ਡਾ. ਜਗਜੀਤ ਸਿੰਘ ਵਧਵਾ ਦੀ ‘ਅਜੀਤ’ ਅਖ਼ਬਾਰ ਵਿਚ ਖ਼ਬਰ ਛਪੀ ਸੀ ਕਿ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਵਿਚ ਫ਼ੌਜ ਹੱਥੋਂ ਜਿਹੜੇ ਆਮ ਯਾਤਰੂ ਗੋਲੀਬਾਰੀ ਦੌਰਾਨ ਮਾਰੇ ਗਏ, ਉਹ ਉਨ੍ਹਾਂ ਦਾ ਪੋਸਟਮਾਰਟਮ ਕਰਨ ਵਿਚ ਸ਼ਾਮਿਲ ਸਨ। ਫਿਰ ਅਸੀਂ ਮਿਤੀ 7-8-2019 ਨੂੰ ਕਪੂਰਥਲਾ ਵਿਖੇ ਮੈਂ ਤੇ ਮੇਰੀ ਪੋਤਰੀ ਗੁਰਮਿੰਦਰ ਕੌਰ ਤੇ ਦੋਹਤਰੀ ਸਨਮਪ੍ਰੀਤ ਕੌਰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਗਏ। ਮੈਂ ਉਨ੍ਹਾਂ ਨੂੰ ਜਾ ਕੇ ਪੁੱਛਿਆ ਕਿ ਤੁਹਾਡੀ ‘ਅਜੀਤ’ ਅਖ਼ਬਾਰ ਖ਼ਬਰ ਛਪੀ ਹੈ। ਮੈਨੂੰ ਇਸ ਸੰਬੰਧੀ ਤੁਹਾਡੇ ਕੋਲੋਂ ਹੋਰ ਜਾਣਕਾਰੀ ਚਾਹੀਦੀ ਹੈ।
ਫਿਰ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸਿਵਲ ਸਰਜਨ ਵੱਲੋਂ ਹੁਕਮ ਹੋਇਆ ਸੀ ਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਵਿੱਚੋਂ ਪੰਜ ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰਨ ਲਈ ਤਿਆਰ ਕੀਤੀ ਜਾਵੇ ਤੇ ਫਿਰ ਅਸੀਂ ਪੰਜ ਡਾਕਟਰ ਇਕੱਠੇ ਹੋਏ ਜਿਨ੍ਹਾਂ ਦੇ ਨਾਮ ਸਨ-ਡਾ. ਐੱਸ.ਐੱਸ. ਗਿੱਲ, ਡਾ. ਸੂਦ, ਡਾ. ਜਸਪਾਲ ਸਿੰਘ, ਮੈਂ ਆਪ (ਡਾ. ਜਗਜੀਤ ਸਿੰਘ) ਤੇ ਇਕ ਦਾ ਨਾਮ ਮੇਰੇ ਕੋਲੋਂ ਵਿੱਸਰ ਗਿਆ। ਮੈਂ ਆਪਣਾ ਜ਼ਰੂਰੀ ਸਾਮਾਨ ਤਿਆਰ ਕੀਤਾ ਤੇ 5 ਜੂਨ 1984 ਦੀ ਸ਼ਾਮ 5.00 ਵਜੇ ਫ਼ੌਜ ਦਾ ਟਰੱਕ ਹਸਪਤਾਲ ਵਿਚ ਆਇਆ ਤੇ ਅਸੀਂ ਆਪਣਾ ਸਾਮਾਨ ਰੱਖ ਕੇ ਬੈਠ ਗਏ। ਜਦੋਂ ਅਸੀਂ ਜਾ ਰਹੇ ਸੀ ਤਾਂ ਕਰਫਿਊ ਲੱਗਾ ਹੋਇਆ ਸੀ ਤੇ ਸੜਕਾਂ ਉੱਤੇ ਸੁੰਨ-ਸਾਨ ਸੀ। ਇਕ ਵੀ ਬੰਦਾ ਨਹੀਂ ਸੀ ਦਿੱਸ ਰਿਹਾ। ਇਥੋਂ ਤਕ ਕਿ ਗਲੀਆਂ ਵਿਚ ਕੁੱਤੇ ਤੇ ਅਸਮਾਨ ਵਿਚ ਪੰਛੀ ਵੀ ਨਜ਼ਰ ਨਹੀਂ ਸੀ ਆ ਰਹੇ। ਅਸੀਂ ਵੀ ਇਕ ਦੂਸਰੇ ਨਾਲ ਕੋਈ ਗੱਲ ਨਹੀਂ ਸੀ ਕਰ ਰਹੇ। ਅਸੀਂ ਦੇਰ ਸ਼ਾਮ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਪਹੁੰਚੇ ਤੇ ਬੀ-ਬਲਾਕ ਮੁੰਡਿਆਂ ਦੇ ਹੋਸਟਲ ਠਹਿਰੇ। ਜਿੱਥੇ ਮੈਂ ਆਪਣੀ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਦੌਰਾਨ ਰਹਿੰਦਾ ਸੀ। ਕੋਈ ਅਫ਼ਸਰ ਆਇਆ ਤੇ ਉਹਨੇ ਸਾਨੂੰ ਕੱਲ੍ਹ ਮਿਤੀ 6 ਜੂਨ 1984 ਨੂੰ 9.00 ਵਜੇ ਤਿਆਰ ਰਹਿਣ ਲਈ ਕਿਹਾ। ਅਸੀਂ ਚਾਹ ਪੀਤੀ ਤੇ ਰਾਤ ਦੀ ਰੋਟੀ ਖਾਧੀ। ਫਿਰ ਅਸੀਂ ਦੇਰ ਰਾਤ ਤੱਕ ਮੌਜੂਦਾ ਹਾਲਾਤਾਂ ਬਾਰੇ ਗੱਲਾਂ ਕਰਦੇ ਰਹੇ। ਫਿਰ 6 ਜੂਨ ਸਵੇਰੇ ਅਸੀਂ ਤੁਰ ਕੇ ਮੈਡੀਕਲ ਕਾਲਜ ਦੇ ਮੁਰਦਾਘਰ ਗਏ, ਜਿਹੜਾ ਕਿ ਹੋਸਟਲ ਤੋਂ ਬਹੁਤਾ ਦੂਰ ਨਹੀਂ ਸੀ। ਉਥੇ ਬਾਕੀ ਜ਼ਿਲ੍ਹਿਆਂ ਦੀ ਟੀਮਾਂ, ਪੁਲਿਸ, ਸਿਵਲ ਤੇ ਹੋਰ ਅਫ਼ਸਰ ਵੀ ਮੌਜੂਦ ਸਨ । ਸਾਨੂੰ ਜ਼ਰੂਰੀ ਸਾਮਾਨ ਜਿਵੇਂ ਕਿ ਪੋਸਟਮਾਰਟਮ ਰਜਿਸਟਰ, ਕਾਰਬਨ ਪੇਪਰ ਤੇ ਪੈੱਨ ਦਿੱਤੇ ਗਏ। ਕਿਸੇ ਵੀ ਲਾਸ਼ ‘ਤੇ ਨਾਮ ਨਹੀਂ ਸੀ ਲਿਖਿਆ ਸਿਰਫ਼ ਮੱਥੇ ਉੱਤੇ ਨੰਬਰ ਲਿਖੇ ਹੋਏ ਸਨ। ਉਨ੍ਹਾਂ ਨੇ
ਸਾਨੂੰ ਹਿਦਾਇਤ ਕੀਤੀ ਕਿ ਕਿਸੇ ਲਾਸ਼ ਦੀ ਚੀਰ-ਫਾੜ ਨਹੀਂ ਕਰਨੀ ਬਸ ਗੋਲੀਆਂ ਦੀ ਗਿਣਤੀ ਤੇ ਗੋਲੀ ਕਿੱਧਰ ਦੀ ਵੱਜੀ ਤੇ ਕਿੱਧਰੋਂ ਨਿਕਲੀ ਇਸ ਦਾ ਵੇਰਵਾ ਦੇਣਾ ਹੈ। ਅਸੀਂ ਕਰੀਬ ਸ਼ਾਮ 6.00 ਵਜੇ ਤੱਕ ਪੋਸਟਮਾਰਟਮ ਕੀਤੇ। ਸ਼ਾਮ ਨੂੰ ਜਦੋਂ ਅਸੀਂ ਬਾਹਰ ਨਿਕਲੇ ਤਾਂ ਮੈਂ ਵੇਖਿਆ ਕਿ ਲਾਸ਼ਾਂ ਟਰੈਕਟਰਾਂ ਵਿਚ ਲਿਆਂਦੀਆਂ ਜਾ ਰਹੀਆਂ ਸਨ।
ਵੱਖ-ਵੱਖ ਥਾਵਾਂ ਪੋਸਟਮਾਰਟਮ ਲਈ ਅਲਾਟ ਕਰ ਦਿੱਤੀਆਂ ਗਈਆਂ ਸਨ। ਮੈਂ ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਲਾਸ਼ਾਂ ਦੇਖੀਆਂ ਭਾਵੇਂ ਕਿ ਮੈਂ ਉਨ੍ਹਾਂ ਦਾ ਪੋਸਟਮਾਰਟਮ ਨਹੀਂ ਸੀ ਕੀਤਾ।
ਇਕ ਸ਼ਾਮ ਜਦੋਂ ਅਸੀਂ ਆਪਣੀ ਡਿਊਟੀ ਤੋਂ ਬਾਅਦ ਮੁਰਦਾਘਰ ਦੇ ਬਾਹਰ ਖੜ੍ਹੇ ਸੀ, ਅਸੀਂ ਦੇਖਿਆ ਕਿ ਇਕ ਲਾਸ਼ ਆਰਮੀ ਦੇ ਭਾਰੀ ਪਹਿਰੇ ਹੇਠ ਲਿਆਂਦੀ ਗਈ। ਸਾਨੂੰ ਬਾਅਦ ਵਿਚ ਪਤਾ ਚੱਲਿਆ ਕਿ ਇਹ ਮ੍ਰਿਤਕ ਸਰੀਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸੀ, ਜੋ ਵੱਖਰੇ ਕਮਰੇ ਵਿਚ ਰੱਖਿਆ ਗਿਆ ਸੀ। ਬਾਕੀ ਸਾਰੀਆਂ ਲਾਸ਼ਾਂ, ਜਿਨ੍ਹਾਂ ਦੇ ਪੋਸਟਮਾਰਟਮ ਹੋ ਚੁੱਕੇ ਸਨ, ਉਹ ਜ਼ਮੀਨ ਉੱਪਰ ਪਈਆਂ ਸਨ।
ਅਗਲੀ ਸਵੇਰ 7 ਜੂਨ ਜਦੋਂ ਸੰਤ ਭਿੰਡਰਾਂਵਾਲਿਆਂ ਦਾ ਪੋਸਟਮਾਰਟਮ ਕੀਤਾ ਜਾਣਾ ਸੀ, ਇਕ ਵਿਵਾਦ ਛਿੜ ਗਿਆ। ਬਾਅਦ ਵਿਚ ਬਦਲਾ ਲਏ ਜਾਣ ਦੇ ਡਰ ਤੋਂ ਕੋਈ ਵੀ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਨ ਨੂੰ ਤਿਆਰ ਨਹੀਂ ਸੀ। ਅੰਮ੍ਰਿਤਸਰ ਦੇ ਡਾਕਟਰਾਂ ਨੇ ਪੋਸਟਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਸਾਨੂੰ ਹੋਰ ਜ਼ਿਲ੍ਹੇ ਵਾਲਿਆਂ ਨੂੰ ਇਹ ਕਰਨ ਲਈ ਕਿਹਾ। ਅਸੀਂ ਵੀ ਮਨ੍ਹਾਂ ਕਰ ਦਿੱਤਾ। ਫਿਰ ਇਹ ਮਾਮਲਾ ਡਾਇਰੈਕਟਰ ਹੈਲਥ ਕੋਲ ਪਹੁੰਚਿਆ ਅਤੇ ਉਸ ਨੇ ਆਦੇਸ਼ ਕੀਤਾ ਕਿ ਅੰਮ੍ਰਿਤਸਰ ਦੇ ਡਾਕਟਰ ਸੰਤ ਭਿੰਡਰਾਂਵਾਲਿਆਂ ਦਾ ਪੋਸਟਮਾਰਟਮ ਕਰਨ ।
ਪੰਜ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਪੰਜ-ਪੰਜ ਡਾਕਟਰਾਂ ਦੀਆਂ ਟੀਮਾਂ ਬੁਲਾਈਆਂ ਗਈਆਂ। ਅਸੀਂ ਉਥੇ 3 ਦਿਨ ਰੁਕੇ ਅਤੇ ਅਸੀਂ ਸਾਰਿਆਂ ਨੇ 20-20 ਪੋਸਟਮਾਰਟਮ ਕੀਤੇ। ਇਸ ਹਿਸਾਬ ਨਾਲ ਆਮ ਸੰਗਤ ਦੀਆਂ ਲੱਗਭਗ 500 ਲਾਸ਼ਾਂ ਦਾ ਪੋਸਟਮਾਰਟਮ ਹੋਇਆ। ਇਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਆਰਮੀ ਟਰੱਕ ਵਿਚ ਸਾਡੇ ਹੈੱਡਕੁਆਰਟਰ ਵਿਚ ਪਹੁੰਚਾ ਦਿੱਤਾ ਗਿਆ ਅਤੇ ਅਸੀਂ ਆਪਣੀ ਆਮ ਜ਼ਿੰਦਗੀ ਵਿਚ ਚੱਲ ਪਏ। ਮੈਂ ਬਾਕੀ ਡਾਕਟਰਾਂ ਦੇ ਤਜਰਬੇ ਬਾਰੇ ਕੁਝ ਨਹੀਂ ਕਹਿ ਸਕਦਾ, ਪਰ ਉਨ੍ਹਾਂ ਘਟਨਾਵਾਂ ਦੀਆਂ ਯਾਦਾਂ, ਆਲਾ-ਦੁਆਲਾ ਤੇ ਉਸ ਜਗ੍ਹਾ ਦੀ ਬਦਬੂ ਅੱਜ ਵੀ ਏਨੇ ਸਾਲਾਂ ਦੇ ਬਾਅਦ ਮੇਰੇ ਮਨ ਵਿਚ ਠਹਿਰੀ ਹੋਈ ਹੈ।
ਅੰਮ੍ਰਿਤਸਰ ਦੇ ਸਿਵਲ ਸਰਜਨ ਅਤੇ ਡਾਇਰੈਕਟਰ ਹੈਲਥ ਸਰਵਿਸਜ਼, ਡਾਕਟਰ ਐੱਮ.ਐੱਸ. ਕੰਗ ਵੀ ਉਥੇ ਮੌਜੂਦ ਸਨ ਅਤੇ ਅਸੀਂ ਉਨ੍ਹਾਂ ਨੂੰ ਮਿਲੇ। ਉਨ੍ਹਾਂ ਨੇ ਸਾਡੇ ਕੰਮ ਦੀ ਸ਼ਲਾਘਾ ਕੀਤੀ। ਡਾਕਟਰ ਐੱਮ.ਐੱਸ. ਕੰਗ ਨੂੰ ਕੁਝ ਸਮੇਂ ਬਾਅਦ ਅੱਤਵਾਦੀਆਂ ਵੱਲੋਂ ਮਾਰ ਦਿੱਤਾ ਗਿਆ।
(ਜਸਵੰਤ ਸਿੰਘ ਈਸੇਵਾਲ ਦੀ ਪੁਸਤਕ “ਸੀਨੇ ਵਿੱਚੋਂ ਨਿਕਲਦੀ ਰਹੇਗੀ ਹੂਕ” ਵਿੱਚੋਂ ਧੰਨਵਾਦ ਸਹਿਤ)
