ਗੁਰੂ ਨਾਨਕ ਸਾਹਿਬ ਦੇ ਆਗਮਨ (ਸੰਨ ੧੪੬੯ ਈ.) ਵੇਲੇ ਹਿੰਦੁਸਤਾਨ ਵਿਦੇਸ਼ੀ ਮੁਸਲਿਮ ਰਾਜਸ਼ਾਹੀ ਦਾ ਗ਼ੁਲਾਮ ਸੀ । ਦੂਜੇ ਸ਼ਬਦਾਂ ਵਿਚ ਇਸ ਦੇਸ਼ ਦੀ ਗ਼ੁਲਾਮੀ ਦੀ ਤਵਾਰੀਖ਼ ਤਕਰੀਬਨ ਤਿੰਨ ਸੌ ਸਾਲ ਤੋਂ ਵੱਧ ਪੁਰਾਣੀ ਸੀ ਜੋ ਅਜੇ ਜਾਰੀ ਸੀ। ਇੰਨੇ ਲੰਮੇ ਅਰਸੇ ਦਰਮਿਆਨ ਕਈ ਮੁਸਲਿਮ ਹਕੂਮਤਾਂ ਆਈਆਂ ਅਤੇ ਗਈਆਂ ਅਤੇ ਉਨ੍ਹਾਂ ਜੋ ਜ਼ੁਲਮ ਹਿੰਦੁਸਤਾਨੀਆਂ ਉੱਤੇ ਢਾਹੇ ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ। ਉਸ ਸਮੇਂ ਦੌਰਾਨ ਕਈ ਐਸੇ ਖੂੰਖਾਰ ਮੁਸਲਿਮ ਹਮਲਾਵਰ ਵੀ ਆਏ ਜਿਨ੍ਹਾਂ ਨੇ ਇੱਥੋਂ ਦੀ ਪਰਜਾ ਦਾ ਧਨ-ਦੌਲਤ ਖੂਬ ਲੁੱਟਿਆ ਅਤੇ ਇੱਜ਼ਤ-ਆਬਰੂ ਨੂੰ ਵੀ ਮਿੱਟੀ ਵਿਚ ਰੋਲਿਆ। ਉਨ੍ਹਾਂ ਦੇ ਹਮਲਿਆਂ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਨੇ ਇੱਥੋਂ ਦੇ ਨਵੇਂ ਬਣੇ ਹਮ-ਧਰਮੀਆਂ (ਮੁਸਲਮਾਨਾਂ) ਨਾਲ ਵੀ ਉਹੋ ਹੀ ਸਲੂਕ ਕੀਤਾ ਜੋ ਉਨ੍ਹਾਂ ਹਿੰਦੂਆਂ ਨਾਲ ਕੀਤਾ ਸੀ। ਉਦੋਂ ਹਿੰਦੁਸਤਾਨ ਦੇ ਰਾਜੇ-ਮਹਾਰਾਜੇ ਆਪਣਾ ਧਨ-ਦੌਲਤ ਅਤੇ ਧੀਆਂ ਦੇ ਡੋਲੇ ਉਨ੍ਹਾਂ ਦੇ ਸਪੁਰਦ ਕਰ ਕੇ ਆਪਣੀ ਜਾਨ-ਬਖ਼ਸ਼ੀ ਕਰਵਾਉਂਦੇ ਰਹੇ। ਐਸੀਆਂ ਘਟਨਾਵਾਂ ਨਾਲ ਹਿੰਦੁਸਤਾਨ ਦਾ ਇਤਿਹਾਸ ਭਰਿਆ ਪਿਆ ਹੈ। ਮੁਸਲਿਮ ਧਾੜਵੀਆਂ ਦੀ ਹਨੇਰੀ ਅਫ਼ਗਾਨਿਸਤਾਨ ਵੱਲੋਂ ਚੜ੍ਹਦੀ ਹੋਈ ਬੰਗਾਲ ਦੀ ਖਾੜੀ ‘ਤੇ ਜਾ ਕੇ ਰੁਕਦੀ ਤੇ ਰਸਤੇ ਵਿਚ ਜੋ ਵੀ ਕੁਝ ਲੱਭਦਾ ਉਸ ਨੂੰ ਸਮੇਟ ਕੇ ਵਾਪਸ ਮੁੜਦੀ ਅਤੇ ਆਪਣੇ ਪਿੱਛੇ ਛੱਡ ਜਾਂਦੀ ਉੱਜੜੇ ਖੰਡਰ ਸ਼ਹਿਰ, ਪਿੰਡ, ਲਾਸ਼ਾਂ ਦੇ ਢੇਰ, ਢਹਿ-ਢੇਰੀ ਹੋਏ ਧਰਮ-ਅਸਥਾਨਾਂ ਵਿੱਚੋਂ ਉਡਦੇ ਧੂੰਏਂ ਦੇ ਗੁਬਾਰ ਅਤੇ ਭਿਆਨਕ ਮਹਾਂਮਾਰੀ ਦਾ ਦੌਰ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸੇ ਇੱਕ ਵੀ ਹਿੰਦੁਸਤਾਨੀ ਨੇ ਆਪਣੇ ਹਮ-ਵਤਨਾਂ ਨੂੰ ਇਨ੍ਹਾਂ ਵਿਦੇਸ਼ੀ ਹਮਲਾਵਰਾਂ ਖ਼ਿਲਾਫ਼ ਕੌਮੀ ਪੱਧਰ ‘ਤੇ ਲਾਮਬੰਦ ਨਹੀਂ ਕੀਤਾ। ਇੱਥੇ ਅਸੀਂ ਇਕ ਵਿਦੇਸ਼ੀ ਹਮਲਾਵਰ ਬਾਬਤ ਸੰਖੇਪ ਜਾਣਕਾਰੀ ਦਿੰਦੇ ਹਾਂ। ਮੰਗੋਲ ਹਮਲਾਵਰ ਚੰਗੇਜ਼ ਖਾਨ ਤੋਂ ਬਾਅਦ ਹਿੰਦੁਸਤਾਨ ਵਿਚ ਸਭ ਤੋਂ ਵੱਧ ਤਬਾਹੀ ਮਚਾਉਣ ਵਾਲਾ ‘ਤਿਮੂਰ’ ਜਾਂ ‘ਤੈਮੂਰ’ ਨੂੰ ਮੰਨਿਆ ਜਾਂਦਾ ਹੈ। ਉਹ ਲੰਗੜਾ ਸੀ ਇਸ ਕਰਕੇ ਉਸ ਨੂੰ ਤੈਮੂਰ ਲੰਗ ਵੀ ਕਿਹਾ ਜਾਂਦਾ ਹੈ। ਉਸ ਨੇ ਅਫ਼ਗਾਨਿਸਤਾਨ ਵਿਚ ਵੱਡੀ ਗਿਣਤੀ ਵਿਚ ਜੇਹਾਦ ਦੇ ਨਾਮ ਹੇਠ ਗਾਜ਼ੀ ਇਕੱਠੇ ਕੀਤੇ ਅਤੇ ਐਲਾਨ ਕੀਤਾ ਕਿ ਉਹ ਹਿੰਦੁਸਤਾਨ
ਵਿਚ ਕਾਫ਼ਰਾਂ ਨੂੰ ਖ਼ਤਮ ਕਰਨ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਇਸਲਾਮਿਕ ਜੇਹਾਦੀਆਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਧਨ-ਦੌਲਤ ਲੁੱਟਣ ਅਤੇ ਹਾਸਲ ਕਰਨ ਦਾ ਰਾਹ ਪੱਧਰਾ ਕਰ ਰਿਹਾ ਸੀ। ਉਪਰੋਕਤ ਗੱਲ ਅੰਗਰੇਜ਼ ਇਤਿਹਾਸਕਾਰ ਈਲੀਅਟ ਅਤੇ ਡਉਸਨ ਨੇ ਪੁਸਤਕ ‘ਤੁਜ਼ਕੇ ਤਿਮੂਰੀ’ ਵਿਚ ੩੮੭-੪੭੭ ਸਫ਼ੇ ਦਰਮਿਆਨ ਲਿਖੀ ਹੈ। ਤੈਮੂਰ ਲੰਗ ਨੇ ੨੧ ਸਤੰਬਰ, ੧੩੯੮ ਨੂੰ ਭਾਰੀ ਲਾਮ-ਲਸ਼ਕਰ ਨਾਲ ਸਿੰਧ ਦਰਿਆ ਪਾਰ ਕੀਤਾ ਅਤੇ ਤੇਜ਼ੀ ਨਾਲ ਉੱਚ, ਦੀਪਾਲਪੁਰ ਅਤੇ ਮੁਲਤਾਨ ਉੱਪਰ ਕਬਜ਼ਾ ਕਰ ਲਿਆ। ਇਨ੍ਹਾਂ ਤਿੰਨਾਂ ਥਾਵਾਂ ਉੱਪਰ ਉਸ ਨੇ ਭਾਰੀ ਲੁੱਟਮਾਰ ਕਤਲ-ਓ-ਗਾਰਤ ਅਤੇ ਸਾੜ-ਫੂਕ ਕੀਤੀ ਤਾਂ ਕਿ ਉਸ ਦੀ ਦਹਿਸ਼ਤਗਰਦੀ ਦਾ ਸੁਨੇਹਾ ਦੂਰ-ਦੂਰ ਤਕ ਫ਼ੈਲ ਜਾਵੇ। ਜਦੋਂ ਉਹ ਜੇਹਲਮ ਅਤੇ ਚਨਾਬ ਦਰਿਆ ਪਾਰ ਕਰਦਾ ਅੱਗੇ ਵਧਿਆ ਤਾਂ ਉਦੋਂ ਸ਼ਹਿਰ ਤਲਮੀ ਦੇ ਮੌਹਤਬਰ ਹਿੰਦੂਆਂ ਅਤੇ ਮੁਸਲਮਾਨਾਂ ਨੇ ਮਿਲ ਕੇ ਉਸ ਨੂੰ ਇਸ ਕਰਕੇ ਕੀਮਤੀ ਨਜ਼ਰਾਨੇ ਭੇਂਟ ਕੀਤੇ ਕਿ ਉਹ ਕਤਲ-ਓ-ਗਾਰਤ ਨਾ ਕਰੇ। ਤੈਮੂਰ ਲੰਗ ਨੇ ਸਭ ਕੁਝ ਰੱਖ ਲਿਆ, ਪਰ ਸਾੜ-ਫੂਕ ਅਤੇ ਕਤਲ-ਓ-ਗਾਰਤ ਫਿਰ ਵੀ ਜਾਰੀ ਰੱਖੀ ਅਤੇ ਭਾਰੀ ਤਬਾਹੀ ਮਚਾਈ। ਉਸ ਸਮੇਂ ਸਿਰਫ ਕੁਝ ਘਰ ਸਈਯਦ ਮੁਸਲਮਾਨਾਂ ਦੇ ਹੀ ਬਚੇ ਰਹੇ ਸਨ।
ਇਸ ਤੋਂ ਬਾਅਦ ਉਸ ਨੇ ਬਿਆਸ ਦਰਿਆ ਦੇ ਨਜ਼ਦੀਕ ਜਸਰਥ ਖੋਖਰ ਨਾਮ ਦੇ ਇਕ ਰਾਜਪੂਤ ਨੂੰ ਮਾਰ ਭਜਾਇਆ ਅਤੇ ਸਮਾਣੇ ਵੱਲ ਰੁਖ਼ ਕੀਤਾ। ਤੈਮੂਰ ਲੰਗ ਦੀਆਂ ਖੂੰਖਾਰ ਫੌਜਾਂ ਨੂੰ ਅੱਗੇ ਵੱਧਦਾ ਵੇਖ ਦੀਪਾਲਪੁਰ ਅਤੇ ਪਾਕਪਟਨ ਦੇ ਨਾਗਰਿਕਾਂ ਨੇ ਭਟਨੇਰ ਦੇ ਕਿਲ੍ਹੇਨੁਮਾ ਸ਼ਹਿਰ ਵਿਚ ਪਨਾਹ ਲੈ ਲਈ ਜੋ ਇਕ ਹਿੰਦੂ ਰਾਜਪੂਤ ਸਰਦਾਰ ਤਹਿਤ ਸੀ। ਤੈਮੂਰ ਲੰਗ ਦੀਆਂ ਫੌਜਾਂ ਨੇ ਉਸ ਉੱਪਰ ੭ ਨਵੰਬਰ, ੧੩੯੮ ਨੂੰ ਹਮਲਾ ਕੀਤਾ ਅਤੇ ਉਸ ਨੂੰ ਤਹਿਸ-ਨਹਿਸ ਕਰ ਦਿੱਤਾ। ਤੈਮੂਰ ਲੰਗ ਉਸ ਦੀ ਤਬਾਹੀ ਦੀ ਤਸਵੀਰ ਬੜੇ ਫਖ਼ਰ ਨਾਲ ਇਸ ਤਰ੍ਹਾਂ ਬਿਆਨ ਕਰਦਾ ਹੋਇਆ ਲਿਖਦਾ ਹੈ, “ਕੁਝ ਘੰਟਿਆਂ ਵਿਚ ਹੀ ਦਸ ਹਜ਼ਾਰ ਹਿੰਦੂਆਂ ਦੇ ਸਿਰ ਕਲਮ ਕਰ ਦਿੱਤੇ ਗਏ। ਇਸਲਾਮ ਦੀ ਤਲਵਾਰ ਨੇ ਉਨ੍ਹਾਂ ਦੇ ਖੂਨ ਵਿਚ ਖੂਬ ਇਸ਼ਨਾਨ ਕੀਤਾ, ਸਾਰਾ ਧਨ-ਦੌਲਤ ਅਤੇ ਕੀਮਤੀ ਸਾਮਾਨ ਅਤੇ ਸਾਰਾ ਉਹ ਅਨਾਜ ਵੀ ਲੁੱਟ ਲਿਆ ਜੋ ਕਿ ਇੱਕ ਸਾਲ ਵਾਸਤੇ ਸੰਭਾਲ ਕੇ ਰੱਖਿਆ ਹੋਇਆ ਸੀ। ਫੌਜਾਂ ਨੇ ਸਾਰੇ ਘਰ ਸਾੜ ਕੇ ਸਵਾਹ ਕਰ ਦਿੱਤੇ ਅਤੇ ਕਿਲ੍ਹੇ ਨੂੰ ਢਾਹ ਦਿੱਤਾ। ”
ਇਸ ਤੋਂ ਬਾਅਦ ਉਹ ੯੨,੦੦੦ ਦੀ ਵੱਡੀ ਗਿਣਤੀ ਵਾਲੀ ਫੌਜ ਨਾਲ ਦਿੱਲੀ ਵੱਲ ਵਧਿਆ ਅਤੇ ਰਾਹ ਵਿਚ ਆਉਂਦੇ ਸ਼ਹਿਰਾਂ: ਫਤਿਹਾਬਾਦ, ਕੈਥਲ, ਸਮਾਣਾ ਅਤੇ ਪਾਣੀਪਤ ਆਦਿ ਨੂੰ ਤਬਾਹ ਕੀਤਾ ਅਤੇ ਕਤਲ-ਓ-ਗਾਰਤ ਕੀਤੀ। ਇੱਥੋਂ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਡਰ ਕੇ ਦਿੱਲੀ ਵਿਖੇ ਪਨਾਹ ਲੈ ਲਈ।ਤੈਮੂਰ ਲੰਗ ਨੇ ੧੧ ਦਸੰਬਰ, ੧੩੯੮ ਈ. ਨੂੰ ਦਿੱਲੀ ਦੇ ‘ਜਹਾਨ ਪਨਾਹ’ ਸ਼ਾਹੀ ਮਹਿਲ ਉੱਪਰ ਕਬਜ਼ਾ ਕਰ ਲਿਆ। ਦਿੱਲੀ ਦਾ ਲਾਲ ਕਿਲ੍ਹਾ ਇਸ ਤੋਂ ਤਕਰੀਬਨ ਦੋ ਸੌ ਸਾਲ ਤੋਂ ਬਾਅਦ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਨੇ ਬਣਵਾਇਆ ਸੀ। ਦਿੱਲੀ ਵਿਖੇ ਸੁਲਤਾਨ ਮੁਹੰਮਦ ਤੁਗਲਕ ਦੀਆਂ ਫੌਜਾਂ ਨੇ ਇਕਬਾਲ ਖਾਂ ਮਾਲੂ ਦੀ ਕਮਾਂਡ ਹੇਠ ਕੁਝ ਮੁਕਾਬਲਾ ਕੀਤਾ, ਪਰ ਉਹ ਮੈਦਾਨ ਛੱਡ ਕੇ ਭੱਜ ਗਈਆਂ। ਤੈਮੂਰ ਲੰਗ ਦੀਆਂ ਫੌਜਾਂ ਨੇ ਭਾਰੀ ਤਬਾਹੀ ਮਚਾਈ ਅਤੇ ਤਕਰੀਬਨ ਇੱਕ ਲੱਖ ਹਿੰਦੂਆਂ ਨੂੰ ਬੰਦੀ ਬਣਾ ਲਿਆ। ਕਈ ਇਤਿਹਾਸਕਾਰ ਉਨ੍ਹਾਂ ਦੀ ਗਿਣਤੀ ਪੰਜਾਹ ਹਜ਼ਾਰ ਹੀ ਲਿਖਦੇ ਹਨ। ਤੈਮੁਰ ਖ਼ੁਦ ਲਿਖਦਾ ਹੈ ਕਿ ਉਨ੍ਹਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਸੇ ਪ੍ਰਸੰਗ ਵਿਚ ਉਹ ਲਿਖਦਾ ਹੈ ਕਿ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਕ ਮੁਲਾਨਾ ਨਸੀਰੂਦੀਨ ਉਮਰ, ਜੋ ਇਕ ਮੁਸਲਿਮ ਵਿਦਵਾਨ ਸੀ ਅਤੇ ਜਿਸ ਨੇ ਕਦੇ ਕੋਈ ਚਿੜੀ ਵੀ ਨਹੀਂ ਸੀ ਮਾਰੀ, ਉਦੋਂ ਉਸ ਨੇ ਪੰਜਾਹ ਮੂਰਤੀ-ਪੂਜਕ ਹਿੰਦੂ ਕਾਫ਼ਰਾਂ ਨੂੰ ਮਾਰਿਆ ਸੀ।
ਉਸ ਸਮੇਂ ਉਹ ਸ਼ਰਨਾਰਥੀ ਹਿੰਦੂ ਜੋ ਆਪਣੀਆਂ ਜਾਨਾਂ ਬਚਾਉਣ ਲਈ ਦਿੱਲੀ ਵਿਚ ਇਕੱਠੇ ਹੋ ਗਏ ਸਨ, ਉਨ੍ਹਾਂ ਤੈਮੂਰ ਦੀਆਂ ਫੌਜਾਂ ਦਾ ਕੁਝ ਸਮਾਂ ਮੁਕਾਬਲਾ ਕੀਤਾ, ਪਰ ਹਾਰ ਗਏ। ਤੈਮੂਰ ਲੰਗ ਲਿਖਦਾ ਹੈ ਕਿ ਉਦੋਂ ਉਸ ਦੀ ਫੌਜ ਦੇ ਹਰੇਕ ਜਵਾਨ ਨੇ ਪੰਜਾਹ ਤੋਂ ਲੈ ਕੇ ਇੱਕ ਸੌ ਹਿੰਦੂ ਆਦਮੀ, ਇਸਤਰੀਆਂ ਅਤੇ ਬੱਚੇ ਆਪਣੇ ਕਬਜ਼ੇ ਵਿਚ ਲੈ ਲਏ ਸਨ। ਸੋਨੇ-ਚਾਂਦੀ ਅਤੇ ਅਸ਼ਰਫੀਆਂ ਦੇ ਢੇਰ ਲੱਗ ਗਏ ਸਨ ਅਤੇ ਉਸ ਦੌਲਤ ਨੂੰ ਗਿਣਨਾ ਮੁਸ਼ਕਿਲ ਸੀ। ੨੭-੩੦ ਦਸੰਬਰ, ੧੩੯੮ ਈ. ਦੇ ਚਾਰ ਦਿਨਾਂ ਵਿਚ ਹੀ ਸਾਰੀ ਦਿੱਲੀ ਤਬਾਹ ਕਰ ਦਿੱਤੀ ਗਈ। ਉਸ ਨੇ ੩੧ ਦਸੰਬਰ, ੧੩੯੮ ਈ. ਨੂੰ ਉੱਥੋਂ ਸ਼ਿਵਾਲਿਕ ਪਹਾੜਾਂ ਦੀ ਤਲਹਟੀ ਦੇ ਰਸਤੇ ਵਾਪਸੀ ਕੀਤੀ ਅਤੇ ਰਸਤੇ ਵਿਚ ਨਗਰ ਕੋਟ, ਜੰਮੂ, ਮੇਰਠ ਅਤੇ ਹਰਿਦੁਆਰ ਆਦਿ ਸ਼ਹਿਰਾਂ ਨੂੰ ਲੁੱਟਦਾ ਅਤੇ ਤਬਾਹ ਕਰਦਾ ਹੋਇਆ ਸਿੰਧ ਦਰਿਆ ਨੂੰ ਪਾਰ ਕਰ ਕੇ ਆਪਣੇ ਦੇਸ਼ (ਅਫਗਾਨਿਸਤਾਨ) ਪਰਤ ਗਿਆ।
ਇੱਥੇ ਅਸੀਂ ਵਿਦੇਸ਼ੀ ਹਮਲੇ ਦਾ ਜੋ ਮੰਜ਼ਰ ਪੇਸ਼ ਕੀਤਾ ਹੈ ਉਹ ਸਿਰਫ ਇਹ ਹੀ ਸਿੱਧ ਕਰਨ ਲਈ ਕਾਫੀ ਹੈ ਕਿ ਉੱਤਰੀ ਹਿੰਦੁਸਤਾਨ ਅਤੇ ਖਾਸ ਕਰਕੇ ਪੰਜਾਬ ਦੇ ਵਿਸ਼ਾਲ ਖਿੱਤੇ ਉੱਪਰ ਪਿਛਲੇ ਤਿੰਨ ਸੌ ਸਾਲਾਂ ਦੇ ਵਿਦੇਸ਼ੀ ਹਮਲਿਆਂ ਦੌਰਾਨ ਇੱਥੋਂ ਦੇ ਵਸਨੀਕਾਂ ਦੀ ਕੀ ਦੁਰਦਸ਼ਾ ਹੋਈ ਹੋਵੇਗੀ ਅਤੇ ਉਨ੍ਹਾਂ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਉਨ੍ਹਾਂ ਹਾਲਾਤਾਂ ਮੁਤਾਬਕ ਢਾਲਿਆ ਹੋਵੇਗਾ। ਇਤਿਹਾਸਕਾਰਾਂ ਅਨੁਸਾਰ ਮੁਸਲਿਮ ਸ਼ਾਸਕ ਬਹਿਲੋਲ ਲੋਧੀ (ਸੰਨ ੧੪੫੧-੮੯) ਅਤੇ ਸਿਕੰਦਰ ਲੋਧੀ (ਸੰਨ ੧੪੮੯-੧੫੧੭) ਦੇ ਸਮਿਆਂ ਦੌਰਾਨ ਹਾਲਾਤ ਕੁਝ ਸੁਧਰੇ ਸਨ, ਪਰ ਗੁਰੂ ਨਾਨਕ ਸਾਹਿਬ ਜੀ
ਦੇ ਆਗਮਨ (ਸੰਨ ੧੪੬੯) ਤਕ ਲੋਕ ਤੈਮੂਰ ਲੰਗ ਦੀ ਦਹਿਸ਼ਤ ਵੀ ਭੁੱਲੇ ਨਹੀਂ ਸਨ, ਕਿਉਂਕਿ ਉਨ੍ਹਾਂ ਆਪਣੇ ਵੱਡਿਆਂ ਪਾਸੋਂ ਉਸ ਦੀ ਤਬਾਹੀ ਦੀਆਂ ਕਹਾਣੀਆਂ ਜ਼ਰੂਰ ਸੁਣੀਆਂ ਹੋਣਗੀਆਂ। ਗੁਰੂ ਨਾਨਕ ਸਾਹਿਬ ਦੇ ਵੇਲੇ ਮੁਗ਼ਲਾਂ ਅਤੇ ਤੁਰਕ-ਬਾਸ਼ਾ ਆਦਿ ਵਿਦੇਸ਼ੀ ਕੌਮਾਂ ਦੇ ਹਮਲੇ ਜਾਰੀ ਸਨ। ਇਨ੍ਹਾਂ ਵਖ਼ਤ ਭਰੇ ਵਰ੍ਹਿਆਂ ਦੌਰਾਨ ਹਿੰਦੁਸਤਾਨੀਆਂ ਦੇ ਸਰੀਰਕ ਜ਼ਖ਼ਮ ਅਤੇ ਧਨ-ਦੌਲਤਾਂ ਦੇ ਨੁਕਸਾਨ ਦੇ ਖੱਪੇ ਤਾਂ ਭਰ ਗਏ ਹੋਣਗੇ, ਪਰ ਜੋ ਨੁਕਸਾਨ ਉਨ੍ਹਾਂ ਦੀ ਜ਼ਹਿਨੀਅਤ ਜਾਂ ਸੋਚ ਅਤੇ ਸਭਿਅਤਾ ਦਾ ਹੋਇਆ ਉਹ ਤਾਂ ਅਜੇ ਵੀ ਵਿਖਾਈ ਦਿੰਦਾ ਸੀ।
ਹਰ ਵਿਦੇਸ਼ੀ ਹਮਲਾਵਰ ਨੇ ਆਪਣੇ ਦੇਸ਼ ਦੀ ਤਹਿਜ਼ੀਬ ਜਾਂ ਸੰਸਕ੍ਰਿਤੀ, ਬੋਲੀ ਅਤੇ ਧਰਮ ਧੋਸਣ ਦੀ ਭਰਪੂਰ ਕੋਸ਼ਿਸ਼ ਕੀਤੀ ਅਤੇ ਇੱਥੋਂ ਦੇ ਲੋਕਾਂ, ਧਰਮ ਅਤੇ ਸੰਸਕਾਰਾਂ ਨੂੰ ਖੂਬ ਭੰਡਿਆ। (ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਦਾਸ (ਲੇਖਕ) ਹਰ ਗ਼ੈਰ-ਹਿੰਦੁਸਤਾਨੀ ਸ਼ਾਸਕ ਜਿਸ ਨੇ ਇੱਥੇ ਰਹਿ ਕੇ ਸ਼ਾਸਨ ਕੀਤਾ ਜਾਂ ਹਮਲੇ ਕੀਤੇ, ਭਾਵੇਂ ਉਹ ਸੁਲਤਾਨ, ਮੁਗ਼ਲ ਜਾਂ ਅੰਗਰੇਜ਼ ਹੋਏ ਹਨ; ਨੂੰ ਹਮਲਾਵਰ ਅਤੇ ਲੁਟੇਰੇ ਮੰਨਦਾ ਹੈ। ) ਮੁਗ਼ਲ ਹਮਲਾਵਰ ਬਾਬਰ ਆਪਣੀ ਸ੍ਵੈਜੀਵਨੀ ਵਿਚ ਲਿਖਦਾ ਹੈ ਕਿ ਇੱਥੋਂ ਦੇ ਵਸਨੀਕਾਂ ਦੀ ਦਿੱਖ ਸੋਹਣੀ ਨਹੀਂ ਹੈ, ਸਮਾਜਿਕ ਤਾਣਾ-ਬਾਣਾ ਖਰਾਬ ਹੈ, ਕੋਈ ਇਕ ਵੀ ਅਕਲਮੰਦ ਨਹੀਂ ਲੱਗਦਾ, ਹੱਥੀਂ ਕੰਮਕਾਰ ਬੇਕਾਰ ਹਨ, ਚੰਗੀ ਨਸਲ ਦੇ ਘੋੜੇ ਨਹੀਂ ਹਨ, ਨਾ ਹੀ ਕੁੱਤੇ ਚੰਗੀ ਨਸਲ ਦੇ ਮਿਲਦੇ ਹਨ। ਅੰਗੂਰ ਅਤੇ ਖਰਬੂਜੇ ਵੀ ਚੰਗੀ ਕਿਸਮ ਦੇ ਨਹੀਂ ਅਤੇ ਨਾ ਹੀ ਚੰਗਾ ਰੋਟੀ-ਪਾਣੀ ਮਿਲਦਾ ਹੈ। ਇੱਥੇ ਨਾ ਕੋਈ ਵਿਦਿਆਲੇ ਹਨ, ਨਾ ਕੋਈ ਗਰਮ ਪਾਣੀ ਵਾਲੇ ਇਸ਼ਨਾਨ ਘਰ ਅਤੇ ਨਾ ਹੀ ਕਿਤੇ ਚੰਗੇ ਬਾਜ਼ਾਰ ਹਨ। ਕਿਉਂਕਿ ਉਹ ਇਕ ਜੇਤੂ ਸੀ ਇਸ ਕਰਕੇ ਉਸ ਨੇ ਹਿੰਦੁਸਤਾਨ ਦੀ ਹਰ ਸ਼ੈਅ ਨੂੰ ਨਿੰਦਿਆ ਹੋਏਗਾ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਉਹ ਇੱਥੇ ਆਇਆ ਕੀ ਲੈਣ ਸੀ?
ਜੋ ਤਬਾਹੀ ਮੁਸਲਿਮ ਹਮਲਾਵਰ ਬਾਬਰ ਨੇ ਮਚਾਈ ਉਸ ਬਾਬਤ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਕਿਸੇ ਦੂਸਰੇ ਸਮਕਾਲੀ ਸ਼ਖ਼ਸ ਨੇ ਇੱਕ ਸ਼ਬਦ ਵੀ ਨਹੀਂ ਲਿਖਿਆ। ਇਹ ਗੁਰੂ ਨਾਨਕ ਸਾਹਿਬ ਦੀ ਹੀ ਕਲਮ ਸੀ ਜਿਸ ਨੇ ਬਾਬਰ ਨੂੰ ਹਮਲਾਵਰ ਅਤੇ ਪਾਪੀ ਗਰਦਾਨਿਆ ਤੇ ਫੁਰਮਾਇਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ਅਤੇ ਉਸ ਸਾਰੀ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੂ-ਬ-ਹੂ ਦਰਜ ਕੀਤਾ।
ਸੰਨ ੧੫੧੮ ਦੇ ਆਸ-ਪਾਸ ਬਾਬਰ ਨੇ ਅਫ਼ਗਾਨ ਮੁਸਲਿਮ ਕਬੀਲਿਆਂ ਨੂੰ ਹਿੰਦੁਸਤਾਨ ਲੁੱਟਣ ਵਾਸਤੇ ਇਕੱਠਾ ਕੀਤਾ ਅਤੇ ਅਗਲੇ ਸਾਲ ਬਜੌਰ ਦੇ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਇਸ ਬਾਬਤ ਉਹ ਆਪਣੀ ਸ੍ਵੈਜੀਵਨੀ ‘ਬਾਬਰ ਨਾਮਾ’ (ਜਿਸ
ਦਾ ਇਕ ਅੰਗਰੇਜ਼ ਇਤਿਹਾਸਕਾਰ ਇਸਤਰੀ ਮਿਸੇਜ਼ ਬੀਵਰੇਜ ਨੇ ਅੰਗਰੇਜ਼ੀ ਵਿਚ ਤਰਜਮਾ ਕੀਤਾ) ਵਿਚ ਲਿਖਦਾ ਹੈ ਕਿ ਉਸ ਨੇ ਉੱਥੇ ਕਤਲ-ਏ-ਆਮ ਦਾ ਹੁਕਮ ਦੇ ਦਿੱਤਾ, ਕਿਆ ਖੂਬ ਨਜ਼ਾਰਾ ਸੀ ਕਿ ਆਲੇ-ਦੁਆਲੇ, ਗਲੀ-ਮੁਹੱਲਿਆਂ ਅਤੇ ਘਰਾਂ ਵਿਚ ਕਾਫ਼ਰਾਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਦਿੱਸਦੇ ਸਨ। ਇਹ ਕਤਲ-ਏ-ਆਮ ਹਿੰਦੁਸਤਾਨ ਉੱਪਰ ਹਮਲੇ ਦੀ ਇਕ ਝਲਕ ਹੀ ਸੀ ਅਤੇ ਬਹੁਤ ਕੁਝ ਜੋ ਉਸ ਦੇ ਦਿਮਾਗ ਵਿਚ ਜਮ੍ਹਾਂ ਸੀ ਉਸ ਬਾਬਤ ਵੀ ਉਹ ਖ਼ੁਦ ਲਿਖਦਾ ਹੈ ਕਿ ਉਸ ਨੇ ਪੰਜ ਵਾਰ ਗਾਜ਼ੀਆਂ ਦੀ ਫੌਜ ਦੀ ਅਗਵਾਈ ਸੱਤ ਜਾਂ ਅੱਠ ਸਾਲ ਕੀਤੀ ਅਤੇ ਪੰਜਵੀਂ ਵਾਰ ਉਸ ਦੇ ਇੱਕੋ ਹੀ ਹੱਲੇ ਨੇ ਸੁਲਤਾਨ ਇਬਰਾਹੀਮ ਵਰਗੇ ਦੁਸ਼ਮਣ ਨੂੰ ਸਰ ਕਰ ਕੇ ‘ਹਿੰਦ’ ਦੀ ਵਿਸ਼ਾਲ ਹਕੂਮਤ ‘ਤੇ ਕਬਜ਼ਾ ਕਰ ਲਿਆ ਸੀ।
ਅਫਸੋਸ! ਜਦੋਂ ਹਿੰਦੁਸਤਾਨ ਦਾ ਇਤਿਹਾਸ ਅੰਗਰੇਜ਼ੀ ਹਕੂਮਤ ਵੇਲੇ ਦੁਬਾਰਾ ਲਿਖਿਆ ਗਿਆ, ਉਦੋਂ ਵੀ ਹਿੰਦੁਸਤਾਨ ਗ਼ੁਲਾਮ ਸੀ ਅਤੇ ਇਸ ਦੇ ਦੇਸੀ ਅਤੇ ਵਲੈਤੀ ਇਤਿਹਾਸਕਾਰ ਸਮਕਾਲੀ ਹਕੂਮਤ ਦੇ ਸਥਾਪਿਤ ਕਾਨੂੰਨਾਂ ਦੇ ਦਾਇਰੇ ਵਿਚ ਰਹਿ ਕੇ ਹੀ ਲਿਖਦੇ ਰਹੇ, ਜਿਸ ਕਰਕੇ ਅਸੀ ਉਨ੍ਹਾਂ ਸਾਰਿਆਂ ਦੀਆਂ ਲਿਖਤਾਂ ਵਿਚ ਮੁਗ਼ਲਾਂ, ਅੰਗਰੇਜ਼ਾਂ ਅਤੇ ਦੂਜੇ ਹਮਲਾਵਰਾਂ ਦੀਆਂ ਤਾਰੀਫ਼ਾਂ ਦੀਆਂ ਦਾਸਤਾਨਾਂ ਪੜ੍ਹਦੇ ਹਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਵਿਚ ਗ਼ੁਲਾਮੀ ਦੀ ਮਾਨਸਿਕਤਾ ਭਰੀ ਹੋਈ ਹੈ। ਕੋਈ ਹਮਲਾਵਰਾਂ ਨੂੰ ‘ਮਹਾਨ ਮੁਗ਼ਲ’ ਲਿਖਦਾ ਹੈ ਅਤੇ ਕੋਈ ‘ਮਹਾਨ ਅਕਬਰ’ ਅਤੇ ‘ਸਭ ਤੋਂ ਅਕਲਮੰਦ ਸ਼ਾਸਕ ਸ਼ੇਰ ਸ਼ਾਹ ਸੂਰੀ ਅਤੇ ‘ਸਭ ਤੋਂ ਸਥਿਰ ਹਕੂਮਤ ਦੇਣ ਵਾਲਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ’, ‘ਸਭ ਤੋਂ ਵੱਧ ਨਿਆਂ-ਪ੍ਰਸਤ ਜਹਾਂਗੀਰ’ ਆਦਿ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਧਾਰਮਿਕ ਪੁਰਸ਼ ਹੁੰਦਿਆਂ ਹੋਇਆਂ ਉਨ੍ਹਾਂ ਨੂੰ ਇਕ ਪੱਕੇ ਮਨੁੱਖਤਾ-ਪ੍ਰਸਤ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਬਾਬਰ ਦੇ ਹਮਲੇ ਸਮੇਂ ਹਿੰਦੁਸਤਾਨ ਵਿੱਚੋਂ ਕੇਵਲ ਉਨ੍ਹਾਂ ਨੇ ਹੀ ਹਰ ਪਾਸਿਓਂ ਲਤਾੜੀ ਅਤੇ ਦੁਖੀ ਹਿੰਦੁਸਤਾਨ ਦੀ ਜਨਤਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਫੁਰਮਾਇਆ ਸੀ— ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ਉਨ੍ਹਾਂ ਦੀ ਬਾਣੀ ਵਿੱਚੋਂ ਇਸ ਪ੍ਰਕਾਰ ਦੇ ਕਈ ਹਵਾਲੇ ਮਿਲਦੇ ਹਨ।
ਉਪਰੋਕਤ ਲਿਖਤਾਂ ਤੋਂ ਅਸੀਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਵੇਲੇ ਹਿੰਦੁਸਤਾਨ ਦੀ ਜਨਤਾ ਅਤੇ ਖਾਸ ਕਰਕੇ ਹਿੰਦੂਆਂ ਉੱਪਰ ਆਪਣੇ ਰੀਤੀ-ਰਿਵਾਜ, ਸਮਾਜਿਕ ਅਤੇ ਧਾਰਮਿਕ ਵਿਚਾਰਧਾਰਾ ਕਿਸ ਤਰ੍ਹਾਂ ਠੋਸ ਰਹੇ ਸਨ। ਹਿੰਦੂਆਂ ਦਾ ਧਰਮ, ਸੰਸਕ੍ਰਿਤੀ, ਜਾਨ ਅਤੇ ਮਾਲ ਪਿਛਲੇ ਤਿੰਨ ਸੌ ਸਾਲਾਂ ਤੋਂ ਮੁਸਲਿਮ ਸ਼ਾਸਕਾਂ ਦੇ ਰਹਿਮ-ਓ-ਕਰਮ ‘ਤੇ ਹੀ ਨਿਰਭਰ ਸੀ। ਉਸ ਵੇਲੇ ਤੁਰਕਾਂ ਅਤੇ ਅਫ਼ਗਾਨਾਂ ਵਿਚਕਾਰ ਹਿੰਦੁਸਤਾਨ ਨੂੰ
ਲੁੱਟਣ ਅਤੇ ਉੱਥੇ ਆਪਣਾ ਰਾਜ-ਭਾਗ ਕਾਇਮ ਕਰਨ ਦੀ ਰਾਜਨੀਤਿਕ ਭੱਜ-ਦੌੜ ਲੱਗੀ ਹੋਈ ਸੀ ਭਾਵੇਂ ਉਹ ਦੋਵੇਂ ਕੌਮਾਂ ਮੁਸਲਮਾਨ ਸਨ। ਇਸ ਕਰ ਕੇ ਉਨ੍ਹਾਂ ਦੋਹਾਂ ਕੌਮਾਂ ਦੇ ਨੇਤਾ ਆਪੋ-ਆਪਣੇ ਇਲਾਕਿਆਂ ਵਿੱਚੋਂ ਹਿੰਦੁਸਤਾਨ ਖ਼ਿਲਾਫ ‘ਜੇਹਾਦ’ ਦਾ ਨਾਅਰਾ ਲਾ ਕੇ ਹਜ਼ਾਰਾਂ ਜੇਹਾਦੀ ਇਕੱਠੇ ਕਰ ਲੈਂਦੇ ਅਤੇ ਹਿੰਦੁਸਤਾਨ ਵਿੱਚੋਂ ‘ਕਾਫਰਾਂ’ ਨੂੰ ਖ਼ਤਮ ਕਰਨ ਲਈ ਵਧੀਆ ਤੋਂ ਵਧੀਆ ਹਥਿਆਰ ਲੈ ਕੇ ਇੱਧਰ ਕੂਚ ਕਰਦੇ। ਇਸੇ ਸੋਚ ਅਤੇ ਤੱਥ ਤਹਿਤ ਇਕ ਪਾਸੇ ਉਹ ਹਿੰਦੂਆਂ ਨੂੰ ਕਤਲ ਕਰਦੇ ਅਤੇ ਦੂਜੇ ਪਾਸੇ ਖੂਬ ਲੁੱਟ-ਮਾਰ ਵੀ ਕਰਦੇ। ਇਸ ਤੋਂ ਇਲਾਵਾ ਕਈ ਵਾਰ ਉਹ ਮੁਸਲਿਮ ਸ਼ਾਸਕਾਂ ਨੂੰ ਵੀ ਇਸ ਬਹਾਨੇ ਸੋਧਾ ਲਾਉਂਦੇ ਕਿ ਉਹ ‘ਹਿੰਦੂ-ਪ੍ਰਸਤ’ ਜਾਂ ਉਨ੍ਹਾਂ ਪ੍ਰਤੀ ਨਰਮ ਸਨ। ਦੋਹਾਂ ਹਾਲਤਾਂ ਵਿਚ ਸ਼ਾਮਤ ਹਿੰਦੂਆਂ ਦੀ ਹੀ ਆਉਂਦੀ ਸੀ। ਐਸੀ ਹਾਲਤ ਵਿਚ ਹਿੰਦੂਆਂ ਨੇ ਚੁਪ-ਚੁਪੀਤੇ ਅਤੇ ਬਗ਼ੈਰ ਕਿਸੇ ਹੀਲ-ਹੁੱਜਤ ਕੀਤਿਆਂ ਆਪਣੇ ਆਪ ਨੂੰ ਵੀ ਨਵੇਂ ਮਾਹੌਲ ਵਿਚ ਗੁਜ਼ਾਰੇ ਕਰਨ ਮੁਤਾਬਕ ਢਾਲ ਲਿਆ ਸੀ। ਉਹ ਮੁਸਲਿਮ ਧਰਮ, ਸਮਾਜਿਕ ਰਹੁ-ਰੀਤਾਂ ਅਤੇ ਬੋਲੀ ਅਪਨਾਉਣ ਲੱਗ ਪਏ ਸਨ।
ਬਾਬਰ ਦੇ ਹਮਲੇ ਸਮੇਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਲੋਕਾਈ ਲਈ ਕੇਵਲ ਹਾਅ ਦਾ ਨਾਹਰਾ ਹੀ ਨਹੀਂ ਮਾਰਿਆ, ਸਗੋਂ ਬਾਬਰ ਨੂੰ ਇਕ ਖੂੰਖਾਰ, ਜ਼ਾਲਮ ਅਤੇ ਲੁਟੇਰਾ ਵੀ ਕਿਹਾ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਤਿਲੰਗ ਰਾਗ ਅੰਦਰ ਇਹ ਸ਼ਬਦ ਪੜਦੇ ਹਾਂ— ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਤਾਂ ਉਦੋਂ ਸ੍ਰੀ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਸ ਤਰ੍ਹਾਂ ਦੀ ਬਾਣੀ ਦਾ ਸੰਦੇਸ਼ ਉਨ੍ਹਾਂ ਨੂੰ ਪਰਮਾਤਮਾ ਵੱਲੋਂ ਹੋਇਆ ਹੈ ਉਸ ਨੂੰ ਉਸੇ ਤਰ੍ਹਾਂ ਉਹ ਤੁਹਾਡੇ ਸਾਹਮਣੇ ਰੱਖ ਰਹੇ ਹਨ। ਸਦੀਆਂ ਦੀ ਨੀਂਦ ਵਿਚ ਸੁੱਤੇ ਹਿੰਦੁਸਤਾਨੀਆਂ ਨੂੰ ਜਗਾਉਣ ਵਾਲੀ ਬਾਣੀ ਦੀ ਰਚਨਾ ਅਜ਼ਾਦ ਅਤੇ ਬੇ-ਖ਼ੌਫ਼ ਮਾਨਸਿਕਤਾ ਦੀ ਦੇਣ ਹੈ। ਇਸੇ ਤੱਥ ਨੂੰ ਪਛਾਣਦਿਆਂ ਹੋਇਆਂ ਅਲਾਮਾ ਇਕਬਾਲ, ਇਕ ਕੱਟੜ ਮੁਸਲਮਾਨ ਲੇਖਕ ਹੁੰਦਿਆਂ ਹੋਇਆਂ ਵੀ ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਲਿਖ ਗਏ- “ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ। ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖ੍ਵਾਬ ਸੇ। ”
-ਕਿਰਪਾਲ ਸਿੰਘ
(ਸਾਬਕਾ ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ, ਅੰਮ੍ਰਿਤਸਰ;
ਫ਼ੋਨ: 9855035355)
