ਪਰਉਪਕਾਰ

ਲੇਖ
June 12, 2026

ਸੁਰਗ ਦਾ ਰਾਹ ਪਰੋਪਕਾਰ ਥਾਣੀ ਲੰਘਦਾ ਹੈ।

ਪਰਉਪਕਾਰ ਦਾ ਅਰਥ ਹੈ, ਪਰ ਅਥਵਾ ਦੂਜੇ ਦਾ, ਉਪਕਾਰ ਅਥਵਾ ਭਲਾ ਕਰਨਾ। ਸੋ ਪਰਉਪਕਾਰ ਸੁਆਰਥ ਰਹਿਤ ਹੋ ਕੇ ਹੋਰਨਾਂ ਦਾ ਭਲਾ ਚਿਤਵਨ ਤੇ ਭਲਾ ਕਰਨ ਨੂੰ ਕਹਿੰਦੇ ਹਨ।

ਪਰਉਪਕਾਰ ਇਕ ਦੈਵੀ ਗੁਣ ਹੈ। ਸਭ ਤੋਂ ਵੱਡਾ ਪਰਉਪਕਾਰੀ ਪ੍ਰਭੂ ਆਪ ਹੈ, ਉਹ ਆਪਣੀ ਅਸੀਮ ਸ਼ਕਤੀ ਸਾਰੀ ਪਰਉਪਕਾਰ ਹਿਤ ਵਰਤਦਾ ਹੈ। ਪ੍ਰਭੂ ਤੋਂ ਉਤਰ ਕੇ ਵੱਡਾ ਪਰਉਪਕਾਰੀ ਸਤਿਗੁਰੂ ਹੈ, ਜੋ ਪਰਮਾਰਥ ਦਾ ਉਪਦੇਸ਼ ਦੇਂਦਾ ਹੈ। ਜੋ ਕੋਈ ਗੁਰੂ ਦਾ ਹੋ ਜਾਂਦਾ ਹੈ, ਉਹ ਦੁਤਰ ਸੰਸਾਰ ਸਾਗਰ ਥਾਣੀਂ ਤਰ ਕੇ ਪਾਰ ਹੋ ਜਾਂਦਾ ਹੈ:

ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥ ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥
(ਗਉੜੀ ਪੂਰਬੀ ਮ: ੪, ਅੰਗ 171)

ਪਰਉਪਕਾਰੀ ਗੁਰੂ ਜੀਆਂ ਨੂੰ ਪ੍ਰਭੂ ਸਿਮਰਨ ‘ਤੇ ਲਗਾਉਂਦਾ ਹੈ ਤੇ ਜੋ ਪਰਉਪਕਾਰੀ ਪ੍ਰਭੂ ਨੂੰ ਸਿਮਰਨ ‘ਤੇ ਲੱਗਦੇ ਹਨ, ਉਹ ਆਪ ਵੀ ਪਰਉਪਕਾਰੀ ਹੋ ਜਾਂਦੇ ਹਨ। ਜੋ ਸਿਮਰਨ ਨੂੰ ਆਪਣੀ ਜ਼ਿੰਦਗੀ ਬਣਾ ਲੈਂਦੇ ਹਨ, ਉਹ ਬ੍ਰਹਮ ਗਿਆਨੀ ਹੋ ਜਾਂਦੇ ਤੇ ਇਕ ਵਾਹਿਗੁਰੂ ਨਾਲ ਅਭੇਦ ਹੋ ਜਾਂਦੇ ਹਨ। ਐਸੇ ਮਹਾਂਪੁਰਖ :

ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥
(ਗਉੜੀ ਸੁਖਮਨੀ ਮ: ੫)

ਐਸੇ ਮਹਾਂਪੁਰਖ ਜਨਮ-ਮਰਨ ਦੇ ਗੇੜ ਤੋਂ ਪਾਰ ਹੋ ਜਾਂਦੇ ਹਨ, ਪਰ ਪਰਉਪਕਾਰ ਦਾ ਉਮਾਹ ਉਹਨਾਂ ਨੂੰ ਮੁੜ ਸੰਸਾਰ ਵਿਚ ਆਉਣ ਲਈ ਪ੍ਰੇਰਦਾ ਹੈ :

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
(ਸੂਹੀ ਮ: ੫, ਅੰਗ 749)

ਉਹ ਤਾਂ ਚਾਹੁੰਦੇ ਹਨ ਕਿ ਸਾਰੇ ਜੀਵ ਹੀ ਪਰਉਪਕਾਰੀ ਹੋ ਜਾਣ :

ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ॥ ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥
(ਬਿਲਾਵਲੁ ਮ: ੫, ਅੰਗ 815)

ਇਸ ਲਈ ਉਹਨਾਂ ਨੂੰ ਗਿਆਨ ਦੇਂਦੇ ਹਨ, ਜੋ ਉਹਨਾਂ ਦੀ ਦਿੱਤੀ ਵਿੱਦਿਆ ਨੂੰ ਵਿਚਾਰਦੇ ਹਨ, ਉਹ ਸਭ ਪਰਉਪਕਾਰੀ ਹੋ ਜਾਂਦੇ ਹਨ।

ਡਾ. ਜਸਵੰਤ ਸਿੰਘ ਨੇਕੀ