views 7 secs 0 comments

ਗਿਆਨ

ਲੇਖ
June 13, 2026

ਗਿਆਨ ਪ੍ਰਾਪਤੀ ਆਤਮ-ਰੁਚਿਤ ਸਾਧਕ ਦਾ ਨਸੀਬਾ ਹੈ। ਸੰਗੀਤ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜੇ ਸ੍ਰੋਤੇ ਕੰਨੋਂ ਬੋਲ਼ੇ ਹੋਣ।

ਗਿਆਨੀ ਦਾ ਅਰਥ ਹੈ ‘ਜਾਣਨ ਵਾਲਾ’, ਗਿਆਤਾ । ਗਿਆਤਾ ਸੰਸਾਰ ਦਾ ਨਹੀਂ, ਆਤਮ-ਗਿਆਨ ਦਾ। ਜੋ ਸਾਧਕ ਵੀ ਆਪਣੀ ਆਤਮਾ ਨੂੰ ਪਛਾਣ ਲੈਂਦਾ ਹੈ, ਉਹ ਉਸ ਆਤਮਾ ਨੂੰ ਸਾਰੇ ਬ੍ਰਹਿਮੰਡ ਵਿਚ ਵਿਸਤ੍ਰਿਤ ਹੋਇਆ ਵੇਖਦਾ ਹੈ । ਸਾਰਾ ਕੁਝ ਉਸ ਨੂੰ ਜੋ ਕੁਝ ਪ੍ਰਤੀਤ ਹੋ ਰਿਹਾ ਹੁੰਦਾ ਹੈ—ਕੀ ਅੰਦਰ ਤੇ ਕੀ ਬਾਹਰ, ਕੀ ਪਹਿਲਾਂ ਹੋ ਚੁੱਕਾ ਹੈ, ਕੀ ਜੋ ਹੁਣ ਹੋ ਰਿਹਾ ਹੈ ਤੇ ਕੀ ਜੋ ਅਜੇ ਹੋਣਾ ਹੈ, ਸਭ ਉਸ ਦੇ ਗਿਆਨ-ਪਟ ‘ਤੇ ਪ੍ਰਤੱਖ ਹੋਇਆ ਦਿੱਸਦਾ ਹੈ। ਜਦ ਉਸ ਤੋਂ ਅਲੱਗ ਕੁਝ ਹੁੰਦਾ ਹੀ ਨਹੀਂ ਤਾਂ ਉਸ ਨੇ ਡਰਨਾ ਕਿਸ ਤੋਂ ਤੇ ਡਰਾਉਣਾ ਕਿਸ ਨੂੰ?

ਉਸ ਦੇ ਅੰਦਰੋਂ ਤਾਂ ਪਿਆਰ ਦੀਆਂ ਝਰਨਾਟਾਂ ਫੁਟਦੀਆਂ ਹਨ, ਜੋ ਬੜੇ ਫ਼ਾਸਲੇ ਤੈਅ ਕਰ ਜਾਂਦੀਆਂ ਹਨ, ਉਵੇਂ ਜਿਵੇਂ ਮੋਤੀਏ ਦੀ ਸੁਗੰਧ ਹਵਾ ਵਿਚ ਫੈਲੀ ਤੁਰੀ ਜਾਂਦੀ ਹੈ। ਉਸ ਦੇ ਗਿਰਦ ਤਾਂ ਇਕ ਆਤਮਕ ਹਾਲਾ ਹੁੰਦਾ ਹੈ ਜੋ ਹੋਰਨਾਂ ਦੇ ਮਨਾਂ ਵਿਚ ਅਚਿੰਤੇ ਹੀ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਉਹ ਹੋਰਾਂ ਦੇ ਮਨ ਨੂੰ ਵੀ ਨਿਰਮਲ ਕਰ ਦੇਂਦਾ ਹੈ।

ਉਸ ਪਾਸੋਂ ਲੋਕਾਂ ਨੂੰ ਖ਼ੁਸ਼ੀ ਮਿਲਦੀ ਹੈ, ਪਿਆਰ ਪ੍ਰਾਪਤ ਹੁੰਦਾ ਹੈ, ਸ਼ਾਂਤੀ ਹਾਸਲ ਹੁੰਦੀ ਹੈ, ਸ਼ਕਤੀ ਨਸੀਬ ਹੁੰਦੀ ਹੈ ਤੇ ਅਧਿਆਤਮਕ ਉੱਨਤੀ ਅਨੁਭਵ ਹੁੰਦੀ ਹੈ। ਇਤਨਾ ਕੁਝ ਕੇਵਲ ਤੇ ਕੇਵਲ ਉਸ ਦੀ ਸੰਗਤ ਤੋਂ ਹੀ ਪ੍ਰਾਪਤ ਹੋ ਜਾਂਦਾ ਹੈ। ਉਸ ਦੇ ਸੰਗ ਨਾਲ ਹਿਰਦੇ ਅੰਦਰ ਪਰਗਾਸ ਹੁੰਦਾ ਹੈ। ਉਸ ਦੇ ਸੰਗ ਨਾਲ ਇਕ ਨਹੀਂ ਕਰੋੜਾਂ ਹੀ ਪਤਿਤਾਂ ਦਾ ਉੱਧਾਰ ਹੋ ਜਾਂਦਾ ਹੈ।

ਉਸ ਨੂੰ ਮਲੂਮ ਹੋ ਜਾਂਦਾ ਹੈ ਕਿ ਕਿਸੇ ਦੇ ਅੰਦਰ ਕੀ ਵਰਤ ਰਿਹਾ ਹੈ। ਉਸ ਪਾਸੋਂ ਕੁਝ ਵੀ ਲੁਕਿਆ ਨਹੀਂ ਰਹਿ ਜਾਂਦਾ। ਉਹ ਸਰਬ-ਗਿਆਤਾ ਤੇ ਤ੍ਰੈਕਾਲ-ਦਰਸ਼ੀ ਹੋ ਜਾਂਦਾ ਹੈ। ਉਸ ਦਾ ਦਰਸ਼ਨ ਸਭ ਫਲ ਦੇ ਸਕਦਾ ਹੈ ਤਦੇ ਉਸ ਨੂੰ ‘ਸਫਲ-ਦਰਸ਼ਨ’ ਕਹਿੰਦੇ ਹਨ। ਐਸਾ ਸਫਲ ਦਰਸ਼ਨ ਜਦ ਕਿਸੇ ਵੱਲ ਵੇਖਦਾ ਹੈ ਤਾਂ ਉਹ ਪਵਿੱਤਰ ਹੋ ਜਾਂਦਾ ਹੈ। ਇਹ ਆਤਮ-ਗਿਆਨੀ ਦੇ ਲੱਛਣ ਹਨ। ਆਤਮ-ਗਿਆਨੀ ਹੀ ਬ੍ਰਹਮ-ਗਿਆਨੀ ਹੁੰਦਾ ਹੈ।

ਡਾ. ਜਸਵੰਤ ਸਿੰਘ ਨੇਕੀ