ਆਗਰੇ ਤੋਂ ਕੁਝ ਮੀਲ ਬਾਹਰ ਸਿਕੰਦਰਾ ਹੈ, ਜਿੱਥੇ ਸ਼ਹਿਨਸ਼ਾਹ ਅਕਬਰ ਦਾ ਮਕਬਰਾ ਹੈ। ਇਸ ਆਲੀਸ਼ਾਨ ਮਕਬਰੇ ਵਿਚ ਅਕਬਰ ਦੀ ਕਬਰ ਦੇ ਸਥਾਨ ਨੂੰ ਵੇਖੋ ਤਾਂ ਹੈਰਾਨ ਰਹਿ ਜਾਈਦਾ ਹੈ ਕਿ ਇਸ ਮੁਗ਼ਲ ਬਾਦਸ਼ਾਹ ਦੀ ਲਾਸ਼ ਦਾ ਮੂੰਹ ਸੂਰਜ ਦੇ ਚੜ੍ਹਾ ਵੱਲ ਹੈ ਤੇ ਲੱਤਾਂ ਪੈਰ, ਪੱਛਮ ਵੱਲ। ਕਾਬੇ ਵੱਲ ਪੈਰ ਕਰਨ ਦਾ ਵਿਅੰਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕੀਤਾ ਸੀ, ਪਰ ਅਕਾਲ ਪੁਰਖ ਦੀ ਸਰਵ ਵਿਆਪਕਤਾ ਦਿਖਾਉਣ ਲਈ। ਪਰ ਅਕਬਰ ਮਰਨ ਪਿੱਛੋਂ ਪੂਰਬ ਵੱਲ ਮੂੰਹ ਕਰੀ ਪਿਆ ਹੈ ਤਾਂ ਜੋ ਚੜ੍ਹਦੇ ਸੂਰਜ ਦੀਆਂ ਕਿਰਨਾਂ ਉਸ ਦੇ ਮਸਤਕ ਉਤੇ ਪੈਣ। ਸੂਰਜ ਬਨਸਪਤੀ, ਜੀਵ ਜੰਤੂਆਂ ਦੇ ਪ੍ਰਾਣਾਂ ਦਾ ਆਧਾਰ ਹੈ। ਅਕਬਰ ਸੂਰਜ ਨੂੰ ਅਦ੍ਰਿਸ਼ਟ ਸ਼ਕਤੀ ਦਾ ਪ੍ਰਤੱਖ ਰੂਪ ਮੰਨਦਾ ਸੀ ਅਤੇ ਅਗਨੀ, ਨੂਰ, ਰੋਸ਼ਨੀ ਦਾ ਧਿਆਨ ਤੇ ਪੂਜਾ, ਉਹ ਉੱਚਤਮ ਆਤਮ ਸਾਧਨ ਕਰ ਕੇ ਮੰਨਦਾ ਸੀ । ਸੰਨ ੧੫੭੮ ਈ: ਵਿਚ ਉਸ ਨੇ ਗੁਜਰਾਤ ਦੇ ਪਾਰਸੀ ਦਸਤੂਰ ਮਹਾਤਮਾ ਨੂੰ ਆਗਰੇ ਦਰਸ਼ਨਾਂ ਲਈ ਬੁਲਾ ਭੇਜਿਆ ਸੀ ਅਤੇ ਉਸ ਤੋਂ ਕੁਝ ਵਰ੍ਹੇ ਪਿੱਛੋਂ ਉਸ ਨੇ ਈਰਾਨ ਤੋਂ ਜਬਰਦਸਤੀ ਧਰਮ ਦੇ ਆਚਰੀਯ ਅਰਦੇਸ਼ੀਰ ਤੇ ਕਵਿਆਨ ਬੁਲਵਾਏ ਸਨ ਤਾਂ ਜੋ ਉਸ ਨੂੰ ਸੂਰਜ ਤੇ ਅਗਨੀ ਦੀ ਮਹੱਤਤਾ ਬਾਰੇ ਗਿਆਨ ਦੇਣ।
ਵੈਸਾਖੀ ਵਾਲੇ ਦਿਨ ਸੁਰਜ ਪੁਰਬੀ ਅਕਾਸ਼ ਵਿਚ ਆਪਣੀ ਉੱਚ ਗਤੀ ਵਿਚ ਅਥਵਾ ਪੂਰਨ ਬਲ ਤੇ ਤੇਜ਼ ਵਿਚ ਹੁੰਦਾ ਹੈ ਅਤੇ ਇਹ ਦਿਹਾੜਾ, ਸਾਡੇ ਦੇਸ਼ ਵਿਚ ਪ੍ਰਾਚੀਨ ਸਮਿਆਂ ਤੋਂ ਬੜਾ ਮਹੱਤਤਾਪੂਰਨ ਦਿਹਾੜਾ ਮੰਨਿਆ ਜਾਂਦਾ ਰਿਹਾ ਹੈ।
ਸਿੱਖਾਂ ਵਿਚ ਵੈਸਾਖੀ ਦੀ ਆਤਮਕ ਸਨਮਾਨਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਪ੍ਰਚਲਤ ਹੋਣ ਦੀ ਸਾਖ, ਭਾਈ ਗੁਰਦਾਸ ਜੀ ਨੇ ਭਰੀ ਹੈ:
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
(ਵਾਰ ੧:੨੭)
ਭਾਈ ਗੁਰਦਾਸ ਜੀ ਦੀ ਇਸੇ ਤੁਕ ਦੇ ਆਧਾਰ ਤੋਂ ਕਈ ਵਿਦਵਾਨ ਇਉਂ ਮੰਨਦੇ ਹਨ ਕਿ ਇਹੋ ਵੈਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਅਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੁਰਬ ਹੋਣ ਕਰਕੇ ਹੀ ਇਸ ਦਿਨ ਦਸਮ ਪਾਤਸ਼ਾਹ ਨੇ ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਖਾਲਸਾ ਪੰਥ ਸਾਜਿਆ ਸੀ।
ਕਿਵੇਂ ਭੀ ਹੋਵੇ ਵੈਸਾਖੀ ਕੇਵਲ ਇਕ ਮੌਸਮੀ ਤਿਉਹਾਰ ਹੀ ਨਹੀਂ ਸਗੋਂ ਇਹ ਅਨੇਕਾਂ ਗੋਝ ਰਹੱਸਾਂ ਦਾ ਸੂਚਕ ਹੈ, ਜਿਨ੍ਹਾਂ ਰਹੱਸਾਂ ਦਾ ਕਿ ਖਾਲਸੇ ਦੀ ਸਾਜਨਾ ਨਾਲ ਗੂੜ੍ਹਾ ਸੰਬੰਧ ਹੈ। ਦਸਮ ਪਾਤਸ਼ਾਹ ਦਾ ਸ੍ਰੀ ਮੁਖ ਵਾਕ ਹੈ, ਕਿ:
ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮਹਿ ਹਉ ਕਰਉ ਨਿਵਾਸ।
ਜਿਸ ਤੋਂ ਸਿਧ ਹੈ ਕਿ ਸਤਿਗੁਰੂ ਦਾ ਸੰਕੇਤ ਕਿਸੇ ਉੱਚਤਮ ਆਤਮਕ ਔਜ(ਤੇਜ) ਵੱਲ ਹੈ, ਜਿਹੜਾ ਕਿ ਵੈਸਾਖੀ ਦੇ ਉਚਗਤੀ ਪ੍ਰਾਪਤ ਸੂਰਜ ਵਾਂਗਰ, ਸਰਵ-ਵਿਸ਼ਵ ਦਾ ਰੂਹਾਨੀ ਆਧਾਰ ਤੇ ਆਦਰਸ਼ ਹੈ।
ਦਸਮ ਪਾਤਸ਼ਾਹ ਦਾ ‘ਖਾਸ ਰੂਪ’ ਕੋਈ ਐਵੇਂ ਨਿਰੀ ਬਾਹਰਲੀ ਰਹਿਤ ਬਹਿਤ ਰੱਖਣ ਵਾਲਾ ਕਦਾਚਿਤ ਨਹੀਂ ਹੋ ਸਕਦਾ। ਉਹ ਤਾਂ ਕੋਈ ਐਸਾ ਬ੍ਰਹਮ ਗਿਆਨੀ, ਗੁਰੁ ਪ੍ਰਾਯਣ, ਉੱਚਤਮ ਆਤਮਕ ਔਜ (ਤੇਜ) ਵਾਲਾ ਮਨੁੱਸ਼ ਹੀ ਹੋ ਸਕਦਾ ਹੈ, ਜੋ ਧਰਤੀ ਉੱਤੇ ਸਰਵ ਸ਼ਕਤੀਮਾਨ ਅਕਾਲ-ਪੁਰਖ ਦਾ ਨੁਮਾਇੰਦਾ ਜਾਂ ਵਰਤੋਂ ਹੋਣ ਦੇ ਯੋਗ ਹੋਵੇ। ਅਬਦੁਲ ਕਰੀਮ ਜ਼ੀਲੀ ਤੇਰ੍ਹਵੀਂ ਸਦੀ ਵਿਚ ਇਕ ਮਹਾਨ ਮੁਸਲਮ ਚਿੰਤਕ ਹੋਇਆ ਹੈ ਜਿਸ ਦੀ ਅਰਬੀ ਭਾਸ਼ਾ ਦੀ ਪੁਸਤਕ, ‘ਫਸੂਸਲ ਹਿਕਮੇ’ ਵਿਚ ਪੁਰਸ਼ੋਤਮ, ਪੂਰਨ ਪੁਰਖ, ਦੀ ਵਿਆਖਿਆ ਹੈ, ‘ਅਕਮਲਉਲਇਨਸਾਨ’ ਦੀ ਸੰਗਿਆ ਹੇਠਾਂ। ਭਾਗਵਤ ਗੀਤਾ ਵਿਚ ਭੀ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਹੈ ਕਿ ਮਨੁੱਖਾਂ ਵਿਚ ਮੈਂ ਪੁਰਸ਼ੋਤਮ ਹਾਂ। ਅਕਬਰ ਸ਼ਹਿਨਸ਼ਾਹ ਨੂੰ ਵੀ ਆਪੂੰ ‘ਅਕਮਲਉਲਇਨਸਾਨ ਹੋਣ ਦਾ ਹੀ ਝਾਉਲਾ ਪਿਆ ਸੀ, ਜਿਸ ਕਾਰਨ ਸੂਰਜ ਉਸ ਦੀਆਂ ਆਤਮਕ ਰੁਚੀਆਂ ਦਾ ਕੇਂਦਰ ਬਣਿਆ ਰਿਹਾ ਸੀ। ਕਿਸੇ ਅਜਿਹੇ ਪੁਰਸ਼ੋਤਮ ਪੂਰਨ ਪੁਰਖ ਦੀ ਉਪਜ ਆਮਦ ਹੀ ਸੰਸਾਰ ਰਚਨਾ ਦਾ ਮੁੱਖ ਮੰਤਵ ਮਹਾਨ ਜਰਮਨ ਫ਼ਿਲਾਸਫਰ, ਨੀਤਸ਼ੇ ਨੇ ਪ੍ਰਚਾਰਿਆ ਹੈ:
“Lo, I preach to you the superman, Superman is the mean-ing of the earth.”
ਈਰਾਨ ਦੇ ਜਗਤ ਵਿਖਯਾਤ ਅਧਿਆਤਮਕ ਕਵੀ, ਮੌਲਾਨਾ ਰੂਮੀ ਦੀ ਪ੍ਰਸਿੱਧ ਰਚਨਾ ‘ਮਥਨਵੀ’ ਵਿਚ ਅੰਕਤ ਹੈ:-
ਆਰਜ਼ੂਸਤ, ‘ਦੀ ਸ਼ੈਖ਼ ਬ-ਚਰਾਗ਼ ਹਮੀ ਗਸ਼ਤ ਸ਼ਹਿਰ ਕਜ਼ ਦਾਮੋ ਦਦ ਮਲੂਲਮੋ ਇਨਸਾਨਮ
ਗੁਫਤਮ ਕਿ ਯਾਫਤ ਮੀ ਨਸ਼ਵਦ ਜੁਸਤਹੇਮ ਮਾ ਗੁਫ਼ਤ ਆਂ ਕਿ ਯਾਫਤ ਮੀ ਨਾ ਸ਼ਵਦ ਆਨਮ ਆਰਜ਼ੂਸਤ।
(ਕਲ੍ਹ ਤਪੱਸਵੀ ਮਹਾਰਾਜ, ਹੱਥ ਵਿਚ ਦੀਵਾ ਫੜੀ ਨਗਰ ਦੇ ਗਿਰਦ-ਗਿਰਦ ਘੁੰਮ ਰਹੇ ਸਨ ਅਤੇ ਕਹਿ ਰਹੇ ਸਨ, “ਯਾਰੋ, ਮੈਂ ਪਸ਼ੂਆਂ ਨੂੰ ਦੇਖ ਦੇਖ ਦੁਖੀ ਹੋ ਗਿਆ ਹਾਂ, ਇਸ ਲਈ ਹੁਣ ਕਿਸੇ ਮਨੁੱਖ ਦੀ ਢੂੰਡ ਵਿਚ ਹਾਂ। ਅਸਾਂ ਆਖਿਆਂ, “ਅਸੀਂ ਆਪ ਬਹੁਤ ਲੱਭ ਚੁਕੇ ਹਾਂ, ਪਰ ਇਹ ਵਸਤੂ ਦੁਰਲੱਭ ਹੈ”, ਤਾਂ ਤਪੱਸਵੀ ਜੀ ਨੇ ਉੱਤਰ ਦਿੱਤਾ, “ਜੋ ਵਸਤੂ ਦੁਰਲੱਭ ਅਥਵਾ ਅਲੱਭਯ ਹੈ, ਮੈਂ ਉਸੇ ਦੀ ਟੋਲ ਵਿਚ ਹਾਂ।”)
ਕਿਸੇ ਅਜਿਹੇ ਆਦਰਸ਼ ਨੂੰ ਸਾਖਿਆਤ ਕਰਨ ਹਿੱਤ ਦਸਮ ਪਾਤਸ਼ਾਹ ਨੇ ਵੈਸਾਖੀ ਵਾਲੇ ਦਿਨ ਖਾਲਸਾ ਸਾਜਣ ਦਾ ਕੌਤਕ ਕੀਤਾ ਸੀ । ਖਾਲਸੇ ਦਾ ਇਹ ਰੂਪ ਅਨੇਕਾਂ ਆਦਮੀਆਂ ਨੇ ਧਾਰਨ ਕੀਤਾ ਹੈ, ਪਰ ਇਸਦੀ ਦਾਮਨਕ ਚਕਾਚੁੰਧ ਵੱਲ ਅੱਖਾਂ ਪੁੱਟਣ ਦਾ ਹੌਸਲਾ ਸਾਹਸ ਕਿਸੇ ਵਿਰਲੇ ਨੇ ਹੀ ਕੀਤਾ ਹੋਵੇਗਾ। ਭੇਖਧਾਰੀ ਸੰਸਾਰੀ ਅਨੇਕ ਹਨ, ਪਰ ਖਾਲਸਾ ਦੇ ਸ਼ੁਧ ਰੂਪ ਦੀ ਪ੍ਰਾਪਤੀ ਦੀ ਅਕਾਂਕਸ਼ਾ ਰੱਖਣ ਵਾਲੇ ਕਿੰਨੇ ਕੁ ਹਨ?
-ਸਿਰਦਾਰ ਕਪੂਰ ਸਿੰਘ
