views 28 secs 0 comments

ਸਿੰਘਾਂ ਦਾ ਵਿਰਸਾ:‘ਚੜ੍ਹਦੀ ਕਲਾ’

ਲੇਖ
May 02, 2026

ਚੜ੍ਹਦੀ ਕਲਾ ਨੂੰ ਸਿੱਖਾਂ ਦੇ ਬੁਲੰਦ ਹੌਸਲੇ ਦਾ ਸੰਕਲਪ ਵੀ ਆਖਿਆ ਜਾ ਸਕਦਾ ਹੈ। ਇਸ ਦੇ ਸੰਕਲਪ ਨੂੰ ਖੁਰਦਬੀਨੀ ਨਿਗਾਹਾਂ ਨਾਲ ਫੜਨਾ ਅਤੇ ਇਸ ਦਾ ਸਰੂਪ ਮਿੱਥਣਾ ਉੱਚਿਤ ਵੀ ਹੋ ਜਾਂਦਾ ਹੈ। ਚੜ੍ਹਦੀ ਕਲਾ ਦਾ ਫ਼ੌਲਾਦੀ ਜਜ਼ਬਾ ਇਕ ਅਜਿਹਾ ਲੋਹ ਸੰਕਲਪ ਹੈ ਜਿਸ ਦੇ ਚੁਕਾਨੇ ‘ਚ ਆਤਮ-ਅਡੋਲਤਾ, ਦ੍ਰਿੜ ਨਿਸਚਾ, ਰੱਬੀ ਵਿਸ਼ਵਾਸ, ਰੱਬ ਦੀ ਰਜ਼ਾ ਵਿਚ ਰਹਿਣਾ ਆਦਿ ਕੇਂਦਰ-ਬਿੰਦੂ ਹੋ ਜਾਂਦੇ ਹਨ। ਇਹ ਮਨ ਦੀ ਬਿਜਲਾਣੂ ਅਵਸਥਾ ਦੀ ਟੀਸੀ ਹੈ।

ਚੜ੍ਹਦੀ ਕਲਾ ਖ਼ਾਲਸੇ ਦਾ ਇਕ ਅਜਿਹਾ ਬੋਲਾ ਹੈ ਜੋ ਸਤਾਰ੍ਹਵੀਂ-ਅਠਾਰ੍ਹਵੀਂ ਸਦੀ ਦੇ ਖ਼ਾਲਸੇ ਦੀ ਕਾਢ ਪ੍ਰਤੀਤ ਹੁੰਦਾ ਜਾਪਦਾ ਹੈ। ਇਸ ਸੰਕਲਪ ਦੇ ਅਰਥਾਂ ਦਾ ਘੇਰਾ ਵਿਸ਼ਾਲ ਹੈ। ਇਸ ਸੰਕਲਪ ਵਿਚ ਵੈਰੀ ਤੋਂ ਕਦੇ ਨਾ ਡਰਨਾ, ਵਿਸ਼ਵਾਸ ਨਾਲ ਰਣ ਵਿਚ ਜੂਝਣ ਦਾ ਚਾਓ ਮੂਲ ਰੂਪ ‘ਚ ਇਕ ਦ੍ਰਿੜ੍ਹ ਲੋਹ-ਸੰਕਲਪ ਦੀ ਪ੍ਰਕਿਰਿਆ ਹੈ। ਇਸ ਸੰਕਲਪ ਵਿਚ ਵਿਚਾਰਕ ਲੀਹ ਹੈ। ਚੜ੍ਹਦੀ ਕਲਾ ਦਾ ਸੰਕਲਪ ਸਿੱਖ ਸੂਰਬੀਰ ਯੋਧਿਆਂ ਨੂੰ ਉਚੇਰਾ ਬਣਾ ਦਿੰਦਾ ਹੈ ਅਤੇ ਪ੍ਰਕਿਰਿਆ ‘ਚ ਇਕ ਸੰਤੁਲਨ ਬਿੰਦੂ ਪ੍ਰਗਟ ਕਰ ਦਿੰਦਾ ਹੈ। ਇਸ ਟੀਚੇ ਨੂੰ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਨਾਲ ਸ਼ਾਮਲ ਕਰ ਕੇ ਚੜ੍ਹਦੀ ਕਲਾ ਦੀ ਸਦੀਵੀ ਸਮਾਨਤਾ ਨੂੰ ਪੇਸ਼ ਕਰ ਦਿੱਤਾ ਗਿਆ ਸੀ। ਜਿੱਤ ਪ੍ਰਤੀ ਦ੍ਰਿੜ ਵਿਸ਼ਵਾਸ ਵਾਲਾ ਚੜ੍ਹਦੀ ਕਲਾ ਦਾ ਅਦੁੱਤੀ ਸੰਕਲਪ ਪੂਰਨ ਪ੍ਰਕਿਰਿਆ ਉਜਾਗਰ ਹੋ ਜਾਂਦਾ ਹੈ ਅਤੇ ਯੁੱਧ ਦੀ ਵੰਗਾਰ/ਧਰਮ ਦੀ ਵੰਗਾਰ ਧਰਮ-ਯੁੱਧ ਦੀ ਯੋਜਨਾ ਹੋ ਨਿਬੜਦੀ ਹੈ। ਇਸ ਸੰਕਲਪ ਦੀ ਟੀਸੀ ‘ਤੇ ਜਾਣ ਲਈ ਪਹਿਲਾਂ ਮਰਨ ਕਬੂਲਣਾ ਪੈਂਦਾ ਹੈ ਅਤੇ ਮੌਤ ‘ਤੇ ਜਿੱਤ ਦਾ ਹਲਫ਼ਨਾਮਾ ਲੈ ਕੇ ਸੰਗਰਾਮੀਏ ਲਈ ਅਨੰਦ ਭਰਿਆ ਉਤਸਵ ਹੋ ਜਾਂਦਾ ਹੈ। ਇਹ ਹੀ ਇਸ ਦੇ ਟੀਚੇ ਦੀ ਪੇਸ਼ਕਾਰੀ ਹੈ। ਗੁਰਬਾਣੀ ਵਿਚ ਅਨੇਕ ਥਾਵਾਂ ਉੱਤੇ ਅੰਤਰ-ਮਨ ਸੰਘਰਸ਼ ਲਈ ਰੂਪਕਾਂ ਦੀ ਵਰਤੋਂ ਯੁੱਧ-ਖੇਤਰ ਵਿਚ ਵੀ ਚੜ੍ਹਦੀ ਕਲਾ ਦਾ

ਪ੍ਰਤੀਕ ਹੀ ਤਾਂ ਹਨ :

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਸਿਰੁ ਦੀਜੈ ਕਾਣਿ ਨ ਕੀਜੈ॥

ਇਤੁ ਮਾਰਗਿ ਪੈਰੁ ਧਰੀਜੈ॥

(ਅੰਗ, ੧੪੧੨)

ਚੜ੍ਹਦੀ ਕਲਾ ਦੇ ਮਾਨਸਿਕ ਜੁਝਾਰੂ ਸੁਝਾਰੂ ਸੁਭਾਅ ਨੂੰ ਭਗਤ ਕਬੀਰ ਜੀ ਨੇ
ਦਰਸਾਇਆ ਹੈ:

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥

(ਅੰਗ, ੧੧੦੫)

ਚੜ੍ਹਦੀ ਕਲਾ ਦੇ ਸੰਕਲਪ ਨੂੰ ਪਰਖਣ ਲਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ‘ਤੇ ਬੈਠਾਇਆ ਗਿਆ ਪਰ ਗੁਰੂ ਸਾਹਿਬ ਨੇ ਬੇਇਨਸਾਫ਼ੀ ਦੀ ਈਨ ਨਹੀਂ ਮੰਨੀ। ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਇਹ ਅਨੁਭਵ ਕਰ ਲਿਆ ਸੀ ਕਿ ਇਕ ਦਿਨ ਮਨੁੱਖ-ਮਾਤਰ ਦੇ ਕਲਿਆਣ ਨੂੰ ਸਮਰਪਿਤ ਇਹ ਸ਼ਹੀਦੀ, ਮਨੁੱਖਤਾ ਦੇ ਰੁੱਤ ਨਾਲ ਹੋਈ ਰਾਜਸੀ ਚਿਣਾਈ ਤੇ ਉਸਾਰੀ ਨੂੰ ਜ਼ਾਲਮ ਹੁਕਮਰਾਨਾਂ ਸਮੇਤ ਨੇਸਤ-ਓ-ਨਾਬੂਦ ਕਰ ਦੇਵੇਗੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਇਸ ਸੰਕਲਪ ਦੀ ਪੂਰਤੀ ਲਈ ਜ਼ੁਲਮ ਦੇ ਕੰਡੇ ਛਾਂਗਣੇ ਪਏ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ “ਸ੍ਰਿਸ਼ਟੀ ਦੀ ਚਾਦਰ” ਦਾ ਮਾਣ ਪ੍ਰਾਪਤ ਕਰ ਕੇ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦੀ ਪਾਉਣੀ ਪਈ। ਉਨ੍ਹਾਂ ਭਾਰਤੀ ਲੋਕਾਂ ਨੂੰ ਮੌਤ ਦੇ ਭੈਅ ਤੋਂ ਮੁਕਤ ਕਰ ਕੇ ਧਰਮ ਦੀ ਖਾਤਰ ਜੂਝ ਮਰਨ ਦਾ ਚਿਰਾਗ ਰੋਸ਼ਨ ਕੀਤਾ। ਇਹ ਮੀਰੀ-ਪੀਰੀ ਦੇ ਜੀਵਨ ਦਰਸ਼ਨ ਦਾ ਅਗਲਾ ਸੂਤਰ ਸੀ।

ਦਸਮੇਸ਼ ਪਿਤਾ ਜੀ ਨੂੰ ਜ਼ੁਲਮ ਦੀਆਂ ਜੜ੍ਹਾਂ ਪੁੱਟਣ ਲਈ ਹੱਥ ਵਿਚ ਸ਼ਮਸ਼ੀਰ ਫੜਨੀ ਪਈ। ਕਈ ਸਦੀਆਂ ਤਕ ਖ਼ਾਲਸੇ ਨੂੰ ਦੋਗਾਂ, ਆਰਿਆਂ, ਚਰਖੜੀਆਂ, ਸਰਹੰਦ ਦੀਆਂ ਦੀਵਾਰਾਂ ਆਦਿ ਭਿਅੰਕਰ ਦਿਸ਼ਾਵਾਂ ਦੇਖਣੀਆਂ ਪਈਆਂ, ਪਰ ਕਸਵੱਟੀ ‘ਤੇ ਪਰਖ ‘ਚ ਕੋਈ ਫ਼ਰਕ ਨਾ ਪਿਆ ਅਤੇ ਕੁਠਾਲੀ ਵਿਚ ਢਾਲਿਆ ਸੋਨਾ (ਖ਼ਾਲਸਾ ਪੰਥ) ਅਨੋਖੀ ਚਮਕ ਪੈਦਾ ਕਰਦਾ ਗਿਆ। ਇੰਝ ਸਿੱਖ ਕੌਮ ਦੇ ਜਾਹੋ ਜਲਾਲ ਦਾ ਆਫਤਾਬ ਕਦੇ ਅਸਤ ਨਾ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰਕ ਅਰਥਾਂ ਵਿਚ ਆਪਣਾ ਸਭ ਕੁਝ ਵਾਰ ਕੇ ਗੈਰਤ ਤੇ ਸਵੈਮਾਣ ਦੇ ਰੂ-ਬ-ਰੂ ਚੜ੍ਹਦੀ ਕਲਾ ਦੇ ਸੰਕਲਪ ਰਾਹੀਂ ਭਾਰਤ ਦੀ ਨਿਮਾਣੀ, ਨਿਤਾਣੀ ਤੇ ਨਿਰਬਲ ਹੋ ਚੁੱਕੀ ਲੋਕਾਈ ਵਿਚ ਚਾਨਣ-ਮੁਨਾਰਾ ਬਣ ਕੇ ਰਾਹ ਰੋਸ਼ਨ ਕੀਤਾ। ਇਸੇ ਸੰਕਲਪ ਸਦਕਾ ਬਾਅਦ ਵਿਚ ਸਿੱਖਾਂ ਦੀਆਂ ਲੰਮੀਆਂ ਜੱਦੋ-ਜਹਿਦਾਂ ਵਿੱਚੋਂ ਮਨੁੱਖੀ ਕਦਰਾਂ-ਕੀਮਤਾਂ ਦੇ ਮੁਲਾਂਕਣ ਦੀਆਂ ਅਨੇਕ ਦਿਸ਼ਾਵਾਂ ਖੁਲੀਆਂ ਅਤੇ ਚੜ੍ਹਦੀ-ਕਲਾ ਦੇ ਸੰਕਲਪ ਨੇ ਧਾਰਮਿਕ, ਸੱਭਿਆਚਾਰਕ, ਸਾਂਸਕ੍ਰਿਤਕ ਤੇ ਸਮਾਜਿਕ ਧਰਾਤਲ ‘ਤੇ ਘੋਰ ਸੰਗਰਾਮਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ।

ਗੁਰੂ ਸਾਹਿਬਾਨ ਨੂੰ ਦਸਾਂ ਜਾਮਿਆਂ ਦੀ ਯਾਤਰਾ ਦੇ ਦੌਰ ਵਿਚ ਭਿਅੰਕਰ ਸੰਘਰਸ਼ਾਂ ਵਿੱਚੋਂ ਲੰਘਣਾ ਪਿਆ ਸੀ। ਖ਼ਾਲਸਾ ਸਦੀਆਂ ਤੋਂ ‘ਸਰਬੱਤ ਦੇ ਭਲੇ’ ਲਈ ਮਾਰੂ ਹੱਲਿਆਂ ਦਾ ਹਲਾਹਲ (ਭਿਆਨਕ ਜ਼ਹਿਰ) ਪਾਨ ਕਰਦਾ ਆ ਰਿਹਾ ਹੈ। ਸਿੱਖਾਂ ਨਾਲ ਜਦੋਂ ਵੀ ਵਿਦੇਸ਼ੀ ਤਾਕਤਾਂ ਦਾ ਟਕਰਾਅ ਹੋਇਆ ਤਾਂ ਇਕ ਮਹਾਨ ਸੰਘਰਸ਼ ਦੀ ਸ਼ੁਰੂਆਤ ਹੋਣੀ ਲਾਜ਼ਮੀ ਤੇ ਕੁਦਰਤੀ ਸੀ। ਪੰਜਾਬ ਦੀ ਸਰਜ਼ਮੀਨ ‘ਤੇ ਵਿਦੇਸ਼ੀ
ਹਮਲਾਵਰਾਂ ਦੇ ਹੱਲਿਆਂ ਨੇ ਸਿੱਖਾਂ ਦੀ ਚੜ੍ਹਦੀ ਕਲਾ ਵਾਲੇ ਫ਼ੌਲਾਦੀ ਸੰਕਲਪ ਨੂੰ ਆਪਣੇ ਪਹੀਏ ਹੇਠ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਹੀ ਭਾਰਤ ‘ਚ ਇਕ ਅਜਿਹੀ ਕੌਮ ਸੀ ਜਿਸ ਨੇ ਧਾੜਵੀਆਂ ਨੂੰ ਚੱਟਾਨੀ ਹਿੱਕ ਨਾਲ ਰੋਕਿਆ ਅਤੇ ਹਿੰਦੁਸਤਾਨ ਦੇ ਖੜਗਧਾਰੀ ਹੋ ਨਿਬੜੇ। ਇਹ ਚੜ੍ਹਦੀ ਕਲਾ ਦੇ ਸੰਕਲਪ ਦਾ ਵਿਸ਼ੇਸ਼ ਯੋਗਦਾਨ ਹੈ। ਨੀਲੇ ਦੇ ਸ਼ਾਹ-ਅਸਵਾਰ ਦਸਮ ਪਾਤਸ਼ਾਹ ਨੇ ਇਸ ਸੰਕਲਪ ਰਾਹੀਂ ਆਪਣੀ ਅਗੰਮੀ ਤੇ ਅਲੌਕਿਕ ਸ਼ਖ਼ਸੀਅਤ ਦੇ ਅਮਿਟ ਪ੍ਰਭਾਵ ਨਾਲ ਲੱਖਾਂ ਲੋਕਾਂ ਨੂੰ ਸਰਬ ਸਮਿਆਂ ਲਈ “ਨਿਰਭਉ ਨਿਰਵੈਰ” ਹੋ ਕੇ ਜੀਵਨ ਸੰਗਰਾਮ ਵਿਚ ਜੂਝਣ ਦੀ ਪ੍ਰੇਰਨਾ ਅਤੇ ਉਤਸ਼ਾਹ ਨਾਲ ਸਰਸ਼ਾਰ ਕਰ ਦਿੱਤਾ :

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

‘ਜ਼ਫ਼ਰਨਾਮਾ’ ਦੀ ਇੱਕ-ਇੱਕ ਸਤਰ ਵਿਚ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਤੇ ਨਿਡਰਤਾ ਦਾ ਸਬੂਤ ਮਿਲਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧਾਂ/ਲੜਾਈਆਂ ਵਿਚ ਅਹਿਮ ਨੁਕਤਾ ਹੀ ਚੜ੍ਹਦੀ ਕਲਾ ਦਾ ਸੰਕਲਪ ਸੀ, ਜਿਸ ਸਦਕਾ ਮੁੱਠੀ ਭਰ ਸਿੰਘਾਂ ਨੇ ਲੱਖਾਂ ਦੀ ਗਿਣਤੀ ਵਿਚ ਦੁਸ਼ਮਣ ਫ਼ੌਜਾਂ ਦੇ ਪੈਰ ਉਖਾੜ ਦਿੱਤੇ ਸਨ। ਇਹ ਹਿੰਮਤ, ਦਲੇਰੀ ਅਤੇ ਸੈਨਕੀ ਸੂਝ-ਬੂਝ ਸੀ ਜਿਸ ਨੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਸਿੰਘਾਂ ਦੇ ਇਹ ਗੁਣ ਸੰਸਾਰ ਦੇ ਫ਼ੌਜੀ ਇਤਿਹਾਸ ਵਿਚ ਅਭੁੱਲ ਯਾਦਾਂ ਵਾਂਗ ਹਾਲੇ ਤਕ ਸਾਂਭੇ ਪਏ ਹਨ। ਇਹ ਸਤਰਾਂ ਚੜ੍ਹਦੀ ਕਲਾ ਵਾਲਾ ਮਹਾਂਪੁਰਖ ਹੀ ਲਿਖ ਸਕਦਾ ਹੈ :

ਗੁਰਸਨਹ ਚਿਹ ਕਾਰੇ ਕੁਨਦ ਚਿਹਲ ਨਰ॥ ਕਿ ਦਹ ਲੱਕ ਬਿਆਯਦ ਬਰੋ ਬੇਖਬਰ॥ ੧੯॥..

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥ ਕਿ ਬਾਕੀ ਬਿਮਾਂਦਾ ਸਤ ਪੇਚੀਦਹ ਮਾਰ ॥੭੮॥

ਇਹ ਹੀ ਅਣਖ ਅਤੇ ਇਰਾਦੇ ਦੀ ਦ੍ਰਿੜ੍ਹਤਾ ਦੇ ਯੁੱਧ-ਦਰਸ਼ਨ ਦੇ ਲੋਹ-ਵਜਰ ਸੰਕਲਪ ਦੀ ਗੂੰਜ ਆਖੀ ਜਾ ਸਕਦੀ ਹੈ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸਾਡੇ ਇਤਿਹਾਸਕ ਵਿਰਸੇ ਦੀਆਂ ਆਤਮਾਵਾਂ ਹਨ ਜੋ ਖ਼ਾਲਸੇ ਵਿਚ ਸਮਾਅ ਗਈਆਂ ਹਨ। ਮਲ੍ਹਿਆਂ ਦੇ ਬੇਰ, ਕਰੀਰਾਂ ਦੇ ਡੇਲੇ, ਵਣਿਆਂ ਦੇ ਪੀਲੂ ਖਾਣੇ ਤਾਂ ਮਨਜ਼ੂਰ ਕੀਤੇ ਪਰ ਘਰੋਂ ਬੇਘਰ ਅਤੇ ਪਰਵਾਰਾਂ ਤੋਂ ਵਿਛੋੜਿਆਂ ਦੇ ਬਾਵਜੂਦ ‘ਖ਼ਾਲਸਾ ਰਾਜ’ ਦੀ ਆਸ ਉਨ੍ਹਾਂ ਨੂੰ ਚੜ੍ਹਦੀ ਕਲਾ ਦੇ ਸੰਕਲਪ ਨਾਲ ਜੋੜਦੀ ਗਈ। ਸਿੰਘ ਭਾਵੇਂ ਪਹਾੜਾਂ, ਜੰਗਲਾਂ, ਛੰਭਾਂ ਤੇ ਨਖ਼ਲਿਸਤਾਨਾਂ (ਮਾਰੂਥਲਾਂ) ਵਿਚ ਰਹੇ ਪਰ ਉਨ੍ਹਾਂ ਦੇ ਮਨ ਬਲਵਾਨ ਤੇ ਤਨ ਉੱਜਲੇ ਰਹੇ। ਅਸਲ ਵਿਚ ਚੜ੍ਹਦੀ ਕਲਾ ਵਿਚ ਤਨ ਉੱਜਲਾ ਤੇ ਮਨ ਬਲਵਾਨ ਰਹਿੰਦਾ ਹੈ। ਭਾਈ ਤਾਰੂ ਸਿੰਘ ਜੀ ਦੀ ਜ਼ਕਰੀਆ ਖ਼ਾਂ ਦੇ ਹੁਕਮ ਨਾਲ ਖੋਪਰੀ ਲਾਹ ਦਿੱਤੀ ਪਰ ਭਾਈ ਸਾਹਿਬ ਆਪਣੀ ਖੋਪਰੀ ਤੋਂ ਬਿਨਾਂ ਸਿਦਕ ਦੇ
ਆਸਰੇ ਕਈ ਦਿਨ ਜ਼ਿੰਦਾ ਰਹੇ। ਅਠਾਰਵੀਂ ਸਦੀ ਵਿਚ ਖ਼ਾਲਸੇ ਦੀਆਂ ਇਤਿਹਾਸਿਕ ਘਟਨਾਵਾਂ ਚੜ੍ਹਦੀ ਕਲਾ ਦੇ ਸੰਕਲਪ ਨਾਲ ਭਰਪੂਰ ਹਨ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਦੋਂ ਅੱਖਾਂ ਕੱਢੀਆਂ ਗਈਆਂ ਤਾਂ ਉਨ੍ਹਾਂ ਨੂੰ ਖ਼ਾਲਸਾ ਰਾਜ ਦੇ ਕਲਸ਼ ਉਭਰਦੇ ਨਜ਼ਰੀਂ ਪਏ। ਜਦੋਂ ਉਨ੍ਹਾਂ ਦੀਆਂ ਲੱਤਾਂ ਵੱਢੀਆਂ ਗਈਆਂ ਤਾਂ ਉਨ੍ਹਾਂ ਨੂੰ ਨੀਲੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆਈ ਅਤੇ ਨਗਾਰਾ ਵੱਜਦਾ ਦਿੱਸਿਆ। ਜਦੋਂ ਬਾਬਾ ਜੀ ਦੇ ਹੱਥਾਂ ਨੂੰ ਕਲਮ ਕੀਤਾ ਗਿਆ ਤਾਂ ਉਨ੍ਹਾਂ ਨੂੰ ਜਾਪਿਆ ਜਿਵੇਂ ਅਨੇਕ ਹੱਥਾਂ ‘ਚ ਸ਼ਮਸ਼ੀਰਾਂ ਲਿਸ਼ਕ ਰਹੀਆਂ ਹਨ।

ਨਾਦਰਸ਼ਾਹ ਜਦੋਂ ਹਿੰਦੁਸਤਾਨ ਨੂੰ ਲੁੱਟ ਕੇ ਜਾ ਰਿਹਾ ਸੀ ਤਾਂ ਮੁੱਠੀ ਭਰ ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਉਸ ਦਾ ਮਾਲ ਤੇ ਖ਼ਜ਼ਾਨਾ ਖੋਹ ਲਿਆ। ਮੱਸੇ ਰੰਘੜ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਨਾਚ ਤੇ ਸ਼ਰਾਬ ਦਾ ਦੌਰ ਚਲਾ ਕੇ ਰੱਜ ਕੇ ਬੇਅਦਬੀ ਕੀਤੀ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਮੱਸੇ ਰੰਘੜ ਦਾ ਸਿਰ ਵੱਢ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਂਗ ਚੜ੍ਹਦੀ ਕਲਾ ਨਾਲ ਸਰਸ਼ਾਰ ਥੋੜ੍ਹੇ ਜਿਹੇ ਸਿੰਘਾਂ ਨੂੰ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੈ। ਦੁਸ਼ਮਣ ਕਿਲ੍ਹੇ ਦੇ ਦਰਵਾਜ਼ੇ ਵੱਲ ਸ਼ਰਾਬੀ ਮਸਤ ਹਾਥੀ ਨੂੰ ਰਵਾਨਾ ਕਰਦੇ ਹਨ। ਦੁਨੀ ਚੰਦ ਨੂੰ ਗੁਰੂ ਸਾਹਿਬ ਹਾਥੀ ਦੇ ਮੁਕਾਬਲੇ ਲਈ ਚੁਣਦੇ ਹਨ ਪਰ ਦੁਨੀ ਚੰਦ ਖ਼ਾਲਸੇ ਦੇ ਸਿਧਾਂਤਾਂ ਤੋਂ ਅਭਿੱਜਾ, ਕਰਨੀ ਤੋਂ ਬਾਂਝ ਅਤੇ ਬੌਣਾ ਹੋ ਕੇ, ਘਰ ਜਾ ਕੇ ਨਮੋਸ਼ੀ ਦੀ ਮੌਤ ਮਰਦਾ ਹੈ ਪਰ ਤੇਜਧਾਰਕ ਭਾਈ ਬਚਿੱਤਰ ਸਿੰਘ, ਚੜ੍ਹਦੀ ਕਲਾ ਦੀ ਸਾਕਾਰ ਮੂਰਤ, ਇਤਿਹਾਸਿਕ ਕਰਨੀ ਲਈ ਤਤਪਰ ਹੁੰਦਾ ਹੈ ਤੇ ਖ਼ਾਲਸੇ ਦੀ ਕਥਨੀ ਇਤਿਹਾਸਿਕ ਸੱਚ ਨੂੰ ਕਰਨੀ ਨਾਲ ਨਿਭਾਉਂਦਾ ਹੈ।

ਚੜ੍ਹਦੀ ਕਲਾ ਖ਼ਾਲਸਾ ਪੰਥ ਦਾ ਸੱਭਿਆਚਾਰਕ ਖ਼ਜਾਨਾ ਹੈ ਜੋ ਨਿਵੇਕਲਾ ਤੇ ਵਿਲੱਖਣ ਹੈ। ਸਿੱਖ ਇਤਿਹਾਸ ਚੜ੍ਹਦੀ ਕਲਾ ਦੇ ਕ੍ਰਿਸ਼ਮਿਆਂ ਨਾਲ ਸਰਸ਼ਾਰ ਪਿਆ ਹੈ। ਕਿਹੜੀ ਕਿਹੜੀ ਘਟਨਾ ਨੂੰ ਇੱਥੇ ਸੰਮਿਲਤ ਕਰੀਏ? ਅਕਾਲੀ ਲਹਿਰ, ਮੋਰਚਿਆਂ ਦਾ ਇਤਿਹਾਸ, ਘੱਲੂਘਾਰਾ ਜੂਨ ੧੯੮੪ ਈ. ਅਤੇ ਅਜੋਕਾ ਪੰਥਕ ਸੰਘਰਸ਼, ਕੱਲ੍ਹ ਅਤੇ ਅੱਜ ਦੀਆਂ ਗੱਲਾਂ ਹਨ। ਚੜ੍ਹਦੀ ਕਲਾ ਦਾ ਸੰਕਲਪ ਤੇ ਜੂਝ ਮਰਨ ਦੀ ਉਮੰਗ, ਇਕਸੁਰਤਾ, ਧੀਰਜ ਤੇ ਸ਼ਹਾਦਤ ਦੀ ਭਾਵਨਾ, ਸ਼ੇਰ ਸ਼ਕਤੀ ਤੇ ਬਾਜ਼ ਦੀ ਫੁਰਤੀ ਦਾ ਸੰਬੰਧ ਸੱਚ ਦੀ ਧਾਰ ‘ਤੇ ਤੁਰਨ ਵਾਲੀ ਦ੍ਰਿੜ ਆਤਮਾ ਨਾਲ ਹੁੰਦਾ ਹੈ। ਇਹ ਚੜ੍ਹਦੀ ਕਲਾ ਦੇ ਮਰਜੀਵੜੇ ਹੀ ਹੁੰਦੇ ਹਨ ਜੋ ਜ਼ੁਲਮ ਦੇ ਆਏ ਹੜ੍ਹ ‘ਚ ਦਰਿਆਵਾਂ ਦੇ ਪਾਣੀ ਦੀ ਬੇੜੀ ਵਾਂਗ ਸ਼ੁਕਦੇ ਹਨ ਅਤੇ ਰਾਹ ਵਿਚ ਆਈਆਂ ਰੋਕਾਂ ਨੂੰ ਰੋੜ ਕੇ ਲੈ ਜਾਂਦੇ ਹਨ। ਸੱਚੀ-ਸੁੱਚੀ ਲਗਨ ਤੇ ਲਗਨ ਦੀ ਪੂਰਤੀ ਲਈ ਦਿੱਤੀ ਕੁਰਬਾਨੀ ਬੰਦੇ ਵਿਚ ਅਡੋਲਤਾ ਭਰਦੀ ਹੈ ਅਤੇ ਸਿੰਘਾਂ ਦੀ ਅਕਾਸ਼ ਵਰਗੀ ਅਡੋਲਤਾ ਤੇ ਸਮੁੰਦਰ ਵਰਗੀ ਗੰਭੀਰਤਾ ਦੇਖ ਕੇ ਹੀ ਕਾਲੀਆਂ ਹਨੇਰੀਆਂ ਦੇ ਸੁਆਮੀ ਦੰਗ ਰਹਿ ਜਾਂਦੇ ਹਨ। ਇਕ ਉਹ ਸਮਾਂ ਵੀ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਵਧਦੇ ਗਏ ਪਰ ਉਨ੍ਹਾਂ ਸਮਿਆਂ ਵਿਚ ਮਨ ਦੀ ਅੰਦਰੂਨੀ ਤਪਸ਼ ਨਾਲ ਜੀਉਂਦਿਆਂ ਚੜ੍ਹਦੀ
ਕਲਾ ਦੇ ਸੰਕਲਪ ਨਾਲ ਸਿੱਖ ਜੁਝਾਰੂਆਂ ਨੇ ਮੋਢੇ-ਗੋਢੇ ਮਾਰ ਕੇ ਜ਼ਾਲਮਾਂ ਦੀਆਂ ਕਾਲੀਆਂ ਕੰਧਾਂ ‘ਚ ਸਿਗਾਫ਼ (ਦਰਾਰਾਂ) ਹੀ ਨਹੀਂ ਕੀਤੇ, ਸਗੋਂ ਚੜ੍ਹਦੀ ਕਲਾ ਦੇ ਰੂ-ਬ-ਰੂ ਆਜ਼ਾਦੀ ਦਾ ਸੰਕਲਪ, ਖ਼ਾਲਸੇ ਦਾ ਬੋਲਬਾਲਾ ਹੌਲੀ-ਹੌਲੀ ਬਾਹਰ ਆ ਕੇ ਵਿਕਾਸਕ ਪ੍ਰਕਿਰਤੀ ਹੋ ਨਿੱਬੜਿਆ। ਚੜ੍ਹਦੀ ਕਲਾ ਦਾ ਜਲੋ ਝੱਲਿਆ ਨਹੀਂ ਸੀ ਜਾਂਦਾ। ਇਹੀ ਸੰਕਲਪ ਬਾਅਦ ਵਿਚ ਭੁਝੰਗੀ ਖ਼ਾਲਸੇ ਨੂੰ ਮਾਨਵਤਾ ਦੀ ਬਾਦਸ਼ਾਹਤ ਹਿਤ ਜੁਝਾਰੂ ਘੋਲ ਦਾ ਪ੍ਰੇਰਨਾ-ਸ੍ਰੋਤ ਬਣਾ ਦਿੰਦਾ ਹੈ। ਚੜ੍ਹਦੀ ਕਲਾ ਵਿਚ ਬੱਚਾ, ਮਰਦ, ਇਸਤਰੀ ਸਿਰ ਤਲੀ ਉੱਤੇ ਧਰ, ਸੱਚ ਦੀ ਕੁਠਾਲੀ ਵਿਚ ਢਲ ਕੇ ਖ਼ਾਲਸੇ ਦੇ ਕੁਟੰਬ ਵਿਚ ਸ਼ਾਮਲ ਹੋ ਜਾਵੇ ਤਾਂ ਮਨ ਨਹੀਂ ਡੋਲਦਾ, ਸਿਰੜ ਨਹੀਂ ਟੁੱਟਦਾ। ਇਹੀ ਸਿੰਘਾਂ ਦੀ ਅਰਦਾਸ ਹੋ ਨਿੱਬੜਦਾ ਹੈ।

ਸਿੱਖ ਇਤਿਹਾਸ ਦੱਸਦਾ ਹੈ ਕਿ ਜਦੋਂ-ਜਦੋਂ ਮਨੁੱਖਤਾ-ਘਾਤੀ ਕਾਲੀਆਂ ਤਾਕਤਾਂ ਦਾ ਸੰਘਰਸ਼ ਭਖਦਾ ਗਿਆ, ਉਦੋਂ-ਉਦੋਂ ਚੜ੍ਹਦੀ ਕਲਾ ਦੇ ਆਚਰਣਗਤ ਵਿਆਖਿਆ ਦੇ ਅਸਲੋਂ ਨਵੇਂ ਅਧਿਆਇ ਆਣ ਜੁੜਦੇ ਗਏ। ਚੜ੍ਹਦੀ ਕਲਾ ਦੇ ਸੰਕਲਪ ਨੇ ਖ਼ਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਲਈ ਵਿਆਪਕ ਦਿਸ਼ਾਵਾਂ ਪ੍ਰਦਾਨ ਹੀ ਨਹੀਂ ਕੀਤੀਆਂ, ਸਗੋਂ ਇਸ ਸੰਕਲਪ ਦੇ ਬਿੰਦੂ ਨੂੰ ਵਿਸਥਾਰਿਆ ਵੀ। ਸਿੱਖ ਸ਼ਹੀਦੀ ਇਸੇ ਲਈ ਸੰਸਾਰ ਵਿਚ ਵਿਲੱਖਣ ਹੈ ਕਿ ਉਸ ਵਿਚ ਪਾਕੀ ਤੇ ਨੂਰੀ ਦਾ, ਦੁੱਖ ਸਹਿਣ ਤੇ ਬਹਾਦਰੀ ਦਾ, ਪ੍ਰਣ ਤੇ ਦਾਈਏ ਦਾ ਅਤੇ ਸਿਦਕ ਤੇ ਅਭੈਤਾ ਦਾ ਅਨੋਖਾ ਸੁਮੇਲ ਹੈ।

ਚੜ੍ਹਦੀ ਕਲਾ ਖ਼ਾਲਸਾ ਰੂਪ ਵਿਚ ਮਨੁੱਖੀ ਸਮੂਹ, ਮੀਰ ਦੀ ਮੀਰੀ ਨੂੰ ਹੌਲੀ ਹੌਲੀ ਵੰਡਣ ਦੇ ਉਦੇਸ਼ ਨਾਲ ਸੰਗਰਾਮ ਕਰਦੀ ਹੋਈ ਬਾਦਸ਼ਾਹਤ ਦੇ ਤੇਜ਼ ਨੂੰ ਧਾਰਨ ਕਰਦੀ ਹੈ। ਸਿੱਖ ਕੌਮ ਨੂੰ ਫ਼ਿਰਕਾ ਕਹਿਣ ਵਾਲੇ ਮਨੁੱਖਤਾ ਦੀ ਬਾਦਸ਼ਾਹਤ ਦੇ ਧਰੋਹੀ ਤੇ ਅਗਿਆਨੀ ਹਨ, ਕੇਂਦਰੀਕਰਨ ਦੇ ਸੁਆਮੀਆਂ ਦੇ ਹੱਥ ਠੋਕੇ ਤੇ ਪਿੱਠੂ ਹਨ।

ਚੜ੍ਹਦੀ ਕਲਾ ਸਿੰਘਾਂ ਦਾ ਵਿਰਸਾ ਹੈ, ਕੁਰਬਾਨੀ ਦਾ ਅੰਗਿਆਰ ਹੈ, ਸਵੈਮਾਣ ਦੀ ਚਿਣਗ ਹੈ। ਖ਼ਾਲਸੇ ਨੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿ ਕੇ ਨਵੇਂ ਸੱਚ ਦੀ ਕਥਨੀ ‘ਤੇ ਪਹਿਰਾ ਦਿੱਤਾ। ਖਾਲਸੇ ਦੀ ਸਵੈ-ਪ੍ਰਗਾਸ ਦੀ ਪੀਰੀ ਖ਼ਾਲਸਾ ਮਨੁੱਖੀ ਸਮੂਹ ਨੂੰ ਸ੍ਵੈ-ਪ੍ਰਬੰਧ ਦੀ ਮੀਰੀ ਲਈ ਜਾਗਰੂਪਤਾ ਦੇਂਦੀ ਹੈ। ਸ੍ਵੈ-ਪ੍ਰਬੰਧ ਲਈ ਮਨੁੱਖਤਾ ਦਾ ਜੁਝਾਰੂ ਘੋਲ ਲੜਨਾ ਖ਼ਾਲਸੇ ਦੇ ਚੜ੍ਹਦੀ ਕਲਾ ਦੇ ਸੰਕਲਪ ਦਾ ਮਾਰਗ ਹੈ :

ਚਿਹ ਮਰਦੀ ਕਿ ਅਖ਼ਗਰ ਖਮੇਸ਼ਾ ਕੁਨੀ॥

ਕਿ ਆਤਸ਼ ਦਮਾਂ ਰਾਬ ਦੌਰਾਂ ਕੁਨੀ॥੭੯॥

-ਡਾ. ਜਸਬੀਰ ਸਿੰਘ ਸਰਨਾ