਨਿਰਾਸ਼ਾਵਾਦ ਦੇ ਰਾਹ ਪੈਂਦੀ ਨਹੀਂ ਜਾਪਦੀ, ਇਹ ਹਮੇਸ਼ਾ ਜੀਵਨ ਲਈ ਉਸਾਰੂ ਟੁੰਬ ਸਾਬਤ ਹੁੰਦੀ ਹੈ। ਆਪ ਨੇ ਜਦ ਦੁਨੀਆਂ ਨੂੰ ਮਿਥਿਆ ਕਿਹਾ ਹੈ ਤਾ ਮੰਤਵ ਹਮੇਸ਼ਾ ਸੱਚ ਵੱਲ ਧਿਆਨ ਲਿਜਾਣ ਦਾ ਹੁੰਦਾ ਹੈ।
ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤੀ ਬਾਣੀ ਗਾਫਲ ਮਨੁਖ ਜਗਾਉਣ ਹਿਤ ਉਪਦੇਸ ਪ੍ਰਥਾਇ ਹੈ। ਇਹ ਗਾਫਲ ਮਨੁੱਖ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਗੁਰੂ ਸਾਹਿਬ ਇਸ ਲਈ ਦੁਨੀਆਂ ਤੋਂ ਉਪਰਾਮ ਰਹਿਣ ਦੀ ਗੱਲ ਕਰਦੇ ਹਨ। ਗੁਰੂ ਸਾਹਿਬ ਜਿਸ ਨਾਸ਼ਵਾਨਤਾ ਵੈਰਾਗ ਨੂੰ ਪੇਸ਼ ਕਰਦੇ ਹਨ ਉਹ ਉਪਰਾਮਤਾ ਵਾਲਾ ਅੰਗ ਬਲਵਾਨ ਕਰਦੀ ਹੈ ਉਪਰਾਮਤਾ ਵਾਲੇ ਭਾਵ ਜਗਾ ਕੇ ਮਨੁੱਖ ਦੇ ਮਨ ਵਿੱਚ ਐਸੀ ਧਰਤੀ ਤਿਆਰ ਕਰ ਲੈਂਦੇ ਹਨ। ਜਿਸ ਵਿੱਚ ਨਾਮ ਦਾ ਤੇ ਨਿਰੰਕਾਰ ਦੇ ਪ੍ਰੇਮ ਦਾ ਬੀਜ ਪਾਉਣ ਆਸਾਨ ਹੋ ਜਾਂਦਾ ਹੈ।
ਆਪ ਨੇ ਨਾਸ਼ਵਾਨਤਾ ਦੇ ਵਿਸ਼ੇ ਨੂੰ ਕਈ ਵਿਧੀਆਂ ਨਾਲ ਪੇਸ਼ ਕੀਤਾ ਜੋ ਅਤਿਅੰਤ ਕਲਾ ਪੂਰਤ ਹਨ। ਗੁਰੂ ਸਾਹਿਬ ਨੇ ਕਲਾ ਕੌਸ਼ਲਤਾ ਦੀਆਂ ਉਤਮ ਵਿਧੀਆਂ ਵਰਤ ਕੇ ਜੀਵਨ ਦੀ ਅਸਾਰਤਾ ਤੇ ਇਸ ਨਾਲ ਜੁੜ ਸਕਣ ਵਾਲੇ ਮਨੋਭਾਵਾਂ ਨੂੰ ਵਿਅਕਤ ਕੀਤਾ ਹੈ।
ਸੰਸਾਰ ਦੇ ਕਈ ਪ੍ਰਸਿੱਧ ਅਧਿਆਤਮਕ ਲੇਖਕਾਂ ਨੇ ਨਾਸ਼ਮਾਨਤਾਂ ਨੂੰ ਬਹੁਤ ਲਾਭਦਾਇਕ ਸੰਕਲਪ ਨਿਸਚੇ ਕੀਤਾ। ਯੂਨਾਨੀ ਫਲਸਫੇ ਵਿੱਚ ਮੌਤ ਦੇ ਚਿੰਤਕ ਨੂੰ ਸਿਆਣਪ ਦਾ ਮੁੱਢ ਕਿਹਾ ਗਿਆ ਹੈ। ਇਹ ਚਿੰਤਨ ਨੂੰ ਹੰਕਾਰ ਦੇ ਘੋੜੇ ਉੱਤੇ ਚੜੇ ਮਨੁੱਖ ਨੂੰ ਥੱਲੇ ਲਾਹੁੰਦਾ ਹੈ। ਕਬਰ ਜਾਂ ਸ਼ਮਸ਼ਾਨ ਵਿੱਚ ਜਾ ਕੇ ਅਮੀਰ, ਗਰੀਬ, ਵੱਡੇ-ਛੋਟੇ ਸਭ ਬਰਾਬਰ ਹੋ ਜਾਂਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਨ ਦਾ ਗੁਮਾਨ ਕਰ ਕੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਪ੍ਰਤੀਤ ਕਰਨ ਵਾਲੇ ਮਨੁੱਖਾਂ ਦੇ ਮਾਨਸਿਕ ਬੁਖਾਰ ਨੂੰ ਆਪਣੀ ਬਾਣੀ ਰਾਹੀਂ ਹੌਲਾ ਕੀਤਾ है।
ਜੋ ਸੰਪਤਿ ਅਪਨੀ ਕਰਿ ਮਾਨੀ ਖਿਨ ਮਹਿ ਭਈ ਪਰਾਈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੦੦੮)
ਮੌਤ, ਨਾਸ਼ ਮਾਨਤਾ, ਤਿਆਗ, ਨਿਰਲੇਪਤਾ, ਵੈਰਾਗ ਭਾਵਾਂ ਕਾਰਨ ਆਪ ਦੀ ਬਾਣੀ ਦਾ ਵਾਤਾਵਰਨ ਕੁਝ ਉਦਾਸ ਪ੍ਰਤੀਤ ਹੁੰਦਾ ਹੈ। ਇਸ ਵਿੱਚ ਬਾਕੀ ਗੁਰਬਾਣੀ ਨਾਲੋਂ ਤਿਆਗ ਉਤੇ ਕੁਝ ਵਧੇਰੇ ਜ਼ੋਰ ਦਿੱਤਾ ਹੈ ਪਰ ਸਿਧਾਂਤ ਵੱਖਰਾ ਨਹੀਂ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਸਾਨੂੰ ਜਗਤ ਦੀ ਮਾਇਆ, ਲੋੜ ਅਤੇ ਸੁੱਖ ਨਾਲ ਜੁੜੀ ਪ੍ਰੀਤ ਦੀ ਅਸਿਥਿਰਤਾ ਬਾਰੇ ਸਮਝਾਉਂਦੀ ਹੈ। ਇਸ ਦੀ ਝੂਠੀ ਪ੍ਰੀਤ ਪਿੱਛੇ ਲੱਗ ਕੇ ਪਰਮਾਤਮਾ ਦੀ ਸੱਚੀ ਪ੍ਰੀਤ ਨੂੰ ਨਹੀਂ ਭੁੱਲਣਾ ਚਾਹੀਦਾ। ਜੀਵਨ ਦੇ ਕਾਰ ਵਿਹਾਰ ਨੇਕ ਨੀਤੀ ਨਾਲ ਕਰਦੇ
ਹੋਏ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ ਤਿੰਨੇ ਕਿਰਿਆਵਾਂ ਨੂੰ ਬਰਾਬਰ ਲੈ ਕੇ ਚੱਲਣ ਦਾ ਸੰਦੇਸ਼ ਦਿੱਤਾ ਹੈ। ਇਨ੍ਹਾਂ ਕਿਰਿਆਵਾਂ ਦਾ ਜਿੰਦਗੀ ਵਿਚ ਸੁਮੇਲ ਹੀ ਗੁਰੂ ਜੀ ਦੀ ਬਾਣੀ ਦਾ ਮੂਲ ਮੰਤਵ ਹੈ।
ਡਾ. ਮਹੀਪਿੰਦਰ ਕੌਰ
ਸਹਾਇਕ ਪ੍ਰੋਫੈਸਰ, ਪੰਜਾਬੀ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ, ਝਾੜ ਸਾਹਿਬ, ਲੁਧਿਆਣਾ।
