views 2 secs 0 comments

ਗ੍ਰੰਥੀ ਸਿੱਖ : ਪਦ ਪਦਵੀ

ਲੇਖ
May 27, 2026

ਹਰ ਧਰਮ ਵਿਚ ਧਰਮ ਦੇ ਸਿਧਾਂਤਾਂ ਤੇ ਉਹਨਾਂ ਤੇ ਠੀਕ ਠੀਕ ਅਮਲ-ਦਰਾਮਦ ਲਈ, ਧਰਮ ਦੇ ਬਾਨੀਆਂ ਵੱਲੋਂ ਪਰਚਾਰ ਪਰਸਾਰ ਦਾ ਸਿਲਸਿਲਾ ਕੀਤਾ ਗਿਆ ਹੈ।

ਈਸਾਈ, ਮਿਸ਼ਨਰੀ, ਮੁਸਲਿਮ, ਮੌਲਾਨੇ, ਹਿੰਦੂ ਪੰਡਤ ਤੇ ਪੁਜਾਰੀ, ਯਹੂਦੀ ਰਬੀ, ਬੋਧੀ ਭਿਕਸ਼ੂ, ਜੈਨ ਅਚਾਰੀਆ ਆਦਿਕ। ਸਭ ਪਰਾਪਾਟੀਆਂ ਧਰਮ ਦੇ ਸੱਚੇ ਸੁਚੇ ਸਾਰ ਦਾ ਪਰਵਾਹ ਨਿਰੰਤਰ ਜਾਰੀ ਰੱਖਣ ਦੀ ਲੋਚਾ ਤੇ ਪ੍ਰਗਟਾਵੇ ਮਾਤਰ ਹਨ। ਸਿੱਖ ਧਰਮ ਵਿਚ ਗ੍ਰੰਥੀ ਪਦਵੀ ਉਪਰੋਕਤ ਸ਼੍ਰੇਣੀਆਂ ਵਿਚੋਂ ਹੁੰਦੀ ਹੋਈ ਵੀ, ਵਿਲੱਖਣ ਤੇ ਵਧੇਰੇ ਪ੍ਰਭਾਵਸ਼ਾਲੀ ਹੈ। ਦੇਸ ਪਰਦੇਸ਼ ਵਿਚ, ਪਿੰਡਾਂ, ਸ਼ਹਿਰਾਂ, ਵਿਚ ਗੁਰ ਅਸਥਾਨਾਂ ਦੀ ਸੇਵਾ ਸੰਭਾਲ ਵਿਚ ਲੱਗੇ, ਖਾਲਸੇ ਦੇ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਠੇ ਪਹਿਰ, ਤਾਬਿਆਦਾਰੀ ਕਰਕੇ ਗ੍ਰੰਥੀ ਸਾਹਿਬਾਨ ਦਾ ਮਾਨ-ਸਤਿਕਾਰ ਬੇ-ਬਹਾ ਹੈ। ਸਿੱਖ ਕੌਮ ਦੀ ਜੀਵਨ ਜਯੋਤੀ ਪਰਤੱਖ ਗੁਰੂ ਗ੍ਰੰਥ ਸਾਹਿਬ ਦੇ ਨੂਰੀ ਪਰਕਾਸ਼ ਦੀ ਦੇਣ ਹੈ। ਕੌਮ ਦੀ ਧਾਰਮਿਕ, ਸਮਾਜਿਕ, ਰਾਜਨੀਤਕ ਤੇ ਸਭਿਆਚਾਰਕ ਅਗਵਾਈ ਦੀ ਵਾਗ-ਡੋਰ ਗੁਰੂ ਗ੍ਰੰਥ ਸਾਹਿਬ ਦੇ ਰੱਬੀ ਕਲਾਮ ਦੇ ਹੱਥ ਹੀ ਹੈ। ਪ੍ਰੰਤੂ ਗੁਰੂ ਪੰਥ ਤੇ ਗੁਰੂ ਗ੍ਰੰਥ ਦਰਮਿਆਨ ਮੇਲ ਕਾਇਮ ਕਰਨ ਵਾਲੀ ਕੜੀ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਬੈਠੇ ਮੁੰਦੇ ਨੈਣੀਂ, ਧੀਮੇ ਧੀਮੇ ਚੌਰ ਕਰਦੇ ਗ੍ਰੰਥੀ ਸਾਹਿਬਾਨ ਹੀ ਬਣਦੇ ਹਨ। ਗ੍ਰੰਥੀ ਸਿੰਘਾਂ ਦੀ ਪਰੰਪਰਾ, ਸਿੱਖਿਆ ਦੀਖਿਆ, ਚੱਜ ਅਚਾਰ ਤੇ ਪਦ ਪਦਵੀ ਦਾ ਯੋਗ ਅਦਬ ਸਤਿਕਾਰ ਆਦਿ ਮਸਲਿਆਂ ਦੇ ਨਾਲ ਨਾਲ ਗੁਰੂ ਕੇ ਵਜ਼ੀਰਾਂ ਦੀਆਂ ਜ਼ਾਤੀ, ਪਰਿਵਾਰਕ ਸਮੱਸਿਆਵਾਂ ਤੇ ਆਪਣੇ ਪਵਿੱਤਰ ਫਰਜ਼ ਦੀ ਸੁਚੱਜੀ ਅਦਾਇਗੀ ਔਕੜਾਂ ਤੇ ਉਹਨਾਂ ਦਾ ਸਮਾਧਾਨ ਗੁਰੂ ਪੰਥ ਦੀ ਸਰਵ ਅਹਿਮ ਲੋੜ ਹੈ।

ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ (ਸਵਰਗੀ)