ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥
ਅੰਗ-1404
ਆਮ ਸੋਚ ਅਨੁਸਾਰ ਵਾਹਿਗੁਰੂ, ਅਕਾਲਪੁਰਖ ਪ੍ਰਮਾਤਮਾ ਹੈ ਜੋ ਇਸ ਸਰਿਸ਼ਟੀ ਨੂੰ ਰਚਣ ਵਾਲੀ, ਜੀਵਾਂ ਨੂੰ ਉਪਜੀਵਕਾ ਬਖ਼ਸ਼ਣ ਵਾਲੀ ਅਤੇ ਵਿਨਾਸ਼ ਕਰਨ ਵਾਲੀ ਅਗੰਮੀ ਸ਼ਕਤੀ ਹੈ। ਵਿਚਾਰ ਰੂਪ ਵਿੱਚ ਵਾਹਿਗੁਰੂ ਘਟ ਘਟ ਵਿੱਚ ਸਮਾਇਆ ਹੋਇਆ ਹੈ, ਹਰ ਚੀਜ਼ ਵਿੱਚ ਰਮਿਆ ਹੋਇਆ ਹੈ ਅਤੇ ਸਾਰਾ ਦਿਸਦਾ ਅਣਦਿਸਦਾ ਪਸਾਰਾ ਉਸ ਦੇ ਹੁਕਮ ਵਿੱਚ ਚਲ ਰਿਹਾ ਹੈ।
ਗੁਰਬਾਣੀ ਅਨੁਸਾਰ ਵਾਹਿਗੁਰੂ ਦੀ ਸੰਖੇਪ ਜਹੀ ਪ੍ਰੀਭਾਸ਼ਾ ਗੁਰੂ ਨਾਨਕ ਦੇਵ ਜੀ ਨੇ ਜੋ ਬਖ਼ਸ਼ਿਸ਼ ਰੂਪ ਵਿੱਚ ਪ੍ਰਦਾਨ ਕੀਤੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਰੰਭਵਿੱਚ ਅੰਕਤ ਹੈ ਅਤੇ ਜਿਸ ਨੂੰ ਸਿੱਖ ਜਗਤ ਵਿੱਚ ਮੂਲ ਮੰਤ੍ਰ ਕਰਕੇ ਜਾਣਿਆ ਅਤੇ ਸਤਿਕਾਰਿਆ ਜਾਂਦਾ ਹੈ। ਉਸ ਅਨੁਸਾਰ ਅਕਾਲਪੁਰਖ ਵਾਹਿਗੁਰੂ ਇਕ ਹੈ, ਉਸ ਦਾ ਨਾਂ ਸੱਚਾ ਹੈ, ਤੇ ਸਦੀਵੀ ਹੋਂਦ ਵਾਲਾ ਹੈ। ਉਹ ਸੰਸਾਰ ਦਾ ਰਚਣਹਾਰਾ ਹੈ ਅਤੇ ਸਭ ਵਿੱਚ ਵਿਆਪਕ ਹੈ। ਵਾਹਿਗੁਰੂ ਦੀ ਇਹ ਵੀ ਸਿਫਤ ਹੈ ਕਿ ਉਹ ਡਰ ਭਉ ਤੋਂ ਰਹਿਤ ਹੈ ਅਤੇ ਕਿਸੇ ਨਾਲ ਵੈਰ ਵਿਰੋਧ ਨਹੀਂ ਰਖਦਾ। ਪ੍ਰਮਾਤਮਾ ਦਾ ਸਰੂਪ ਮੌਤ, ਕਾਲ ਤੋਂ ਉੱਤੇ ਹੈ ਅਤੇ ਵਿਨਾਸ਼ ਨਾ ਹੋਣ ਕਾਰਨ ਉਹ ਜੂਨਾਂ ਵਿੱਚ ਵੀ ਨਹੀਂ ਆਉਂਦਾ। ਵਾਹਿਗੁਰੂ ਦਾ ਪਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਸਤਿਗੁਰੂ ਦੀ ਬਖ਼ਸ਼ਸ਼ ਅਤੇ ਕਿਰਪਾ ਦਰਿਸ਼ਟੀ ਸਦਕਾ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਵਿੱਚ ਇਨ੍ਹਾਂ ਭਾਵਾਂ ਨੂੰ ਨਿਮਨ ਸ਼ਬਦਾਂ ਦੁਆਰਾ ਬਿਆਨ ਕੀਤਾ ਗਿਆ ਹੈ: ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’ ਸਮੁਚੇ ਜਪਜੀ ਸਾਹਿਬ ਵਿੱਚ ਜਾਂ ਇਵੇਂ ਕਹਿ ਲਵੋ ਸਾਰੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲਪੁਰਖ ਵਾਹਿਗੁਰੂ ਦੇ ਅਨੰਤ ਗੁਣਾਂ ਦਾ ਵੱਖ ਵੱਖ ਢੰਗਾਂ ਵਿੱਚ ਵਰਨਣ ਹੈ, ਉਹ ਮੁੱਢ ਕਦੀਮ ਤੋਂ ਸੱਚੀ ਹੋਂਦ ਵਾਲਾ ਹੈ, ਜੁਗਾਂ ਤੋਂ ਪਹਿਲੇ ਤੋਂ ਵੀ ਮੌਜੂਦ ਹੈ ਤੇ ਸੱਚਾ ਹੈ, ਅੱਜ ਵੀ ਉਸਦਾ ਹੀ ਪ੍ਰਤਾਪ ਹੈ ਅਤੇ ਅੱਗੇ ਲਈ ਵੀ ਇਸ ਸਚ ਦੇ ਸਵਾਮੀ ਪ੍ਰਮਾਤਮਾ ਦੀ ਹਸਤੀ ਤੇਜ ਮਾਨ ਰੂਪ ਵਿੱਚ ਬਰਕਰਾਰ ਰਹੇਗੀ।
ਗੁਰਬਾਣੀ ਵਿੱਚ ਅਤੇ ਵਿਸ਼ੇਸ਼ ਕਰਕੇ ਜਪੁਜੀ ਸਾਹਿਬ ਵਿੱਚ ਸਪੱਸ਼ਟ ਰੂਪ ਵਿੱਚ ਫਰਮਾਇਆ ਗਿਆ ਹੈ ਕਿ ਵਾਹਿਗੁਰੂ ਬਾਰੇ ਜੋ ਕੁਝ ਵੀ ਕਿਹਾ ਜਾਵੇ ਜਾਂ ਅਨੁਮਾਨ
ਲਗਾਇਆ ਜਾਵੇ, ਉਹ ਇਕ ਤੁਛ ਜਿਹਾ ਪ੍ਰਯਤਨ ਹੀ ਹੋ ਸਕਦਾ ਹੈ ਕਿਉਂਕਿ ਵਾਹਿਗੁਰੂ ਅਤੇ ਉਸਦੇ ਗੁਣਾਂ ਬਾਰੇ ਸਹੀ ਅਨੁਮਾਨ ਲਗਾਉਣਾ ਮਨੁੱਖੀ ਸੋਚ ਤੋਂ ਬਹੁਤ ਪਰੇ ਦੀ ਗੱਲ ਹੈ। ਉਹ ਹਰ ਹਿਰਦੇ ਵਿੱਚ ਸਮਾਇਆ ਹੋਇਆ ਹੈ, ਕਣ ਕਣ ਵਿੱਚ ਰਮਿਆ ਹੋਇਆ ਹੈ, ਉਹ ਜਗਤ ਦੇ ਸਾਰੇ ਪਸਾਰੇ ਵਿੱਚ ਬਿਰਾਜਮਾਨ ਹੈ ਅਤੇ
ਸਮੁੱਚਾ ਜਗਤ ਉਸਦੇ ਅੰਦਰ ਵਸਿਆ ਹੋਇਆ ਹੈ:
ਇਹ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥
ਪ੍ਰਮਾਤਮਾ ਇਸ ਸਾਰੀ ਕਾਇਨਾਤ, ਮਖਲੂਕਾਤ ਅਤੇ ਸ੍ਰਿਸ਼ਟੀ ਦਾ ਕਰਤਾ, ਧਰਤਾ ਅਤੇ ਹਰਤਾ ਹੈ ਪਰ ਆਪ ਅਬਿਨਾਸ਼ੀ ਹੈ ਤੇ ਸਰਬ ਵਿਆਪੀ ਵੀ। ਮਨੁੱਖੀ ਸੋਚ ਕੁਝ ਵੀ ਕਹੇ, ਉਸ ਪਾਰਬ੍ਰਹਮ ਨੂੰ ਲਖ ਨਹੀਂ ਸਕਦੀ। ‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ’। ਪ੍ਰਮਾਤਮਾ ਸਾਰੀਆਂ ਸਰਿਸਟੀਆਂ ਦਾ ਸਵਾਮੀ ਹੈ ਅਤੇ ਉਸ ਦੀ ਹੋਂਦ ਕਿਸੇ ਇਕ ਕੌਮ, ਇਕ ਦੇਸ਼ ਤੇ ਇਕ ਧਰਮ ਤਕ ਸੀਮਤ ਨਹੀਂ, ਸਰਬ ਪਸਾਰਾ ਉਸ ਦਾ ਆਪਣਾ ਹੈ। ਕੋਈ ਸਥਾਨ, ਕੋਈ ਵਸਤੂ ਉਸ ਦੇ ਹੁਕਮ ਤੋਂ ਬਾਹਰ ਨਹੀਂ। ਸਭ ਕੁਝ ਵਿੱਚ ਉਸ ਦੀ ਹਸਤੀ ਦਾ ਜਲਵਾ ਰੂਪਮਾਨ ਹੈ। ਗੁਰਬਾਣੀ ਅਨੁਸਾਰ ਪ੍ਰਮਾਤਮਾ ਦੇ ਨੂਰ ਤੋਂ ਹੀ ਸਭ ਜਗ ਉਪਜਿਆ ਹੈ। ਗੁਰੂ ਗੋਬਿੰਦ ਸਿੰਘ ਜੀ ਅਕਾਲ ਉਸਤਤ ਵਿੱਚ ਅਕਾਲਪੁਰਖ ਦੀ ਅਪਾਰ ਹਸਤੀ ਦਾ ਵਖਿਆਨ ਕਰਦਿਆਂ ਫਰਮਾਉਂਦੇ ਹਨ:
ਜੈਸੇ ਏਕ ਨਾਦ ਤੇ ਤਰੰਗ ਕੋਟਿ ਉਪਜਤ ਹੈਂ ਪਾਨਿ ਕੇ ਤਰੰਗ ਸਬੈ ਪਾਨਿ ਹੀ ਕਹਾਹਿੰਗੇ ॥ ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ, ਤਾਂਹੀ ਤੇ ਉਪਜ ਸਬੈ ਤਾਂਹੀ ਮੈਂ ਸਮਾਹਿੰਗੇ॥
ਗੁਰਬਾਣੀ ਅਨੁਸਾਰ ਅਸੀਂ ਅਕਾਲਪੁਰਖ ਦੀ ਅੰਸ਼ ਹਾਂ ਤੇ ਉਹ ਸਾਡੀ ਹਰ ਸਮੇਂ ਹਰ ਪਰਕਾਰ ਦੀ ਰੱਖਿਆ ਕਰ ਰਿਹਾ ਹੈ, ਇਹ ਉਸ ਦਾ ਬਿਰਦ ਹੈ। ਉਸ ਦਾ ਅੰਤ ਪਾਉਣਾ ਸਾਡੇ ਲਈ ਅਸੰਭਵ ਹੈ।
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ॥
ਅੰਗ-25
ਸੰਖੇਪ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਅਕਾਲਪੁਰਖ ਦਾ ਭੇਦ ਪਾਉਣਾ ਮਨੁੱਖੀ ਸੋਚ ਦੇ ਵਸ ਦੀ ਗੱਲ ਨਹੀਂ ਹਾਂ ਉਸ ਅਲਖ, ਅਗੋਚਰ ਤੇ ਅਪਾਰ ਸਵਾਮੀ ਦੇ ਗੁਣ ਗਾਇਨ ਕਰਕੇ ਉਸ ਦੀ ਹਸਤੀ ਦੇ ਅਹਿਸਾਸ ਨਾਲ ਨਾਤਾ ਜੋੜ ਕੇ ਸਦੀਵੀ ਆਨੰਦ ਲਿਆ ਜਾ ਸਕਦਾ ਹੈ।
ਤੂ ਅਕਾਲਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ॥
ਅੰਗ -1038
ਸ. ਸਰੂਪ ਸਿੰਘ ਅਲੱਗ
