ਸ੍ਰੀ ਅੰਮ੍ਰਿਤਸਰ-ਜੂਨ 1984 ਘੱਲੂਘਾਰੇ ਸਮਾਗਮ ਦੇ ਸਹੀਦਾਂ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਦੋਂ ਦੁਨੀਆ ਦੀ ਵੱਡੀ ਤਾਕਤ ਭਾਰਤੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਫੌਜਾਂ, ਟੈਂਕਾਂ, ਤੋਪਾਂ ਨਾਲ ਹਮਲਾ ਕੀਤਾ ਤਾਂ ਦਮਦਮੀ ਟਕਸਾਲ ਦੇ 14ਵੇਂ ਮੁਖੀ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਮੇਜਰ ਜਨਰਲ ਸ਼ਾਬੇਗ ਸਿੰਘ, ਬਾਬਾ ਠਾਹਰਾ ਸਿੰਘ ਨੇ ਆਪਣੇ ਸਾਥੀ ਸਿੰਘਾਂ ਸਮੇਤ ਅਜਿਹਾ ਮੁਕਾਬਲਾ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਜੋ ਰਹਿੰਦੀ ਦੁਨੀਆਂ ਤੱਕ ਮਿਸਾਲੀ ਇਤਿਹਾਸ ਰਹੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ, ਬੀਬੀਆਂ ਅਤੇ ਭੁਝੰਗੀਆਂ ਨੇ ਵੀ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਹ ਸ਼ਹਾਦਤਾਂ ਸਿੱਖ ਹੱਕਾਂ, ਅਣਖ ਅਤੇ ਗੈਰਤ ਲਈ ਹੋਈਆਂ। ਉਨ੍ਹਾਂ ਕਿਹਾ ਕਿ ਸਿੱਖਾਂ ਨੇ 1984 ਤੋਂ ਪਹਿਲਾਂ ਵੀ ਦੋ ਘੱਲੂਘਾਰੇ ਝੱਲੇ ਪਰੰਤੂ ਇਹ ਤੀਜਾ ਘੱਲੂਘਾਰਾ ਆਪਣੇ ਹੀ ਮੁਲਕ ਅੰਦਰ ਲੋਕਤੰਤਰ ਦੇ ਰਾਜ ਅਧੀਨ ਕੀਤਾ ਗਿਆ, ਲੇਕਿਨ ਇਸ ਦੇ ਬਾਵਜੂਦ ਵੀ ਸਿੱਖ ਅੱਜ ਚੜ੍ਹਦੀ ਕਲਾ ਨਾਲ ਪੂਰੀ ਦੁਨੀਆ ਅੰਦਰ ਵੱਸ ਰਹੇ ਹਨ। ਉਨ੍ਹਾਂ ਇਸ ਮੌਕੇ 1984 ਵਿਚ ਸ਼ਹੀਦ ਹੋਣ ਵਾਲੀਆਂ ਸਿੱਖ ਬੱਚੀਆਂ ਸਤਨਾਮ ਕੌਰ, ਵਾਹਿਗੁਰੂ ਕੌਰ ਅਤੇ ਬੀਬੀ ਉਪਕਾਰ ਕੌਰ ਦਾ ਵਿਸ਼ੇਸ਼ ਜ਼ਿਕਰ ਕੀਤਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਇਸ ਮੁਲਕ ਅੰਦਰ ਬਰਾਬਰ ਦੇ ਸ਼ਹਿਰੀ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਆਪਣੀ ਅਣਖ ਤੇ ਗ਼ੈਰਤ ਨੂੰ ਕਾਇਮ ਰੱਖਿਆ ਹੈ। ਪਰੰਤੂ ਮੁਲਕ ਅੰਦਰ ਸਿੱਖ ਪਛਾਣ, ਕਕਾਰਾਂ ਅਤੇ ਦਸਤਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਵਾਰ-ਵਾਰ ਨੀਤੀਆਂ ਘੜੀਆਂ ਜਾ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਵਿਚ ਕੁਝ ਦਿਨਾਂ ਲਈ ਘੁੰਮਣ ਗਏ ਸਿੱਖ ਦੀ ਦਸਤਾਰ ਤੇ ਦਾੜ੍ਹੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜਦਕਿ ਪੰਜਾਬ ਅੰਦਰ ਪੂਰੇ ਮੁਲਕ ਤੋਂ ਆ ਕੇ ਲੋਕ ਖੁੱਲ੍ਹੇ ਮਾਹੌਲ ਵਿਚ ਰਹਿ ਰਹੇ ਨੇ ਅਤੇ ਕੰਮ ਵੀ ਕਰ ਰਹੇ ਨੇ, ਉਨ੍ਹਾਂ ਨੂੰ ਕਿਸੇ ਸਿੱਖ ਜਾਂ ਪੰਜਾਬੀ ਨੇ ਕਦੇ ਨਿਸ਼ਾਨਾ ਨਹੀਂ ਬਣਾਇਆ।ਉਨ੍ਹਾਂ ਕਿਹਾ ਕਿ ਸਮੇਂ ਦੇ ਹੁਕਮਰਾਨਾ ਨੂੰ ਇਹ ਸਮਝ ਲੈਣਾ ਚਾਹੀਦਾ ਕੇ ਸਿੱਖ ਆਪਣੀ ਪਛਾਣ ਨਾਲ ਦੂਜੇ ਦਰਜੇ ਦੇ ਵਿਹਾਰ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਸਿੱਖਾਂ ਨੇ ਪੂਰੀ ਦੁਨੀਆ ਅੰਦਰ ਸਰਬੱਤ ਦੇ ਭਲੇ ਦੇ ਸਿਧਾਂਤ ਉਤੇ ਪਹਿਰਾ ਦਿੰਦਿਆਂ ਅਤੇ ਮਨੁੱਖਤਾ ਦੀ ਸੇਵਾ ਕਰਦਿਆਂ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਪਰੰਤੂ ਪਿਛਲੇ ਕੁਝ ਸਮੇਂ ਤੋਂ ਵਿਸ਼ਵ ਪੱਧਰ ਉਤੇ ਸਿੱਖਾਂ ਵਿਰੁੱਧ ਸਾਜ਼ਿਸ਼ ਤਹਿਤ ਬਹਾਨੇ ਬਣਾ ਕੇ ਉਨ੍ਹਾਂ ਦੀ ਵਿਲੱਖਣ ਪਛਾਣ ਅਤੇ ਕਕਾਰਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਤੋਂ ਹਰ ਦੇਸ਼ ਵਿਚ ਕਾਰਜਸ਼ੀਲ ਸਿੱਖ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਵਿਸ਼ਵ ਪੱਧਰ ’ਤੇ ਵੱਸਦੇ ਸਿੱਖਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕੇ ਗੁਰੂ ਗ੍ਰੰਥ, ਗੁਰੂ ਪੰਥ ਅਤੇ ਸਿੱਖਾਂ ਦੀ ਹੋਮਲੈਂਡ ਪੰਜਾਬ ਸਾਡਾ ਮੂਲ ਹੈ। ਉਨ੍ਹਾਂ ਕਿਹਾ ਕੇ ਪੰਜਾਬ ਨੂੰ ਪੱਕੇ ਤੌਰ ਉਤੇ ਨਾ ਛੱਡੀਏ ਅਤੇ ਆਪਣੀਆਂ ਪੰਜਾਬ ਦੀਆਂ ਜ਼ਮੀਨਾਂ ਵੀ ਨਾ ਵੇਚੀਏ ਕਿਉਂਕਿ ਇਹ ਗੁਰੂਆਂ ਦੀ ਧਰਤੀ ਹੈ ਅਤੇ ਇਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲ੍ਹਿਆ ਹੈ। ਆਪਣੇ ਬੱਚਿਆਂ ਨੂੰ ਪੰਜਾਬ ਲਿਆ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਾਈਏ ਅਤੇ ਉਨ੍ਹਾਂ ਨੂੰ ਸਿੱਖੀ ਨਾਲ ਜੋੜੀਏ ਤਾਂ ਜੋ ਅਸੀਂ ਆਪਣੇ ਮੂਲ ਨਾਲ ਜੁੜ ਕੇ ਉਸ ਨੂੰ ਤਕੜਾ ਕਰੀਏ ਅਤੇ ਆਉਣ ਵਾਲੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ।
ਜਥੇਦਾਰ ਗੜਗੱਜ ਨੇ ਕਿਹਾ ਕਿ ਉਸ ਸਮੇਂ ਦੀ ਹਾਕਮ ਇੰਦਰਾ ਗਾਂਧੀ ਵੀ ਕੇਂਦਰੀਕਰਨ ਕਰਕੇ ਪੰਜਾਬ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਸੀ, ਕਈ ਕਾਲੇ ਕਾਨੂੰਨ ਵੀ ਬਣੇ ਲੇਕਿਨ ਸਿੱਖਾਂ ਨੇ ਸੰਘਰਸ਼ ਕਰਕੇ ਵਾਪਸ ਕਰਵਾਏ। ਅੱਜ ਵੀ ਪੰਜਾਬ ਦੀ ਹਾਕਮ ਧਿਰ ਸਿੱਖਾਂ ਉਤੇ ਆਪਣੀ ਮਰਜ਼ੀ ਦੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ। ਸਰਕਾਰ ਦੀ ਮਨਸ਼ਾ ਸਿੱਖਾਂ ਦੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਆਪਣੇ ਕਾਬੂ ਵਿਚ ਕਰਨ ਦੀ ਹੈ ਪਰੰਤੂ ਸਿੱਖ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਕਾਨੂੰਨ ਨੂੰ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਠੋਸਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗੁਰੂ ਖਾਲਸਾ ਪੰਥ ਹੈ, ਜੋ ਅਜਿਹੇ ਕਿਸੇ ਵੀ ਕਾਨੂੰਨ ਨੂੰ ਸਹਿਮਤੀ ਤੋਂ ਬਿਨਾਂ ਪ੍ਰਵਾਨ ਨਹੀਂ ਕਰੇਗਾ ਅਤੇ ਨਾ ਹੀ ਮਾਨਤਾ ਦੇਵੇਗਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਮਸਲਾ ਤਾਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਦਾ ਸੀ। ਪਰੰਤੂ ਸਰਕਾਰ ਸੇਵਾਦਾਰ ਸਿੱਖ ਧਿਰਾਂ ਅਤੇ ਕੇਂਦਰੀ ਸਿੱਖ ਸੰਸਥਾਵਾਂ ਨੂੰ ਹੀ ਆਪਣੇ ਕੰਟਰੋਲ ਵਿਚ ਕਰਨ ਵੱਲ ਤੁਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਕਰਕੇ ਪੰਜਾਬ ਕਿਉਂ ਨਹੀਂ ਲਿਆਂਦਾ ਗਿਆ ਅਤੇ 2017 ਮੌੜ ਬੰਬ ਧਮਾਕੇ ਦੇ ਦੋਸ਼ੀ ਕਿਥੇ ਹਨ ਅਤੇ ਇਸ ਘਟਨਾ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਕਿੱਥੇ ਹੈ?
ਜਥੇਦਾਰ ਗੜਗੱਜ ਨੇ ਇਸ ਮੌਕੇ ਸਮੂਹ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੇੜਾ ਅਤੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸਮੁੱਚੀ ਕੌਮ ਨੂੰ ਇੱਕਜੁਟ ਹੋ ਕੇ ਕਾਰਜ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹੈ ਲੇਕਿਨ ਸਰਕਾਰਾਂ ਅੜਿੱਕਾ ਬਣੀਆਂ ਹਨ। ਉਨ੍ਹਾਂ ਕਿਹਾ ਕਿ ਕੌਮ ਦੇ ਸਮੂਹ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਅੰਦਰ ਨਜ਼ਰਬੰਦ ਹਨ, ਇਸ ਲਈ ਕੌਮ ਇਕਜੁੱਟ ਹੋ ਕੇ ਉਨ੍ਹਾਂ ਲਈ ਅਵਾਜ਼ ਬੁਲੰਦ ਕਰੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰਬਾਣੀ ਸਾਨੂੰ ਵਾਤਾਵਰਣ ਤੇ ਕੁਦਰਤ ਦੀ ਸਾਂਭ ਸੰਭਾਲ ਦੀ ਸਿੱਖਿਆ ਦਿੰਦੀ ਹੈ। ਅਗਲੇ ਸਾਲ ਸਿੱਖ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦਾ 450 ਸਾਲਾ ਦਿਹਾੜਾ ਮਨਾਉਣ ਜਾ ਰਹੇ ਹਨ। ਇਹ ਪਵਿੱਤਰ ਸ਼ਹਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਪਰੰਤੂ ਸਰਕਾਰਾਂ ਗੁਰੂ ਨਗਰੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਉਤੇ ਪੂਰੀ ਪਾਬੰਦੀ ਹੈ ਪਰੰਤੂ ਅੰਮ੍ਰਿਤਸਰ ਸ਼ਹਿਰ ਤੇ ਸੂਬੇ ਵਿਚ ਕੂੜਿਆਂ ਦੇ ਢੇਰ ਲਗੇ ਪਏ ਹਨ, ਥਾਂ-ਥਾਂ ਪਲਾਸਟਿਕ ਨਾਲ ਵਾਤਾਵਰਣ ਪ੍ਰਦੂਸ਼ਿਤ ਕੀਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਸਰਕਾਰਾਂ ਜਦੋਂ ਸ਼ਤਾਬਦੀ ਨੇੜੇ ਆਉਂਦੀ ਹੈ ਤਾਂ ਤਖ਼ਤ ਸਾਹਿਬਾਨ ਨੂੰ ਆਉਂਦੇ ਰਸਤੇ ਪੁੱਟ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੀ 450 ਸਾਲਾ ਸ਼ਤਾਬਦੀ ਨੂੰ ਇੱਕ ਸਾਲ ਪਿਆ ਹੈ, ਸਰਕਾਰ ਘੱਟੋ ਘੱਟ ਸ਼ਹਿਰ ਵਿਚੋਂ ਗੰਦਗੀ ਹਟਾ ਕੇ ਸਾਫ਼ ਸਫਾਈ ਦਾ ਵਿਸ਼ੇਸ਼ ਪ੍ਰਬੰਧ ਹੀ ਕਰ ਲਵੇ।
ਅੰਤ ਵਿੱਚ ਜਥੇਦਾਰ ਗੜਗੱਜ ਨੇ ਕਿਹਾ ਕਿ 1984 ਵਿਚ ਸਿੱਖਾਂ ਨੇ ਸਿੱਖੀ ਸਿਦਕ ਤੇ ਗੁਰੂ ਉਤੇ ਭਰੋਸਾ ਰੱਖਦਿਆਂ ਵੱਡੀ ਤਾਕਤ ਦੇ ਵਿਰੁੱਧ ਸੰਘਰਸ਼ ਲੜਿਆ। ਅੱਜ ਵੀ ਕੌਮ ਨੂੰ ਚਾਰੇ ਪਾਸਿਓਂ ਚੁਣੌਤੀਆਂ ਹਨ ਇਸ ਲਈ ਸਮੂਹ ਸ਼ਹੀਦਾਂ ਤੋਂ ਸਿੱਖੀ ਸਿਦਕ ਦੀ ਪ੍ਰੇਰਨਾ ਲੈ ਕੇ ਸਬਰ ਨਾਲ ਇਕਜੁੱਟ ਰਹਿੰਦਿਆਂ ਚੁਣੌਤੀਆਂ ਦਾ ਸਾਹਮਣਾ ਕਰੀਏ।
