views 7 secs 0 comments

ਜਨੁ ਕਉ ਪ੍ਰਭ ਅਪਨੇ ਕਾ ਤਾਣੁ

ਲੇਖ
May 02, 2026

ਇਸ ਵਿਸ਼ੇ ‘ਤੇ ਵਿਚਾਰ ਕਰਨ ਤੋਂ ਪਹਿਲਾਂ, ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜਨ ਕੌਣ ਹੈ? ਸ਼ਾਬਦਿਕ ਤੌਰ ‘ਤੇ ਤਾਂ ਇਸ ਦੇ ਅਰਥ ਹਨ:- ਮਨੁੱਖ, ਪ੍ਰਾਣੀ, ਜੀਵ ਪਰ ਪਰਮਾਰਥਕ ਤੌਰ ‘ਤੇ ਜਨ ਦੇ ਅਰਥ ਹਨ:- ਪ੍ਰਭੂ ਪਰਮੇਸ਼ਰ ਦਾ ਸੇਵਕ ਭਗਤ, ਜਿਹੜਾ ਸੰਸਾਰ ਵਿਚ ਵਿਚਰਦਾ ਹੋਇਆ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਦੀ ਓਟ ਤੇ ਆਸਰਾ ਹੀ ਤੱਕਦਾ ਹੈ ਅਤੇ ਦ੍ਰਿੜ੍ਹ ਵਿਸ਼ਵਾਸੀ ਹੋ ਕੇ ਰੱਬੀ ਹੁਕਮ ਨੂੰ ਪ੍ਰਵਾਨਦਾ ਹੈ। ਸੰਸਾਰ ਵਿਚ ਰਹਿੰਦਿਆਂ ਹਰੇਕ ਪ੍ਰਾਣੀ ਨੂੰ ਕਦੇ ਨਾ ਕਦੇ ਸਹਾਰੇ ਦੀ, ਓਟ ਦੀ ਜਾਂ ਮਦਦ ਦੀ ਲੋੜ ਪੈਂਦੀ ਹੈ। ਇਸੇ ਲਈ ਆਮ ਵਿਅਕਤੀ ਰਸੂਖ ਵਾਲੇ ਨਾਲ ਜਾਂ ਸੰਸਾਰਕ ਤੌਰ ‘ਤੇ ਵੱਡੇ ਕਹੇ ਜਾਂਦੇ ਲੋਕਾਂ ਨਾਲ ਤਾਲਮੇਲ ਬਣਾ ਕੇ ਰੱਖਦੇ ਹਨ ਪਰ ਜਨ ਦੀ ਅਰਦਾਸ, ਓਟ, ਆਸਰਾ, ਸਹਾਰਾ ਕੇਵਲ ਅਕਾਲ ਪੁਰਖ ਹੀ ਬਣਦਾ ਹੈ ਕਿਉਂਕਿ ਹਰੀ ਦਾ ਜਨ ਹਰੀ ਤੋਂ ਬਿਨਾ ਹੋਰ ਸਾਰੇ ਆਸਰੇ ਤੇ ਤਾਣ ਵਿਅਰਥ ਮੰਨਦਾ ਹੈ:

ਕਿਸ ਹੀ ਕੋਈ ਕੋਇ ਮੰਞ ਨਿਮਾਣੀ ਇਕ ਤੁ॥(ਅੰਗ ੭੯੧)

ਜਦੋਂ ਅਜਿਹੇ ਰੱਬੀ ਪਿਆਰਿਆਂ ਉੱਤੇ ਕੋਈ ਔਕੜ ਆਉਂਦੀ ਹੈ, ਤਾਂ ਦੁਬਿਧਾ ਤੇ ਸੰਕਟ ਉਸ ਨੂੰ ਡੁਲਾ ਨਹੀਂ ਸਕਦੇ, ਕਿਉਂਕਿ ਉਸ ਦਾ ਅਕਾਲ ਪੁਰਖ ਵਿਚ ਪੂਰਨ ਭਰੋਸਾ ਹੈ। ਉਹ ਮਨੁੱਖ ਉੱਤੇ ਟੇਕ ਨੂੰ ਵਿਅਰਥ ਸਮਝਦਾ ਹੈ:

ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ॥
(ਅੰਗ ੭੩੫)

ਇਕ ਹੋਰ ਫੁਰਮਾਨ ਹੈ:

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥

ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ (ਅੰਗ ੨੮੧)

ਸ੍ਰੀ ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗ ਦੇ ਸ਼ਬਦ ਰਾਹੀਂ ਇਸ ਨੁਕਤੇ ਨੂੰ

ਇਉਂ ਸਮਝਾਉਂਦੇ ਹਨ:

ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ॥

ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ॥੧॥

ਜਨ ਕਉ ਪ੍ਰਭ ਅਪਨੇ ਕਾ ਤਾਣੁ॥

ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ॥ਰਹਾਉ॥
ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ॥ ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ॥ (ਅੰਗ ੬੭੭)

ਗੁਰਬਾਣੀ ਮੁਤਾਬਕ ਅਕਾਲ ਪੁਰਖ ਉੱਤੇ ਦ੍ਰਿੜ੍ਹ ਵਿਸ਼ਵਾਸ ਅਤੇ ਭਰੋਸਾ ਰੱਖਦਿਆਂ ਉਸੇ ਨੂੰ ਹੀ ਆਪਣਾ ਤਾਣ ਸਮਝਣ ਵਾਲੇ ਗੁਰਸਿੱਖ ਦੀ ਨਾ ਕੋਈ ਬਰਬਾਦੀ ਕਰ ਸਕਦਾ ਹੈ ਅਤੇ ਨਾ ਹੀ ਕੋਈ ਦੋਖੀ ਉਨ੍ਹਾਂ ਦਾ ਈਰਖਾ ਵਸ ਮੰਦਾ ਕਰਨ ਲਈ ਉਨ੍ਹਾਂ ਤਕ ਪਹੁੰਚ ਸਕਦਾ ਹੈ। ਫੁਰਮਾਨ ਹੈ:

ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ॥ ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ॥ ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ॥ ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ॥ ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ॥

ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ॥

(ਅੰਗ ੫੧੯)

ਪ੍ਰਭੂ-ਪਰਮੇਸ਼ਰ ਦਾ ਜਨ ਅਰਥਾਤ ਸੇਵਕ ਹਮੇਸ਼ਾਂ ਜੋਦੜੀ ਕਰਦਾ ਹੈ ਕਿ, ਹੇ ਅਕਾਲ ਪੁਰਖ! ਤੂੰ ਹੀ ਮੇਰਾ ਮਾਣ-ਤਾਣ ਹੈ, ਮੇਰੀ ਬਲ, ਬੁੱਧ, ਮਤਿ, ਸਿਆਣਪ ਸਭ ਤੇਰੀ ਮਿਹਰ ਸਦਕਾ ਹੈ:

ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ॥

(ਅੰਗ ੭੭੯)

ਪ੍ਰਭੂ ਉੱਤੇ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲਾ ਸਾਧਕ ਇਉਂ ਅਰਦਾਸ ਜੋਦੜੀ ਕਰਦਾ ਹੈ:

ਅਬ ਹਮ ਚਲੀ ਠਾਕੁਰ ਪਹਿ ਹਾਰਿ॥

ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ॥
(ਅੰਗ ੫੨੭)

ਉਸ ਦੀ ਰਸਨਾ ਇਹੋ ਰਟਨ ਕਰਦੀ ਹੈ:

ਮੈ ਸਭੁ ਕਿਛੁ ਛੋਡਿ ਪ੍ਰਭੁ ਤੁਹੀ ਧਿਆਇਆ॥ (ਅੰਗ ੩੭੧)

ਰਾਗ ਬਿਹਾਗੜਾ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ ਕਿ, ਪ੍ਰਭੂ ਨੂੰ ਤਾਣ ਸਮਝਣ ਤੇ ਮੰਨਣ ਵਾਲੇ ਹੋਰ ਕਿਸੇ ਦੀ ਓਟ ਨਹੀਂ ਤੱਕਦੇ। ਉਹ ਸਮਰੱਥ ਅਕਾਲ ਪੁਰਖ ਦੇ ਚਰਨ-ਕਮਲਾਂ ਦਾ ਧਿਆਨ ਧਰ ਇਉਂ ਬੇਨਤੀ ਕਰਦੇ ਹਨ:

ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ॥

ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ਹ ਮਨਾ॥

ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ॥ ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ॥
(ਅੰਗ ੫੪੩)

ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਅਕਾਲ ਪੁਰਖ ਨੂੰ ਆਪਣਾ ਤਾਣ ਤੇ ਰਾਖਾ ਸਮਝਿਆ, ਉਸ ਦੀ ਪੈਜ ਪਰਮੇਸਰ ਨੇ ਆਪ ਰੱਖੀ। ਸ੍ਰੀ ਗੁਰੂ ਅਰਜਨ ਦੇਵ ਜੀ ਇਸ ਪ੍ਰਥਾਏ ਫੁਰਮਾਨ ਕਰਦੇ ਹਨ:

ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ॥

ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ॥

(ਅੰਗ ੫੪੫)

ਭਾਵ ਪਿਆਰੇ ਪ੍ਰੀਤਮ ਦੇ ਮਿਲਾਪ ਬਿਨਾ ਸਰੀਰਕ ਤਾਣ ਅਰਥਾਤ ਬਾਹੂ-ਬਲ ਅਤੇ ਹੋਰ ਸਭ ਕੁਝ ਨਿਸਫਲ ਹੈ। ਗੁਰਬਾਣੀ ਦਾ ਪਾਵਨ ਫੁਰਮਾਨ ਹੈ:

ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ॥

(ਅੰਗ ੭੭੯)

ਭਾਵ ਹੇ ਅਕਾਲ ਪੁਰਖ ਵਾਹਿਗੁਰੂ! ਮੈਨੂੰ ਕੇਵਲ ਤੇਰੇ ਉੱਤੇ ਹੀ ਮਾਣ ਹੈ ਅਤੇ ਤੂੰ ਹੀ ਮੇਰਾ ਨਿਤਾਣੇ ਦਾ ਤਾਣ ਹੈ

ਗੁਰਬਾਣੀ ਅੰਦਰ ਸਮਅਰਥੀ ਭਾਵ ਵਿਚ ਦੋ ਸ਼ਬਦਾਂ ਦਾ ਉਲੇਖ ਵਾਰ-ਵਾਰ ਮਿਲਦਾ ਹੈ- ਮਾਣ ਤੇ ਤਾਣ। ਭਾਵ ਇੱਕੋ ਹੈ। ਗੁਰਬਾਣੀ ਵਿਚ ਅੰਕਿਤ ਹੈ, ਹੇ ਅਕਾਲ ਪੁਰਖ! ਤੇਰੀ ਹੋਂਦ ਵਿਚ ਅਟੱਲ ਭਰੋਸਾ ਹੀ ਮੇਰੇ ਵੱਲੋਂ ਤੇਰੇ ‘ਤੇ ਮਾਣ ਤਾਣ ਕਰਨ ਦਾ ਸਬੱਬ ਹੈ। ਫੁਰਮਾਨ ਹੈ:

ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ॥

ਆਮ ਸਾਧਾਰਨ ਬਿਰਤੀ ਦੇ ਵਿਅਕਤੀ ਤੋਂ ਲੈ ਕੇ ਤਕਰੀਬਨ ਹਰ ਵਿਅਕਤੀ ਦੀ ਇਹ ਲੋਚਾ ਹੁੰਦੀ ਹੈ ਕਿ ਉਸ ਦਾ ਸਮਾਜ ਵਿਚ ਮਾਣ, ਪ੍ਰਤਿਸ਼ਠਾ ਤੇ ਸ਼ੋਭਾ ਹੋਵੇ, ਉਸ ਕੋਲ ਸੰਸਾਰਕ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੀ ਮਾਇਆ ਹੋਵੇ ਅਤੇ ਉਸ ਦੇ ਪੁੱਤਰ-ਧੀਆਂ ਅਗਿਆਕਾਰੀ ਹੋਣ। ਪ੍ਰਭੂ ਵਿਚ ਅਟੁੱਟ ਭਰੋਸਾ ਰੱਖਣ ਵਾਲੇ ਇਨ੍ਹਾਂ ਪਦਾਰਥਾਂ ਸੁਖਾਂ ਦੀ ਪ੍ਰਾਪਤੀ ਲਈ ਵੀ ਕੇਵਲ ਅਕਾਲ ਪੁਰਖ ਕੋਲ, ਪ੍ਰਭੂ ਕੋਲ ਇਉਂ

ਜੋਦੜੀ ਕਰਦੇ ਨੇ:

ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ॥
(ਅੰਗ ੧੩੦੭)

ਜਨ, ਪ੍ਰਭੂ ਨੂੰ ਜਿੱਥੇ ਸਭ ਦਾਤਾਂ ਦਾ ਦਾਤਾਰ ਮੰਨਦਿਆਂ, ਉਸ ਦੇ ਸ਼ੁਕਰਾਨੇ ਵਿਚ ਰਹਿੰਦਾ ਹੈ, ਉੱਥੇ ਉਸ ਪ੍ਰਭੂ ਨੂੰ ਹਰ ਪਲ ਆਪਣਾ ਰਖਵਾਲਾ ਜਾਣ ਤੇ ਮੰਨਦਿਆਂ

ਇਉਂ ਬੇਨਤੀ ਕਰਦਾ ਹੈ:

ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ॥

ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ॥ (ਅੰਗ ੮੦੨)

-ਤੀਰਥ ਸਿੰਘ ਢਿਲੋਂ