2 views 15 secs 0 comments

7 ਅਪ੍ਰੈਲ ਨੂੰ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼: ਸ੍ਰੀ ਦਸਮ ਗ੍ਰੰਥ ਬਾਣੀ ਅਧਾਰਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ-ਬਿਰਤਾਂਤ

ਲੇਖ
April 06, 2026

ਸਿਖ ਪੰਥ ਦੇ ਬਾਨੀ ਅਕਾਲ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਕਾਲ 1 ਅਪ੍ਰੈਲ 1621 ਈ. (ਵੈਸਾਖ ਵਦੀ 5 ਸੰਮਤ 1678) ਤੋਂ 11 ਨਵੰਬਰ 1675 ਈ. (ਮੱਘਰ ਸੁਦੀ 5 ਸੰਮਤ 1732) ਤੱਕ 54 ਸਾਲ 7 ਮਹੀਨੇ 10 ਦਿਨ ਹੈ। ਸਤਿਗੁਰਾਂ ਨੂੰ ਤੇਗ਼ ਦੇ ਧਨੀ, ਧਰਮ ਦੀ ਚਾਦਰ ਅਤੇ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ।

ਨੌਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਸਬੰਧੀ ਕਾਫੀ ਸਰੋਤ ਗ੍ਰੰਥ ਜਾਂ ਰਚਨਾਵਾਂ ਹਨ, ਜਿਹਨਾਂ ਵਿਚ ਸੰਖੇਪ ਜਾਣਕਾਰੀ ਉਪਲਬਧ ਹੈ, ਜਿਵੇਂ ਸ੍ਰੀ ਗੁਰ ਸੋਭਾ – ਦਸਮ ਪਾਤਸ਼ਾਹ ਜੀ ਦੇ ਦਰਬਾਰੀ ਕਵੀ ਸੈਨਾਪਤਿ ਦੀ ਰਚਨਾ; ਗੁਰ ਬਿਲਾਸ ਪਾਤਸ਼ਾਹੀ ੬- ਰਚਿਤ ਭਾਈ ਭਗਤ ਸਿੰਘ; ਗੁਰ ਬਿਲਾਸ ਪਾਤਸ਼ਾਹੀ ੧੦- ਰਚਿਤ ਕੋਇਰ ਸਿੰਘ, ਦਸ ਗੁਰ ਕਥਾ- ਕਵੀ ਕੰਕਨ; ਪਰਚੀਆਂ ਸੇਵਾ ਦਾਸ-ਰਚਿਤ ਸੇਵਾ ਦਾਸ ਉਦਾਸੀ; ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ-ਕੇਸਰ ਸਿੰਘ ਛਿੱਬਰ ਗੁਰਬਿਲਾਸ ਪਾਤਸ਼ਾਹੀ ੧੦- ਰਚਿਤ ਭਾਈ ਸੁੱਖਾ ਸਿੰਘ ਜੀ; ਸ਼ਹੀਦ ਬਿਲਾਸ ਭਾਈ ਮਨੀ ਸਿੰਘ- ਕਰਤਾ ਭੱਟ ਸੇਵਾ ਸਿੰਘ; ਸ੍ਰੀ ਗੁਰ ਪੰਥ ਪ੍ਰਕਾਸ਼- ਕਿਰਤ ਰਤਨ ਸਿੰਘ ਭੰਗੂ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ-ਕਿਰਤ ਭਾਈ ਸੰਤੋਖ ਸਿੰਘ ਜੀ; ਪੰਥ ਪ੍ਰਕਾਸ਼-ਗਿਆਨੀ ਗਿਆਨ ਸਿੰਘ ਜੀ; ਗੁਰੂ ਕੀਆਂ ਸਾਖੀਆਂ- ਕਿਰਤ ਭਾਈ ਸਰੂਪ ਸਿੰਘ ਕੌਸ਼ਿਸ਼ ਆਦਿ। ਇਹ ਸਰੋਤ ਗ੍ਰੰਥ ਤਕਰੀਬਨ 1701 ਈ. ਤੋਂ 1875 ਈ. ਤੱਕ ਦੇ ਹਨ। ਇਸ ਤੋਂ ਇਲਾਵਾ ਅਨੇਕਾਂ ਇਤਿਹਾਸਕਾਰਾਂ ਨੇ ਸਤਿਗੁਰਾਂ ਦੇ ਜੀਵਨ ਇਤਿਹਾਸ ਨੂੰ ਕਲਮਬੱਧ ਕੀਤਾ ਹੈ।

ਉਪਰੋਕਤ ਸਰੋਤ ਗੰਥਾਂ ਵਿਚ ਇਕ ਪ੍ਰਮੁਖ ਸਰੋਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਜਿਸ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਇਤਿਹਾਸ ਸਬੰਧੀ ਪ੍ਰਮਾਣੀਕ ਹਵਾਲੇ ਹਨ।

ਇਹ ਤਾਂ ਸਭਨਾ ਦੇ ਗਿਆਤ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰੀ ਰਿਸ਼ਤੇ ਵਿਚ ਨੌਵੇਂ ਪਾਤਸ਼ਾਹ ਜੀ ਦੇ ਸਪੁਤਰ ਸਨ। ਅਸੀਂ ਰੋਜ਼ਾਨਾ ਪੰਥਕ ਅਰਦਾਸ ਵਿਚ ਦਸਮ ਪਾਤਸ਼ਾਹ ਜੀ ਵੱਲੋਂ ਰਚਿਤ ਪਹਿਲੀ ਪਉੜੀ ਵਿਚ ਨੌਵੇਂ ਪਾਤਸ਼ਾਹ ਜੀ ਦੀ ਮਹਿਮਾ ਗਾਇਨ ਕਰਦੇ ਹਾਂ:

ਤੇਗ ਬਹਾਦਰ ਸਿਮਰਿਐ
ਘਰ ਨਉ ਨਿਧਿ ਆਵੈ ਧਾਇ॥
ਸਭ ਥਾਈਂ ਹੋਇ ਸਹਾਇ॥

ਇਸ ਸਬੰਧੀ ਭਾਈ ਰਤਨ ਸਿੰਘ ਭੰਗੂ ਲਿਖਦੇ ਹਨ ਕਿ ਅਰਦਾਸ ਦੀ ਇਹ ਸੰਪੂਰਨ ਪਉੜੀ 1699 ਈ. ਦੀ ਵੈਸਾਖੀ ਨੂੰ ਖ਼ਾਲਸਾ ਪੰਥ ਦੀ ਸਾਜਨਾ ਸਮੇਂ ਦਸਮ ਪਾਤਸ਼ਾਹ ਜੀ ਨੇ ਅਰਦਾਸ ਕਰਦਿਆਂ ਪੜ੍ਹੀ- ਵਰਣਨ ਹੈ:

ਪ੍ਰਿਥਮ ਭਗੌਤੀ ਵਾਰ ਜੁ ਪੌੜੀ॥ ਪੜ੍ਹ ਪ੍ਰਿਥਮੈ ਆਪ ਸਤਿਗੁਰ ਜੋੜੀ॥ ਨੋ ਪਤਸਾਹੀਅਨ ਲਯੋ ਧਿਆਇ॥ ਅਬ ਦੁਸਮਨ ਪਰ ਹੋਈ ਸਹਾਇ ॥
(ਸ੍ਰੀ ਗੁਰ ਪੰਥ ਪ੍ਰਕਾਸ਼)

ਇਸ ਅਰਦਾਸ ਵਿਚ ਨੌਵੀਂ ਨਾਨਕ ਜੋਤ ਦੀ ਮਹਿਮਾਂ ਦਸਵੀਂ ਨਾਨਕ ਜੋਤ ਕਰ ਰਹੀ ਹੈ, ‘ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ’ ਭਾਵ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਿਮਰਦਾ ਹਾਂ, ਜਿਹਨਾ ਦੇ ਸਿਮਰਨ ਨਾਲ ਨੌ ਨਿਧ (ਨੌਂ ਖਜਾਨੇ) ਪ੍ਰਾਪਤ ਹੋ ਜਾਂਦੇ ਹਨ।

ਜਿਗਿਆਸੂ ਦਾ ਸਵਾਲ ਕਿ ਨੌ ਨਿਧ ਕੀ ਹਨ? ‘ਸੰਖਿਆ ਕੋਸ਼’ ਵਿਚ ਗੁਰਬਖਸ਼ ਸਿੰਘ ਕੇਸਰੀ ਵਰਣਨ ਕਰਦੇ ਹਨ ਕਿ ਸੰਸਕ੍ਰਿਤ ਆਦਿ ਕਈ ਗ੍ਰੰਥਾਂ ਵਿਚ ਨਿਧੀਆਂ ਇਉਂ ਅੰਕਿਤ ਹਨ, “1 ਪਦਮ, 2 ਮਹਾਂਪਦਮ, 3 ਸੰਖ, 4 ਮਕਰ, 5 ਕੱਛਪ, 6 ਮੁਕੁੰਦ, 7 ਕੁੰਦ, 8 ਨੀਲ, 9 ਵਰਚ।” ‘ਮਹਾਨ ਕੋਸ਼ ਅਨੁਸਾਰ ਇਹਨਾਂ ਨਿਧੀਆਂ ਦੇ ਵੱਖ ਵੱਖ ਗੁਣ ਹਨ ਜਿਵੇਂ ‘ਪਦਮ ਨਿਧਿ’ ਸਾਤਵਿਕ ਹੈ, ਇਸ ਤੋਂ ਪੁੱਤ ਪੋਤੇ ਵਧਦੇ ਹਨ, ਸੋਨਾ, ਚਾਂਦੀ ਆਦਿ ਧਾਤਾਂ ਪ੍ਰਾਪਤ ਹੁੰਦੀਆਂ ਹਨ। ‘ਮੁਕੁੰਦ ਨਿਧਿ’ ਰਜੋਗੁਣ ਪ੍ਰਧਾਨ ਹੈ, ਇਸ ਤੋਂ ਸੰਗੀਤ ਵਿਦਯਾ ਦੀ ਪ੍ਰਾਪਤੀ ਹੁੰਦੀ ਹੈ, ਕਵੀ ਗਵੱਯੇ ਹਰ ਵੇਲੇ ਹਾਜਰ ਰਹਿੰਦੇ ਹਨ। ‘ਮਕਰ ਨਿਧਿ’ ਤਮੋਗੁਣੀ ਹੈ, ਇਸਤੋਂ ਸ਼ਸਤ੍ਰ ਵਿਦਯਾ ਦੀ ਪ੍ਰਾਪਤੀ ਹੁੰਦੀ ਹੈ, ਮਨੁਖ ਸਭ ‘ਤੇ ਹਕੂਮਤ ਕਰਦਾ ਹੈ। ਇਸੇ ਪ੍ਰਕਾਰ ਸਾਰੀਆਂ ਨਿਧੀਆਂ ਦੇ ਗੁਣ ਹਨ।

ਦਸਮੇਸ਼ ਬਾਣੀ ਦਾ ਇਕ ਵਿਸ਼ੇਸ਼ ਪੱਖ ਹੋਰ ਵੀ ਹੈ ਕਿ ਜਿਵੇਂ ਰਾਮਕਲੀ ਕੀ ਵਾਰ ਵਿਚ ਭਾਈ ਸਤਾ ਤੇ ਬਲਵੰਡਿ ਜੀ ਪਹਿਲੇ ਪਾਤਸ਼ਾਹ ਤੋਂ ਪੰਜਵੇਂ ਪਾਤਸ਼ਾਹ ਜੀ ਤੱਕ ਸਤਿਗੁਰਾਂ ਦੇ ਰੂਹਾਨੀ ਮੰਡਲ ਦਾ ਬਾਖੂਬੀ ਵਰਣਨ ਕਰਦੇ ਹਨ। ਇਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰ. 966 ਤੋਂ 968 ਤੱਕ ਸ਼ੋਭਨੀਕ ਹੈ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਪਹਿਲੇ ਪਾਤਸ਼ਾਹ ਤੋਂ ਛੇਵੇਂ ਪਾਤਸ਼ਾਹ ਤੱਕ ਸਤਿਗੁਰਾਂ ਦੇ ਜੀਵਨ ਇਤਿਹਾਸ ਤੇ ਫਲਸਫ਼ੇ ਨੂੰ ਬਾਕਮਾਲ ਰਚਦੇ ਹਨ।

1.

ਦਸ ਗੁਰੂ ਸਾਹਿਬਾਨ ਜੀ ਸਬੰਧੀ ਸੰਪੂਰਨ ਹਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਮਿਲਦਾ ਹੈ। ਜਿਵੇਂ ਅਰਦਾਸ ਦੀ ਪਹਿਲੀ ਪਉੜੀ ਵਿਚ ਪਹਿਲੇ ਪਾਤਸ਼ਾਹ ਜੀ ਤੋਂ ਨੌਵੇਂ ਪਾਤਸ਼ਾਹ ਤੱਕ ਅਤੇ ਫਿਰ ਬਚਿੱਤ੍ਰ ਨਾਟਕ ਵਿਚ ਦਰਜ ਹੈ:

ਸ੍ਰੀ ਨਾਨਕ ਅੰਗਦਿ ਕਰਿ ਮਾਨਾ॥
ਅਮਰਦਾਸ ਅੰਗਦ ਪਹਿਚਾਨਾ ॥
ਅਮਰਦਾਸ ਰਾਮਦਾਸ ਕਹਾਯੋ ॥ ਸਾਧਨਿ ਲਖਾ ਮੂੜ ਨਹਿ ਪਾਯੋ ॥ ਭਿੰਨ ਭਿੰਨ ਸਭਹੂੰ ਕਰਿ ਜਾਨਾ ॥ ਏਕ ਰੂਪ ਕਿਨਹੂੰ ਪਹਿਚਾਨਾ ॥ ਜਿਨ ਜਾਨਾ ਤਿਨ ਹੀ ਸਿਧ ਪਾਈ॥
ਬਿਨ ਸਮਝੇ ਸਿਧ ਹਾਥ ਨ ਆਈ॥
ਰਾਮਦਾਸ ਹਰਿ ਸੋਂ ਮਿਲ ਗਏ ॥ ਗੁਰਤਾ ਦੇਤ ਅਰਜੁਨਹਿ ਭਏ ॥ ਜਬ ਅਰਜਨ ਪ੍ਰਭ ਲੋਕ ਸਿਧਾਏ॥
ਹਰਿਗੋਬਿੰਦ ਤਿਹ ਠਾਂ ਠਹਰਾਏ ॥
ਹਰਿਗੋਬਿੰਦ ਪ੍ਰਭ ਲੋਕ ਸਿਧਾਰੇ ॥ ਹਰੀਰਾਇ ਤਿਹ ਠਾਂ ਬੈਠਾਰੇ ॥ ਹਰੀਕ੍ਰਿਸ਼ਨ ਤਿਨ ਕੇ ਸੁਤ ਵਏ ॥ ਤਿਨ ਤੇ ਤੇਗ ਬਹਾਦਰ ਭਏ ॥

ਦਸਮੇਸ਼ ਬਾਣੀ ਵਿਚ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀਆਂ ਅਹਿਮ ਘਟਨਾਵਾਂ ਸਬੰਧੀ ਚੋਣਵੇਂ ਹਵਾਲੇ ਮਿਲਦੇ ਹਨ। ਆਪਣੇ ਮਾਤਾ (ਗੁਜਰੀ ਜੀ) ਤੇ ਪਿਤਾ ਜੀ ਦੀ ਪ੍ਰਭੂ ਬੰਦਗੀ ਨੂੰ ਇਉਂ ਵਰਣਨ ਕਰਦੇ ਹਨ:

ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ ॥

ਭਾਵ ਮੇਰੇ ਤਾਤ (ਪਿਤਾ) ਮਾਤ (ਮਾਤਾ) ਜੀ ਨੇ ਉਸ ਪਰਮੇਸ਼ਰ (ਅਲਖ) ਦੀ ਅਨੇਕ ਪ੍ਰਕਾਰ ਦੀ ਅਰਾਧਨਾ ਤੇ ਸਾਧਨਾ ਕੀਤੀ। ਅੱਗੇ ਸਤਿਗੁਰੂ ਵਰਣਨ ਕਰਦੇ ਹਨ:

ਤਿਨ ਜੋ ਕਰੀ ਅਲਖ ਕੀ ਸੇਵਾ ॥ ਤਾ ਤੇ ਭਏ ਪ੍ਰਸੰਨ ਗੁਰਦੇਵਾ ॥

ਮੇਰੇ ਮਾਤਾ ਪਿਤਾ ਨੇ ਜੋ ਪ੍ਰਭੂ ਦੀ ਸੇਵਾ ਭਗਤੀ ਕੀਤੀ, ਉਸ ਤੋਂ ਅਕਾਲ ਪੁਰਖ ਪ੍ਰਸੰਨ ਹੋਏ।

ਤਿਨੁ ਪ੍ਰਭ ਜਬੁ ਆਇਸ ਮੁਹਿ ਦੀਯਾ ॥
ਤਬ ਹਮ ਜਨਮ ਕਲੂ ਮਹਿ ਲੀਯਾ ॥

ਉਪਰੰਤ ਦਸਮੇਸ਼ ਬਾਣੀ ਵਿਚ ਨੌਵੇਂ ਪਾਤਸ਼ਾਹ ਜੀ ਦੇ ਧਰਮ ਪ੍ਰਚਾਰ ਦੌਰਿਆਂ ਦਾ ਵੀ ਹਵਾਲਾ ਹੈ ਕਿ ਮੇਰੇ ਪਿਤਾ ਜੀ ਨੇ (ਮੁਰ ਪਿਤ) ਪੂਰਬ ਵਲ ਪ੍ਰਚਾਰ ਦੌਰਾ ਕੀਤਾ ਅਤੇ ਸੰਗਤਾਂ ਨੂੰ ਤਾਰਦੇ ਹੋਏ ਅਨੇਕਾਂ ਤੀਰਥਾਂ ਉਪਰ ਗਏ। ਪ੍ਰੋ. ਸਾਹਿਬ ਸਿੰਘ ਜੀ ਨੇ ਵੀ ਪੂਰਬ ਦੇਸ ਦਾ ਦੌਰਾ ਪੰਜ ਸਾਲ ਲਿਖਿਆ ਹੈ। ਦਸਮ ਪਾਤਸ਼ਾਹ ਰਚਦੇ ਹਨ:

ਮੁਰ ਪਿਤ ਪੂਰਬ ਕਿਯਸ ਪਯਾਨਾ॥
ਭਾਂਤਿ ਭਾਂਤਿ ਕੇ ਤੀਰਥਿ ਨਾਨਾ ॥ ਜਬਹੀ ਜਾਤ ਤ੍ਰਿਬੇਣੀ ਭਏ ॥
ਪੁੰਨ ਦਾਨ ਦਿਨ ਕਰਤ ਬਿਤਏ ॥

ਇਸ ਸੰਦਰਭ ਵਿਚ ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਪ੍ਰਯਾਗ ਹਿੰਦੂਆਂ ਦਾ ਭਾਰਾ ਤੀਰਥ ਹੈ। ਉਥੇ ਤਿੰਨ ਨਦੀਆਂ ਮਿਲਦੀਆਂ ਹਨ, ਲੋਕ ਉਸ ਤ੍ਰਿਬੇਣੀ ਵਿਚ ਇਸ਼ਨਾਨ ਕਰਨ ਨੂੰ ਬੜਾ ਮਹਾਤਮ ਸਮਝਦੇ ਹਨ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਉਥੇ ਆਏ ਜਾਤਰੂਆਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਹੀਂ ਸਮਝਾਇਆ ਕਿ ਸਭ ਤੋਂ ਸ੍ਰੇਸ਼ਟ ਤੀਰਥ ਸਾਧ ਸੰਗਤ ਹੈ।

2.
ਅਗੇ ਕਲਗੀਧਰ ਪਾਤਸ਼ਾਹ ਆਪਣੀ ਜੀਵਨ ਲੀਲ੍ਹਾ ਦਾ ਹਵਾਲਾ ਦਿੰਦੇ ਹਨ:
ਤਹੀ ਪ੍ਰਕਾਸ਼ ਹਮਾਰਾ ਭਯੋ ॥ਪਟਨਾ ਸ਼ਹਿਰ ਬਿਖੈ ਭਵ ਲਯੋ ॥

ਇਸ ਅਸਥਾਨ ਤੇ ‘ਪ੍ਰਕਾਸ਼’ ਤੋਂ ਭਾਵ ਮਾਤਾ ਗੁਜਰੀ ਜੀ ਦਾ ਗਰਭ ਧਾਰਨਾ ਹੈ ਅਤੇ ਪਟਨਾ ਸ਼ਹਿਰ ‘ਭਵ ਲਯੋ’ ਤੋਂ ਭਾਵ 1666 ਈ. ਨੂੰ ਅਵਤਾਰ ਧਾਰਨਾ ਹੈ।

ਉਪਰੰਤ ਗੁਰੂ ਜੀ ਲਿਖਦੇ ਹਨ ਕਿ ਪਟਨਾ ਸ਼ਹਿਰ ਤੋਂ ਕੁਝ ਸਮੇਂ ਬਾਅਦ ਮਾਤਾ ਪਿਤਾ ਸਾਨੂੰ ਪੰਜਾਬ (ਮਦ ਦੇਸ) ਲੈ ਆਏ। ਮਹਾਨ ਕੋਸ਼ ਵਿਚ ਮਦ੍ਰ ਦੇਸ ਨੂੰ ਮਾਤ੍ਰਿ ਦੇਸ, ਮਾਤ੍ਰ ਭੂਮਿ ਲਿਖਿਆ ਹੈ ਭਾਵ ਪੰਜਾਬ (ਮਹਾਨ ਕੋਸ਼, ਪੰਨਾ 947)

ਖਿਡਾਵੀਆਂ ਨੇ ਕਈ ਪ੍ਰਕਾਰ ਦੇ ਲਾਡ ਲਡਾਏ। ਅੱਗੇ ਸਤਿਗੁਰ ਰਚਦੇ ਹਨ ਕਿ ਮਾਤਾ ਪਿਤਾ ਨੇ ਮੇਰੇ ਤਨ ਦੀ ਹਰ ਪਖੋਂ ਖੂਬ ਸੇਵਾ ਸੰਭਾਲ ਕੀਤੀ ਅਤੇ ਭਾਂਤ-ਭਾਂਤ ਦੀ ਸਿਖਿਆ ਦਿਤੀ:

ਕੀਨੀ ਅਨਿਕ ਭਾਂਤਿ ਤਨ ਰੱਛਾ॥ ਦੀਨੀ ਭਾਂਤਿ ਭਾਂਤਿ ਕੀ ਸਿੱਛਾ ॥

ਉਪਰੰਤ ਉਹ ਇਤਿਹਾਸਕ ਵੇਰਵਾ ਹੈ ਜਦ ਦਸਮ ਪਾਤਸ਼ਾਹ ਜੀ ਦੀ ਸੰਸਾਰੀ ਆਯੂ 9 ਸਾਲ ਹੈ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਦੀ ਅਜ਼ਾਦੀ ਲਈ ਔਰੰਗਜ਼ੇਬ ਦੇ ਜੁਲਮ ਨੂੰ ਵੰਗਾਰਦੇ ਹੋਏ ਦਿੱਲੀ ਵਿਖੇ ਕੁਰਬਾਨੀ ਲਈ ਜਾਂਦੇ ਹਨ। ਦਸਮ ਪਾਤਸ਼ਾਹ ਜੀ ਨੇ ਆਪਣੀ ਬਾਲ ਅਵਸਥਾ ਦਾ ਹਵਾਲਾ ਦੇ ਕੇ ਸਾਥ ਹੀ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਵੇਰਵਾ ਦਿੱਤਾ ਹੈ:

ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥

ਭਾਵ ਜਦ ਅਸੀਂ ਧਰਮ ਦੇ ਕੰਮਾਂ (ਕਰਮ) ਵਿਚ ਪ੍ਰਵੇਸ਼ ਕੀਤਾ, ਧਰਮ ਕਰਮ ਪਾਲਣ ਦੀ ਉਮਰ ਹੋਈ ਤਦ ਪਿਤਾ (ਸ੍ਰੀ ਗੁਰੂ ਤੇਗ਼ ਬਹਾਦਰ ਜੀ) ਦੇਵ ਲੋਕ ਚਲੇ ਗਏ। ਇਹ ਦਸਮ ਬਾਣੀ ਵਿਚ ਪ੍ਰਮਾਣੀਕ ਹਵਾਲਾ ਹੈ ਤੇ ਸ਼ਹਾਦਤ ਦਾ ਵਰਣਨ ਇਉਂ ਕੀਤਾ ਹੈ:

ਤਿਲਕ ਜੰਵੂ ਰਾਖਾ ਪ੍ਰਭ ਤਾਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥ ਸਾਧਨਿ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆ ਪਰੁ ਸੀ ਨ ਉਚਰੀ॥ ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥

ਨੌਵੇਂ ਪਾਤਸ਼ਾਹ ਨੇ ਧਰਮ ਦੀ ਚਾਦਰ ਬਣਕੇ, ਦੂਸਰੇ ਧਰਮ ਦੀ ਅਜ਼ਾਦੀ ਲਈ ਤਿਲਕ ਜੰਵੂ ਨੂੰ ਬਚਾਇਆ ਅਤੇ ਜੁਲਮ ਨੂੰ ਵੰਗਾਰਿਆ। ਕਲਯੁਗ ਵਿਚ ਵਡਾ ਸਾਕਾ ਕਰ ਦਿਖਾਇਆ। ਭਲੇ ਪੁਰਖਾਂ (ਸਾਧਨਿ ਹੇਤਿ) ਦੀ ਖਾਤਰ ਸ਼ਹਾਦਤ ਦੇ ਕੇ ਇਕ ਅਨੂਠਾ ਇਤਿਹਾਸ ਸਿਰਜਿਆ, ਆਪਣਾ ਸੀਸ ਤਾਂ ਦੇ ਦਿੱਤਾ ਪਰ ਮੁੱਖੋਂ ਸੀ ਤੱਕ ਨਾ ਉਚਾਰੀ। ਧਰਮ ਦੀ ਰੱਖਿਆ ਲਈ ਮਹਾਨ ਸਾਕਾ ਕੀਤਾ, ਸੀਸ ਤਾਂ ਵਾਰ ਦਿੱਤਾ ਤਾਂ ਪਰ ਹੱਠ, ਪ੍ਰਤੱਗਿਆ (ਸਿਰਰੁ) ਨਹੀਂ ਤਿਆਗਿਆ। ਭਾਵੇਂ ਇਕ ਸ਼ਰਤ ਇਹ ਵੀ ਸੀ ਕਿ ਕੋਈ ਕਰਾਮਾਤ ਦਿਖਾਓ ਪਰ ਕਰਾਮਾਤ ਦਿਖਾਉਣੀ ਨਾਟਕ ਚੇਟਕ ਵਾਂਗ ਤਮਾਸ਼ਾ ਵਿਖਾਉਣਾ ਬੁਰਾ ਕਾਰਜ (ਕੁਕਾਜਾ) ਹੈ, ਕਿਉਂਕਿ ਅਜਿਹੇ ਕਾਰਜਾਂ ਸਦਕਾ ਪ੍ਰਮੇਸ਼ਰ ਦੇ ਪਿਆਰਿਆਂ (ਪ੍ਰਭ ਲੋਗਨ) ਨੂੰ ਲੱਜਾ ਆਉਂਦੀ ਹੈ।

ਫੁਰਮਾਨ ਹੈ:

ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹਿ ਆਵਤ ਲਾਜਾ॥

3.
ਉਪਰੰਤ ਸਤਿਗੁਰਾਂ ਨੇ ਦੋਹਰਾ ਰਚਿਆ ਹੈ:

ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥

ਭਾਵ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਸਰੀਰ ਰੂਪ ਠੀਕਰਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ (ਦਿਲੀਸ ਸਿਰਿ) ਭੰਨ੍ਹ ਕੇ (ਫੋਰ ਕੇ) ਪ੍ਰਭੂ ਦੇਸ, ਪ੍ਰਮੇਸ਼ਰ ਲੋਕ ਨੂੰ (ਕੀਯਾ ਪਯਾਨ) ਜਾਣਾ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਵਰਗੀ ਕਰਨੀ (ਕ੍ਰਿਆ) ਅੱਜ ਤੱਕ ਕਿਸੇ ਨਹੀਂ ਕੀਤੀ। (ਭਾਵ ਗੁਰੂ ਨਾਨਕ ਘਰ ਜੰਞੁ ਤਿਲਕ ਧਾਰਦਾ ਨਹੀਂ ਪਰ ਉਸਦੀ ਰੱਖਿਆ ਲਈ ਸੀਸ ਵਾਰਿਆ) ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਦਕਾ ਜਗਤ ਵਿਚ ਬਹੁਤ ਸ਼ੋਕ ਹੋਇਆ, ਸਾਰੇ ਸੰਸਾਰ ਵਿਚ ਹਾਹਾਕਾਰ ਮਚ ਗਈ ਪਰ ਸੁਰ ਲੋਕ (ਦੇਵ ਲੋਕ) ਵਿਚ ਜੈ ਜੈ ਕਾਰ ਹੋਈ।

ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਤੱਤਸਾਰ ਵਿਚਾਰੀਏ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਇਤਿਹਾਸ ਸਬੰਧੀ ਇਹ ਪ੍ਰਮਾਣੀਕ ਵੇਰਵੇ ਹਨ। ਜਿੱਥੇ ਵੀ ਦੇਵ ਬਿਰਤੀ ਦੇ ਲੋਕ ਵੱਸਦੇ ਹਨ, ਉਹ ਉਹਨਾਂ ਦੀ ਜੈ ਜੈ ਕਾਰ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਦਰਅਸਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੇਵਲ ਹਿੰਦ ਦੀ ਚਾਦਰ ਨਹੀਂ ਸਗੋਂ ਧਰਮ ਦੀ ਚਾਦਰ ਹਨ। ਸੱਚੇ ਧਰਮ ਤੇ ਧਰਮੀ ਦੀ ਪਰੀਭਾਸ਼ਾ ਉਹਨਾਂ ਦਾ ਜੀਵਨ ਇਤਿਹਾਸ ਤੇ ਰਚਿਤ ਬਾਣੀ ਹੈ ਜਿਸਨੂੰ ਸਾਗਰਾਂ ਦੀ ਗਹਿਰਾਈ ਵਾਂਗ ਮਾਪਿਆਂ ਨਹੀਂ ਜਾ ਸਕਦਾ ਪਰ ਵਿਸ਼ਵ ਪ੍ਰੇਮ ਤੇ ਸੱਚੇ ਸੁਚੇ ਧਰਮ ਦੀ ਵਿਸਮਾਦੀ ਉਡਾਰੀ ਨੂੰ ਅਨੁਭਵ ਕਰਦਿਆਂ ਮਾਣਿਆ ਜਾ ਸਕਦਾ ਹੈ।

-ਡਾ. ਇੰਦਰਜੀਤ ਸਿੰਘ ਗੋਗੋਆਣੀ