views 0 secs 0 comments

ਦਇਆ

ਲੇਖ
June 01, 2026

ਜਿਥੇ ਦਇਆ ਵਰਤਦੀ ਹੈ, ਉਥੇ ਰੱਬ ਵੱਸਦਾ ਹੈ।

ਦਇਆ ਇਕ ਪ੍ਰਮੁੱਖ ਦੈਵੀ ਗੁਣ ਹੈ। ਇਹ ਤੇ ਇਸ ਤੋਂ ਨਿਕਲੇ ਹੋਰ ਸ਼ਬਦ (ਦਇਆਲ, ਦਇਆਰ, ਦਇਆਪਤਿ ਆਦਿ) ਕਈ ਸੌ ਵਾਰ ਪ੍ਰਭੂ ਜਾਂ ਗੁਰੂ ਦੇ ਇਸ ਗੁਣ ਦੇ ਵਾਚਕ ਹੋ ਕੇ ਆਏ ਹਨ। ਗੁਰਬਾਣੀ ਵਿਚ ਗੁਰੂ ਤੇ ਪ੍ਰਭੂ ਦਾ ਇਹ ਗੁਣ ਸਾਂਝਾ ਹੈ :

ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥ ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ ॥

(ਸਿਰੀਰਾਗੁ ਮ: ੪, ਅੰਗ 41)

ਪ੍ਰਭੂ ਦਾ ਸਰਬ ਪ੍ਰਤਿਪਾਲਕ ਹੋਣ ਦਾ ਗੁਣ ਉਸ ਦੀ ਅਵਿਰਲ ਦਇਆ ਦਾ ਸੂਚਕ ਹੈ। ਸਤਿਗੁਰੂ ਦੀ ਦਇਆ ਵੀ ਉਸੇ ਦੇ ਭਾਣੇ ਵਿਚ ਪ੍ਰਾਪਤ ਹੁੰਦੀ ਹੈ। ਉਹ ਚਾਹੇ ਤਾਂ ਕੇਵਲ ਗੁਰੂ ਹੀ ਨਹੀਂ, ਸਭ ਜੀਅ ਜੰਤ ਦਇਆਵਾਨ ਹੋ ਜਾਂਦੇ ਹਨ।

ਮਨੁੱਖ ਦੀ ਮਤਿ ਹੋਛੀ ਹੈ, ਪਰ ਪ੍ਰਭੂ ਦੀ ਦਇਆ ਕਾਰਨ ਉੱਤਮ ਹੋ ਸਕਦੀ ਹੈ।“ ਜਦ ਮਤਿ ਇਉਂ ਸਉਰ ਜਾਏ ਤਾਂ ਪ੍ਰਾਣੀ ਕੇਵਲ ਸੰਤੋਖ ਵਿਚ ਹੀ ਨਹੀਂ ਆ ਜਾਂਦਾ, ਸਗੋਂ ਉਸ ਦਾ ਦਿਲ ਸਭ ਜੀਆਂ ਲਈ ਦਇਆਵਾਨ ਵੀ ਹੋ ਜਾਂਦਾ ਹੈ।

ਪਰ ਜਿਨ੍ਹਾਂ ਦੀ ਮਤਿ ਉੱਤਮ ਨਹੀਂ ਹੁੰਦੀ, ਉਹ ਮਾਇਆਵੀ ਰੁਚੀਆਂ ਵਿਚ ਹੀ ਲੱਗੇ ਰਹਿੰਦੇ ਹਨ। ਧੰਧਿਆਂ ਵਿਚ ਹੀ ਫਸੇ ਰਹਿੰਦੇ ਹਨ। ਕੋਈ ਮਿਲਣ ਆ ਜਾਵੇ ਤਾਂ ਵੀ ਉਸ ਨਾਲ ਲੈਣ ਦੇਣ ਦੀ ਗੱਲ ਹੀ ਕਰਦੇ ਹਨ, ਦਇਆ ਵਾਲੀ, ਪਿਆਰ ਵਾਲੀ ਕੋਈ ਗੱਲ ਨਹੀਂ ਕਰਦੇ ।

ਮਾਇਆ ਦੇ ਮੋਹੇ ਹੋਏ ਉਹ ਤਾਂ ਪ੍ਰੇਮ ਦੀ ਭਾਵਨਾ ਤੋਂ ਵਿਛੜ ਜਾਂਦੇ ਹਨ ਤੇ ਨਿਰਦਈ ਹੋ ਜਾਂਦੇ ਹਨ। ਐਸਾ ਮਾਇਆ ਮੋਹਨੀ ਦਾ ਪ੍ਰਭਾਵ ਹੈ।

ਡੂਮਣੀ ਕੁਬੁਧ ਤੇ ਚੂਹੜੀ ਨਿੰਦਾ ਤੇ ਚੰਡਾਲ ਕ੍ਰੋਧ ਦੇ ਨਾਲ ਕਸਾਇਣ ਕੁਦਇਆ, ਮਨੁੱਖ ਦੇ ਨਾਲ ਉਸ ਦੇ ਚਉਕੇ ਵਿਚ ਹੀ ਆ ਬਹਿੰਦੀਆਂ ਹਨ। ਸੱਚ ਨਾਲ ਜਾਣੂ ਹੋਣ ਲਈ ਦਇਆ ਨਾਲ ਜਾਣੂ ਹੋਣਾ ਜ਼ਰੂਰੀ ਹੁੰਦਾ ਹੈ।

ਡਾ. ਜਸਵੰਤ ਸਿੰਘ ਨੇਕੀ