ਸਿਮਰਨ ਸਾਡੀ ਨਿੱਕੀ ਜਿਹੀ ਬਾਂਹ ਹੈ ਅਰਸ਼ੀ ਦਾਤੇ ਨੂੰ ਮਿਲਣ ਲਈ। ਰਤਾ ਕੁ ਵੀ ਉੱਚੀ ਕਰੀਏ ਤਾਂ ਦਾਤਾ ਆਪਣੀ ਅਤਿ ਵੱਡੀ ਬਾਂਹ ਲੁਡਾ ਕੇ ਉਸ ਨੂੰ ਫੜ ਲੈਂਦਾ ਹੈ।
‘ਸਿਮਰਨ’ ਸੰਸਕ੍ਰਿਤ ਦੇ ਪਦ ਸਮਰਣ ਦਾ ਤਦਭਵ ਹੈ ਜਿਸ ਦਾ ਅਰਥ ਹੈ ਯਾਦ ਕਰਨਾ । ਸਿਮਰਨ ਸਾਧਾਰਨ ਚੇਤੇ ਕਰਨਾ ਨਹੀਂ ਹੁੰਦਾ, ਇਹ ਪਿਆਰ ਵਿਚ ਚੇਤੇ ਕਰਨਾ ਹੁੰਦਾ ਹੈ। ਉਨ੍ਹਾਂ ਪੰਛੀਆਂ ਵਾਂਗ ਜੋ ਆਪਣੇ ਬੱਚੇ ਰੱਬ ਆਸਰੇ ਪਿੱਛੇ ਛੱਡ ਆਉਂਦੇ ਹਨ ਤੇ ਆਪ ਉਨ੍ਹਾਂ ਦੀ ਪਿਆਰੀ ਯਾਦ ਨਾਲ ਲਈ ਫਿਰਦੇ ਹਨ। ਐਸਾ ਸਿਮਰਨ ਧਿਆਨ ਦੀ ਪ੍ਰਕਿਰਿਆ ਹੈ ਤੇ ਧਿਆਨ ਪਿਆਰੇ ਦੀ ਯਾਦ ਤੋਂ ਹਿਲਦਾ ਨਹੀਂ, ਉਸੇ ਉਪਰ ਟਿਕਿਆ ਰਹਿੰਦਾ ਹੈ। ਫਿਰ ਜਿਥੇ ਜਾਈਏ ਪਿਆਰੇ ਦਾ ਧਿਆਨ ਨਾਲ ਜਾਂਦਾ ਹੈ :
ਜਹ ਜਾਈਐ ਤਹ ਨਾਲਿ ਮੇਰਾ ਸੁਆਮੀ॥
(ਗਉੜੀ ਮ: ੫, ਅੰਗ 197)
ਕਿਉਂਕਿ ਸਿਮਰਨ ਵਿਚ ਪਿਆਰ ਹੁੰਦਾ ਹੈ, ਇਸ ਲਈ ਇਸ ਨੂੰ ਹਿਰਦੇ ਅੰਦਰ ਵਾਪਰਦਾ ਮੰਨਿਆ ਜਾਂਦਾ ਹੈ, ਕਿਉਂਕਿ ਪਿਆਰ ਕਾਰਨ ਹਿਰਦੇ ਨੂੰ ਧੂਹ ਪੈਂਦੀ ਪ੍ਰਤੀਤ ਹੁੰਦੀ ਹੈ।
ਭਗਤੀ ਮਾਰਗ ਵਿਚ ਸਿਮਰਨ ਅਧਿਆਤਮਕ ਉੱਨਤੀ ਦਾ ਬੜਾ ਭਰੋਸੇਵਾਨ ਸਾਧਨ ਹੈ। ਪਹਿਲਾਂ ਪ੍ਰਭੂ ਲਈ ਪਿਆਰ ਹੋਵੇ ਤਾਂ ਹੀ ਸਿਮਰਨ ਹੋ ਸਕਦਾ ਹੈ। ਪਰ ਪ੍ਰਭੂ ਲਈ ਪਿਆਰ ਹਰੇਕ ਦੇ ਭਾਗਾਂ ਵਿਚ ਤਾਂ ਹੈ ਨਹੀਂ। ਤਦੇ ਸਿਮਰਨ ਵਿਚ ਜੁੜੀਆਂ ਰੂਹਾਂ ਵਿਰਲੀਆਂ ਹੁੰਦੀਆਂ ਹਨ। ਸਿਮਰਨ ਵਿਚ ਲਾਉਣ ਲਈ ਗੁਰੂ ਸਹਾਈ ਹੁੰਦਾ ਹੈ।
ਸਿਮਰਨ ਵਿਚ ਲੱਗਿਆਂ, ਧਿਆਨ ਕਿਤੇ ਹੋਰ ਨਹੀਂ ਜਾਂਦਾ, ਕੇਵਲ ਆਪਣੇ ਪਿਆਰੇ ਦੀ ਯਾਦ ਪੁਰ ਕੇਂਦਰਿਤ ਰਹਿੰਦਾ ਹੈ। ਇਉਂ ਦੈਤ ਮਿਟ ਜਾਂਦੀ ਹੈ। ਹਉਮੈ ਚਲੀ ਜਾਂਦੀ ਹੈ। ਜਦ ਹਉਮੈ ਚਲੀ ਜਾਵੇ ਤਾਂ ਅੰਦਰ ਨਾਮ ਦਾ ਵਾਸਾ ਹੋ ਜਾਂਦਾ ਹੈ।
ਜਦ ਹਉਮੈ ਮਿਟ ਜਾਵੇ ਤਾਂ ਸਿਮਰਨ ਦਾ ਸਾਧਕ ਪਰਉਪਕਾਰੀ ਹੋ ਜਾਂਦਾ ਹੈ, ਆਪਣੀ ਆਤਮਾ ਨਾਲ ਜੁੜ ਜਾਂਦਾ ਹੈ । ਉਸ ਦੀ ਜੇਭਾ ‘ਤੇ ਹਰੀ ਦੇ ਗੁਣ ਵੱਸਦੇ ਹਨ, ਉਸ ਦਾ ਆਸਣ ਨਿਸਚਲ ਹੋ ਜਾਂਦਾ ਹੈ, ਹਿਰਦੈ ਕਮਲ ਖਿੜ ਖਲੋਂਦਾ ਹੈ, ਅੰਦਰ ਉਸ ਦੇ ਅਨਹਦ ਨਾਦ ਦੀਆਂ ਝੁਣਕਾਰਾਂ ਵੱਜਦੀਆਂ ਹਨ, ਤੇ ਉਸ ਦੀ ਆਤਮਾ ਸਹਿਜ ਦੀ ਪਰਮਾਤਮਾ ਵਿਚ ਸਮਾ ਜਾਂਦੀ ਹੈ।7 ਇਉਂ ਉਹ ਜੀਵਨ ਮੁਕਤ ਹੋ ਜਾਂਦਾ ਹੈ ਤੇ ਅਬਿਨਾਸੀ ਪਦ ਨੂੰ ਪ੍ਰਾਪਤ ਹੁੰਦਾ ਹੈ। ਪਰ ਸਿਮਰਨ ‘ਤੇ ਉਹ ਲੱਗਦਾ ਹੈ ਜਿਸ ‘ਤੇ ਵਾਹਿਗੁਰੂ ਆਪ ਦਇਆਲ ਹੋਵੇ :
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
(ਗਉੜੀ ਸੁਖਮਨੀ ਮ: ੫, ਅੰਗ 263)
ਡਾ. ਜਸਵੰਤ ਸਿੰਘ ਨੇਕੀ
