1 views 17 secs 0 comments

ਅੱਖੀਂ ਡਿੱਠਾ ਸ੍ਰੀ ਪੰਜਾ ਸਾਹਿਬ ਦਾ ਵੈਸਾਖੀ ਜੋੜ-ਮੇਲਾ

ਲੇਖ
April 22, 2026

ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਜ਼ਿਲ੍ਹਾ ਅਟਕ ਰਾਵਲਪਿੰਡੀ ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚਕਾਰਲੇ ਨੀਮ-ਪਹਾੜੀ ਖੇਤਰ ਵਿਚ ਸਥਿਤ ਹੈ। ਪਾਕਿਸਤਾਨ ਦੇ ਆਮ ਖੇਤਰਾਂ ਨਾਲੋਂ ਕੁਝ ਠੰਡਾ, ਖੁਸ਼ਕ ਪਰ ਖੁਸ਼ਗਵਾਰ ਨੀਮ-ਪਹਾੜੀ ਇਹ ਇਲਾਕਾ ‘ਫਰੰਟੀਅਰ’ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਭਾਰਤ -ਪਾਕਿ ਵੰਡ ਤੋਂ ਪਹਿਲਾਂ ਪਿਸ਼ਾਵਰ-ਬੰਬਈ (ਮੁੰਬਈ) ਨੂੰ ਰੇਲ ਲਾਈਨ ਨਾਲ ਜੋੜਿਆ ਹੋਇਆ ਸੀ। ਇਨ੍ਹਾਂ ਦੋਹਾਂ ਸ਼ਹਿਰਾਂ ਵਿਚਕਾਰ ਚੱਲਣ ਵਾਲੀ ਰੇਲ ਗੱਡੀ ਨੂੰ ‘ਫਰੰਟੀਅਰ ਮੇਲ’ ਕਿਹਾ ਜਾਂਦਾ ਸੀ।

ਹਸਨ ਅਬਦਾਲ ਇਕ ਫਕੀਰ ਦੇ ਨਾਂਅ ਉੱਤੇ ਵੱਸਿਆ ਹੋਇਆ ਇਤਿਹਾਸਿਕ ਕਸਬਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਨੇ ਇਸ ਅਸਥਾਨ ਨੂੰ ਦੁਨੀਆ ਦੇ ਨਕਸ਼ੇ ‘ਤੇ ਵਿਸ਼ੇਸ਼ ਉਜਾਗਰ ਕਰ ਦਿੱਤਾ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਕਰੀਬ ਅੱਧਾ ਕੁ ਕਿਲੋਮੀਟਰ ਦੂਰੀ ‘ਤੇ ਹੀ ਸਰੋਵਰ ਵਿਚਕਾਰ ਇਕ ਆਲੀਸ਼ਾਨ ਇਮਾਰਤ ਦੇ ਰੂਪ ਵਿਚ ਸੁਸ਼ੋਭਿਤ ਹੈ। ਇਸ ਸਰੋਵਰ ਦਾ ਸੰਬੰਧ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਛੋਹ ਪ੍ਰਾਪਤ ਨਿਰੰਤਰ ਵਗਦੇ ਝਰਨੇ ਨਾਲ ਹੈ ਜੋ ਬਾਕੀ ਸ਼ਹਿਰ ਦੀ ਪਾਣੀ ਪ੍ਰਤੀ ਲੋੜ ਵੀ ਪੂਰੀ ਕਰਦਾ ਆ ਰਿਹਾ ਹੈ।

ਫਰੰਟੀਅਰ ਇਲਾਕੇ ਦੀ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ ਮਹਾਨਤਾ ਦਰਸਾਉਣ ਅਤੇ ਇਸ ਗੁਰੂ ਘਰ ਨਾਲ ਜੋੜਨ ਲਈ ਵੈਸਾਖੀ ਦਾ ਜੋੜ-ਮੇਲਾ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ। ਦੇਸ਼-ਵਿਦੇਸ਼ਾਂ ਤੋਂ ਭਾਰੀ ਗਿਣਤੀ ਵਿਚ ਨਾਨਕ ਨਾਮ ਲੇਵਾ ਸੰਗਤ ਇਹ ਜੋੜ-ਮੇਲਾ/ਪੁਰਬ ਮਨਾਉਣ ਲਈ ਇੱਥੇ ਸ਼ਿਰਕਤ ਕਰਦੀ ਹੈ।

ਸਿੱਖ ਸੰਗਤ ਖਾਸ ਕਰਕੇ ਸਿੰਧੀ ਸਿੱਖਾਂ ਵੱਲੋਂ ਕੀਤੀ ਜਾਂਦੀ ਲੰਗਰ ਪਾਣੀ ਦੀ ਸੇਵਾ ਨਿਵੇਕਲੀ ਤੇ ਲਾਮਿਸਾਲ ਹੋ ਨਿਬੜਦੀ ਹੈ। ਸੇਵਾਦਾਰਾਂ ਦੀ ਸ਼ਰਧਾ, ਤਨੋਂ ਮਨੋਂ ਸੇਵਾ-ਭਾਵਨਾ ਤੇ ਸਤਿਕਾਰਤਾ ਭਰੀ ਮਿੱਠੀ ਬੋਲਬਾਣੀ ਅੱਗੇ ਬਦੋ-ਬਦੀ ਸਿਰ ਝੁੱਕ ਜਾਂਦਾ ਹੈ। ਲੰਗਰ ਦੀ ਹਰ ਵਸਤ ਨਾਲ ‘ਪ੍ਰਸ਼ਾਦਿ’ ਦਾ ਵਿਸ਼ੇਸ਼ਣ ਲਾ ਕੇ ਹੀ ਸੰਗਤ ਵਿਚ ਵਰਤਾਇਆ ਜਾਂਦਾ ਹੈ। ਜਿਵੇਂ ਰੋਟੀ/ਚਪਾਤੀ/ਫੁਲਕਾ ਪ੍ਰਸ਼ਾਦਿ, ਖੀਰ ਪ੍ਰਸ਼ਾਦਿ, ਜਲ ਪ੍ਰਸ਼ਾਦਿ, ਅਚਾਰ ਪ੍ਰਸ਼ਾਦਿ, ਪਕੌੜਾ/ਲੱਡੂ/ਜਲੇਬੀ ਪ੍ਰਸ਼ਾਦਿ ਆਦਿ। ਇਸ ਤੋਂ ਇਲਾਵਾ
ਵਾਸ਼ਰੂਮ/ਬਾਥਰੂਮ ਲਈ ਲੋੜੀਂਦੇ ਸਾਮਾਨ (ਤੇਲ, ਸਾਬਣ, ਸ਼ੈਂਪੂ, ਟੁੱਥ ਪੇਸਟ, ਬਰੱਸ਼ /ਦਾਤਣਾਂ ਆਦਿ) ਦਾ ਨਿਰਕੁੰਸ਼ ਸੇਵਾਦਾਰੀ ਦਾ ਸਲੀਕਾ ਭਰਿਆ ਤੇ ਸੁਚੱਜਾ ਪ੍ਰਬੰਧ ਵੀ ਆਪਣੇ ਆਪ ਵਿਚ ਇਕ ਮਿਸਾਲ ਹੀ ਹੁੰਦੀ ਹੈ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਪਾਕਿ ਸਰਕਾਰ ਨੇ ਇਸ ਮੇਲੇ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਹੁੰਦੇ ਹਨ। ਸਿੰਧੀ ਸਿੱਖਾਂ ਨੂੰ ਕਰੜੀ ਪੁੱਛ-ਗਿੱਛ ਕਰ ਕੇ ਹੀ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਆਉਣ ਦਿੱਤਾ ਜਾਂਦਾ ਹੈ। ਜਿੱਥੇ ਉਨ੍ਹਾਂ ਦੇ ਪਛਾਣ-ਪੱਤਰ ਚੈੱਕ ਹੁੰਦੇ ਹਨ ਉੱਥੇ ਕਈਆਂ ਕੋਲੋਂ ਪੂਰਾ ਜਪੁਜੀ ਸਾਹਿਬ ਦਾ ਪਾਠ ਸੁਣਨ ਤੋਂ ਬਾਅਦ ਹੀ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਵਿਹੜੇ ਅੰਦਰ ਆਉਣ ਦੀ ਇਜਾਜ਼ਤ ਮਿਲਦੀ ਹੈ। ਇਹ ਇਜਾਜ਼ਤ ਲੈਣ ਲਈ ਉਨ੍ਹਾਂ ਦੀਆਂ ਲਿਲਕੜੀਆਂ/ਤਰਲੇ ਹਾੜੇ ਬਹੁਤ ਹੀ ਭਾਵੁਕ ਦ੍ਰਿਸ਼ ਸਿਰਜ ਜਾਂਦੇ ਹਨ। ਇਸ ਸਮੇਂ ਉਨ੍ਹਾਂ ਦੇ ਦਿਲਾਂ ਵਿਚ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਪ੍ਰਤੀ ਤਾਂਘ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸੱਚੀ-ਸੁੱਚੀ ਸ਼ਰਧਾ ਭਾਵਨਾ ਦਾ ਅਹਿਸਾਸ ਕਰਵਾ ਦਿੰਦੀ ਜਿਵੇਂ ਇਕ ਪਪੀਹਾ ਸਵਾਂਤੀ ਬੂੰਦ ਲਈ ਤੜਫ ਰਿਹਾ ਹੋਵੇ। ਦਰਸ਼ਨ ਦੀਦਾਰੇ ਦੀ ਇਜਾਜ਼ਤ ਮਿਲ ਜਾਣ ਕਾਰਨ ਉਹ ਅੰਤਾਂ ਦਾ ਸਕੂਨ ਮਹਿਸੂਸ ਕਰਦੇ ਹੋਏ ਗੁਰੂ ਸਾਹਿਬ ਤੋਂ ਬਲਿਹਾਰੇ ਹੋ-ਹੋ ਜਾਂਦੇ ਹਨ।

ਇਸ ਜੋੜ-ਮੇਲੇ ਵਿਚ ਪਿਸ਼ਾਵਰ ਦੀ ਸਿੱਖ ਸੰਗਤ ਦੀ ਖਾਲਸੇ ਬਾਣੇ ਵਿਚ ਨਗਰ ਕੀਰਤਨ ਦੇ ਰੂਪ ਵਿਚ ਆਮਦ ਇਕ ਅਲੌਕਿਕ ਦ੍ਰਿਸ਼ ਪੇਸ਼ ਕਰ ਜਾਂਦੀ ਹੈ। ਇਸ ਨਗਰ ਕੀਰਤਨ ਵਿਚ ਸ਼ਾਮਲ ਪਿਸ਼ਾਵਰ ਸਕੂਲਾਂ (ਭਾਈ ਜੋਗਾ ਸਿੰਘ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ) ਦੇ ਵਿਦਿਆਰਥੀਆਂ ਦਾ ਸਿੱਖੀ ਸਰੂਪ ਅਤੇ ਧਰਮ ਪ੍ਰਤੀ ਸ਼ਰਧਾ ਇਸ ਵੈਸਾਖੀ ਜੋੜ-ਮੇਲੇ ਦਾ ਸਿਖਰ ਹੋ ਨਿਬੜਦੇ ਹਨ। ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਕੀਰਤਨ/ ਗੁਰਮਤਿ ਵਿਚਾਰਾਂ ਨਾਲ ਇਨ੍ਹਾਂ ਵਿਦਿਆਰਥੀਆਂ ਦੀ ਸ਼ਮੂਲੀਅਤ ਕਿਸੇ ਵਿਦਵਾਨ ਤੋਂ ਘੱਟ ਨਹੀਂ ਹੁੰਦੀ। ਇਨ੍ਹਾਂ ਦੀ ਬੋਲ ਬਾਣੀ ਪੰਜਾਬੀ ਤੇ ਪੋਠੋਹਾਰੀ ਬੋਲੀ ਦੇ ਮਿਸ਼ਰਣ ਵਿਚ ਹੋ ਰਹੀ ਸਿਫਤ-ਸਲਾਹ ਫ਼ਿਜ਼ਾ ਵਿਚ ਇਕ ਵੱਖਰਾ ਅਨੰਦ ਘੋਲ ਦਿੰਦੀ ਹੈ।

ਪਹਾੜੀ ਉੱਤੇ ਸਥਿਤ ਵਲੀ ਕੰਧਾਰੀ ਦਰਗਾਹ ਤੋਂ ਹੇਠਾਂ ਨੂੰ ਨਜ਼ਰ ਮਾਰੀ ਜਾਏ ਤਾਂ ਗੁਰਦੁਆਰਾ ਪੰਜਾ ਸਾਹਿਬ, ਸ਼ਹਿਰ ਤੇ ਆਲੇ-ਦੁਆਲੇ ਦੇ ਢਾਲਾਨੀ ਖੇਤਰ ਦਾ ਬਹੁਤ ਹੀ ਭਾਵਪੂਰਤ ਮਨਮੋਹਿਕ ਦ੍ਰਿਸ਼ ਵੇਖਣ ਨੂੰ ਮਿਲਦਾ ਹੈ। ਵਿਰਲੇ ਵਾਂਝੇ ਉੱਗ ਕੁਦਰਤੀ ਦਰੱਖਤ/ਝਾੜੀਆਂ ਇਸ ਮਨਮੋਹਿਕ ਦ੍ਰਿਸ਼ ਨੂੰ ਹੋਰ ਚਾਰ ਚੰਨ ਲਾ ਦਿੰਦੇ ਹਨ। ਗੁਰੂ ਸਾਹਿਬ ਦੇ ਇਹ ਬਚਨ ‘ਬਲਿਹਾਰੀ ਕੁਦਰਤਿ ਵਸਿਆ॥’ ਦੇ ਪ੍ਰਤੱਖ ਦਰਸ਼ਨ-ਦੀਦਾਰਿਆਂ ਦਾ ਝਲਕਾਰਾ ਰੂਪਮਾਨ ਹੋਇਆ ਪ੍ਰਤੀਤ ਹੁੰਦਾ ਹੈ।
ਵਹਿੰਗੀਆਂ ਨਾਲ ਪਾਣੀ ਢੋਣਾ ਅਤੇ ਕਿਤੇ-ਕਿਤੇ ਗਲੀਆਂ ਬਜ਼ਾਰਾਂ ਤੇ ਰਾਹਾਂ ਵਿਚ ਮਸ਼ਕ ਨਾਲ ਪਾਣੀ ਪਿਲਾਉਂਦੇ ਮਾਸ਼ਕੀ ਭੁੱਲੀ ਵਿਸਰੀ ਵਿਰਾਸਤ ਦੀ ਝਾਤ ਵੀ ਪੁਆ ਦਿੰਦੇ ਹਨ। ਵਿਰਾਸਤ ਦੇ ਕਦਰਦਾਨੀ ਕਈ ਯਾਤਰੀ ਇਨ੍ਹਾਂ ਮਾਸ਼ਕੀਆਂ ਦੀ ਸੇਵਾ-ਭਾਵਨਾ ਨੂੰ ਸ਼ਾਬਾਸ਼ੀ ਦਾ ਥਾਪੜਾ ਦੇਣ ਲਈ ਸਰਦੀ ਪੁੱਜਦੀ ਮਾਇਆ ਵੀ ਭੇਟ ਕਰਦੇ ਹਨ।

ਵੱਖ-ਵੱਖ ਵਸਤਾਂ ਨਾਲ ਸਜੇ ਰੌਣਕਾਂ ਭਰੇ ਬਜ਼ਾਰਾਂ ਵਿਚ ਚਿੱਟੇ ਨਿਕੋਰ ਬੋਸਕੀ ਕੱਪੜੇ ਦੀ ਆਪਣੀ ਹੀ ਵਿਸ਼ੇਸ਼ ਸਰਦਾਰੀ ਹੁੰਦੀ ਹੈ ਜੋ ਵਿਦੇਸ਼ੀ ਯਾਤਰੀਆਂ ਲਈ ਖਿੱਚ ਬਿੰਦੂ ਵੀ ਬਣਦਾ ਹੈ। ਸਥਾਨਿਕ ਹਿੰਦੂ ਔਰਤਾਂ ਭਾਰਤੀ ਪੰਜਾਬ ਤੋਂ ਗਏ ਯਾਤਰੂਆਂ ਕੋਲੋਂ ਬਿੰਦੀਆਂ ਤੇ ਸਿੱਖ ਔਰਤਾਂ/ਬੱਚੇ ਕੜੇ-ਕੰਘਿਆਂ ਦੀ ਮੰਗ ਜ਼ਰੂਰ ਕਰਦੇ ਹਨ। ਕਈ ਯਾਤਰੂ ਇਸ ਮੰਗ ਨੂੰ ਪੂਰੀ ਕਰਨ ਦਾ ਯਤਨ ਕਰ ਕੇ ਬਹੁਤ ਸਕੂਨ ਹਾਸਿਲ ਵੀ ਕਰਦੇ ਹਨ।

ਸਿੱਖ ਸੰਗਤਾਂ ਵੱਲੋਂ ਵੈਸਾਖੀ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਚ ਸੁਸ਼ੋਭਿਤ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਕੇ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਘਰ ਦੇ ਜਸ ਲਈ ਦੀਵਾਨ ਵੀ ਸਜਾ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਕੁੱਲ ਮਿਲਾ ਕੇ ਪੰਜਾ ਸਾਹਿਬ ਦੀ ਵੈਸਾਖੀ ਦਾ ਆਪਣਾ ਖਾਸ ਰੰਗ ਹੁੰਦਾ ਹੈ ਜਿਸ ਨੂੰ ਮਾਣਨ ਦਾ ਆਪਣਾ ਹੀ ਸੁਹਜ-ਸੁਆਦ ਹੁੰਦਾ ਹੈ। ਜਿਸ ਨਾਲ ਤਨ-ਮਨ ਮੰਤਰ-ਮੁਗਧ ਤੇ ਅਧਿਅਤਾਮਿਕ ਖੇੜੇ ਨਾਲ ਮਨ ਮਾਓਲ/ਮੌਲ ਹੋ ਉੱਠਦਾ ਹੈ।

-ਸ. ਲਖਵਿੰਦਰ ਸਿੰਘ ਰਈਆ ਹਵੇਲੀਆਣਾ