ਗੁਰਬਾਣੀ ਕੀਰਤਨ ਨੂੰ ਪੀੜ੍ਹੀ ਦਰ ਪੀੜ੍ਹੀ ਘਰ-ਘਰ ਪਹੁੰਚਾਉਣ ਵਾਲੇ ਸਿੱਖ ਪੰਥ ਦੇ ਸਤਿਕਾਰਤ ਕੀਰਤਨੀਏ ਰਾਗੀ ਭਾਈ ਜਵਾਲਾ ਸਿੰਘ ਨੂੰ ਹਰੇਕ ਕੀਰਤਨ ਰਸੀਆ ਅੱਜ ਵੀ ਯਾਦ ਕਰਦਾ ਹੈ । ਦਸਾਂ ਨੌਹਾਂ ਦੀ ਕਿਰਤ ਕਰਕੇ ਗੁਜ਼ਾਰਾ ਕਰਦਿਆਂ, ਹਿਰਦੇ ਘਰ ਵਿੱਚੋਂ ਨਿਕਲੀਆਂ ਕੀਰਤਨ ਦੀਆਂ ਧੁਨਾਂ ਤੇ ਰੀਤਾਂ ਨੂੰ ਗਾਇਨ ਕਰਦਿਆਂ, ਤੰਤੀ ਸਾਜ, ਸਿਰੰਦੇ ਦੇ ਸਾਜ, ਬਾਕੀ ਸਾਜਾਂ ਨੂੰ ਮੋਢਿਆਂ ‘ਤੇ ਚੁੱਕ ਕੇ ਪੈਦਲ ਚੱਲਦਿਆਂ ਜੀਵਨ ਭਰ ਕੀਰਤਨ ਕੀਤਾ । ਪਿੰਡਾਂ, ਸ਼ਹਿਰਾਂ ਨੂੰ ਆਉਣ ਜਾਣ ਦੇ ਸਾਧਨ ਨਹੀਂ ਸਨ । ਸਾਂਝੇ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਭਾਈ ਜਵਾਲਾ ਸਿੰਘ ਨੇ ਕੀਰਤਨ ਕਰਦਿਆਂ ਆਪਣੇ ਬਹੂਮੁੱਲੇ ਵਿਚਾਰਾਂ ਦੁਆਰਾ ਗੁਰਧਾਮਾਂ ਦੀ ਮਾਣ-ਮਰਿਯਾਦਾ ਅਤੇ ਸਿੱਖ ਸਿਧਾਂਤਾਂ ਦਾ ਜਿਹੜਾ ਪ੍ਰਚਾਰ ਕੀਤਾ, ਉਸ ਦਾ ਜ਼ਿਕਰ ਅੱਜ ਵੀ ਕਰਨਾ ਬਣਦਾ ਹੈ । 20ਵੀਂ ਸਦੀ ਦੇ ਪਹਿਲੇ ਅੱਜ ਦੇ ਬਿਖੜੇ ਸਮੇਂ ਜਦੋਂ ਕੋਈ ਸੁੱਖ ਸਹੂਲਤਾਂ ਵੀ ਨਹੀਂ ਸਨ । ਗੁਰਦੁਆਰਾ ਸਾਹਿਬਾਨ ਤੇ ਧਰਮਸ਼ਾਲਾਵਾਂ ਦੀਆਂ ਇਮਾਰਤਾਂ ਅੱਧ-ਕੱਚੀਆਂ ਸਨ, ਆਉਣ ਜਾਣ ਦੇ ਸਾਧਨ ਵੀ ਹੁਣ ਵਰਗੇ ਨਹੀਂ ਸਨ, ਸਾਂਝੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਪੈਦਲ, ਬੈਲ-ਗੱਡੀਆਂ, ਊਠਾਂ-ਘੋੜਿਆਂ ਰਾਹੀਂ ਸਫ਼ਰ ਕਰਨਾ ਪੈਂਦਾ ਸੀ । ਭਾਈ ਸਾਹਿਬ ਆਪਣੇ ਕੀਰਤਨੀ ਜਥੇ ਨਾਲ ਆਪਣੇ ਪਿੰਡ ਸੈਦਪੁਰ (ਨੇੜੇ ਠੱਠਾ ਟਿੱਬਾ) ਜ਼ਿਲ੍ਹਾ ਕਪੂਰਥਲਾ ਤੋਂ ਸਮੁੱਚੇ ਦੇਸ਼ ਵਿੱਚ ਕੀਰਤਨ ਦੀ ਅਮੋਲਕ ਦਾਤ ਵੰਡਣ ਲਈ ਦਿਨ ਰਾਤ ਸਫ਼ਰ ਕਰਦੇ ਸਨ । ਗੁਰਸਿੱਖ ਸਿਧਾਂਤਾਂ ਨਾਲ ਪਿਆਰ ਕਰਨ ਵਾਲਾ ਹਰ ਗੁਰਸਿੱਖ ਉਨ੍ਹਾਂ ਨਾਲ ਪਿਆਰ ਕਰਦਾ ਸੀ । ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਘਰਾਂ ਵਿੱਚ ਗੁਰਬਾਣੀ ਕੀਰਤਨ ਨਾਲ ਪਰਿਵਾਰਾਂ ਨੂੰ ਢਾਰਸ ਤੇ ਅਰਦਾਸ ਲਈ ਪੁੱਜਣਾ ਭਾਈ ਜਵਾਲਾ ਸਿੰਘ ਆਪਣਾ ਫਰਜ਼ ਸਮਝਦੇ ਸਨ । ਇਸੇ ਕਰਕੇ ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜਿਆ ਹਰ ਸਿੱਖ ਆਗੂ ਭਾਈ ਸਾਹਿਬ ਨਾਲ ਅਥਾਹ ਪਿਆਰ ਕਰਦਾ ਸੀ । ਉਨ੍ਹਾਂ ਦਾ ਸਿਰੰਦਾ ਅੱਜ ਵੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਸਾਂਭਿਆ ਹੋਇਆ ਹੈ । ਰਾਗੀ ਭਾਈ ਜਵਾਲਾ ਸਿੰਘ ਦੇ ਦੋਵੇਂ ਸਪੁੱਤਰ ਸੱਚਖੰਡ ਵਾਸੀ ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ ਦਿੱਲੀ ਵਾਲੇ ਲਗਾਤਾਰ 40-50 ਸਾਲ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਨਿਭਾਉਂਦੇ ਰਹੇ । ਜੋ ਆਪਣੇ ਸਮੇਂ ਦੇ ਨਾਮਵਰ ਕੀਰਤਨੀਏ ਸਨ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਨੇ ਭਾਈ ਜਵਾਲਾ ਸਿੰਘ ਦੀਆਂ ਪੁਰਾਤਨ ਰੀਤਾਂ ਨੂੰ ਇਨ੍ਹਾਂ ਦੇ ਦੋਹਾਂ ਸਪੁੱਤਰਾਂ ਤੋਂ ਗਾਇਨ ਕਰਵਾ ਕੇ ਸੰਭਾਲਣ ਦਾ ਯਤਨ ਕੀਤਾ ਹੈ । ਨਾਲ ਹੀ ਇਨ੍ਹਾਂ ਪੁਰਾਤਨ ਰੀਤਾਂ ਨੂੰ ਗੁਰਮਤਿ ਰੀਤ ਰਤਨਾਵਲੀ ਪੁਸਤਕ ਦੋ ਭਾਗਾਂ ਵਿੱਚ ਭਵਿੱਖ ਦੇ ਕੀਰਤਨੀਆਂ ਤੇ ਰਾਗੀਆਂ ਲਈ ਪ੍ਰਕਾਸ਼ਤ ਕਰਵਾਈ ਗਈ ।
ਅੱਜ ਵੀ ਇਹ ਪਰਿਵਾਰ ਗੁਰਬਾਣੀ ਕੀਰਤਨ ਦੇ ਮੰਨੇ-ਪ੍ਰਮੰਨੇ ਸੰਗੀਤਕ ਘਰਾਣੇ ਵਜੋਂ ਕੀਰਤਨ ਦੀ ਸੇਵਾ ਨੂੰ ਸਮਰਪਿਤ ਹੈ । ਭਾਈ ਜਵਾਲਾ ਸਿੰਘ ਦਾ ਜਨਮ ਭਾਈ ਦੇਵਾ ਸਿੰਘ ਦੇ ਘਰ ਸੈਦਪੁਰ (ਕਪੂਰਥਲਾ) ਵਿਖੇ 1872 ਈ: ਵਿੱਚ ਹੋਇਆ । ਆਪਣੇ ਪਿਤਾ ਜੀ ਵਾਂਗ ਪਰਿਵਾਰ ਦੇ ਨਿਰਬਾਹ ਲਈ ਖੇਤੀ-ਬਾੜੀ ਦਾ ਧੰਦਾ ਵੀ ਕੀਤਾ । ਭਾਈ ਜਵਾਲਾ ਸਿੰਘ ਦੇ ਦਾਦਾ ਜੀ ਭਾਈ ਪੰਜਾਬ ਸਿੰਘ ਵੀ ਆਪਣੇ ਸਮੇਂ ਦੇ ਪ੍ਰਸਿੱਧ ਰਾਗੀ ਸਨ । ਭਾਈ ਸਾਹਿਬ ਨੂੰ ਕਲਾਸੀਕਲ ਤੇ ਗੁਰਮਤਿ ਸੰਗੀਤ ਦੀ ਗੁੜ੍ਹਤੀ ਪਰਿਵਾਰ ਵਿੱਚੋਂ ਹੀ ਮਿਲੀ । ਆਪਣੇ ਪਿੰਡ ਦੇ ਗ੍ਰੰਥੀ ਸਿੰਘ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਪ੍ਰਾਪਤ ਕੀਤੀ । ਪਿੱਛੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਪਿੰਡ ਦੇ ਨਿਰਮਲੇ ਸੰਤਾਂ ਦੇ ਡੇਰੇ ਵਿੱਚ ਕੀਰਤਨ ਦੀ ਸਿੱਖਲਾਈ ਪ੍ਰਾਪਤ ਕੀਤੀ । ਇਸ ਤੋਂ ਬਾਅਦ ਅੰਮ੍ਰਿਤਸਰ ਪੁੱਜ ਕੇ ਭਾਈ ਵਸਾਵਾ ਸਿੰਘ ਦੇ ਸ਼ਗਿਰਦ ਬਣੇ । ਹਰ ਸ਼ਹੀਦੀ ਸਾਕੇ ਬਾਅਦ ਵੈਰਾਗਮਈ ਕੀਰਤਨ ਕਰਦਿਆਂ ਸੰਗਤ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ । ਅਣਵੰਡੇ ਪੰਜਾਬ ਦੇ ਉੱਘੇ ਸੰਤ ਮਹਾਂਪੁਰਸ਼ਾਂ ਦੇ ਅਸਥਾਨਾਂ ‘ਤੇ ਕਈ-ਕਈ ਦਿਨ ਠਹਿਰ ਕੇ ਕੀਰਤਨ ਦੀਆਂ ਛਹਿਬਰਾਂ ਲਾਉਂਦੇ ਰਹੇ । ਇਸੇ ਕਰਕੇ ਨਿਰਮਲੇ, ਉਦਾਸੀ, ਨਿਹੰਗ ਸਿੰਘ, ਸੇਵਾ-ਪੰਥੀ ਤੇ ਕਾਰਸੇਵਾ ਵਾਲਿਆਂ ਦੇ ਸਾਰੇ ਅਸਥਾਨਾਂ ਤੋਂ ਭਰਪੂਰ ਪਿਆਰ ਪ੍ਰਾਪਤ ਕਰਦੇ ਸਨ ।
ਭਾਈ ਸਾਹਿਬ ਦੀ ਤੀਜੀ ਤੇ ਚੌਥੀ ਪੀੜ੍ਹੀ ਵਿੱਚ ਇੰਜੀਨੀਅਰ ਭਾਈ ਕੁਲਤਾਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਅਤੇ ਕਲਾਸੀਕਲ ਅਤੇ ਸ਼ਾਸਤਰੀ ਸੰਗੀਤ ਕਲਾ ਨੂੰ ਪ੍ਰਚਾਰਨ ਵਾਲੇ ਭਾਈ ਬਲਦੀਪ ਸਿੰਘ ਦਿੱਲੀ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਸੇਵਾ ਨਿਭਾ ਰਹੇ ਹਨ । ਸਮੁੱਚੇ ਪੰਥ ਨੂੰ ਕੀਰਤਨ ਦੀਆਂ ਮਧੁਰ ਧੁਨਾਂ ਨਾਲ ਜੋੜਨ ਵਾਲੇ ਭਾਈ ਜਵਾਲਾ ਸਿੰਘ 29 ਮਈ, 1952 ਈ: ਵਿੱਚ ਗੁਰਬਾਣੀ ਕੀਰਤਨ ਦੇ ਆਪਣੇ ਪਿਆਰੇ ਸਰੋਤਿਆਂ ਨੂੰ ਸਦੀਵੀ ਵਿਛੋੜਾ ਦੇ ਗਏ । ਅੱਜ ਉਨ੍ਹਾਂ ਦੀ 74ਵੀਂ ਯਾਦ ਵਿੱਚ ਸਮੁੱਚਾ ਸਿੱਖ ਜਗਤ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰ ਰਿਹਾ ਹੈ ।
-ਭਗਵਾਨ ਸਿੰਘ ਜੌਹਲ
