views 0 secs 0 comments

ਕੌਮ ਦਾ ਜੀਵਨ

ਲੇਖ
April 23, 2026

ਪਿਆਰੇ ਪਾਠਕ ਇਨ੍ਹਾਂ ਮਜ਼ਮੂਨਾਂ ਨੂੰ ਦਿਲ ਲਾ ਕੇ ਵਿਚਾਰਨਗੇ ਤਾਂ ਜ਼ਰੂਰ ਇਹ ਖ਼ਿਆਲ ਕਰਨਗੇ ਕਿ ਖ਼ਾਲਸਾ ਅਖ਼ਬਾਰ ਦੀ ਪੁਕਾਰ ਕੋਈ ਅਨਥਾਂ ਨਹੀਂ ਹੈ ਅਤੇ ਨਾਲ ਹੀ ਇਸ ਕੌਮ ਦੇ ਜ਼ਿੰਦਾ ਰੱਖਨੇ ਵਾਲੇ ਅਸੂਲਾਂ ਦਾ ਧਾਰਨ ਕਰਨਗੇ।

ਸੰਸਾਰ ਦੀ ਹਰ ਇਕ ਛੋਟੀ ਅਤੇ ਵੱਡੀ ਵਸਤੂ ਸਾਨੂੰ ਇਹ ਉਪਦੇਸ਼ ਕਰ ਰਹੀ ਹੈ ਕਿ ਜੋ ਤੁਸੀਂ ਸਦਾ ਦੀ ਜ਼ਿੰਦਗੀ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਦੇ ਸਹਾਰੇ ਨਾਲ ਅਪਨਾ ਜੀਵਨ ਨਾ ਸਮਝੋ ਕਿੰਤੂ ਅਪਨੇ ਆਪ ਸੁਤੰਤਰ ਹੋ ਕੇ ਸੰਸਾਰ ਪਰ ਆਪ ਨੂੰ ਸਮਰੱਥਾਵਾਨ ਕਰੋ, ਜਦ ਅਸੀਂ ਹੋਰਨਾਂ ਦ੍ਰਿਸ਼ਟਾਂਤਾਂ ਨੂੰ ਛੱਡ ਕੇ ਬ੍ਰਿਖਾਂ ਦਾ ਨਮੂਨਾ ਅਪਨੀ ਅੱਖੀਆਂ ਦੇ ਸਾਮ੍ਹਨੇ ਰੱਖਦੇ ਹਾਂ ਤਾਂ ਸਾਨੂੰ ਏਹ ਸਿੱਖਿਆ ਮਿਲਦੀ ਹੈ ਕਿ ਬ੍ਰਿਖ ਦੀ ਸ਼ਾਇਆ ਹੇਠ ਦੂਜਾ ਬ੍ਰਿਖ ਨਹੀਂ ਵੱਧਦਾ, ਸਗੋਂ ਵੱਡਾ ਬ੍ਰਿਖ ਉਸ ਛੋਟੇ ਨੂੰ ਸੁਕਾ ਕੇ ਕੇਵਲ ਆਪ ਹੀ ਨਿਰਭੈ ਹੋ ਕੇ ਪਰਫੁਲਤ ਹੋ ਜਾਂਦਾ ਹੈ। ਕਈ ਜਗਾ ਦੇਖਨ ਵਿਚ ਆਯਾ ਹੈ ਜੋ ਬੇਰੀ ਦੇ ਰੁੱਖ ਨਾਲ ਇਕ ਬੋਹੜ ਯਾ ਪਿੱਪਲ ਦਾ ਦਰਖ਼ਤ ਲਗਾਇਆ ਗਿਆ ਹੈ ਜਿਸ ਦਾ ਨਤੀਜਾ ਇਹ ਹੋਇਆ ਹੈ ਜੋ ਬੋਹੜ ਨੇ ਬੇਰੀ ਨੂੰ ਭੰਨ ਤੋੜ ਕੇ ਅਪਨੇ ਵਿਚ ਹੀ ਮਿਲਾ ਲੀਤਾ ਹੈ, ਇਹ ਦ੍ਰਿਸ਼ਟਾਂਤ ਇਕ ਯਾ ਦੋ ਜਗਾ ਨਹੀਂ, ਕਿੰਤੂ ਸਾਰੇ ਹਿੰਦੁਸਤਾਨ ਦੇ ਨਗਰਾਂ ਵਿਚ ਪਾਇਆ ਜਾਂਦਾ ਹੈ। ਦੂਸਰਾ, ਲੋਕ ਭੀ ਆਖਦੇ ਹਨ ਕਿ “ਭਾਈ ਰੁੱਖ ਹੇਠ ਰੁੱਖ ਨਹੀਂ ਮੌਲਦਾ” ਇਸ ਤੇ ਭੀ ਸਾਫ ਪਾਇਆ ਜਾਂਦਾ ਹੈ ਕਿ ਕਿਸੇ ਵਸਤੂ ਦੇ ਸਾਏ ਹੇਠ ਦੂਜੀ ਵਸਤੂ ਨਹੀਂ ਮੌਲਦੀ॥

ਏਸ ਉਪਰਲੇ ਦ੍ਰਿਸ਼ਟਾਂਤ ਤੇ ਅਸੀਂ ਕੌਮ ਦੀ ਉੱਨਤੀ ਦਾ ਨਤੀਜਾ ਨਿਕਾਲ ਸਕਦੇ ਹਾਂ ਕਿ ਕੋਈ ਕੌਮ ਕਿਸੇ ਦੂਸਰੀ ਕੌਮ ਦੇ ਸਾਏ ਹੇਠ ਰਹ ਕੇ ਯਾ ਉਸ ਦਾ ਹਿੱਸਾ ਅਤੇ ਸ਼ਾਖ ਬਨ ਕੇ ਕਦੇ ਭੀ ਸਰਸਬਜ਼ ਨਹੀਂ ਹੋਈ। ਇਸ ਦੇ ਦ੍ਰਿਸ਼ਟਾਂਤ ਭੀ ਸਾਡੀ ਅੱਖੀਂ ਦੇ ਸਾਮ੍ਹਨੇ ਪ੍ਰਤੱਖ ਪਾਏ ਜਾਂਦੇ ਹਨ ਜੈਸਾ ਕਿ ਈਸਾਈ ਕੌਮ ਪਹਲੇ ਯਹੂਦੀ ਕੌਮ ਵਿੱਚੋਂ ਪੈਦਾ ਹੋਈ ਸੀ, ਪਰੰਤੂ ਜੇ ਇਹ ਕੌਮ ਅਪਨੇ ਆਪ ਨੂੰ ਯਹੂਦੀਆਂ ਦਾ ਹਿੱਸਾ ਅਤੇ ਸ਼ਾਖ ਸਮਝਦੀ ਤਦ ਇਸ ਦੀ ਉੱਨਤੀ ਕਦੇ ਭੀ ਨਾ ਹੁੰਦੀ, ਕਿੰਤੂ ਇਸ ਨੇ ਜੋ ਉੱਨਤੀ ਕੀਤੀ ਸੋ ਅਪਨੀ ਪਹਲੀ ਕੌਮ ਥੋਂ ਜੁਦਾ ਹੋ ਕੇ ਕੀਤੀ ਇਸੀ ਪ੍ਰਕਾਰ ਮੁਸਲਮਾਨ ਕੌਮ ਭੀ ਪਹਿਲੇ ਯਹੂਦੀਆਂ ਵਿੱਚੋਂ ਹੀ ਨਿਕਲੀ ਸੀ, ਪਰੰਤੂ ਇਨ੍ਹਾਂ ਨੇ ਅਪਨੇ ਆਪ ਨੂੰ ਬਿਲਕੁਲ ਉਸ ਪੁਰਾਨੀ ਕੌਮ ਥੋਂ ਜੁਦਾ ਹੋ ਕੇ ਰੌਨਕ ਪਾਈ-ਭਾਵੇਂ ਈਸਾਈ ਅਤੇ ਮੁਸਲਮਾਨ ਮੂਸਾ, ਸੁਲੇਮਾਨ ਅਤੇ ਲੂਤ ਆਦਿਕ ਪੈਗੰਬਰਾਂ ਨੂੰ ਅਤੇ ਉਨ੍ਹਾਂ ਦੀ ਬਨਾਈ ਹੋਈਆਂ ਤੌਰੇਤ, ਜਬੂਰ ਆਦਿਕ ਕਤਾਬਾਂ ਨੂੰ ਮੰਨਦੇ ਹਨ, ਪਰੰਤੂ ਫੇਰ ਭੀ ਅਪਨੇ ਆਪ ਨੂੰ ਉਸ ਕੌਮ ਦਾ ਹਿੱਸਾ ਯਾ ਉਨ੍ਹਾਂ ਨਬੀਆਂ ਦੀ ਉੱਮਤ ਨਹੀਂ ਮੰਨਦੇ, ਜਿਸ ਤੇ ਇਹ ਕੌਮਾਂ ਸੁਤੰਤਰ ਹੋ ਕੇ ਸੰਸਾਰ ਪਰ ਬ੍ਰਾਜਮਾਨ ਹਨ॥

ਇਸੀ ਪ੍ਰਕਾਰ ਸਾਡੀ ਖਾਲਸਾ ਕੌਮ ਜੋ ਦਸਮੇਂ ਪਾਤਸ਼ਾਹ ਨੇ ਸਭ ਥੋਂ ਵੱਖਰੀ ਕੌਮ ਸੰਸਾਰ ਪਰ ਪ੍ਰਗਟ ਕੀਤੀ ਹੈ ….ਪਰੰਤੂ ਇਸ ਕੌਮ ਦੇ ਸੱਚੇ ਪ੍ਯਾਰਿਆਂ ਨੂੰ ਚਾਹੀਦਾ ਹੈ ਜੋ ਇਸ ਨੂੰ ਕਿਸੇ ਕੌਮ ਦਾ ਹਿੱਸਾ ਯਾ ਸ਼ਾਖ ਨਾ ਖ੍ਯਾਲ ਕਰਨ ਜੋ ਲੋਗ ਦੂਸਰੀ ਕੌਮ ਦਾ ਹਿੱਸਾ ਯਾਂ ਸ਼ਾਖ ਸਮਝ ਕੇ ਇਸ ਦੀ ਉਨਤੀ ਉਸ ਦੇ ਨਾਲ ਮਿਲ ਕੇ ਆਖਦੇ ਹਨ ਸੋ ਦੁਨੀਆਂ ਦੀ ਤਾਰੀਖਾਂ ਤੇ ਬੇਖ਼ਬਰ ਅਤੇ ਦਸਮ ਗੁਰੂ ਦੇ ਸਿਧਾਂਤ ਤੇ ਨਾਵਾਕਫ ਹਨ। ਇਸ ਵਾਸਤੇ ਹੁਣ ਜਾਗੋ, ਦੇਖੋ ਜੋ ਤੁਸੀਂ ਕੌਨ ਹੋ ਅਤੇ ਦਸਮ ਪਾਤਸ਼ਾਹ ਨੇ ਤੁਹਾਨੂੰ ਕਯਾ ਬਨਾਇਆ ਹੈ ਅਤੇ ਗੁਰਬਿਲਾਸ ਵਿਚ ਤੁਹਾਨੂੰ ਗਧੇ ਪਰ ਸ਼ੇਰ ਦੀ ਬੁਰਕੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ। ਆਸ਼ਾ ਹੈ ਜੋ ਸਾਡੇ ਪਯਾਰੇ ਸਿੱਖ ਭਾਈ ਇਸ ਮਜ਼ਮੂਨ ਨੂੰ ਜ਼ਰੂਰ ਦਿਲ ਲਾ ਕੇ ਪੜ੍ਹਨਗੇ ਅਤੇ ਫੇਰ ਵਿਚਾਰਨਗੇ। ਜਿਸ ਪਰ ਅਮਲ ਕਰਕੇ ਸੱਚੇ ਪਾਤਸ਼ਾਹ ਦੇ ਇਸ ਪਵਿੱਤਰ ਖਾਲਸਾ ਪੰਥ ਦਾ ਪੰਥ ਸਭ ਥੋਂ ਨਿਰਾਲਾ ਕਰਨ ਲਈ ਯਤਨ ਕਰਨਗੇ।
(੨੫ ਅਕਤੂਬਰ ੧੮੯੫)

ਗਿਆਨੀ ਦਿੱਤ ਸਿੰਘ