ਜੇ ਹਿੰਦ ਜਾਂ ਹਿੰਦੁਸਤਾਨ ਸ਼ਬਦ ਦੇ ਮੂਲ ਦੇ ਇਤਿਹਾਸ ਨੂੰ ਵਾਚੀਏ ਤਾਂ ਇਹ ‘ਸਿੰਧ’ ਸ਼ਬਦ ਦੇ ਨਾਲ ਜੁੜਿਆ ਹੋਇਆ ਹੈ। ਦਰਿਆ ਸਿੰਧ ਦੇ ਕੰਢੇ ਵਸਣ ਵਾਲੇ ਲੋਕਾਂ ਨੂੰ ਸਿੰਧੂ ਕਿਹਾ ਜਾਂਦਾ ਸੀ । ਸਮਾਂ ਪਾ ਕੇ ਇਸ ਖੇਤਰ ਵਿਚ ‘ਸ’ ਧੁਨੀ ਨੂੰ ‘ਹ’ ਉਚਾਰੇ ਜਾਣ ਕਾਰਨ ਹੌਲੀ-ਹੌਲੀ ਇਹ ਸ਼ਬਦ ‘ਹਿੰਦੂ’ ਅਖਵਾਉਣ ਲੱਗ ਪਿਆ। ਇਵੇਂ ਦਰਿਆ ਸਿੰਧ ਦੇ ਉਰਾਰ ਵਾਲਾ ਇਲਾਕਾ ਸਮੇਂ ਨਾਲ ਹਿੰਦੁਸਤਾਨ ਵਜੋਂ ਜਾਣਿਆ ਜਾਣ ਲੱਗ ਪਿਆ। ਇਹ ਤੱਥ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਹਿੰਦੁਸਤਾਨ ਸ਼ਬਦ ਦਾ ਨਾਤਾ ਕਿਸੇ ਧਰਮ ਜਾਂ ਫਿਰਕੇ ਦੇ ਲੋਕਾਂ ਨਾਲ ਨਹੀਂ, ਕੇਵਲ ‘ਇਲਾਕੇ’ ਨਾਲ ਹੈ।
ਇੱਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਦਰਿਆ ਸਿੰਧ ਦੇ ਕਿਨਾਰੇ ਵੱਸਦੇ ਲੋਕ ਇਲਾਕਾਈ ਉਚਾਰਨਕ ਵਿਭਿੰਨਤਾ ਕਰਕੇ ‘ਹਿੰਦੂ’ ਅਖਵਾਉਣ ਲੱਗ ਪਏ। ਇਤਿਹਾਸ ਨੂੰ ਵਾਚੀਏ ਤਾਂ ਪਤਾ ਲੱਗੇਗਾ ਕਿ ਸਿੰਧ ਘਾਟੀ ਦੀ ਸੱਭਿਅਤਾ ਵਿਸ਼ਵ ਦੀਆਂ ਸੱਭਿਆਤਾਵਾਂ ਵਿੱਚੋਂ ਸਭ ਤੋਂ ਉੱਤਮ ਗਿਣੀ ਜਾਂਦੀ ਸੀ।
ਸਿੰਧ ਦੇ ਇਲਾਕੇ ਵਿਚ ਹੁਣ ਤੋਂ ੧੩ ਕੁ ਸਦੀਆਂ ਪਹਿਲੇ ਰਾਜਾ ਦਾਹਿਰ ਦਾ ਰਾਜ ਸੀ। ਉਸ ਨੂੰ ਉੱਤਰ-ਪੱਛਮ ਵਾਲੇ ਪਾਸੇ ਤੋਂ ਆਏ ਮੁਸਲਿਮ ਨੌਜਵਾਨ ਮੀਰ ਕਾਸਿਮ ਨੇ ਚੁਣੌਤੀ ਦਿੱਤੀ। ‘ਅਰੋੜ’ ਨਾਮੀ ਸਥਾਨ ‘ਤੇ ਦੋਹਾਂ ਵਿਚ ਘਮਸਾਨ ਦਾ ਯੁੱਧ ਹੋਇਆ। ਇਸ ਵਿਚ ਰਾਜਾ ਦਾਹਿਰ ਤੇ ਉਸ ਦਾ ਨੌਜਵਾਨ ਪੁੱਤਰ ਦੋਵੇਂ ਮਾਰੇ ਗਏ। ਮੀਰ ਕਾਸਿਮ ਨੇ ਰਾਜਾ ਦਾਹਿਰ ਦੀਆਂ ਦੋ ਜਵਾਨ ਧੀਆਂ-ਸੂਰੀਆ ਕੁਮਾਰੀ ਤੇ ਪਰੀਮਾਲ ਨੂੰ ਬੰਧਕ ਬਣਾ ਕੇ ਕੈਦ ਕਰ ਲਿਆ। ਉਹ ਇਨ੍ਹਾਂ ਦੋਹਾਂ ਨੂੰ ਆਪਣੇ ਖ਼ਲੀਫ਼ਾ ਨੂੰ ਭੇਟ ਕਰਨ ਲਈ ਤੁਰਕੀ ਲੈ ਗਿਆ। ਉੱਥੇ ਇਹ ਦੋਵੇਂ ਭੈਣਾਂ ਆਪਣੇ ਸਤ-ਧਰਮ ਦੀ ਰੱਖਿਆ ਲਈ ਆਪਣਾ ਆਪ ਕੁਰਬਾਨ ਕਰਨ ਵਿਚ ਸਫ਼ਲ ਹੋ ਗਈਆਂ।
ਇਸ ਤਰ੍ਹਾਂ ੭੧੨ ਈ. ਵਿਚ ਮੀਰ ਕਾਸਿਮ ਨੇ ਸਿੰਧ ਦੇ ਰਾਹੀਂ ਸਮੁੱਚੇ ਹਿੰਦੁਸਤਾਨ ਉੱਤੇ ਆਪਣੀ ਤਲਵਾਰ ਦੇ ਜ਼ੋਰ ਨਾਲ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਇਵੇਂ ਕੁਝ ਸਦੀਆਂ ਉਪਰੰਤ ਮੁਸਲਿਮ ਹੁਕਮਰਾਨ ਹਿੰਦੁਸਤਾਨ ਉੱਤੇ ਕਾਬਜ਼ ਹੋ ਗਏ ਅਤੇ ਇੱਥੋਂ ਦੇ ਲੋਕੀਂ ਉਨ੍ਹਾਂ ਦੇ ਗ਼ੁਲਾਮ ਬਣ ਕੇ ਰਹਿ ਗਏ।
ਇਸ ਪਿਛੋਕੜ ਨੂੰ ਜਾਣਨ ਤੋਂ ਬਾਅਦ ਸਿੰਧੀ ਸਿੱਖਾਂ ਦੇ ਇਤਿਹਾਸ ਵੱਲ ਵੇਖੀਏ ਤਾਂ ਉਨ੍ਹਾਂ ਦਾ ਨਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ (ਪ੍ਰਚਾਰ ਯਾਤਰਾਵਾਂ) ਨਾਲ ਜੁੜਿਆ ਹੋਇਆ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਗੁਜਰਾਤ ਦੇ ‘ਕੱਛ’ ਤੇ ‘ਭੁਜ’ ਇਲਾਕਿਆਂ ਦੀ ਫੇਰੀ ਉੱਤੇ ਇੱਥੇ ਪਧਾਰੇ ਤਾਂ ਉਨ੍ਹਾਂ ਦੇ ਮਨੋਹਰ ਬਚਨਾਂ ਨੂੰ ਸੁਣ ਕੇ ਇਸ ਖੇਤਰ ਵਿਚ ਬਹੁਤ ਭਾਰੀ ਗਿਣਤੀ ਵਿਚ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ (ਸਿੱਖ ਧਰਮ) ਨੂੰ ਧਾਰਨ ਕਰ ਲਿਆ। ‘ਕੱਛ’ ਤੇ ‘ਭੁਜ’ ਉਸ ਸਮੇਂ ਰਿਆਸਤੀ ਹਿੱਸੇ ਸਨ। ੧੯੪੭ ਈ. ਦੀ ਦੇਸ਼-ਵੰਡ ਦੇ ਕਾਰਨ ਇਹ ਦੋਵੇਂ ਗੁਜਰਾਤ ਦੇ ਹਿੱਸੇ ਬਣ ਗਏ।
ਇਵੇਂ ‘ਕੱਛ’ ਤੇ ‘ਭੁਜ’ ਤੋਂ ਲੈ ਕੇ ਕਰਾਚੀ ਤੇ ਹੈਦਰਾਬਾਦ ਤਕ ਦੇ ਇਲਾਕਿਆਂ ਵਿਚ ਫੈਲੇ ਸਿੰਧ ਪ੍ਰਾਂਤ ਦੇ ਸਿੱਖਾਂ ਦੀ ਗਿਣਤੀ ਲੱਖਾਂ ਵਿਚ ਸੀ। ਇਨ੍ਹਾਂ ਵਿੱਚੋਂ ਕੁਝ ਤਿਆਰ-ਬਰ ਤਿਆਰ ਕੇਸਾਧਾਰੀ ਅੰਮ੍ਰਿਤਧਾਰੀ ਸਿੱਖ ਸਨ, ਪਰ ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਕੇਸਾਧਾਰੀ ਸਿੱਖ ਸਨ, ਜੋ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਅਖਵਾਉਂਦੇ ਸਨ। ਇਨ੍ਹਾਂ ਕੇਸਾਧਾਰੀ ਸਿੱਖਾਂ ਦੀਆਂ ਰਿਸ਼ਤੇਦਾਰੀਆਂ ਹਿੰਦੂ ਪਰਵਾਰਾਂ ਨਾਲ ਵੀ ਸਨ। ਇਨ੍ਹਾਂ ਸਿੱਖਾਂ ਦੇ ਚੰਗੇ ਆਚਰਨਕ ਜੀਵਨ ਤੇ ਸਿੱਖ ਗੁਰੂ ਸਾਹਿਬਾਨ ਦੀਆਂ ਧਰਮ ਦੀ ਰੱਖਿਆ ਲਈ ਦਿੱਤੀਆਂ ਸ਼ਹੀਦੀਆਂ ਅਤੇ ਦੇਣ ਸਦਕਾ ਬਹੁਤੇ ਹਿੰਦੂ ਪਰਵਾਰ ਵੀ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਅਖਵਾ ਕੇ ਮਾਣ ਮਹਿਸੂਸ ਕਰਦੇ ਸਨ। ਇਸ ਤਰ੍ਹਾਂ ਸਿੰਧੀ ਸਿੱਖਾਂ ਵਿਚ ਖਾਲਸਈ ਬਾਣੇ ਵਾਲੇ, ਕੇਸਾਧਾਰੀ, ਸਹਿਜਧਾਰੀ ਅਤੇ ਕੁਝ ਹਿੰਦੂ ਰੀਤਾਂ ਅਨੁਸਾਰ ਵਿਚਰਨ ਵਾਲੇ ਹਰ ਤਰ੍ਹਾਂ ਦੇ ਲੋਕਾਂ ਦਾ ਆਪਸੀ ਅਪਣੱਤ ਵਾਲਾ ਰਿਸ਼ਤਾ ਬਣਿਆ ਰਿਹਾ।
ਸਿੰਘ ਸਭਾ ਲਹਿਰ ਦੇ ਸਮੇਂ ਸੰਨ ੧੯੨੭ ਦੇ ਕਰੀਬ ਬਾਬਾ ਨਾਹਰੀਆ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਭਾ ਲਹਿਰ ਦੇ ਕੁਝ ਪਤਵੰਤੇ ਪ੍ਰਭਾਵਸ਼ਾਲੀ ਸਿੱਖੀ ਦੇ ਪ੍ਰਚਾਰਕਾਂ ਨੇ ਸਿੰਧ ਵਿਚ ਪ੍ਰਚਾਰ ਸ਼ੁਰੂ ਕੀਤਾ। ਇਨ੍ਹਾਂ ਨੇ ‘ਗਾਖੜਾ’ ਪ੍ਰਾਂਤ ਦੇ ‘ਕਾਧੜਾਂ’ ਨਗਰ ਨੂੰ ਆਪਣੇ ਸਿੱਖੀ ਪ੍ਰਚਾਰ ਦਾ ਕੇਂਦਰੀ ਸਥਾਨ ਬਣਾ ਲਿਆ। ਇੱਥੋਂ ਸੰਤ ਗੁਰਮੁਖ ਸਿੰਘ ਜੀ ਅਤੇ ਸੰਤ ਬਲਵੰਤ ਸਿੰਘ ਜੀ ਪਟਿਆਲੇ ਵਾਲੇ, ਗਿਆਨੀ ਤੀਰਥ ਸਿੰਘ ਬੰਦਵੀ ਅੰਬਾਲੇ ਵਾਲੇ, ਸੰਤ ਸ਼ਾਮ ਸਿੰਘ ਜੀ, ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਆਦਿ ਦੇ ਵੱਡੇ ਪ੍ਰਚਾਰ ਸਦਕਾ ਇਸ ਇਲਾਕੇ ਵਿਚ ਸਿੱਖੀ ਦੀ ਪ੍ਰਭਾਵਸ਼ਾਲੀ ਲਹਿਰ ਤੁਰ ਪਈ। ਇਸ ਪ੍ਰਚਾਰ ਦੀ ਬਦੌਲਤ ਸਿੰਧੀ ਸਿੱਖਾਂ ਦੀ ਗਿਣਤੀ ਕਈ ਹਜ਼ਾਰਾਂ ਨੂੰ ਛੂਹਣ ਲੱਗੀ। ਇਹ ਗਿਣਤੀ ਸਮੇਂ ਨਾਲ ਲੱਖਾਂ ਤੋਂ ਉੱਪਰ ਹੋ ਗਈ।
ਜੇਕਰ ਸਿੰਧੀ ਸਿੱਖਾਂ ਦੀਆਂ ਧਾਰਮਿਕ ਰਹੁ-ਰੀਤਾਂ ਨੂੰ ਵੇਖੀਏ ਤਾਂ ਇਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਮੁੱਖਤਾ ਦਿੱਤੀ ਹੈ। ਉਨ੍ਹਾਂ ਦੀ ਹਰ ਗੱਲ ਵਿਚ ਆਪ-ਮੁਹਾਰੇ- “ਧੰਨ ਗੁਰੂ ਨਾਨਕ ! ਧੰਨ ਗੁਰੂ ਨਾਨਕ!!” ਦੀ ਧੁਨੀ ਅਕਸਰ ਗੂੰਜਦੀ ਰਹਿੰਦੀ ਹੈ। ਇਹ ਸ਼ਬਦ ਉਨ੍ਹਾਂ ਦਾ ਤਕੀਆ-ਕਲਾਮ ਹੀ ਬਣ ਗਿਆ ਹੈ। ਇਨ੍ਹਾਂ ਗੁਰੂ ਨਾਨਕ ਨਾਮ-ਲੇਵਾ ਸਿੰਧੀ ਸਿੱਖਾਂ ਦੀ ਗਿਣਤੀ ੧੯੪੭ ਈ. ਤੋਂ ਪਹਿਲਾਂ ਹੋਈ ਜਨ-ਗਣਨਾ ਅਨੁਸਾਰ ਡੇਢ ਲੱਖ ਤੋਂ ਵੱਧ ਸੀ। ਇੱਥੇ ਇਕ ਗੱਲ ਧਿਆਨ-ਗੋਚਰੇ ਰੱਖਣ ਵਾਲੀ ਹੈ ਕਿ ੧੯੪੭ ਈ. ਦੀ ਦੇਸ਼-ਵੰਡ ਕਾਰਨ ਪੱਛਮੀ ਪੰਜਾਬ ਦੇ ਹਿੰਦੂ ਤੇ ਸਿੱਖ ਪੂਰਬੀ ਪੰਜਾਬ ਤੋਂ ਇਲਾਵਾ ਹਿੰਦੁਸਤਾਨ ਦੇ ਹੋਰ ਖੇਤਰਾਂ ਵੱਲ ਹਿਜਰਤ ਕਰ ਕੇ ਆ ਗਏ, ਪਰੰਤੂ ਸਿੰਧ ਸੂਬੇ ਵਿਚ ਵੱਸਣ ਵਾਲੇ ਹਿੰਦੂਆਂ ਤੇ ਸਿੱਖਾਂ ਦੇ ਸਥਾਨਕ ਮੁਸਲਮਾਨਾਂ ਨਾਲ ਡੂੰਘੇ ਸੰਬੰਧ ਹੋਣ ਕਰਕੇ ਉੱਥੇ ਆਪਸੀ ਨਫ਼ਰਤ ਦੀ ਹਵਾ ਨਾ ਰੁਮਕ ਪਾਈ ਤੇ ਸਿੰਧੀ ਹਿੰਦੂ ਅਤੇ ਸਿੰਧੀ ਸਿੱਖ ਇਸ ਇਲਾਕੇ ਵਿਚ ਚੁੱਪ-ਚਾਪ ਆਪੋ-ਆਪਣੀ ਥਾਂ ਵੱਸਦੇ ਰਹੇ। ਬਹੁਤ ਸਿੰਧੀ ਹਿੰਦੂ ਤੇ ਸਿੱਖ ਵਪਾਰੀ ਹੋਣ ਕਰਕੇ ਆਪਣਾ ਕਾਰੋਬਾਰ ਸਮੇਟਣਾ ਨਹੀਂ ਸਨ ਚਾਹੁੰਦੇ, ਕਿਉਂਕਿ ਉਨ੍ਹਾਂ ਬੜੀ ਮਿਹਨਤ ਕਰ ਕੇ ਆਪਣੇ ਕਾਰੋਬਾਰ ਚਲਾਏ ਸਨ।
ਇਸ ਲਈ ਤਕੜੇ ਕਾਰੋਬਾਰੀ ਹੋਣ ਦੇ ਨਾਲ ਇਹ ਨੇਕ ਆਚਰਨ ਵਾਲੇ, ਹਰ ਕਿਸੇ ਦੀ ਦੁਖ-ਸੁਖ ਵਿਚ ਸਹਿਯੋਗ ਦੇਣ ਵਾਲੇ ਸਨ, ਜਿਸ ਕਰਕੇ ਸਥਾਨਕ ਮੁਸਲਮਾਨ ਵੀ ਇਨ੍ਹਾਂ ਦੇ ਅਹਿਸਾਨਮੰਦ ਸਨ, ਪਰ ਜਦੋਂ ਦਸੰਬਰ ੧੯੪੭ ਦੇ ਕਰੀਬ ਗੁਜਰਾਤ, ਹੈਦਰਾਬਾਦ ਆਦਿ ਦੇ ਇਲਾਕਿਆਂ ਤੋਂ ਵਿਸਥਾਪਿਤ ਹੋਏ ਮੁਸਲਮਾਨ ਆਪਣਾ ਸਭ ਕੁਝ ਉੱਥੇ ਛੱਡ ਕੇ ਉੱਥੋਂ ਕਰਾਚੀ ਆਦਿ ਦੇ ਇਲਾਕਿਆਂ ਵਿਚ ਆਏ ਤਾਂ ਇਨ੍ਹਾਂ ਨੇ ਸਥਾਨਕ ਹਿੰਦੂਆਂ ਤੇ ਸਿੱਖਾਂ ਲਈ ਨਫ਼ਰਤ ਦੀ ਅੱਗ ਫੈਲਾ ਕੇ ਇਨ੍ਹਾਂ ਵਾਸਤੇ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ। ਉਨ੍ਹਾਂ ਨੇ ਸਥਾਨਕ ਮੁਸਲਿਮ ਨੇਤਾਵਾਂ ਨੂੰ ਉਕਸਾਉਣਾ ਸ਼ੁਰੂ ਕੀਤਾ, ਜਿਸ ਦੇ ਨਤੀਜੇ ਵਜੋਂ ਬਹੁਤੇ ਸਿੰਧੀ ਹਿੰਦੂਆਂ ਤੇ ਸਿੱਖਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਉੱਥੋਂ ਹਿਜਰਤ ਕਰਨੀ ਪਈ। ਸੂਬਾ ਸਿੰਧ ਵਿਚ ੨੫ ਪ੍ਰਤੀਸ਼ਤ ਹਿੱਸਾ ਰੱਖਣ ਵਾਲੀ ਗ਼ੈਰ-ਮੁਸਲਿਮ ਅਬਾਦੀ ਸੀਮਿਤ ਹੋ ਕੇ ਹੀ ਰਹਿ ਗਈ ਹੈ। ਜੇਕਰ ਸਿੰਧੀ ਸਿੱਖਾਂ ਦੀ ਗੱਲ ਕਰੀਏ ਤਾਂ ਹੁਣ ੧੦ ਕੁ ਹਜ਼ਾਰ ਸਿੱਖ ਉੱਥੇ ਰਹਿ ਗਏ ਹਨ, ਬਾਕੀ ਹਿੰਦੁਸਤਾਨ ਤੋਂ ਇਲਾਵਾ ਵਿਸ਼ਵ ਦੇ ਹੋਰ ਹਿੱਸਿਆਂ ਵਿਚ ਹਿਜਰਤ ਕਰ ਕੇ ਜਾ ਫੈਲੇ ਹਨ। ਉਨ੍ਹਾਂ ਬਦਲਦੇ ਸਮੇਂ ਦੀ ਨਜ਼ਾਕਤ ਨੂੰ ਸਮਝਿਆ ਅਤੇ ਸਿੰਧ ਦੇ ਨਾਲ ਲੱਗਦੇ ਪ੍ਰਾਂਤਾਂ-ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਆਦਿ ਵਿਚ ਆ ਵੱਸੇ।
ਇਨ੍ਹਾਂ ਵਿੱਚੋਂ ਕਾਫੀ ਸਾਰੇ ਮੁੰਬਈ ਦੇ ਨਜ਼ਦੀਕ ਉਲਹਾਸ ਨਗਰ ਤੇ ਇਸ ਦੇ ਇਰਦ-ਗਿਰਦ ਦੇ ਇਲਾਕਿਆਂ ਵਿਚ ਆ ਵੱਸੇ। ਇਕ ਸਿੰਧੀ ਸਿੱਖ ਭਾਈ ਅਮਰੀਕ ਸਿੰਘ ਸ਼ੇਰ ਖਾਂ ਨੇ ਆਪਣੇ ਲੇਖ ‘ਸਿੰਧੀ ਸਿੱਖਾਂ ਦਾ ਕਲ, ਅੱਜ ਤੇ ਭਲਕ’ ਮਾਸਕ ‘ਸੋਚ ਦੀ ਸ਼ਕਤੀ’ ਮਾਰਚ ੨੦੧੯ ਈ. ਦੇ ਪੰਨਾ ੪੨ ਉੱਤੇ ਦੱਸਿਆ ਹੈ ਕਿ ਉਲਹਾਸ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ (ਪ੍ਰਕਾਸ਼ ਗੁਰਪੁਰਬ) ਦਿਹਾੜੇ ਨੂੰ ਸਮਰਪਿਤ ਜੋ ਪ੍ਰਭਾਤ ਫੇਰੀ ਉੱਥੋਂ ਦੀ ਧਾਰਮਿਕ ਸੰਸਥਾ ‘ਅੰਮ੍ਰਿਤ ਵੇਲਾ ਸੰਸਥਾ’ ਦੀ ਅਗਵਾਈ ਹੇਠ ਹਰ ਸਾਲ ਨਵੰਬਰ ਮਹੀਨੇ ਕੱਢੀ ਜਾਂਦੀ ਹੈ; ਉਸ ਵਿਚ ਡੇਢ ਲੱਖ ਤੋਂ ਵੱਧ ਸੰਗਤ ਦਾ ਇਕੱਠ ਬੜੀ ਸ਼ਰਧਾ ਨਾਲ “ਧੰਨ ਗੁਰੂ ਨਾਨਕ, ਤੂੰ ਧੰਨ ਹੈ! ਧੰਨ ਗੁਰੂ ਨਾਨਕ, ਤੂੰ ਧੰਨ ਹੈ!!” ਦੀ ਧੁਨ ਅਲਾਪਦਿਆਂ ਸਹਿਜੇ-ਸਹਿਜੇ ਤੁਰਿਆ ਜਾਂਦਾ ਹੈ। ਇਹ ਪ੍ਰਭਾਤ ਫੇਰੀ ਸਿਰਫ ਇਕੱਲਾ ਧਾਰਮਿਕ ਸਮਾਗਮ ਨਹੀਂ ਹੁੰਦੀ, ਸਗੋਂ ਸਿੰਧੀ ਸਮਾਜ ਦੀ ਝਾਕੀ ਪੇਸ਼ ਕਰ ਰਹੀ ਹੁੰਦੀ ਹੈ।
ਕਈ ਮੀਲਾਂ ਤਕ ਲੰਮੀ ਸੰਗਤ ਦਾ ਕਾਫ਼ਲਾ ਅਨੇਕ ਤਰ੍ਹਾਂ ਦੇ ਬੈਂਡ-ਵਾਜਿਆਂ ਦੀਆਂ ਧੁਨਾਂ ਨਾਲ ਸਰਸ਼ਾਰ ਹੁੰਦਿਆਂ ਅੱਗੇ ਵੱਧਦਾ ਜਾਂਦਾ ਹੈ।
ਇਸ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਜੋ ਵੰਨ-ਸੁਵੰਨੇ ਫੁਲਾਂ ਨਾਲ ਸ਼ਿੰਗਾਰੀ ਹੁੰਦੀ ਹੈ, ਜਿਸ ਅੱਗੇ ਖਾਲਸਈ ਬਾਣੇ ਪਹਿਨੀਂ ਪੰਜ ਪਿਆਰੇ ਨਿਸ਼ਾਨ ਸਾਹਿਬ ਚੁੱਕੀ ਅੱਗੇ ਵੱਧਦੇ ਹਨ। ਇਹ ਨਗਰ ਕੀਰਤਨ ਬੜੇ ਸੁਚੱਜੇ ਤਰੀਕੇ ਨਾਲ ਅੱਗੇ ਤੁਰਦਿਆਂ ‘ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਪਹੁੰਚਦਾ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਫੁੱਲ ਵਰਸਾਉਂਦੀ ਸਭ ਦਾ ਸਵਾਗਤ ਕਰਦੀ ਹੈ।
ਹੁਣ ਉਲਹਾਸ ਨਗਰ ਤੋਂ ਇਲਾਵਾ ਮੁੰਬਈ, ਇੰਦੌਰ, ਪਿੰਪਰੀ (ਪੁਨਾ ਦੇ ਨੇੜੇ) ਆਦਿ ਸਥਾਨਾਂ ‘ਤੇ ਵੀ ਸਿੰਧੀਆਂ ਨੇ ਗੁਰਦੁਆਰਾ ਸਾਹਿਬਾਨ ਸਥਾਪਿਤ ਕੀਤੇ ਹੋਏ ਹਨ। ਬਹੁਤੇ ਸਿੰਧੀ ਪਰਵਾਰ ਬੜੇ ਖੁਸ਼ਹਾਲ ਹਨ। ਉਨ੍ਹਾਂ ਨੇ ਅਨੇਕ ਟਰੱਸਟ ਬਣਾ ਕੇ ਬੇਰੁਜ਼ਗਾਰੀ ਦੇ ਦੌਰ ਵਿਚ ਲੋੜਵੰਦਾਂ ਦੀ ਮਦਦ ਕਰਨ ਦੇ ਵਸੀਲੇ ਜੁਟਾਏ ਹੋਏ ਹਨ ਅਤੇ ਹਰ ਤਰ੍ਹਾਂ ਦੀ ਮਦਦ ਲਈ ਤੱਤਪਰ ਰਹਿੰਦੇ ਹਨ।
ਇਸ ਤਰ੍ਹਾਂ ਸਿੰਧੀ ਸਿੱਖਾਂ ਦੀ ਦਸ਼ਾ ਨੂੰ ਸਮਝ ਕੇ ਸਿੱਖ ਪੰਥ ਉਨ੍ਹਾਂ ਨੂੰ ਪਿਆਰ-ਸਤਿਕਾਰ ਨਾਲ ਆਪਣੇ ਬਣਾ ਕੇ ਵਿਚਰੇ ਤਾਂ ਜੋ ਗੁਰੂ ਸਾਹਿਬਾਨ ਦੇ ਵੇਲੇ ਤੋਂ ਇਨ੍ਹਾਂ ਨਾਲ ਜੁੜਿਆ ਇਨ੍ਹਾਂ ਦਾ ਨਾਤਾ ਹੋਰ ਮਜ਼ਬੂਤ ਹੋ ਸਕੇ।
-ਡਾ. ਗੁਰਚਰਨ ਸਿੰਘ
