views 13 secs 0 comments

ਗੁਰਬਾਣੀ ਵਿੱਚ ਸੁਖ ਦਾ ਸੰਕਲਪ

ਲੇਖ
April 28, 2026

‘ਮੇਰੇ ਰਾਮਰਾਇ ਜਿਉ ਰਾਖਹਿ ਤਿਉ ਰਹੀਐ॥
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ॥’

ਸੰਸਾਰ ਦਾ ਹਰ ਪਰਾਣੀ ਸੁਖ ਦੀ ਪ੍ਰਾਪਤੀ ਵਿੱਚ ਹੀ ਪ੍ਰਯਤਨਸ਼ੀਲ ਹੈ। ਉਸਦੇ ਹਰ ਕਰਮ, ਹਰ ਯਤਨ, ਹਰ ਉਦਮ ਪਿੱਛੇ ਇੱਕੋ ਭਾਵਨਾ ਪ੍ਰਬਲ ਰੂਪ ਵਿੱਚ ਕੰਮ ਕਰ ਰਹੀ ਹੈ ਕਿ ਉਸਨੂੰ ਸੁਖ ਮਿਲੇ, ਜ਼ਿੰਦਗੀ ਵਿੱਚ ਮਾਣ ਮਿਲੇ, ਮੁਰਾਤਬਾ ਮਿਲੇ, ਚੜ੍ਹਤ ਨਸੀਬ ਹੋਵੇ ਤਾਂਕਿ ਉਸਦੀ ਹਰ ਪਾਸੇ ਵਡਿਆਈ ਹੋਵੇ ਤੇ ਇਵੇਂ ਉਸਨੂੰ ਹੋਰ ਸੁਖ ਪ੍ਰਾਪਤ ਹੋਵੇ। ਬਹੁ ਪਰਕਾਰੀ ਸੁਖਾਂ ਦੀ ਪ੍ਰਾਪਤੀ ਵਿੱਚ ਮਨੁੱਖ ਬਹੁਤੀ ਵਾਰੀ ਆਪਣੇ ਜ਼ਿੰਦਗੀ ਦੇ ਉੱਚੇ ਸੁੱਚੇ ਮਕਸਦ ਤੋਂ ਵੀ ਭਟਕ ਜਾਂਦਾ ਹੈ ਅਤੇ ਸੁਖ ਪ੍ਰਾਪਤੀ ਦੇ ਪ੍ਰਯਤਨਾਂ ਵਿੱਚ ਦੁਖਾਂ ਦੇ ਘੇਰੇ ਵਿੱਚ ਜਾ ਫਸਦਾ ਹੈ ਜਿੱਥੇ ਉਸਦੀ ਜ਼ਿੰਦਗੀ ਉਸ ਲਈ ਭਾਰੂ ਪਰਤੀਤ ਹੋਣ ਲਗਦੀ ਹੈ।

ਗੁਰਬਾਣੀ ਦੁਖ ਅਤੇ ਸੁਖ ਦੋਹਾਂ ਨੂੰ ਜ਼ਿੰਦਗੀ ਦਾ ਜ਼ਰੂਰੀ ਅੰਗ ਮੰਨਦੀ ਹੈ ਅਤੇ ਚੰਗਾ ਮਨੁੱਖ ਉਹ ਹੀ ਹੈ ਜੋ ਇਨ੍ਹਾਂ ਦੋਹਾਂ ਹਾਲਤਾਂ ਵਿੱਚ ਵਿਚਰਦਾ ਹੋਇਆ ਵੀ ਇਕ ਸਮਾਨ ਹੋਵੇ। ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਪਰ ਥਾਂ ਸੱਚ ਤੇ ਅਧਾਰਤ ਸੁਖ ਦੀ ਪ੍ਰਾਪਤੀ ਦੇ ਹਵਾਲੇ ਮਿਲਦੇ ਹਨ। ਇਸ ਗੱਲ ਦੇ ਵੀ ਹਵਾਲੇ ਉਪਲੱਬਧ ਹਨ ਕਿ ਹਰ ਸਥਿਤੀ ਨੂੰ ਸੰਤੋਖੀ ਬਿਰਤੀ ਵਿੱਚ ਹੰਢਾਉਣ ਨਾਲ ਦੁਖ ਘਟਦਾ ਹੈ ਅਤੇ ਉਸ ਦੁਖਦਾਈ ਸਥਿਤੀ ਵਿੱਚ ਵੀ ਧਰਵਾਸ ਦੀ ਰੰਗਤ ਪੈਦਾ ਹੋ ਜਾਂਦੀ ਹੈ। ਮਨੁੱਖ ਨੂੰ ਕਈ ਪਰਕਾਰ ਦੇ ਪਰਮਾਣ ਦੇ ਕੇ ਸਮਝਾਇਆ ਗਿਆ ਹੈ ਕਿ ਸੁਖ ਬਹੁਤਾ ਧਨ ਖੱਟਣ ਵਿੱਚ ਨਹੀਂ ਅਤੇ ਬਹੁਤੀ ਜਾਇਦਾਦ ਜਾਂ ਸੰਪਤੀ ਸੁਖ ਪਰਦਾਨ ਨਹੀਂ ਕਰ ਸਕਦੀ।

ਸੁਖੁ ਨਾਹੀ ਬਹੁਤੈ ਧਨਿ ਖਾਟੇ॥ ਸੁਖੁ ਨਾਹੀ ਪੇਖੇ (ਦੇਖਣਾ) ਨਿਰਤਿ ਨਾਟੇ॥ ਸੁਖੁ ਨਾਹੀ ਬਹੁ ਦੇਸ ਕਮਾਏ॥

ਫਿਰ ਸੁਖ ਕਿਥੇ ਹੈ? ਇਸ ਦੇ ਉੱਤਰ ਵਿੱਚ ਹੁਕਮ ਹੈ :

ਸਰਬ ਸੁਖਾ ਹਰਿ ਹਰਿ ਗੁਣ ਗਾਏ॥

ਸੁਖ ਹਰੀ ਦੇ ਗੁਣ ਗਾਇਨ ਕਰਨ ਵਿੱਚ ਹੈ, ਪ੍ਰਭੂ ਦੀ ਆਗਿਆ ਮੰਨਣ ਵਿੱਚ ਹੈ, ਨਾਮ ਧਿਆਣ ਤੋਂ ਬਿਨਾਂ ਸਦੀਵੀ ਸੁਖ ਦੀ ਪ੍ਰਾਪਤੀ ਕਠਨ ਹੈ। ਗੁਰੂ, ਅਭਿਲਾਸ਼ੀ ਨੂੰ
ਇਸ ਸਦੀਵੀ ਸੁਖ ਨੂੰ ਹਾਸਲ ਕਰਨ ਦੀ ਜੁਗਤ ਦੱਸਦਿਆਂ ਹੋਇਆਂ ਉਸਨੂੰ ਚੰਗਾ ਸਦਾਚਾਰਕ ਜੀਵਨ ਗ੍ਰਹਿਣ ਕਰਨ ਵਲ ਪ੍ਰੇਰਤ ਕਰਦਾ ਹੈ।

ਪ੍ਰਥਮੇ ਛੋਡੀ ਪਰਾਈ ਨਿੰਦਾ॥ ਉਤਰਿ ਗਈ ਸਭ ਮਨ ਕੀ ਚਿੰਦਾ॥

ਲੋਭੁ ਮੋਹੁ ਸਭੁ ਕੀਨੋ ਦੂਰਿ॥ ਪਰਮ ਬੈਸਨੋ ਪ੍ਰਭ ਪੇਖਿ ਹਜੂਰਿ॥

ਕਾਮ, ਕਰੋਧ, ਲੋਭ, ਮੋਹ, ਹੰਕਾਰ ਤਿਆਗਣ ਨਾਲ ਬੇਲੋੜੇ ਦੁਖਾਂ, ਪਰੇਸ਼ਾਨੀਆਂ, ਚਿੰਤਾਵਾਂ, ਅਵੱਗਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਪਰ ਅਜਿਹੀ ਅਵਸਥਾ ਵਲ ਵਧਣ ਲਈ ਪੂਰੇ ਗੁਰੂ ਦੀ ਟੇਕ ਵਿੱਚ ਆਉਣਾ ਜ਼ਰੂਰੀ ਹੈ। ਫੁਰਮਾਨ ਹੈ:

ਸੁਖੁ ਨਾਨਕ ਪੂਰਾ ਗੁਰੁ ਮਿਲੇ॥

ਪੂਰਾ ਗੁਰੂ ਜਿੱਥੇ ਸਾਡੇ ਸਦਾਚਾਰ ਨੂੰ, ਕਿਰਦਾਰ ਨੂੰ, ਵਿਹਾਰ ਨੂੰ ਸ਼ੁਭ ਗੁਣਾਂ ਨਾਲ ਸੁਦ੍ਰਿੜ੍ਹ ਕਰਦਾ ਹੈ ਉੱਥੇ ਉਹ ਇਸ ਗੱਲ ਦਾ ਵੀ ਸਪੱਸ਼ਟ ਨਖੇੜਾ ਕਰ ਦੇਂਦਾ ਹੈ ਕਿ ਸਭ ਸੰਸਾਰੀ ਇਸ ਗੱਲ ਨੂੰ ਧਿਆਨ ਵਿੱਚ ਰਖ ਲੈਣ ਕਿ:

ਸੁਖੁ ਨਾਹੀ ਰੇ ਹਰਿ ਭਗਤਿ ਬਿਨਾ॥

ਇਸ ਲਈ-
‘ਸੂਖ ਸਹਜ ਆਨੰਦ ਲਹਹੁ॥ ਸਾਧ ਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ॥’

ਸਾਸ ਗਰਾਸ ਨਾਮ ਜਪਣ ਨਾਲ ਪ੍ਰਭੂ ਦੀ ਰਸਾਈ ਪ੍ਰਾਪਤ ਹੋ ਸਕਦੀ ਹੈ ਜਿਸ ਵਿੱਚ ਸੁਖ ਹੀ ਸੁਖ ਹਨ ਅਤੇ ਸਦੀਵੀ ਆਨੰਦਾਂ ਦੀ ਵੀ ਪ੍ਰਾਪਤੀ ਹੁੰਦੀ ਹੈ। ਸੁਖ ਸਰੀਰ ਨਾਲ ਸਬੰਧਤ ਹਨ, ਇਸ ਲਈ ਚਿਰ ਸਦੀਵੀ ਨਹੀਂ ਪਰ ਆਨੰਦ ਆਤਮਾ ਨਾਲ ਸਬੰਧਤ ਹੋਣ ਕਾਰਨ ਸਦਾ ਵਿਗਾਸ, ਉਲਾਸ ਤੇ ਪਰਮ ਆਨੰਦ ਦਾ ਰਸ ਬਖ਼ਸ਼ਦਾ ਹੈ। ਇਸੇ ਲਈ ਗੁਰਬਾਣੀ ਸਾਨੂੰ ਦੁਨਿਆਵੀ ਸੁਖਾਂ ਦੀ ਪ੍ਰਾਪਤੀ ਵਿੱਚ ਬਹੁਤਾ ਖੱਚਤ ਹੋਣ ਤੋਂ ਹੋੜਦੀ ਹੈ ਕਿਉਂਕਿ ‘ਸੁਖ ਮਾਂਗਤ ਦੁਖੁ ਆਗਲ ਹੋਇ।।’ ਅਤੇ ਕੋਈ ਵੀ ਮਨੁੱਖ ਦੁਖ ਦੀ ਨੇੜਤਾ ਨਹੀਂ ਚਾਹੁੰਦਾ ਜਦਕਿ ਗੁਰਬਾਣੀ ਵਿੱਚ ਇਹ ਉਪਦੇਸ਼ ਮਿਲਦਾ ਹੈ ਕਿ ਸੁਖ ਪ੍ਰਾਪਤ ਕਰਕੇ ਇਨਸਾਨ ਜਲਦੀ ਹੀ ਰੱਬ ਨੂੰ ਭੁੱਲ ਜਾਂਦਾ ਹੈ ਅਤੇ ਦੁਨਿਆਵੀ ਮਾਣ ਤਾਣ ਵਿੱਚ ਗ੍ਰਸਤ ਹੋ ਕੇ ਭਟਕ ਜਾਂਦਾ ਹੈ, ਹਉਮੈ, ਅਭਿਮਾਨ ਨਾਲ ਭਰ ਜਾਂਦਾ ਹੈ ਅਤੇ ਦਿਆ, ਨਿਮਰਤਾ, ਹਲੀਮੀ ਵਰਗੇ ਗੁਣਾਂ ਨੂੰ ਗੰਵਾ ਬੈਠਦਾ ਹੈ। ਇਸ ਲਈ ਉਹ ਸੁਖ ਹੀ ਉਸਦੇ ਦੁਖ ਦਾ ਕਾਰਨ ਬਣਦਾ ਹੈ ਅਤੇ ਦੁਖ ਵਿੱਚ ਵਿਚਰਦਿਆਂ ਹੋਇਆਂ ਉਸਨੂੰ ਅਹਿਸਾਸ ਹੋਣ ਲਗਦਾ ਹੈ ਕਿ ਉਸਦੀ ਜ਼ਿੰਦਗੀ ਦੀ ਗੱਡੀ ਲੀਹੋਂ ਉਤਰ ਗਈ ਹੈ। ਜਿਵੈਂ ਸਰੀਰ ਵਿੱਚ ਵਾਪਰਿਆ ਦਰਦ ਸਾਨੂੰ ਤਾੜਨਾ ਕਰਦਾ ਹੈ ਕਿ ਸਰੀਰ ਦੀ ਸੁਚਾਰੂ ਵਿਧੀ ਵਿੱਚ ਕੋਈ ਵਿਘਨ ਪੈ ਗਿਆ ਹੈ ਅਤੇ ਅਸੀਂ ਫੌਰਨ ਉਸ ਦਰਦ ਤੋਂ ਛੁਟਕਾਰਾ ਪਾਉਣ ਲਈ ਸਰਗਰਮ ਉਪਰਾਲਿਆਂ ਵਿੱਚ ਜੁਟ ਜਾਂਦੇ ਹਾਂ ਇਸੇ ਤਰ੍ਹਾਂ ਦੁਖ ਵੀ ਸਾਨੂੰ ਸੁਚੇਤ ਕਰਦਾ ਹੈ ਕਿ ਪ੍ਰਭੂ ਮਿਲਾਪ ਦੇ ਸਦੀਵੀ ਸੁਖ ਲਈ ਉਚੇਚੇ ਉਪਰਾਲਿਆਂ ਦੀ ਸਖ਼ਤ ਲੋੜ ਹੈ।

‘ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥’

ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਨੌਵੇਂ ਮਹਲੇ ਦੇ ਆਪਣੇ ਸਲੋਕਾਂ ਵਿੱਚ ਜ਼ਿੰਦਗੀ ਦੇ ਨਿਰਬਾਹ ਲਈ ਮਨੁੱਖ ਨੂੰ ਜ਼ਿੰਦਗੀ ਦੀ ਅਸਲੀਅਤ ਨਾਲ ਪਰੀਚਤ ਕਰਵਾਂਦੇ ਹੋਏ ਸਮਝਾਂਦੇ ਹਨ ਕਿ :

‘ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥

ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥’

ਇਸ ਦੁਰਲੱਭ ਦੇਹੀ ਨੂੰ ਵਾਸ਼ਨਾਵਾਂ ਦਾ ਸ਼ਿਕਾਰ ਹੋਣ ਤੋਂ ਬਚਾ ਕੇ ਇਸਦੇ ਬਲ ਬੁੱਧ ਨੂੰ ਪ੍ਰਭੂ ਮਿਲਾਪ ਅਤੇ ਮਾਨਵ ਸੇਵਾ ਲਈ ਵਰਤਣਾ ਜ਼ਰੂਰੀ ਵੀ ਹੈ ਤੇ ਸੁਖਦਾਈ ਵੀ।

ਸੇਵਾ ਦੀ ਮਹੱਤਤਾ ਦਾ ਵਰਨਣ ਕਰਦਿਆਂ ਇਕ ਕਵੀ ‘ਮਠਾਰੂ’ ਲਿਖਦਾ ਹੈ:

“ਸੇਵਾ ਕੀਤੀ ਜਿਨ੍ਹਾਂ ਜਿਉੜਿਆਂ ਨੇ,
ਆਵਾਗਵਨ ਨਾ ਉਨ੍ਹਾਂ ਨੂੰ ਰੋਲਦਾ ਏ,
ਸੇਵਾ ਜਿਹਾ ਨਾ ਸੁਖ ਜਹਾਨ ਉੱਤੇ, ਬੂਹੇ ਦਸਮ ਦਵਾਰ ਦੇ ਖੋਲ੍ਹਦਾ ਏ।”

ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਵਿੱਚ ਸੇਵਾ ਦਾ ਫਲ ਦੱਸਦਿਆਂ ਫਰਮਾਉਂਦੇ ਹਨ:

‘ਸੇਵਾ ਕਰਤ ਹੋਇ ਨਿਹਕਾਮੀ॥
ਤਿਸੁ ਕਉ ਹੋਤ ਪਰਾਪਤਿ ਸੁਆਮੀ॥’

ਗੁਰਬਾਣੀ, ਅਭਿਲਾਸ਼ੀ ਨੂੰ ਸੁਖ ਦੁਖ ਦੀਆਂ ਸਥਿਤੀਆਂ ਤੋਂ ਉੱਪਰ ਉਠ ਕੇ ਸਹਿਜ ਅਵਸਥਾ ਧਾਰਨ ਕਰਨ ਦਾ ਮਾਰਗ ਪਰਦਾਨ ਕਰਦੀ ਹੈ ਜਿੱਥੇ ਪਹੁੰਚ ਕੇ ਅਲੌਕਿਕ ਸੁਖ ਪ੍ਰਾਪਤ ਹੁੰਦੇ ਹਨ।

‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥’

ਅਜਿਹੀ ਅਵਸਥਾ ਵਿੱਚ ਪਹੁੰਚੇ ਵਿਅਕਤੀ ਲਈ ਨਾ ਨਿੰਦਿਆ ਦੁਖਦਾਈ ਹੁੰਦੀ ਹੈ ਅਤੇ ਨਾ ਹੀ ਉਸਤਤ, ਲੋਭ, ਮੋਹ, ਅਭਿਮਾਨ ਹੀ ਉਸਨੂੰ ਪ੍ਰਭਾਵਤ ਕਰ ਸਕਦੇ ਹਨ। ਉਹ ਆਸਾ, ਮਨਸਾ ਨੂੰ ਹਮੇਸ਼ਾ ਤਿਆਗ ਕੇ ਜਗ ਦੀ ਮੋਹ ਮਾਇਆ ਤੋਂ ਅਲਿਪਤ ਰਹਿੰਦਾ ਹੈ, ਕਾਮ, ਕਰੋਧ, ਲੋਭ ਆਦਿ ਪੰਜ ਚੋਰ ਉਸਦਾ ਕੁਝ ਵਿਗਾੜ ਨਹੀਂ ਸਕਦੇ ਅਤੇ ਉਸਦੇ ਹਿਰਦੇ ਵਿੱਚ ਤਾਂ ਗੁਰੂ ਦੀ ਕਿਰਪਾ ਸਦਕਾ ਬ੍ਰਹਮ ਦਾ ਨਿਵਾਸ ਹੋ ਜਾਂਦਾ ਹੈ। ਉਹ ਜਿਧਰ ਦੇਖਦਾ ਹੈ ਉਧਰ ਉਸਨੂੰ ਅਕਾਲਪੁਰਖ ਦੇ ਹੀ ਦਰਸ਼ਨ ਦੀਦਾਰੇ ਹੁੰਦੇ ਹਨ। ਇਹ ਅਗੰਮੀ ਖੇੜਾ ਹੈ ਜਿੱਥੇ ਜੀਵ ਨੇ ਪਹੁੰਚਣਾ ਹੈ। ਗੁਰਬਾਣੀ ਵਿੱਚ ਇਸ ਸੁਖ ਨੂੰ ਭੁੰਚਣ ਦੇ ਉਪਰਾਲੇ ਜੁਟਾਏ ਗਏ ਹਨ। ਜਦ ਅਜਿਹਾ ਸੁਖ ਉਪਜਦਾ ਹੈ ਤਦ ਸਾਰੇ ਦੁਖ ਬਿਨਸ ਜਾਂਦੇ ਹਨ ਅਤੇ ਪਾਰਬ੍ਰਹਮ ਨਾਲ ਲਿਵ ਲਗ ਜਾਂਦੀ ਹੈ।

‘ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ॥’

ਇਸ ਸਥਿਤੀ ਵਿੱਚ ਪਹੁੰਚਿਆ ਮਨੁੱਖ ਦੁਖ ਸੁਖ ਤੋਂ ਬਿਲਕੁਲ ਨਿਆਰਾ ਜਿਹਾ ਹੋ ਜਾਂਦਾ ਹੈ। ਅਮੀਰ ਨੂੰ ਦੌਲਤ ਦੀ ਭੁੱਖ ਨਹੀਂ ਰਹਿੰਦੀ ਤੇ ਗ਼ਰੀਬ ਨੂੰ ਢਿੱਡ ਦੀ ਭੁੱਖ ਦਾ ਵੀ ਬਹੁਤਾ ਅਹਿਸਾਸ ਨਹੀਂ ਸਤਾਉਂਦਾ। ਉਹ ਅਕਾਲਪੁਰਖ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ, ਸੰਸਾਰ ਦੀ ਕਾਰ ਕਰਦਿਆਂ ਹੋਇਆਂ ਵੀ ਉਹ ਡੋਲਦਾ ਨਹੀਂ, ਸੁਖ ਮਿਲੇ ਤਾਂ ਖ਼ੁਸ਼ੀ ਨਾਲ ਉਛਲਦਾ ਨਹੀਂ, ਦੁਖ ਤਕਲੀਫ਼ ਮਿਲੇ ਤਾਂ ਛਾਤੀ ਪਿਟ ਪਿਟ ਕੇ ਰੋਂਦਾ ਨਹੀਂ, ਵਰਲਾਪ ਨਹੀਂ ਕਰਦਾ ਸਗੋਂ ਇਸ ਅਤਿਅੰਤ ਦੁਖਦਾਈ ਅਵਸਥਾ ਨੂੰ ਵੀ ਪ੍ਰਮਾਤਮਾ ਦੀ ਅਮੁੱਲੀ ਦਾਤ ਸਮਝ ਕੇ, ਉਸਦਾ ਭਾਣਾ ਸਮਝ ਕੇ, ਖਿੜੇ ਮੱਥੇ ਪਰਵਾਨ ਕਰਦਾ ਹੈ। ਉਸਦੀ ਰਜ਼ਾ ਵਿੱਚ ਰਹਿਣਾ ਉਸਦੀ ਜ਼ਿੰਦਗੀ ਦਾ ਲਕਸ਼ ਬਣ ਜਾਂਦਾ ਹੈ ਜੋ ਸੁਭਾਵਕ ਹੈ।

‘ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੁਖੁ ਨ ਪਾਇਦਾ॥’

ਆਓ! ਗੁਰਬਾਣੀ ਨੂੰ ਅਧਾਰ ਬਣਾ ਕੇ ਜੀਵਨ ਬਤੀਤ ਕਰਦਿਆਂ ਹੋਇਆਂ ਇਸ ਸੰਸਾਰ ਯਾਤਰਾ ਨੂੰ ਸਫਲ ਕਰੀਏ, ਖਸਮ ਨਾਲ ਸੱਚਾ ਨਿਹੋਂ ਲਾਈਏ ਤੇ ਉਸਨੂੰ ਇਕ ਪਲ ਲਈ ਵੀ ਨਾ ਵਿਸਾਰੀਏ ਕਿਉਂਕਿ :

‘ਖਸਮੁ ਵਿਸਾਰਿ ਕੀਏ ਰਸ ਭੋਗ॥ ਤਾ ਤਨਿ ਉਠਿ ਖਲੋਏ ਰੋਗ॥’

ਇਹ ਸੁਖ ਦਾਤਾ ਨਾਮ ਅਸਲੀ ਮਾਣਕ ਹੈ, ਸੱਚਾ ਧਨ ਹੈ, ਉੱਤਮ ਖ਼ਜ਼ਾਨਾ ਹੈ ਜਿਸਨੂੰ ਅਗਨੀ ਜਲਾ ਨਹੀਂ ਸਕਦੀ, ਕੋਈ ਤਸਕਰ ਲੁੱਟ ਨਹੀਂ ਸਕਦਾ ਅਤੇ ਨਾ ਹੀ ਇਸਨੂੰ ਸੰਨ੍ਹ ਹੀ ਲਗ ਸਕਦੀ ਹੈ।

‘ਉਚਰਹੁ ਰਾਮਨਾਮੁ ਲਖ ਬਾਰੀ॥ ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥’

ਅੰਮ੍ਰਿਤ ਰਸ ਪੀਵੋ, ਤਾਂ ਸਦਾ ਚਿਰ ਜੀਵੋ ਅਤੇ ਸੁਖ ਮਾਣੋ। ਆਪ ਜਪੋ ਤੇ ਹੋਰਾਂ ਨੂੰ ਨਾਮ ਜਪਾਓ। ਅਕਾਲਪੁਰਖ ਦਾ ਸਿਮਰਨ ਕਰੋ ਤੇ ਉਸਦੇ ਜੀਵਾਂ ਦੀ ਸੇਵਾ ਕਰੋ, ਸਭਸੁਖ ਪ੍ਰਾਪਤ ਹੋਣਗੇ।

‘ਸੁਖੁ ਹੋਵੈ ਸੇਵ ਕਮਾਣੀਆ॥
ਸਭ ਦੁਨੀਆ ਆਵਣ ਜਾਣੀਆ॥’

ਸ. ਸਰੂਪ ਸਿੰਘ ਅਲੱਗ