ਹਲਕਾ ਸ਼ਾਹਕੋਟ/ਨਕੋਦਰ ਗੁ: ਬਾਬਾ ਸੁਖਚੈਨ ਦਾਸ ਜੀ ਬਾਜਵਾਂ ਕਲਾਂ ਵਿਖੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਸੰਬੰਧੀ ਗ੍ਰੰਥੀ ਸਿੰਘਾਂ, ਪ੍ਰਬੰਧਕ ਕਮੇਟੀਆਂ ਅਤੇ ਸਭਾ ਸੁਸਾਇਟੀਆਂ ਵੱਲੋਂ ਇਕੱਤਰਤਾ

ਹਲਕਾ ਸ਼ਾਹਕੋਟ/ਨਕੋਦਰ ਗੁ: ਬਾਬਾ ਸੁਖਚੈਨ ਦਾਸ ਜੀ ਬਾਜਵਾਂ ਕਲਾਂ ਵਿਖੇ ਜਥੇਦਾਰ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਅਗਵਾਈ ਹੇਠ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਸੰਬੰਧੀ ਗ੍ਰੰਥੀ ਸਿੰਘਾਂ, ਪ੍ਰਬੰਧਕ ਕਮੇਟੀਆਂ ਅਤੇ ਸਭਾ ਸੁਸਾਇਟੀਆਂ ਵੱਲੋਂ ਇਕੱਤਰਤਾ
ਇਸ ਇਕੱਤਰਤਾ ਵਿੱਚ ਐਕਟ ਉੱਤੇ ਗੰਭੀਰ ਵਿਚਾਰ-ਵਟਾਂਦਰਾ ਕਰਦਿਆਂ ਵਿਚਾਰਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਨ ਵਾਲਿਆਂ ਪ੍ਰਤੀ ਸਖ਼ਤ ਕਾਨੂੰਨ ਬਣਾ ਕੇ ਸਖ਼ਤ ਸਜਾ ਦਾ ਵਿਧਾਨ ਹੋਣਾ ਚਾਹੀਦਾ ਹੈ। ਪਰ, ਇਸ ਦੇ ਨਾਲ ਹੀ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ, ਗ੍ਰੰਥੀ ਸਿੰਘਾਂ, ਗੁਰਦੁਆਰਾ ਕਮੇਟੀਆਂ ਤੇ ਸੰਗਤ ਨੂੰ ਮਰਯਾਦਾ ਵਿੱਚ ਗਲਤੀ ਨਾਲ ਹੋਈ ਕੁਤਾਹੀ ਕਾਰਨ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਨਿੰਦਣਯੋਗ ਹੈ। ਉਨ੍ਹਾਂ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਇਸ ਮਸਲੇ ’ਤੇ ਪੁਨਰ-ਵਿਚਾਰ ਕਰਨ ਦਾ ਮਸ਼ਵਰਾ ਪੇਸ਼ ਕਰਦਿਆਂ ਸਿੱਖ ਭਾਵਨਾ ਅਨੁਸਾਰ ਕਾਨੂੰਨ ਵਿੱਚ ਸੋਧਾਂ ਦੀ ਮੰਗ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾਦਾਰ ਧਿਰ ਗ੍ਰੰਥੀ ਸਿੰਘ ਗੁਰੂ ਸਾਹਿਬ ਜੀ ਦੀ ਸੇਵਾ ਲਈ ਦਿਨ-ਰਾਤ ਤਤਪਰ ਹਨ ਇਸ ਲਈ ਉਨ੍ਹਾਂ ਅੰਦਰ ਇਸ ਕਾਨੂੰਨ ਰਾਹੀਂ ਸੇਵਾ-ਸੰਭਾਲ ਕਰਨ ਸੰਬੰਧੀ ਸਹਿਮ ਨਹੀਂ ਪੈਦਾ ਕਰਨਾ ਚਾਹੀਦਾ। ਇਸ ਇਕੱਤਰਤਾ ਵਿੱਚ ਸਿੱਖਾਂ ਦੇ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੱਦਾਂ ਨੂੰ ਬਦਲਣ ਸੰਬੰਧੀ ਸਰਕਾਰ ਨੂੰ ਕੀਤੀਆਂ ਹਦਾਇਤਾਂ ’ਤੇ ਗੌਰ ਕਰਨ ਦੀ ਮੰਗ ਕੀਤੀ। ਇਸ ਵਿਸ਼ੇਸ਼ ਇਕੱਤਰਤਾ ਵਿੱਚ ਜੂਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁ: ਪ੍ਰ: ਕਮੇਟੀ ਸ. ਬਲਦੇਵ ਸਿੰਘ ਕਲਿਆਣ, ਇੰ : ਸ. ਜਸਵੰਤ ਸਿੰਘ, ਭਾਈ ਮਨਪ੍ਰੀਤ ਸਿੰਘ ਡੱਲਾ, ਪ੍ਰਚਾਰਕ ਭਾਈ ਜਗਦੇਵ ਸਿੰਘ ਗੋਇੰਦਵਾਲ ਸਾਹਿਬ, ਭਾਈ ਸਤਭਾਗ ਸਿੰਘ, ਭਾਈ ਮੇਜਰ ਸਿੰਘ, ਕਵੀਸ਼ਰ ਭਾਈ ਜਸਬੀਰ ਸਿੰਘ ਝੰਡੇਰ, ਭਾਈ ਬਲਵਿੰਦਰ ਸਿੰਘ ਬਹਿਲਾ, ਰਿਕਾਰਡ ਕੀਪਰ ਸ. ਸ਼ਮਿੰਦਰ ਸਿੰਘ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।