ਆਗਾਹਾ ਕੁ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥
(ਅੰਗ : 1096)
(ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, “ ਐ ਮਨੁੱਖ ਹਮੇਸ਼ਾ ਅਗਹਾਂ ਨੂੰ ਹਰਕਤ ਰੱਖ । ਆਪਣੇ ਮੁਹਡੇ ਨੂੰ ਬਿਲਕੁਲ ਪਿੱਛਾਂ ਨਾ ਮੋੜ । ਜੀਵਨ ਦੇ ਇਸੇ ਮੌਕੇ ਵਿਚ ਸਫਲਤਾ ਪ੍ਰਾਪਤ ਕਰਕੇ ਸਰਖ਼ਰੂ ਹੋ ਜਾ । ਤਾਂ ਜੋ ਦੂਜੀ ਵਾਰ ਤੈਨੂੰ ਮਾਇਕ ਸਰੀਰ ਦੀ ਕੈਦ ਵਿਚ ਨਾ ਫਸਣਾ ਪਵੇ ।” )
ਮਨੁੱਖ ਦੀ ਜ਼ਿੰਦਗੀ ਦੀ ਸਫਲਤਾ ਦਾ ਇਹ ਭੇਦ ਹੈ ਕਿ ਉਹ ਹਮੇਸ਼ਾ ਅਗਹਾਂ ਵੱਲ ਹਰਕਤ ਕਰਦਾ ਰਹੇ । ਗਿਆਨ, ਪ੍ਰੇਮ, ਸ਼ਕਤੀ, ਸੁੰਦਰਤਾ, ਪਵਿੱਤ੍ਰਤਾ, ਸੰਜਮ, ਵੀਰਤਾ, ਭਗਤੀ, ਜੁਗਤੀ, ਆਜ਼ਾਦੀ, ਇਨਸਾਫ, ਕਲਾ ਤੇ ਆਨੰਦ ਵਿਚ ਹੋਰ ਹੀ ਹੋਰ ਤਰੱਕੀ ਕਰਦਾ ਰਹੇ । ਉਸ ਦਾ ਹਰ ਅਗਲਾ ਪੈਰ ਉਸ ਦੇ ਪਿਛਲੇ ਪੈਰ ਤੋਂ ਚੰਗੀ ਤੇ ਸੁਤੰਤਰ ਚਾਲ ਚੱਲੇ । ਉਸ ਦਾ ਹਰ ਅਗਲਾ ਦਿਹਾੜਾ ਉਸ ਦੇ ਪਿਛਲੇ ਦਿਹਾੜੇ ਤੋਂ ਜ਼ਿਆਦਾ ਸੁੰਦਰ, ਅਮੀਰ, ਅਰੋਗ ਤੇ ਪ੍ਰਸੰਨ ਹੋਵੇ, ਉਸ ਦੀ ਜ਼ਿੰਦਗੀ ਦੀਆਂ ਕੀਮਤਾਂ ਆਤਮਕਤਾ ਤੇ ਅਧਿਆਤਮਕਤਾ ਵਿਚ ਹੋਰ ਹੀ ਹੋਰ ਉੱਨਤ ਹੁੰਦੀਆਂ ਜਾਣ। ਉਹ ਨਿਤਾਪਰਤੀ ਜੀਵਨ ਦਾ ਨਵੇਂ ਤੋਂ ਨਵਾਂ ਅਨੁਭਵ ਹਾਸਲ ਕਰਦਾ ਜਾਏ । ਉਸ ਨੂੰ ਹਰ ਘੜੀ ਈਸ਼ਵਰ ਦਰਸ਼ਨ ਦੇ ਨਵੇਂ ਤੋਂ ਨਵੇਂ ਦ੍ਰਿਸ਼ ਨਜ਼ਰ ਆਂਦੇ ਜਾਣ ਅਤੇ ਉਸ ਦਾ ਦਰਿਸ਼ਟੀਕੋਣ ਨਵੇਂ ਤੋਂ ਨਵਾਂ ਉਜਿਆਰਾ ਪ੍ਰਾਪਤ ਕਰਕੇ ਹੋਰ ਹੀ ਹੋਰ ਪਰਜੁਵੱਲਤ ਹੁੰਦਾ ਜਾਏ ।
ਜ਼ਿੰਦਗੀ ਕਦੇ ਸ਼ਾਂਤ ਨਹੀਂ ਰਹਿ ਸਕਦੀ । ਜਦ ਉਹ ਅਗਹਾਂ ਨੂੰ ਹਰਕਤ ਨਹੀਂ ਕਰਦੀ ਤਾਂ ਪਿੱਛਾ ਹਟਣਾਂ ਸ਼ੁਰੂ ਹੁੰਦੀ ਹੈ ਅਤੇ ਜ਼ਿੰਦਗੀ ਦਾ
ਪਿੱਛਾਂ ਹਟਣ ਦਾ ਅਮਲ ਜੀਵਨ ਦੇ ਸਹਿਜ-ਸੁਭਾ ਦੀ ਵਿਰੋਧਤਾ ਹੈ ਅਤੇ ਇਸ ਲਈ ਇਹ ਮਨੁੱਖ ਦੀ ਕੀਮਤ ਘਟਾਂਦਾ ਤੇ ਉਸ ਨੂੰ ਬੇਇੱਜ਼ਤ ਕਰਦਾ ਹੈ ।
ਆਲਸ, ਲਾਪਰਵਾਹੀ, ਹਾਰ, ਭਾਜ, ਅਫਸੋਸ, ਪਛਤਾਵਾ, ਬੀਮਾਰੀ ਕੰਗਾਲੀ ਅਤੇ ਅਸਫਲਤਾ ਆਦਿ ਅਵਗੁਣ ਜ਼ਿੰਦਗੀ ਦੇ ਪਿੱਛਾਂ ਵੱਲ ਮੁੜਨ ਦੇ ਰੂਪ ਹਨ ਅਤੇ ਇਸ ਲਈ ਇਹ ਹੇਠੀ ਦੇ ਕੰਮ ਹਨ। ਭਾਵੇਂ ਇਹ ਰੂਪ ਵੀ ਜ਼ਿੰਦਗੀ ਦੀ ਅਗਹਾਂ ਵੱਲ ਜਾਣ ਵਾਲੀ ਹਰਕਤ ਦਾ ਲੋੜੀਂਦਾ ਮਸਾਲਾ ਬਣ ਸਕਦੇ ਹਨ। ਪਰ ਇਨ੍ਹਾਂ ਦੀ ਸਹੀ ਵਰਤੋਂ ਉਹੀ ਮਨੁੱਖ ਕਰ ਸਕਦਾ ਹੈ ਜਿਹੜੇ ਆਪਣੇ ਜੀਵਨ ਨੂੰ ਅਗਹਾਂ ਵੱਲ ਪਰੇਰਤ ਕਰਨ ਲਈ ਜ਼ਿੰਦਾ ਤੜਪ, ਉਤਸ਼ਾਹ, ਲਗਨ, ਧੁਨ ਤੇ ਇਸ਼ਕ ਰੱਖਦਾ ਹੈ, ਨਹੀਂ ਤਾਂ ਬੇ-ਤੜਪ ਮਨੁੱਖਾਂ ਲਈ ਤਾਂ ਇਹ ਕੰਮ ਹੋਰ ਹੀ ਹੋਰ ਅਸਫਲਤਾ, ਬੇਰਸੀ ਤੇ ਨਾ-ਖੁਸ਼ੀ ਦਾ ਕਾਰਨ ਬਣਦੇ ਹਨ ।
ਜ਼ਿੰਦਗੀ ਦੀ ਸਫਲਤਾ ਦਾ ਭੇਦ ਜ਼ਿੰਦਗੀ ਦੇ ਵਕਤ ਦਾ ਠੀਕ ਇਸਤਿਮਾਲ ਕਰਨਾ ਹੈ ਤੇ ਵਕਤ ਦਾ ਠੀਕ ਇਸਤਿਮਾਲ ਤਦ ਹੋ ਸਕਦਾ ਹੈ ਜਦ ਕਿ ਅਗਹਾਂ ਵੱਲ ਹਰਕਤ ਜਾਰੀ ਰੱਖੀ ਜਾਏ । ਵਰਤਮਾਨ ਤੋਂ ਲਾਭ ਉਠਾ ਕੇ ਭਵਿੱਖ ਨੂੰ ਸੰਵਾਰਿਆ ਜਾਏ । ਜੀਵਨ ਦੀ ਸ਼ਕਤੀ ਨੂੰ ਮੁਸੱਬਤ ਸਿਫ਼ਤਾਂ ਦੀ ਉਸਾਰੀ ਵਿਚ ਲਗਾਇਆ ਜਾਏ । ਨਹੀਂ ਤਾ ਪਿਛਲੇ ਸਮੇਂ ਦੀਆਂ ਅੱਛਾਈਆਂ ਨੂੰ ਯਾਦ ਕਰਕੇ ਆਪਣੇ ਸਮੇਂ ਨੂੰ ਖੋਣਾ; ਪਿਛਲੀਆਂ ਯਾਦਾਂ ਵਿਚ ਜੁੱਟਿਆ ਰਹਿਣਾ; ਮਨਫ਼ੀ ਗੁਣਾਂ ਦਾ ਅਭਿਆਸ ਕਰਨਾ; ਵਾਦਾਂ-ਵਿਵਾਦਾਂ ਤੇ ਫਜ਼ੂਲ ਝਗੜਿਆਂ, ਝੰਝਟਾਂ ਤੇ ਗੱਪਾਂ-ਸ਼ੱਪਾਂ ਵਿਚ ਸਮਾਂ ਖ਼ਰਾਬ ਕਰਨਾ ਆਦਿ ਕੰਮ ਤਾਂ ਆਪਣੇ ਜੀਵਨ ਦਾ ਮੋਢਾ ਪਿੱਛਾਂ ਮੋੜਨ ਦੇ ਤੁਲ ਕੰਮ ਹਨ ਅਤੇ ਇਸ ਲਈ ਇਹ ਜ਼ਿੰਦਗੀ ਨੂੰ ਕਦੀ ਸੁਖੀ, ਰਸਦਾਇਕ, ਸਫਲ ਤੇ ਉੱਨਤ ਨਹੀਂ ਬਣਾ ਸਕਦੇ ।
ਮਨੁੱਖ ਨੂੰ ਮਾਨਵ ਜ਼ਿੰਦਗੀ ਦੀ ਦੌਲਤ ਬੜੇ ਚੰਗੇ ਭਾਗਾਂ ਨਾਲ ਪ੍ਰਾਪਤ ਹੋਈ ਹੈ । ਕਿਉਂ ਜੋ ਇਹ ਉੱਚੀ ਤੋਂ ਉੱਚੀ ਜੂਨ ਹੈ । ਸੁਨਹਿਰੀ ਤੋਂ ਸੁਨਹਿਰੀ ਮੌਕਾ ਹੈ । ਪਰ ਇਸ ਮੌਕੇ ਨੂੰ ਠੀਕ ਵਰਤੋਂ ਨਾਲ ਹੀ ਸਫਲ ਬਣਾਇਆ ਜਾ ਸਕਦਾ ਹੈ ਅਤੇ ਨੇਕ ਨੀਅਤੀ ਤੇ ਧਰਮ ਦੀ ਮੰਗ ਵੀ ਇਹੀ ਹੈ ਕਿ ਇਸ ਨੂੰ ਸਫਲ ਬਣਾਇਆ ਜਾਏ । ਪਰੰਤੂ ਸਫਲਤਾ ਦੀ ਪ੍ਰਾਪਤੀ ਲਈ ਨਾ ਕੇਵਲ ਜ਼ਬਰਦਸਤ ਤਿਆਰੀ ਦੀ ਲੋੜ ਹੈ, ਸਗੋਂ ਸੁਚੇਤ ਰਹਿਣ ਦੀ ਵੀ। ਇਸ ਲਈ ਜਿਹੜੇ ਮਨੁੱਖ ਜੀਵਨ ਦੇ ਚਾਹਵਾਨ ਹਨ; ਉਨ੍ਹਾਂ ਨੂੰ ਇਹ ਵਿਸ਼ਵਾਸ ਦ੍ਰਿੜ੍ਹ ਤੌਰ ਤੇ ਆਪਣੇ ਹਿਰਦੇ ਵਿਚ ਸੰਚਾਰ ਕਰ ਲੈਣਾ ਚਾਹੀਦਾ ਹੈ ਕਿ ਉਹ ਜ਼ਿੰਦਗੀ ਦੇ ਇਮਤਿਹਾਨ ਵਿਚ ਜ਼ਰੂਰ ਸਫਲ ਹੋਣਗੇ ਅਤੇ ਪੂਰੀ ਸੁਰਖ਼ਰੂਈ ਤੇ ਨੇਕਨਾਮੀ ਨਾਲ ਸਫਲ ਹੋਣਗੇ ।
ਮਨੁੱਖ ਨੇ ਓੜਕ ਜੀਵਨ ਦੀ ਸੰਪੂਰਨਤਾ ਰਾਹੀਂ ਪ੍ਰਮਾਤਮਾ ਨਾਲ ਇਕ ਮਿਕ ਹੋਣਾ ਹੈ ਅਤੇ ਵਾਕਈ ਆਪਣੀ ਮਾਨਵਤਾ ਦਾ ਆਨੰਦ ਮਾਨਣਾ ਹੈ । ਇਹ ਮਨੁੱਖ ਦਾ ਅਟੱਲ ਅਧਿਕਾਰ ਹੈ ਤੇ ਅਧਿਕਾਰ ਉਸ ਨੂੰ ਕਿਸੇ ਨਾ ਕਿਸੇ ਵਕਤ ਜ਼ਰੂਰ ਪ੍ਰਾਪਤ ਹੋਵੇਗਾ । ਪਰੰਤੂ ਮਨੁੱਖ ਦੀ ਵਾਕਈ ਹਿੰਮਤ ਤੇ ਸੁਰਖ਼ਰੂਈ ਦੀ ਮੰਗ ਇਹ ਹੈ ਕਿ ਉਹ ਇਸ ਅਧਿਕਾਰ ਨੂੰ ਆਪਣੀ ਜ਼ਿੰਦਗੀ ਦੇ ਵਾਕਈ ਅਵਸਰ ਵਿਚ ਪ੍ਰਾਪਤ ਕਰਨ ਦਾ ਜਤਨ ਕਰੇ, ਨਹੀਂ ਤਾਂ ਕੁਦਰਤ ਮਾਤਾ ਉਸਨੂੰ ਵਾਰ-ਵਾਰ ਜੂਨਾਂ ਦੇ ਗੇੜੇ ਵਿਚ ਫਸਾ ਕੇ ਉਸਨੂੰ ਇਸ ਸਫਲਤਾ ਦੀ ਪ੍ਰਾਪਤੀ ਦੇ ਤਜਰਬੇ ਕਰਨ ਲਈ ਮਜਬੂਰ ਕਰੇਗੀ ਤੇ ਇਸ ਤਰ੍ਹਾਂ ਨਾ ਕੇਵਲ ਉਸਨੂੰ ਕਠਨ ਕਸ਼ਟ ਸਹਿਣੇ ਪੈਣਗੇ । ਸਗੋਂ ਉਸ ਦੀ ਤਰੱਕੀ ਦੀ ਚਾਲ ਵੀ ਮੱਧਮ ਪੈ ਜਾਵੇਗੀ ।
ਇਸ ਲਈ ਜ਼ਿੰਦਗੀ ਦੀ ਤਰੱਕੀ ਦੇ ਚਾਹਵਾਨਾਂ ਦਾ ਇਹ ਕਰਤਵ ਹੈ ਕਿ ਨਾ ਕੇਵਲ ਉਹ ਅਗਹਾਂ ਨੂੰ ਹਰਕਤ ਕਰਦੇ ਰਹਿਣ, ਸਗੋਂ ਜ਼ਿੰਦਗੀ ਦੇ ਅਵਸਰ ਦਾ ਪੂਰਾ-ਪੂਰਾ ਲਾਭ ਵੀ ਉਠਾਣ ਤੇ ਪੂਰਨ ਤਿਆਰੀ ਦੁਆਰਾ ਉਸਨੂੰ ਪਰਵਾਨ ਵੀ ਚੜ੍ਹਾਨ ।
ਨਿਰਸੰਦੇਹ ਆਤਮਕਤਾ ਤੇ ਅਧਿਆਤਮਕਤਾ ਵਿਚ ਹੋਰ ਹੀ ਹੋਰ ਉੱਨਤ ਤੇ ਪਰਫੁੱਲਤ ਹੋਣਾ ਧਰਮ ਜੀਵਨ ਦੀ ਪ੍ਰਾਪਤੀ ਦੀ ਜ਼ਰੂਰੀ ਸ਼ਰਤ ਹੈ।
ਯੋਗ ਦੇ ਤਾਂ ਸਗੋਂ ਅਰਥ ਹੀ ਇਹੀ ਹਨ ਕਿ ਦਿਲ, ਦਿਮਾਗ ਤੇ ਇੱਛਾ ਰਾਹੀਂ ਜੀਵਨ ਜੋਤ ਨਾਲ ਹੋਰ ਹੀ ਹੋਰ ਨੇੜਤਾ ਤੇ ਸਾਂਝ ਦਾ ਸੰਬੰਧ ਕਾਇਮ ਕੀਤਾ ਜਾਏ । ਹੁਕਮ ਤੇ ਰਜ਼ਾ ਦੇ ਪਾਲਣ ਦਾ ਵੀ ਤਾਂ ਇਹੀ ਭਾਵ ਹੈ ਕਿ ਆਤਮ-ਗਿਆਨ ਤੇ ਬ੍ਰਹਮ-ਗਿਆਨ ਵਿਚ ਹੋਰ ਹੀ ਹੋਰ ਅਗਹਾਂ ਵਧਿਆ ਜਾਏ । ਪਰ ਇਸ ਮੰਤਵ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਤਾਂ ਇਹ ਕਿ ਜ਼ਿੰਦਗੀ ਦੇ ਅਵਸਰ ਨੂੰ ਅਨਮੋਲ ਤੋਂ ਅਨਮੋਲ ਖ਼ਿਆਲ ਕਰਦੇ ਹੋਏ ਸੰਪੂਰਨ ਆਚਰਣ ਉਸਾਰੀ ਦੀ ਸਫਲਤਾ ਦੁਆਰਾ ਉਸ ਨੂੰ ਵਿਗਾਸ-ਮਈ ਤੇ ਪਰਕਾਸ਼ਮਾਨ ਕੀਤਾ ਜਾਏ ਤਾਂ ਜੋ ਅਸਫਲ ਹੋ ਕੇ ਆਵਾਗਵਨ ਦੀਆਂ ਚੋਟਾਂ ਨਾ ਖਾਣੀਆਂ ਪੈ ਜਾਣ ।
