ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਕਾਰ ਲੁਹਾਉਣ ਦੇ ਮਾਮਲੇ ਵਿੱਚ ਮੰਗੀ ਗਈ ਮੁਆਫੀ

ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਕਰਵਾਈਆਂ ਜਾਂਦੀਆਂ ਮੁਕਾਬਲਾ ਪ੍ਰੀਖਿਆਵਾਂ ਦੌਰਾਨ ਅਕਸਰ ਹੀ ਇਹ ਮਾਮਲੇ ਸਾਹਮਣੇ ਆਉਂਦੇ ਹਨ ਕਿ ਸਿੱਖ ਪ੍ਰੀਖਿਆਰਥੀਆਂ ਦੇ ਕਕਾਰ ਕੜੇ ਜਾਂ ਕਿਰਪਾਨ ਲੁਹਾਏ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਸਹੀ ਚੈਨਲ ਰਾਹੀਂ ਰਿਪੋਰਟ ਦਰਜ ਕਰਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਢੁਕਵੀਂ ਕਾਰਵਾਈ ਯਕੀਨੀ ਬਣਾਈ ਜਾ ਸਕੇ।
ਅਜਿਹਾ ਹੀ ਇੱਕ ਮਾਮਲਾ ਬੀਤੇ ਸਮੇਂ ਵੀ.ਐੱਮ. ਸੀਨੀਅਰ ਸੈਕੰਡਰੀ ਸਕੂਲ ਫ਼ਰੀਦਾਬਾਦ ਤੋਂ ਸਾਹਮਣੇ ਆਇਆ ਸੀ ਜਿੱਥੇ ਮਿਤੀ 11 ਮਾਰਚ 2026 ਨੂੰ ਸੀ.ਯੂ.ਈ.ਟੀ (ਪੀਜੀ) 2026 ਇਮਤਿਹਾਨ ਦੌਰਾਨ ਇੱਕ ਸਿੱਖ ਪ੍ਰੀਖਿਆਰਥੀ ਨੂੰ ਕੜਾ ਉਤਾਰਨ ਲਈ ਮਜ਼ਬੂਰ ਕੀਤਾ ਗਿਆ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਰਾਹੀਂ ਐੱਨਟੀਏ ਨੂੰ ਨੋਟਿਸ ਭੇਜਿਆ ਸੀ।
ਹੁਣ ਐੱਨਟੀਏ ਦੀ ਤਰਫੋਂ ਐਡਵੋਕੇਟ ਅਰੁਣ ਗੋਸੈਨ ਨੇ ਸ਼੍ਰੋਮਣੀ ਕਮੇਟੀ ਦੇ ਨੋਟਿਸ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ, “ਐੱਨਟੀਏ ਦੀ ਹਦਾਇਤਾਂ ਵਿੱਚ ਸਿੱਖ ਪ੍ਰੀਖਿਆਰਥੀਆਂ ਨੂੰ ਧਾਰਮਿਕ ਚਿੰਨ੍ਹ ਜਿਵੇਂ ਕਿ ਕਿਰਪਾਨ ਜਾਂ ਕੜਾ ਪਾ ਕੇ ਇਮਤਿਹਾਨ ਦੇਣ ਦੀ ਪ੍ਰਵਾਨਗੀ ਹੈ ਪਰ ਇਸ ਲਈ ਉਨ੍ਹਾਂ ਨੂੰ ਸੁਰੱਖਿਆ ਸਕ੍ਰੀਨਿੰਗ ਰਾਹੀਂ ਲੰਘਣਾ ਪਵੇਗਾ। ਇਸ ਸਬੰਧੀ ਸ਼ਿਕਾਇਤ ਮਿਲਣ ਉਪਰੰਤ ਐੱਨਟੀਏ ਵੱਲੋਂ ਇਸ ਮਾਮਲੇ ਦੀ ਘੋਖ ਕਰਵਾਈ ਗਈ ਜਿਸ ਵਿੱਚ ਪਾਇਆ ਗਿਆ ਕਿ ਚੈਕਿੰਗ ਦੌਰਾਨ ਜਾਗਰੂਕਤਾ ਦੀ ਕਮੀ ਅਤੇ ਬਿਨਾਂ ਕਿਸੇ ਮੰਦ ਭਾਵਨਾ ਦੇ ਇੱਕ ਸੁਰੱਖਿਆ ਗਾਰਡ ਵੱਲੋਂ ਗਲਤੀ ਨਾਲ ਪ੍ਰੀਖਿਆਰਥੀ ਨੂੰ ਕੜਾ ਉਤਾਰਨ ਲਈ ਆਖ ਦਿੱਤਾ ਗਿਆ ਸੀ। ਇਹ ਕਾਰਵਾਈ ਨਾਲ ਤਾਂ ਜਾਣਬੁੱਝ ਕੇ ਕੀਤੀ ਗਈ ਅਤੇ ਨਾ ਹੀ ਐੱਨਟੀਏ ਦੀਆਂ ਹਦਾਇਤਾਂ ਅਨੁਸਾਰੀ ਹੈ।
ਐੱਨਟੀਏ ਦਾ ਓਬਜ਼ਰਬਰ ਪ੍ਰੀਖਿਆ ਸਥਾਨ ਉੱਤੇ ਮੌਜੂਦ ਸੀ ਪਰੰਤੂ ਉਹ ਕੁਝ ਸਮੇਂ ਲਈ ਬਾਓਮੈਟਰਿਕ ਤਸਦੀਕ ਦਾ ਪ੍ਰਬੰਧ ਤਹਿਤ ਆਰਜ਼ੀ ਤੌਰ ਉੱਤੇ ਰੁੱਝਿਆ ਸੀ। ਮਾਮਲੇ ਨੂੰ ਮੌਕੇ ਉੱਤੇ ਨਜਿੱਠਿਆ ਗਿਆ ਅਤੇ ਕਿਸੇ ਵੀ ਪ੍ਰੀਖਿਆਰਥੀ ਨੂੰ ਇਮਤਿਹਾਨ ਦੇਣ ਦੇ ਮੌਕੇ ਤੋਂ ਵਾਂਝਾ ਨਹੀਂ ਰੱਖਿਆ ਗਿਆ।
ਸਬੰਧਤ ਸੁਰੱਖਿਆ ਗਾਰਡ ਨੇ ਲਿਖਤੀ ਮੁਆਫ਼ੀ ਵੀ ਦਿੱਤੀ ਹੈ ਜਿਸ ਵਿੱਚ ਉਸ ਨੇ ਅਣਜਾਣੇ ਵਿੱਚ ਹੋਈ ਭੁੱਲ ਪਿੱਛੇ ਜਾਗਰੂਕਤਾ ਦੀ ਘਾਟ ਦੀ ਗੱਲ ਆਖੀ ਹੈ। ਸਬੰਧਤ ਇਮਤਿਹਾਨ ਕੇਂਦਰ ਦੇ ਸੁਪਰਡੰਟ, ਸ਼ਹਿਰ ਦੇ ਕੋਆਰਡੀਨੇਟਰ ਅਤੇ ਸਬੰਧਤ ਸਾਰੇ ਸਟਾਫ ਨੂੰ ਐੱਨਟੀਏ ਹਦਾਇਤਾਂ ਅਨੁਸਾਰ ਧਾਰਮਿਕ ਭਾਵਨਾਵਾਂ ਦਾ ਖਿਆਲ ਸਖਤੀ ਨਾਲ ਰੱਖਣ ਲਈ ਨਿਰਦੇਸ਼ ਦੇ ਦਿੱਤੇ ਗਏ ਹਨ।
ਕੋਨਟ੍ਰੈਕਟ ਉੱਤੇ ਕੰਮ ਕਰਦੇ ਇੱਕ ਸੁਰੱਖਿਆ ਗਾਰਡ ਵੱਲੋਂ ਅਜਿਹੀ ਅਣਜਾਣੇ ਵਿੱਚ ਕੀਤੀ ਕਾਰਵਾਈ ਨੂੰ ਐੱਨਟੀਏ ਵੱਲੋਂ ਸੰਵਿਧਾਨ ਦੀ ਉਲੰਘਣਾ ਵਜੋਂ ਨਹੀਂ ਮੰਨਿਆ ਜਾ ਸਕਦਾ। ਇਸ ਘਟਨਾ ਵਿੱਚ ਮੰਦ ਭਾਵਨਾ ਨਾਲ ਜਾਣਬੁੱਝ ਕੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਹੈ ਅਤੇ ਸੰਸਥਾ ਵੱਲੋਂ ਵੀ ਅਜਿਹਾ ਕੋਈ ਆਦੇਸ਼ ਨਹੀਂ ਕੀਤਾ ਗਿਆ ਜੋ ਸਿੱਖ ਪ੍ਰੀਖਿਆਰਥੀਆਂ ਨੂੰ ਉਨ੍ਹਾਂ ਦੇ ਧਾਰਮਿਕ ਕਕਾਰ ਪਹਿਨਣ ਤੋਂ ਰੋਕਦਾ ਹੋਵੇ। ਇਸ ਲਈ ਜਾਣਬੁੱਝ ਕੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਨਕਾਰਿਆ ਜਾਂਦਾ ਹੈ।”
ਇਸ ਮਾਮਲੇ ਉੱਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਵੱਖ-ਵੱਖ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰ ਉਤਾਰੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਮਗਰੋਂ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਅਜਿਹੀਆਂ ਘਟਨਾਵਾਂ ਦੀ ਮੁਆਫ਼ੀ ਮੰਗਦਿਆਂ ਭਵਿੱਖ ਵਿਚ ਅਜਿਹਾ ਨਾ ਹੋਣ ਸਬੰਧੀ ਪੱਤਰ ਭੇਜਿਆ ਗਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮਾਮਲਾ ਹੈ, ਅੱਗੇ ਤੋਂ ਕਿਸੇ ਵੀ ਸਿੱਖ ਵਿਦਿਆਰਥੀ ਨਾਲ ਅਜਿਹਾ ਨਾ ਹੋਵੇ ਇਸ ਲਈ ਸਬੰਧਤ ਏਜੰਸੀ ਨੂੰ ਪਬਲਿਕ ਨੋਟਿਸ ਰਾਹੀਂ ਆਪਣੀਆਂ ਹਦਾਇਤਾਂ ਸਪੱਸ਼ਟ ਕਰਨ ਲਈ ਆਖਿਆ ਗਿਆ ਹੈ।

ਜਸਕਰਨ ਸਿੰਘ