views 22 secs 0 comments

18 ਜੂਨ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ : ਆਓ! ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਪ੍ਰੇਰਨਾ ਲਈਏ

ਲੇਖ
June 17, 2026

ਸਿੱਖ ਜਗਤ ਪੰਜਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹਰ ਪਹਿਲੂ ਵਿਚਾਰਨ-ਯੋਗ ਹੈ। ਔਰ ਨਾਲ ਦੀ ਨਾਲ ਇਹ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਗੁਰੂ ਸਾਹਿਬਾਨ ਦੀ ਸ਼ਹੀਦੀ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਕੀ ਪ੍ਰੇਰਣਾ ਦੇ ਰਹੀ ਹੈ ? ਇਸ ਦਾ ਮੁਲਾਂਕਣ ਕਰਨਾ ਵੀ ਸਮੇਂ ਦੀ ਲੋੜ ਹੈ ਤਾਂਕਿ ਗੁਰੂ ਸਾਹਿਬ ਦੀ ਸ਼ਹੀਦੀ ਦੀ ਗਾਥਾ ਦੀ ਰੋਸ਼ਨੀ ਵਿਚੋਂ ਅਜੋਕੇ ਹਨੇਰ-ਗਰਦੀ ਦੇ ਯੁੱਗ ਵਿਚੋਂ ਸੇਧ ਮਿਲ ਸਕੇ। ਅਜੋਕੇ ਸਮੇਂ ਨੌਜਵਾਨ ਪੀੜ੍ਹੀ ਦੀ ਜੋ ਹਾਲਤ ਹੈ, ਕਿਸ ਤਰ੍ਹਾਂ ਆਪਣੇ ਗੌਰਵ-ਮਈ ਵਿਰਸੇ ਨਾਲੋਂ ਟੁੱਟ ਚੁੱਕੀ ਹੈ। ਮਾੜੇ ਕੁਕਰਮਾਂ ਤੇ ਨਸ਼ਿਆਂ ਦੀ ਦਲਦਲ ਵਿਚ ਫਸੇ ਪਏ ਹਨ, ਪਤਿਤਪੁਣੇ ਦੇ ਤਹਿਤ ਧਰਮ ਤੋਂ ਮੂੰਹ ਮੋੜ ਰਹੇ ਹਨ। ਇਸ ਸੰਦਰਭ ਵਿਚ ਗੁਰ-ਉਪਦੇਸ਼ਾਂ ਦੀ ਸਖ਼ਤ ਜ਼ਰੂਰਤ ਹੈ।

ਅਸੀਂ ਗੱਲ ਕਰ ਰਹੇ ਹਾਂ ਇਕ ਦੂਸਰੇ ਪਹਿਲੂ ਦੀ, ਜਿਸ ਤਹਿਤ ਗੁਰੂ ਸਾਹਿਬ ਦੀ ਸ਼ਹਾਦਤ ਹੋਈ। ਇਸ ਦੁਨੀਆਂ ਵਿਚ ਅਲੱਗ-ਅਲੱਗ ਵਿਚਾਰ ਰੱਖਣ ਵਾਲੇ ਤੇ ਵੱਖੋ-ਵੱਖਰੀ ਸੋਚ ਰੱਖਣ ਵਾਲੇ ਲੋਕ ਮੌਜੂਦ ਹਨ। ਚੰਗੀ ਤੇ ਉਸਾਰੂ, ਪਰਉਪਕਾਰੀ ਮਨੁੱਖੀ ਕਲਿਆਣ ਦੀ ਸੋਚ ਰੱਖਣ ਵਾਲੇ ਸ਼ੁਰੂ ਤੋਂ ਹੀ ਘੱਟ ਗਿਣਤੀ ਵਿਚ ਹਨ। ਮਾੜੇ ਵਿਚਾਰਾਂ ਦੇ ਤੇ ਮਾੜੀ ਭੈੜੀ ਸੋਚ ਦੇ ਧਾਰਨੀ ਬਹੁ ਲੋਕਾਈ ਹੁੰਦੀ ਹੈ। ਇਹਨਾਂ ਦਾ ਕਦੀ ਵੀ ਸਮਤੋਲ ਨਹੀਂ ਹੁੰਦਾ। ਵੇਖਣ ਵਿਚ ਐਸਾ ਆਉਂਦਾ ਹੈ ਕਿ ਮਾੜੀ ਸੋਚ ਵਾਲੇ ਉਸਾਰੂ ਤੇ ਚੰਗੀ ਸੋਚ ਵਾਲਿਆਂ ‘ਤੇ ਭਾਰੂ ਹੋ ਜਾਂਦੇ ਹਨ। ਇਹ ਸਿਲਸਿਲਾ ਅੱਜ ਦਾ ਨਹੀਂ ਸ਼ੁਰੂ ਤੋਂ ਹੀ ਚਲਦਾ ਆ ਰਿਹਾ ਹੈ। ਜਿਸ ਯੁੱਗ ਪੁਰਸ਼ ਮਹਾਤਮਾ ਨੇ ਸੱਚ ਦੀ ਗੱਲ ਕੀਤੀ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪਏ। ਕਈ ਤਰ੍ਹਾਂ ਦੇ ਕਸ਼ਟ ਸਹਾਰਨੇ ਪਏ, ਸ਼ਹਾਦਤਾਂ ਦੇਣੀਆਂ ਪਈਆਂ। ਇਹ ਇਕ ਲੰਮੀ ਗਾਥਾ ਹੈ।

ਪੰਚਮ ਪਾਤਸ਼ਾਹ ਦੀ ਸ਼ਹੀਦੀ ਦੀ ਵੀ ਕੁਝ ਇਸੇ ਤਰਜ਼ ਦੀ ਵਿਥਿਆ ਹੈ। ਸੱਚ ਨੂੰ ਦਬਾਉਣ ਵਾਲਿਆਂ ਤੇ ਭੈੜੀ ਸੋਚਣੀ ਵਾਲਿਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਬੋਲਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਪੰਚਮ ਪਾਤਸ਼ਾਹ ਤੱਕ ਇਹ ਲੋਕ ਇਕ ਬੜੀ ਭਾਰੀ ਲਾਂਬੀ ਦੇ ਤੌਰ ‘ਤੇ ਤਿਅਰ ਹੋ ਚੁੱਕੇ ਸਨ। ਇਹਨਾਂ ਲੋਕਾਂ ਸੋਚ ਲਿਆ ਕਿ ਸਾਡਾ ਕੋਈ ਵੀ ਹੱਥਕੰਡਾ ਇਹਨਾਂ ‘ਤੇ ਕਾਰਗਰ ਨਹੀਂ ਹੋ ਰਿਹਾ, ਕਿਉਂ ਨਾ ਹੋਵੇ ਇਸ ਸੱਚ ਦੀ ਆਵਾਜ਼ ਨੂੰ ਖਾਮੋਸ਼ ਕਰ ਦਿੱਤਾ ਜਾਵੇ। ਬਸ ਇਥੋਂ ਸ਼ੁਰੂ ਹੋ ਗਈ ਗੁਰੂ ਸਾਹਿਬ ਦੀ ਸ਼ਹਾਦਤ ਦੀ ਵਿਉਂਤ-ਬੰਦੀ। ਸਭਤੋਂ ਪਹਿਲੇ ਯਤਨ ਕੀਤਾ ਕਿ ਗੁਰੂ ਨਾਨਕ ਦੀ ਗੱਦੀ ‘ਤੇ ਕੋਈ ਅਯੋਗ ਵਿਅਕਤੀ ਬੈਠੇ ਤਾਂ ਕਿ ਉਹ ਜਿਹਾ ਮਿਸ਼ਨ ਗੁਰੂ ਨਾਨਕ ਪਾਤਸ਼ਾਹ ਨੇ ਤੋਰਿਆ, ਇਕ ਕਿਸਮ ਦਾ ਰੁਕ ਜਾਵੇ, ਖ਼ਤਮ ਹੋ ਜਾਵੇ। ਇਹਨਾਂ ਲੋਕਾਂ ਦੇ ਯਤਨ ਸਫਲ ਨਾ ਹੋਏ, ਕਿਉਂਕਿ ਸੱਚ ‘ਤੇ ਪਹਿਰਾ ਦੇਣ ਵਾਲੇ ਤੇ ਉਸਾਰੂ ਚੰਗੀ ਸੋਚ ਵਾਲੇ ਗੁਰਸਿੱਖ ਮੌਜੂਦ ਸਨ ਭਾਵੇਂ ਗਿਣਤੀ ਵਿਚ ਥੋੜ੍ਹੇ ਹੀ ਸਨ। ਪੰਚਮ ਪਾਤਸ਼ਾਹ ਨੇ ਜਿਸ ਵਕਤ ਗੁਰੂ ਨਾਨਕ ਮਿਸ਼ਨ (ਸੱਚਾਈ ਤੇ ਸਾਂਝੀਵਾਲਤਾ) ਨੂੰ ਅਗੇ ਤੋਰਿਆ ਤਾਂ ਬੜੀਆਂ ਮੁਸ਼ਕਲਾਂ ਪੈਦਾ ਕੀਤੀਆਂ ਗਈਆਂ। ਇਤਿਹਾਸ ਨੂੰ ਪੜ੍ਹਨ ਵਾਲੇ ਜਾਣੂੰ ਹੀ ਹਨ ਕਿਸ ਤਰ੍ਹਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਗੁਰੂ ਸਾਹਿਬ ਨੂੰ ਮਾੜੀ ਸੋਚ ਵਾਲੀ ਬਹੁਗਿਣਤੀ ਦਾ ਕੰਮ ਹੁੰਦਾ, ਹਰ ਚੰਗੇ ਕੰਮ ਦੀ ਨਖੇਧੀ ਕਰੀ ਜਾਣੀ। ਮਾਲੂਮ ਇਹ ਹੁੰਦਾ ਸਭ ਤੋਂ ਵੱਡੀ ਵਿਰੋਧੀ ਲਾਂਬੀ ਸੀ ਉਸ ਵਕਤ ਬਿਪਰ-ਵਾਦ ਦੀ। ਪੈਰ-ਪੈਰ ‘ਤੇ ਇਸ ਨੇ ਗੁਰੂ ਸਾਹਿਬ ਦੇ ਉਸਾਰੂ ਕੰਮਾਂ ਦਾ ਵਿਰੋਧ ਕੀਤਾ, ਆਪਣੀ ਈਰਖਾ ਦਾ ਨਿਸ਼ਾਨਾ ਗੁਰਸਿੱਖਾਂ ਨੂੰ ਬਣਾਇਆ। ਜੋ ਵੀ ਗੁਰੂ ਸਾਹਿਬ ਮਾਨਵ ਕਲਿਆਣ ਲਈ ਕੰਮ ਕਰਦੇ ਇਹ ਲੋਕ ਰਾਜ ਦਰਬਾਰੇ ਜਾ ਕੇ ਉਸ ਕੰਮ ਨੂੰ ਗ਼ਲਤ ਰੰਗਤ ਦੇ ਕੇ ਗੁਰੂ ਸਾਹਿਬ ਨੂੰ ਬਾਗ਼ੀ ਦੇ ਰੂਪ ਵਿਚ ਪੇਸ਼ ਕਰਦੇ। ਇਹਨਾਂ ਲੋਕਾਂ ਦਾ ਸਾਥ ਉਹ ਮੁਸਲਮਾਨ ਵੀ ਦੇਂਦੇ ਸਨ ਜੋ ਸੌੜੀ ਸੋਚ ਵਾਲੇ ਤੇ ਮੁਤੱਸਬੀ ਸਨ। ਹੌਲੀ-ਹੌਲੀ ਗੁਰੂ ਸਾਹਿਬ ਵਲੋਂ ਕੀਤੇ ਗਏ ਉਸਾਰੂ ਕੰਮਾਂ ਦਾ ਰਿਕਾਰਡ ਸਰਕਾਰੀ ਤੌਰ ‘ਤੇ ਗ਼ਲਤ ਢੰਗ ਨਾਲ ਦਰਜ ਹੁੰਦਾ ਗਿਆ।

ਜਿਸ ਵਕਤ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ, ਉਸ ਵਕਤ ਇਹਨਾਂ ਬਿਪਰਾਂ ਨੂੰ ਭਾਰੀ ਖੇਦ ਹੋਇਆ, ਇਹਨਾਂ ਪਰਚਾਰਿਆ ਕਿ ਗੁਰੂ ਸਾਹਿਬ ਨੇ ਸ਼ਾਸਤਰਾਂ ਤੋਂ ਉਲਟ ਲਿਖਿਆ, ਸਾਡੇ ਸਦੀਆਂ ਤੋਂ ਚਲਦੇ ਆ ਰਹੇ ਕਰਮ-ਕਾਂਡਾਂ ਨੂੰ ਨਿੰਦਿਆ। ਇਹ ਵੀ ਪ੍ਰਚਾਰ ਕਰ ਦਿੱਤਾ ਕਿ ਮੁਸਲਮਾਨਾਂ ਖਿਲਾਫ਼ ਵੀ ਬਹੁਤ ਕੁਝ ਲਿਖਿਆ ਗਿਆ ਹੈ। ਕਾਰਨ ਇਹ ਸੀ ਮੁਸਲਮਾਨਾਂ ਨੂੰ ਵੀ ਆਪਣੇ ਨਾਲ ਗੰਢ ਲਿਆ ਜਾਵੇ ਤਾਂਕਿ ਸਰਕਾਰੇ ਦਰਬਾਰੇ ਸਾਡੀ ਆਵਾਜ਼ ਪਹੁੰਚੇ ਤੇ ਸੱਚ ਦੀ ਆਵਾਜ਼ ਬੰਦ ਹੋ ਜਾਵੇ। ਜਿਹੜੇ ਬੰਦੇ ਇਹਨਾਂ ਦੇ ਪੈਰੋਕਾਰ ਬਣ ਗਏ ਹਨ ਉਹ ਫਿਰ ਸਾਡੇ ਰਹਿਮ ਕਰਮ ‘ਤੇ ਹੋ ਜਾਣ ਤੇ ਸਾਡਾ ਭਰਮ ਰੂਪੀ ਜਾਲ ਫਿਰ ਕੱਸਿਆ ਜਾਵੇ।

ਗੱਲ ਤੇ ਇਹ ਸੀ ਕਿ ਉਸ ਵਕਤ ਮੁਸਲਮਾਨ ਤਾਂ ਆ ਕੇ ਗੁਰਬਾਣੀ ਪੜ੍ਹ ਕੇ ਨਹੀਂ ਗਏ ਸਾਡੇ ਵਿਚੋਂ ਹੀ ਮਾੜੀ ਸੋਚ ਵਾਲਿਆਂ ਪੜ੍ਹ ਕੇ ਪ੍ਰਚਾਰਿਆ ਤੇ ਗ਼ਲਤ ਰੰਗਤ ਦਿਤੀ ਤੇ ਮੁਸਲਮਾਨਾਂ ਨੂੰ ਗ਼ਲਤ ਭੜਕਾਇਆ। ਬਾਦਸ਼ਾਹ ਪਾਸ ਕੋਈ ਗੁਰੂ ਸਾਹਿਬ ਦਾ ਪੈਰੋਕਾਰ ਤਾਂ
ਹੁੰਦਾ ਨਹੀਂ ਸੀ ਜੋ ਬਾਦਸ਼ਾਹ ਨੂੰ ਸੱਚ ਦੱਸ ਸਕੇ ਕਿ ਇਹ ਲੋਕ ਝੂਠ ਬੋਲਦੇ ਹਨ। ਬਾਦਸ਼ਾਹ ਦੇ ਮਨ ਵਿਚ ਗੁਰੂ-ਘਰ ਪ੍ਰਤੀ ਘ੍ਰਿਣਾ ਭਰ ਦਿੱਤੀ। ਬਾਦਸ਼ਾਹ ਤੱਕ ਬਾਰ-ਬਾਰ ਪਹੁੰਚ ਹੁੰਦੀ ਤੇ ਇਕੋ ਗੱਲ ‘ਤੇ ਜ਼ੋਰ ਦਿੱਤਾ ਜਾਂਦਾ ਕਿ ਇਹ ਸੱਚ ਦੇ ਪਹਿਰੇਦਾਰ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਪਹਿਲਾਂ ਪਹਿਲ ਤਾਂ ਬਾਦਸ਼ਾਹ ਨੇ ਕੋਈ ਗੱਲ ਠੀਕ ਢੰਗ ਨਾਲ ਸੁਣੀ ਨਹੀਂ। ਇਹਨਾਂ ਮਾੜੇ ਬੰਦਿਆਂ ਨੇ ਸੋਚਿਆ ਮੁਸਲਮਾਨਾਂ ਨੂੰ ਨਾਲ ਲੈ ਕੇ ਤੇ ਦਰਬਾਰੀਆਂ ਨੂੰ ਤੇ ਮੁਤਸਬੀ ਮੌਲਵੀਆਂ ਨੂੰ ਨਾਲ ਰਲਾ ਕੇ ਗੱਲ ਬਾਦਸ਼ਾਹ ਤੱਕ ਕੀਤੀ ਜਾਵੇ, ਤਾਂ ਬਾਦਸ਼ਾਹ ਠੀਕ ਤਰੀਕੇ ਨਾਲ ਗੱਲ ਸੁਣੇਗਾ। ਦਰਬਾਰ ਵਿਚ ਜਦੋਂ ਕਦੇ ਵੀ ਗੱਲ ਚਲਦੀ ਤਾਂ ਵਿਰੋਧੀ ਗੁਰੂ ਸਾਹਿਬ ਦੇ ਖਿਲਾਫ਼ ਜ਼ਹਿਰ ਉਗਲਦੇ, ਬਾਦਸ਼ਾਹ ਨੂੰ ਬਾਰ-ਬਾਰ ਉਕਸਾਂਦੇ। ਹਰ ਰੋਜ਼ ਦੀਆਂ ਗੱਲਾਂ ਨੇ ਬਾਦਸ਼ਾਹ ਦੇ ਮਨ ‘ਤੇ ਮਾੜਾ ਪ੍ਰਭਾਵ ਪਾਇਆ ਤੇ ਬਾਦਸ਼ਾਹ ਨੇ ਮਨ ਬਣਾ ਲਿਆ ਕਿ ਇਸ ਸੱਚ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਰੋਜ਼-ਰੋਜ਼ ਦੀ ਚੁਕਣਾ ਚੰਗੇ ਭਲੇ ਬੰਦੇ ਕੋਲੋਂ ਗ਼ਲਤ ਕੰਮ ਕਰਵਾ ਦੇਂਦੀ ਹੈ। ਫਿਰ ਉਹ ਬਾਦਸ਼ਾਹ ਮੁਸਲਮਾਨ ਮੁਤੱਸਬੀ, ਉਹ ਤਾਂ ਅੱਗੇ ਹੀ ਇਸ ਗੁਰ-ਗੱਦੀ ਦੇ ਖਿਲਾਫ਼ ਸੀ।

ਕੁਝ ਚੰਗੀ ਸੋਚ ਵਾਲੇ ਮੁਸਲਮਾਨਾਂ ਬਾਦਸ਼ਾਹ ਨੂੰ ਗੁਰੂ ਸਾਹਿਬ ਵਲੋਂ ਅਵਾਮ ਦੀ ਸਹੂਲਤ ਪ੍ਰਤੀ ਕੀਤੇ ਉਸਾਰੂ ਕੰਮਾਂ ਬਾਰੇ ਜਾਣਕਾਰੀ ਦਿੱਤੀ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਲਾਹੌਰ ਵਿਚ ਲੋਕਾਂ ਦੇ ਪਾਣੀ ਪੀਣ ਲਈ ਬਾਉਲੀ ਬਣਵਾਈ ਤੇ ਕਈ ਕੰਮ ਲੋਕ-ਭਲਾਈ ਦੇ ਕੀਤੇ ਪਰ ਆਪਣੇ ਵਿਰੋਧੀਆਂ ਤੇ ਭ੍ਰਿਸ਼ਟ ਦਰਬਾਰੀਆਂ ਨੇ ਇਹਨਾਂ ਚੰਗੀ ਸੋਚ ਵਾਲਿਆਂ ਦੀ ਇਕ ਨਾ ਚੱਲਣ ਦਿੱਤੀ।

ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਸਾਹਿਬ ਨੂੰ ਲਾਹੌਰ ਲਿਜਾਇਆ ਗਿਆ। ਗੁਰੂ ਸਾਹਿਬ ਦਾ ਪੱਖ ਸੁਣਨ ਤੋਂ ਬਗ਼ੈਰ ਵਿਰੋਧੀਆਂ ਭ੍ਰਿਸ਼ਟ ਦਰਬਾਰੀਆਂ ਦੇ ਦਬਾਅ ਥੱਲੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫੈਸਲਾ ਦੇ ਦਿੱਤਾ। ਕਿਸ ਤਰ੍ਹਾਂ ਦੇ ਕਸ਼ਟ, ਤਸੀਹੇ ਦੇ ਦੇ ਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਇਤਿਹਾਸ ਗਵਾਹ ਹੈ।

ਇਸ ਸ਼ਹਾਦਤ ਦਾ ਦੋਸ਼ੀ ਜਿਤਨਾ ਬਾਦਸ਼ਾਹ ਹੈ, ਉਤਨੇ ਹੀ ਦੋਸ਼ੀ ਵਿਰੋਧੀ ਮਾੜੀ ਸੋਚ ਵਾਲੇ ਸੱਚ ਦੇ ਦੁਸ਼ਮਨ ਤੇ ਬਿਪਰਵਾਦੀ ਕਪਟੀ ਲੋਕ ਵੀ ਹਨ। ਇਹ ਗੱਲ ਕਹਿ ਲੈਣੀ ਬੜੀ ਸੌਖੀ ਜਿਹੀ ਹੁੰਦੀ ਹੈ ਕਿ ਗੁਰੂ ਸਾਹਿਬ ਨੂੰ ਸਰੀਰਕ ਤੌਰ ‘ਤੇ ਕੋਈ ਕਸ਼ਟ ਨਹੀਂ ਸੀ ਹੁੰਦਾ।

ਗੁਰੂ ਸਾਹਿਬ ਸੰਸਾਰ ਵਿਚ ਮਨੁੱਖਤਾ ਦੇ ਪੱਧਰ ‘ਤੇ ਵਿਚਰੇ ਹਨ। ਇਹ ਠੀਕ ਹੈ ਕਿ ਮਾਨਸਿਕ ਤੌਰ ‘ਤੇ ਗੁਰੂ ਸਾਹਿਬ ਅਡੋਲ ਤੇ ਸ਼ਾਂਤ ਚਿਤ ਪ੍ਰਭੂ ਭਾਣੇ ਵਿਚ ਸਨ। ਗੁਰੂ ਸਾਹਿਬ ਦੀ ਸ਼ਹਾਦਤ ਪ੍ਰਤੀ ਕਈ ਐਸੀਆਂ ਗੱਲਾਂ ਵੀ ਹਨ ਜੋ ਇਤਿਹਾਸਕਾਰਾਂ ਨੇ ਜਨਤਕ ਤੌਰ ‘ਤੇ ਸਾਹਮਣੇ ਨਹੀਂ ਲਿਆਂਦੀਆਂ ਤਾਂਕਿ ਸ਼ਰਧਾਵਾਨ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਨਾ ਲੱਗੇ। ਭਾਈ ਕੇਸਰ ਸਿੰਘ ਛਿਬਰ ਬੰਸਾਵਲੀਨਾਮੇ ਵਿਚ ਲਿਖਦਾ ਹੈ ਕਿ ਜਦੋਂ ਗੁਰੂ ਸਾਹਿਬ ਨੂੰ ਸਰੀਰਕ ਕਸ਼ਟਾਂ ਦੀ ਲੜੀ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲੇ ਉਬਲਦੇ ਪਾਣੀ ਵਿਚ ਬੈਠਾਇਆ, ਫਿਰ ਤੱਤੀ ਤਵੀ ‘ਤੇ ਬੈਠਾਇਆ ਤੇ ਤੱਤੀ ਰੇਤਾ ਸਰੀਰ ‘ਤੇ ਪਾਈ, ਇਤਆਦਿ ਅਸਹਿ ਕਸ਼ਟ ਦੇ ਕੇ ਰਾਵੀ ਦੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਇਕ ਕੱਟੜ ਮੁਤੱਸਬੀ ਨੇ ਗੁਰੂ ਸਾਹਿਬ ਵੱਲ ਇਕ ਪੱਥਰ ਮਾਰਿਆ ਜੋ ਗੁਰੂ ਸਾਹਿਬ ਦੇ ਮੱਥੇ ‘ਤੇ ਲੱਗਾ ਤੇ ਲਹੂ ਦੀ ਧਾਰ ਨਿਕਲ ਪਈ। ਫਿਰ ਜਿਸ ਤਰ੍ਹਾਂ ਗੁਰੂ ਸਾਹਿਬ ਨੂੰ ਰਾਵੀ ਦੇ ਸਪੁਰਦ ਕੀਤਾ ਗਿਆ। ਇਹ ਵੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵਿਥਿਆ ਹੈ। ਉਸ ਵਕਤ ਸੱਚ ‘ਤੇ ਪਹਿਰਾ ਦੇਣ ਵਾਲੇ ਤੇ ਚੰਗੀ ਸੋਚ ਰੱਖਣ ਵਾਲੇ ਚਾਹੇ ਉਹ ਹਿੰਦੂ ਸਨ ਜਾਂ ਮੁਸਲਮਾਨ ਉਹਨਾਂ ਦੀਆਂ ਧਾਹਾਂ ਨਿਕਲ ਗਈਆਂ। ਗੁਰੂ ਸਾਹਿਬ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਭ੍ਰਿਸ਼ਟ ਤੇ ਮਾੜੀ ਸੋਚ ਵਾਲਿਆਂ ਨੇ ਖੁਸ਼ੀਆਂ ਮਨਾਈਆਂ ਸਨ ਕਿ ਅਸਾਂ ਸੱਚ ਨੂੰ ਦਬਾ ਦਿੱਤਾ। ਉਹਨਾਂ ਨੂੰ ਕੀ ਪਤਾ ਕਿ ਸੱਚ ਕਦੀ ਦਬਾਇਆ ਨਹੀਂ ਜਾ ਸਕਦਾ। ਸੱਚ ਦਾ ਉਪਦੇਸ਼ ਕਰਨ ਵਾਲੇ ਸਰੀਰਾਂ ਨੂੰ ਸ਼ਾਂਤ ਕਰਕੇ ਸੱਚ ਖ਼ਤਮ ਨਹੀਂ ਹੁੰਦਾ, ਸਗੋਂ ਹੋਰ ਚਮਕਦਾ ਹੈ।

ਸ਼ਹੀਦੀ ਪ੍ਰੰਪਰਾ ਦਾ ਆਰੰਭ ਹੋਇਆ, ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੇ ਇਕ ਕ੍ਰਾਂਤੀ ਲੈ ਆਂਦੀ। ਜੇਕਰ ਸੱਚ ਦੀ ਆਵਾਜ਼ ਨੂੰ ਇਸ ਤਰ੍ਹਾਂ ਕਸ਼ਟ ਦੇ ਕੇ ਸ਼ਾਂਤ ਕੀਤਾ ਜਾ ਸਕਦਾ ਹੈ ਤਾਂ ਸੱਚ ਦੀ ਰਾਖੀ ਲਈ ਫਿਰ ਤਲਵਾਰ ਦੀ ਲੋੜ ਹੈ। ਫਿਰ ਅੱਗੇ ਜੋ ਨਵੀਂ ਸੰਘਰਸ਼ ਦੀ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕੀਤੀ ਉਹ ਇਤਿਹਾਸ ਦਰਸਾਉਂਦਾ ਹੈ।

ਅੱਜ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ। ਕਦੇ ਇਸ ਗੱਲ ਦਾ ਮੁਲਾਂਕਣ ਕੀਤਾ ਕਿ ਅੱਜ ਕਿਤਨਿਆਂ ਨੇ ਇਸ ਸ਼ਹਾਦਤ ਤੋਂ ਸਬਕ ਲਿਆ? ਜੋੜ ਮੇਲਾ ਮਨਾ ਦਿੱਤਾ ਬਸ ਕੰਮ ਖ਼ਤਮ, ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇ ਦਿੱਤੀ। ਅੱਜ ਨੌਜਵਾਨ ਪੀੜ੍ਹੀ ਆਪਣੇ ਗੌਰਵ-ਮਈ ਇਤਿਹਾਸ ਤੋਂ ਮੂੰਹ ਮੋੜ ਰਹੀ ਹੈ, ਨਸ਼ਿਆਂ ਤੇ ਪਤਿਤਪੁਣੇ ਨੇ ਸਿੱਖੀ ਸਰੂਪ ਨੂੰ ਖਤਰਾ ਪੈਦਾ ਕਰ ਦਿੱਤਾ। ਇਸ ਪਾਸੇ ਕਿਸੇ ਨੇ ਗੰਭੀਰਤਾ ਨਾਲ ਸੋਚਿਆ ਨਹੀਂ। ਅੱਜ ਵੀ ਜੇਕਰ ਕੋਈ ਸੱਚ ਦੀ ਗੱਲ ਕਰਦਾ, ਨੇਕ ਕੰਮਾਂ ਦੀ ਪ੍ਰੇਰਣਾ ਕਰਦਾ ਤਾਂ ਉਸ ਦਾ ਵੀ ਵਿਰੋਧ ਉਸੇ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਵੇਲੇ ਵਿਰੋਧੀਆਂ ਵਲੋਂ ਹੁੰਦਾ ਸੀ। ਉਸ ਸਮੇਂ ਤੇ ਅੱਜ ਦੇ ਸਮੇਂ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ, ਉਹੋ ਹੀ ਮੰਦ-ਰੂਹਾਂ ਅੱਜ ਵੀ ਮੌਜੂਦ ਹਨ। ਜੋ ਮਾੜੇ ਕੰਮ ਛੱਡ ਕੇ ਚੰਗੇ ਪਾਸੇ ਲੱਗਣ ਲਈ ਕਹਿੰਦਾ ਉਸਦਾ ਅੰਜਾਮ ਵੀ ਉਹੋ ਜਿਹਾ ਹੀ ਹੁੰਦਾ ਹੈ। ਹੁਣ ਵੀ ਕੋਈ ਸੱਚ ਸੁਣਨ ਲਈ ਤਿਆਰ ਨਹੀਂ। ਹਰ ਇਕ ਨੂੰ ਸੁਆਰਥ ਪਿਆਰਾ ਹੈ। ਕੌਮ ਭਾਵੇਂ ਜਾਵੇ ਢੱਠੇ ਖੂਹ ‘ਚ ਕਿਸੇ ਨੂੰ ਕੀ ? ਅਜੋਕੇ ਸਮੇਂ ਹਰ ਇਕ ਆਪਣੇ ਸੁਆਰਥ ਦੇ ਵੱਸ ਆਪਣਾ ਘਰ ਭਰਨ ਲਈ ਲੱਗਾ ਹੋਇਆ ਹੈ। ਲੀਡਰ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਆਹਰ ਵਿਚ ਹਨ। ਆਪਣੇ ਅੰਤਰ-ਆਤਮਾ ਮੁਲਾਂਕਣ ਕਰਕੇ ਵੇਖੋ ਕਿ ਅਸੀਂ ਕੀ ਕਰ ਰਹੇ ਹਾਂ, ਸਾਡਾ ਫ਼ਰਜ਼ ਕੀ ਹੈ। ਪਹਿਲਾਂ ਆਪਣਾ ਆਪ ਸੁਧਾਰ ਕੇ ਫਿਰ ਦੂਸਰੇ ਨੂੰ ਉਪਦੇਸ਼ੋ ਤਾਂ ਹੀ ਕੰਮ ਬਣੇਗਾ। ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦੀ ਗਾਥਾ ਦ੍ਰਿੜ ਕਰਵਾਵੋ। ਸ਼ਹੀਦੀ ਦਾ ਵਾਸਤਾ ਪਾ ਕੇ ਉਹਨਾਂ ਨੂੰ ਪਰੇਰੋ। ਉਹਨਾਂ ਨੂੰ ਇਹ ਅਹਿਸਾਸ ਕਰਵਾਵੋ ਕਿ ਗੁਰੂ ਸਾਹਿਬ ਨੇ ਤੁਹਾਡੇ ਲਈ ਹੀ ਸ਼ਹਾਦਤ ਦਿੱਤੀ। ਤੁਸੀਂ ਉਹਨਾਂ ਦੀ ਸੰਤਾਨ ਹੋ, ਤੁਸੀਂ ਆਪਣੇ ਫ਼ਰਜ਼ ਨੂੰ ਪਹਿਚਾਣਦੇ ਹੋਏ ਮਾੜੀ ਸੋਚ, ਮਾੜੇ ਕਰਮ, ਨਸ਼ਿਆਂ ਤੇ ਪਤਿਤਪੁਣੇ ਨੂੰ ਤਿਆਗ ਕੇ ਸੱਚ ਦੇ ਧਾਰਨੀ ਬਣ ਕੇ ਜੀਵਨ ਦੇ ਉੱਚ ਲਕਸ਼ ਨੂੰ ਪ੍ਰਾਪਤ ਕਰੋ। ਇਹ ਪ੍ਰਣ ਕਰੋ ਕਿ ਅਸਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦੇਣਾ। ਉਹਨਾਂ ਦੇ ਦਰਸਾਏ ਮਾਰਗ ‘ਤੇ ਚਲ ਕੇ ਦੁਨੀਆਂ ਲਈ ਇਕ ਚਾਨਣ-ਮੁਨਾਰਾ ਬਣਨਾ ਹੈ। ਨੌਜਵਾਨੋ ਜਾਗੋ ਗੂੜੀ ਨੀਂਦ ਵਿਚੋਂ, ਗੁਰੂ ਸਾਹਿਬ ਦੀ ਸ਼ਹਾਦਤ ਤੁਹਾਡੇ ਪਾਸੋਂ ਜਵਾਬ ਮੰਗ ਰਹੀ ਹੈ। ਮਨੁੱਖਤਾ ਦੇ ਕਲਿਆਣਕਾਰੀ ਸਰਬ ਸਾਂਝੇ ਮਿਸ਼ਨ ਨੂੰ ਅੱਗੇ ਤੋਰੋ। ਅੱਜ ਵੀ ਜੋ ਸੱਚ ਦੀ ਆਵਾਜ਼ ਨੂੰ ਦਬਾਉਣ ਵਾਲੇ ਬਹੁਗਿਣਤੀ ਵਿਚ ਮੌਜੂਦ ਹਨ, ਉਨ੍ਹਾਂ ਵਲੋਂ ਰਾਹਾਂ ਵਿਚ ਅਟਕਾਏ ਰੋੜੇ ਦੂਰ ਕਰਕੇ ਸੱਚ ਦਾ ਚਾਨਣ ਖਲੇਰੋ। ਤੁਸੀਂ ਜਵਾਬ ਦੇਹ ਹੋ ਗੁਰੂ ਪਾਤਸ਼ਾਹ ਦੇ ਸਨਮੁਖ। ਤੁਹਾਡੇ ਮੋਢਿਆਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ।

ਆਪਣੇ ਵਿਰਸੇ ਨੂੰ ਸੰਭਾਲੋ ! ਅਗੋਂ ਆਉਣ ਵਾਲੀਆਂ ਪੀੜ੍ਹੀਆਂ ਦੇ ਤੁਸੀਂ ਰਹਿਬਰ ਹੋ। ਅਗਰ ਤੁਸੀਂ ਨਸ਼ਿਆਂ ਤੇ ਪਤਿਤਪੁਣੇ ਦੇ ਸ਼ਿਕਾਰ ਹੋ ਕੇ ਇਸੇ ਤਰ੍ਹਾਂ ਰਸਾਤਲ ਵੱਲ ਜਾਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖੀ ਦੇ ਵਜੂਦ ਨੂੰ ਖਤਰਾ ਪੈਦਾ ਹੋ ਜਾਵੇਗਾ।

ਆਓ ! ਅੱਜ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਜੀਵਨ ਨੂੰ ਰੁਸ਼ਨਾਵੋ ਤੇ ਦੂਸਰਿਆਂ ਨੂੰ ਮੰਦ-ਕਰਮ ਤਿਆਗ ਕੇ ਸ਼ੁਭ-ਕਰਮਾਂ ਦੀ ਸਿਖਿਆ ਦੇਵੋ। ਅਰਦਾਸ ਕਰੋ ਕਿ ਸੱਚ ਦੀ ਆਵਾਜ਼ ਸਦਾ ਬੁਲੰਦ ਰਹੇ। ਇਸ ਨੂੰ ਦਬਾਉਣ ਵਾਲੇ ਜਾਂ ਸੱਚ ਬੋਲਣ ਵਾਲੇ ਨੂੰ ਖਾਮੋਸ਼ ਕਰਨ ਵਾਲਿਆਂ ਦੀ ਜੜ੍ਹ ਪੁੱਟ ਵਿਖਾਵੋ।

ਆਪਣੇ ਆਪ ਨੂੰ ਗੁਰਸਿੱਖੀ ਮਾਰਗ ਵੱਲ ਲੈ ਜਾਣਾ ਤੇ ਗੁਰ-ਉਪਦੇਸ਼ਾਂ ਨੂੰ ਹਿਰਦੇ ਵਿਚ ਧਾਰ ਕੇ ਜੀਵਨ ਬਣਾਉਣਾ ਗੁਰੂ ਸਾਹਿਬ ਪ੍ਰਤੀ ਇਹੋ ਹੀ ਸੱਚੀ ਸ਼ਰਧਾਂਜਲੀ ਹੈ।

ਸ. ਜਸਬੀਰ ਸਿੰਘ