ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪ੍ਰਾਚੀਨ ਸਮੇਂ ਵਿਚ ਲਗਾਤਾਰ ਸੰਘਰਸ਼ ਵਿਚ ਰੁਝਿਆਂ ਰਹਿਣ ਦੇ ਬਾਵਜੂਦ ਸਿੱਖ ਸਦਾ ਹੀ ਰਾਜ-ਸੱਤਾ ਨਾਲੋਂ ਆਪਣੇ ਆਦਰਸ਼ਾਂ ਦੇ ਪਾਲਣ ਅਤੇ ਗੁਰੂ ਸਾਹਿਬਾਨ ਵੱਲੋਂ ਗ਼ਰੀਬ-ਮਜ਼ਲੂਮ ਅਤੇ ਆਤਮ-ਸਨਮਾਨ ਦੀ ਰੱਖਿਆ ਲਈ ਸੌਂਪੀਆਂ ਹੋਈਆਂ ਜ਼ਿੰਮੇਦਾਰੀਆਂ ਨੂੰ ਨਿਭਾਉਣ ਪ੍ਰਤੀ ਆਪਣੀ ਨਿਸ਼ਠਾ ਕਾਇਮ ਰੱਖਣ ਨੂੰ ਹੀ ਪਹਿਲ ਦਿੰਦੇ ਰਹੇ। ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਅਨੇਕਾਂ ਹੀ ਕੁਰਬਾਨੀਆਂ ਦੇਣੀਆਂ ਪਈਆਂ ਅਤੇ ਤਸੀਹੇ ਝੱਲਣੇ ਪਏ, ਪਰ ਕੋਈ ਲਾਲਚ ਕੋਈ ਡਰ-ਭਉ ਉਨ੍ਹਾਂ ਨੂੰ ਆਪਣੇ ਆਦਰਸ਼ਾਂ ਤੋਂ ਡਗਮਗਾ ਨਹੀਂ ਸੀ ਸਕਿਆ।
ਇਤਿਹਾਸ ਵਿਚ ਆਉਂਦਾ ਹੈ ਕਿ ਜ਼ਕਰੀਆ ਖਾਨ ਵੱਲੋਂ ਦਿੱਲੀ ਦਰਬਾਰ ਦੀ ਸਹਿਮਤੀ ਨਾਲ ਸਿੱਖਾਂ ਨੂੰ ਜਾਗੀਰ ਦੇ ਕੇ ਆਪਣੇ ਗਲੋਂ ਲਾਹ ਆਪਸ ਵਿਚ ਉਲਝਾਉਣ ਦੀ ਜੋ ਚਾਲ ਚੱਲੀ ਗਈ ਸੀ, ਉਹ ਸਫ਼ਲ ਨਾ ਹੋ ਸਕੀ। ਇਸ ਗੱਲ ਦਾ ਸੰਕੇਤ ਉਸੇ ਸਮੇਂ ਹੀ ਮਿਲ ਗਿਆ ਸੀ, ਜਦੋਂ ਜ਼ਕਰੀਆ ਖਾਨ ਵੱਲੋਂ ਭੇਜੀ ਗਈ ਜਾਗੀਰ ਨੂੰ ਕੋਈ ਵੀ ਸਿੱਖ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਸੀ ਹੋ ਰਿਹਾ। ਸਿੱਖਾਂ ਦੇ ਇਸ ਆਚਰਣ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਸੱਤਾ ਨਾਲੋਂ ਆਪਣੇ ਆਦਰਸ਼ ਪਿਆਰੇ ਹਨ। ਉਹ ਰਾਜ-ਸੱਤਾ ਲਈ ਆਪਣੇ ਆਦਰਸ਼ ਕੁਰਬਾਨ ਨਹੀਂ ਕਰ ਸਕਦੇ। ਹਾਂ, ਆਦਰਸ਼ਾਂ ਦੀ ਰੱਖਿਆ ਲਈ ਉਹ ਰਾਜ-ਸੱਤਾ ਜ਼ਰੂਰ ਕੁਰਬਾਨ ਕਰ ਸਕਦੇ ਹਨ।
ਉਹ ਸਮਝਦੇ ਸਨ, ਕਿ ਰਾਜ-ਸੱਤਾ ਸਦਾ ਰਹਿਣ ਵਾਲੀ ਨਹੀਂ, ਜੇ ਉਨ੍ਹਾਂ ਜਾਗੀਰ ਲੈ ਵੀ ਲਈ ਤਾਂ ਉਹ ਥੋੜ-ਚਿਰੀ ਹੀ ਹੋਵੇਗੀ, ਕਿਉਂਕਿ ਉਹ ਆਪਣੇ ਆਦਰਸ਼ ਤਿਆਗ ਨਹੀਂ ਸਕਣਗੇ ਅਤੇ ਹਾਕਮਾਂ ਨੂੰ ਉਨ੍ਹਾਂ ਦਾ ਆਪਣੇ ਆਦਰਸ਼ਾਂ ਪੁਰ ਪਹਿਰਾ ਦਿੰਦਿਆਂ ਰਹਿਣਾ ਬਰਦਾਸ਼ਤ ਨਹੀਂ ਹੋ ਸਕੇਗਾ।
ਉਹ ਸਮਝਦੇ ਸਨ ਕਿ ਜੇ ਉਨ੍ਹਾਂ ਜਾਗੀਰ ਕਾਇਮ ਰੱਖਣ ਲਈ, ਹਾਕਮਾਂ ਨੂੰ ਖੁਸ਼ ਰੱਖਣ ਦੀ ਨੀਤੀ ਅਪਣਾਈ, ਤਾਂ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਗ਼ਰੀਬ-ਮਜ਼ਲੂਮ ਦੀ ਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣ ਲਈ ਵਿੱਢੇ ਹੋਏ ਸੰਘਰਸ਼ ਵਿਚ ਕਮਜ਼ੋਰੀ ਆ ਜਾਵੇਗੀ। ਇਸੇ ਕਾਰਨ ਉਨ੍ਹਾਂ ਰਾਜ-ਸੱਤਾ ਨਾਲੋਂ ਗੁਰੂ ਸਾਹਿਬਾਨ ਵੱਲੋਂ ਸੌਂਪੀਆਂ ਜ਼ਿੰਮੇਦਾਰੀਆਂ ਨਿਭਾ ਕੇ ਆਪਣੇ ਆਦਰਸ਼ਾਂ ਪ੍ਰਤੀ ਨਿਸ਼ਠਾ ਨੂੰ ਕਾਇਮ ਰੱਖਣ ਨੂੰ ਹੀ ਪਹਿਲ ਦਿੱਤੀ।
ਗੱਲ ਉਹੀ ਹੋਈ, ਜਿਸ ਦਾ ਉਨ੍ਹਾਂ ਨੂੰ ਵਿਸ਼ਵਾਸ ਸੀ। ਜਦੋਂ ਜ਼ਕਰੀਆ ਖਾਨ ਨੂੰ ਇਹ ਜਾਪਿਆ ਕਿ ਉਸ ਦੀ ਚਾਲ ਉਲਟੀ ਪੈ ਰਹੀ ਹੈ। ਸਿੱਖ ਆਪਸ ਵਿਚ ਉਲਝ ਕੇ, ਕਮਜ਼ੋਰ ਹੋਣ ਦੀ ਬਜਾਏ, ਇੱਕ-ਜੁਟ ਹੋ ਸ਼ਕਤੀ ਪਕੜਦੇ ਜਾ ਰਹੇ ਹਨ, ਤਾਂ ਉਸ ਨੇ ਸਿੱਖਾਂ ਨੂੰ ਦਿੱਤੀ ਜਾਗੀਰ ਵਾਪਸ ਲੈ ਲਈ ਅਤੇ ਉਨ੍ਹਾਂ ਪੁਰ ਮੁੜ ਜਬਰ-ਜ਼ੁਲਮ ਢਾਹੁਣ ਦੇ ਚੱਕਰ ਵਿਚ ਤੇਜ਼ੀ ਲੈ ਆਂਦੀ। ਸਿੱਖ, ਜੋ ਇਸ ਸਥਿਤੀ ਦਾ ਸਾਹਮਣਾ ਕਰਨ ਲਈ ਪਹਿਲਾਂ ਤੋਂ ਹੀ ਤਿਆਰ ਸਨ, ਪਹਿਲਾਂ ਵਾਂਗ ਹੀ ਜੰਗਲਾਂ-ਬੇਲਿਆਂ ਵਿਚ ਜਾ, ਜਾਬਰ ਹਕੂਮਤ ਲਈ ਸਿਰ-ਦਰਦ ਬਣਨ ਲੱਗ ਪਏ।
ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਜਾਂਦੇ ਸਿੱਖਾਂ ਦਾ ਹਜ਼ਾਰਾ ਸ਼ਾਹ ਦੇ ਮੁਕਾਮ ‘ਤੇ ਮੁਗ਼ਲ ਫੌਜ ਨਾਲ ਸਾਹਮਣਾ ਹੋ ਗਿਆ। ਇੱਥੇ ਗਹਿਗੱਚ ਲੜਾਈ ਹੋਈ, ਜਿਸ ਵਿਚ ਨਾ ਕੇਵਲ ਮੁਗ਼ਲ ਫੌਜ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਸਗੋਂ ਉਸ ਦੇ ਨਾਮੀ ਸਿਪਾਹ-ਸਾਲਾਰ ਜਮਾਲ ਖਾਨ ਤੇ ਤਾਤਾਰ ਖਾਨ ਅਤੇ ਨਾਲ ਹੀ ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਵੀ ਮਾਰੇ ਗਏ। ਇਸ ਹਾਰ ਤੋਂ ਜਿੱਥੇ ਜ਼ਕਰੀਆ ਖਾਨ ਬੌਖਲਾ ਉੱਠਿਆ ਤੇ ਉਸ ਨੇ ਮੁਗ਼ਲ ਫੌਜ ਭੇਜ ਕੇ ਸ੍ਰੀ ਦਰਬਾਰ ਸਾਹਿਬ ਨੂੰ ਘੇਰੇ ਵਿਚ ਲੈ ਲਿਆ, ਉੱਥੇ ਹੀ ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਨਾਲ ਮਿਲ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੇ ਇਰਾਦੇ ਨਾਲ ਪੂਰੀ ਸ਼ਕਤੀ ਝੌਂਕ ਦਿੱਤੀ।
ਇਹ ਦੌਰ ਕਾਫ਼ੀ ਲੰਮੇਂ ਸਮੇਂ ਤਕ ਚੱਲਦਾ ਰਿਹਾ! ਇਸ ਦੌਰ ਦੇ ਚੱਲਦਿਆਂ, ਤਕਰੀਬਨ ਤਿੰਨ ਸਾਲ ਸਿੱਖ, ਨਾ ਤਾਂ ਵੈਸਾਖੀ ਅਤੇ ਨਾ ਹੀ ਦੀਵਾਲੀ ‘ਤੇ ਸ੍ਰੀ ਦਰਬਾਰ ਸਹਿਬ ਵਿਖੇ ਆਪਣਾ ਇਕੱਠ ਕਰ ਸਕੇ। ਉਧਰ ਬੀਤੇ ਲੱਗਭਗ ਅਠਾਰ੍ਹਾਂ ਵਰ੍ਹਿਆਂ ਤੋਂ ਸ੍ਰੀ ਦਰਬਾਰ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਦਾਰੀ ਨਿਭਾ ਰਹੇ ਭਾਈ ਮਨੀ ਸਿੰਘ ਜੀ ਨੇ ਦੀਵਾਲੀ ਪੁਰ ਸ੍ਰੀ ਦਰਬਾਰ ਸਾਹਿਬ ਵਿਖੇ ਪੰਥਕ ਇਕੱਠ ਕਰਨ ਦਾ ਵਿਚਾਰ ਬਣਾਇਆ ਅਤੇ ਵਿਚੋਲਿਆਂ ਰਾਹੀਂ ਉਨ੍ਹਾਂ ਜ਼ਕਰੀਆ ਖਾਨ ਨਾਲ ਗੱਲ ਕੀਤੀ। ਜ਼ਕਰੀਆ ਖਾਨ ਮੰਨ ਤਾਂ ਗਿਆ ਪਰ ਇਸ ਦੇ ਨਾਲ ਹੀ ਪੰਜ ਹਜ਼ਾਰ ਰੁਪਏ ਕਰ ਵਜੋਂ ਅਦਾ ਕਰਨ ਦੀ ਸ਼ਰਤ ਵੀ ਰੱਖ ਦਿੱਤੀ। ਜਿਸ ਨੂੰ ਪੰਥਕ ਹਿੱਤ ਵਿਚ ਭਾਈ ਮਨੀ ਸਿੰਘ ਜੀ ਨੇ ਸਵੀਕਾਰ ਕਰ ਲਿਆ।
ਇੱਥੇ ਇਹ ਗੱਲ ਵਰਣਨਯੋਗ ਹੈ ਕਿ ਉਨ੍ਹਾਂ ਸਮਿਆਂ ਵਿਚ ਸਿੱਖ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੇ ਇਕੱਠ ਕਰ, ਬੀਤੇ ਸਮੇਂ ਵਿਚ ਆਪਣੇ ਨਾਲ ਵਾਪਰੇ ਹਾਦਸਿਆਂ, ਸੰਘਰਸ਼ਾਂ ਅਤੇ ਦੁੱਖ-ਸੁਖ ਆਦਿ ਬਾਰੇ ਵਿਚਾਰਾਂ ਕਰ, ਆਪਸੀ ਸਹਿਯੋਗ ਦੇ ਆਧਾਰ ‘ਤੇ ਭਵਿੱਖ ਦੀ ਰਣਨੀਤੀ ਘੜਿਆ ਕਰਦੇ ਸਨ।
ਜ਼ਕਰੀਆ ਖਾਨ ਵੱਲੋਂ ਇਕੱਠ ਕਰਨ ਦੀ ਪ੍ਰਵਾਨਗੀ ਮਿਲਦਿਆਂ ਹੀ ਭਾਈ ਮਨੀ ਸਿੰਘ ਜੀ ਨੇ ਚਾਰੇ ਪਾਸੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਉਹ ਦੀਵਾਲੀ ‘ਤੇ ਸ੍ਰੀ ਦਰਬਾਰ ਸਾਹਿਬ ਹੁਮ-ਹੁਮਾ ਕੇ ਪੁੱਜਣ। ਇਹ ਇਕੱਠ ਕਰਨ ਪਿੱਛੇ ਭਾਈ ਸਾਹਿਬ ਦਾ ਉਦੇਸ਼ ਇਹ ਸੀ ਕਿ ਦੀਵਾਲੀ ਪੁਰ ਹੋਣ ਵਾਲੇ ਇਕੱਠ ਵਿਚ ਹੋਰ ਮੁੱਦਿਆਂ ਤੋਂ ਇਲਾਵਾ, ਖਾਲਸੇ ਵੱਲੋਂ ਦੇਸ਼ ਪੁਰ ਹੋਣ ਵਾਲੇ ਨਾਦਰਸ਼ਾਹ ਦੇ ਸੰਭਾਵਤ ਹਮਲੇ ਦੀ ਰੋਸ਼ਨੀ ਵਿਚ ਆਪਣੀ ਰਣਨੀਤੀ ਬਣਾਉਣ ਦੇ ਸੰਬੰਧ ਵਿਚ ਵੀ ਖੁੱਲ੍ਹ ਕੇ ਸੋਚ-ਵਿਚਾਰ ਕੀਤੀ ਜਾਏ ਅਤੇ ਉਸ ਨੂੰ ਅੰਤਿਮ ਰੂਪ ਦਿੱਤਾ ਜਾਏ।
ਉਧਰ ਜ਼ਕਰੀਆ ਖਾਨ ਨੇ ਪੰਜ ਹਜ਼ਾਰ ਰੁਪਏ ਕਰ ਅਦਾ ਕਰਨ ਦੀ ਸ਼ਰਤ ਲਾ ਕੇ, ਸ੍ਰੀ ਦਰਬਾਰ ਸਾਹਿਬ ਵਿਖੇ ਪੰਥਕ ਇਕੱਠ ਕਰਨ ਲਈ ਤਾਂ ਕਹਿ ਦਿੱਤਾ, ਪਰ ਅਸਲ ਵਿਚ ਇਸ ਦੇ ਪਿੱਛੇ ਉਸ ਦੀ ਬਦਨੀਤੀ ਕੰਮ ਕਰ ਰਹੀ ਸੀ। ਉਸ ਦੀ ਮਨਸ਼ਾ ਇਹ ਸੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਦੀਵਾਲੀ ‘ਤੇ ਹਜ਼ਾਰਾਂ ਸਿੱਖਾਂ ਦਾ ਇਕੱਠ ਹੋਵੇਗਾ। ਇਸ ਮੌਕੇ ਦਾ ਫਾਇਦਾ ਉਠਾ, ਹਨ੍ਹੇਰੀ ਰਾਤ ਵਿਚ ਸਿੱਖਾਂ ਨੂੰ ਘੇਰਨਾ ਅਤੇ ਉਨ੍ਹਾਂ ਨੂੰ ਤੋਪਾਂ ਨਾਲ ਉਡਾ ਦੇਣਾ ਮੁਗ਼ਲ ਫੌਜ ਲਈ ਅਸਾਨ ਹੋ ਜਾਵੇਗਾ। ਇਸ ਸਾਜ਼ਿਸ਼ ਨੂੰ ਕਾਮਯਾਬ ਬਣਾਉਣ ਲਈ ਉਸ ਵੱਲੋਂ ਇਹ ਰਣਨੀਤੀ ਘੜ੍ਹੀ ਗਈ ਕਿ ਲਖਪਤ ਰਾਏ ਫੌਜ ਲੈ ਕੇ ਸ੍ਰੀ ਅੰਮ੍ਰਿਤਸਰ ਨੇ ਨੇੜੇ, ਰਾਮਤੀਰਥ ਪੁੱਜ ਜਾਏ ਅਤੇ ਉੱਥੋਂ ਰਾਤ ਨੂੰ ਸਿੱਖਾਂ ਪੁਰ ਅਚਾਨਕ ਇਸ ਤਰ੍ਹਾਂ ਹਮਲਾ ਬੋਲ ਦੇਵੇ, ਕਿ ਸਿੱਖਾਂ ਨੂੰ ਸੰਭਲਣ ਦਾ ਮੌਕਾ ਤਕ ਨਾ ਮਿਲੇ।
ਜਦੋਂ ਕੁਝ ਸੂਹੀਆਂ ਰਾਹੀਂ ਭਾਈ ਮਨੀ ਸਿੰਘ ਜੀ ਨੂੰ ਇਸ ਸਾਜ਼ਿਸ਼ ਦਾ ਪਤਾ ਲੱਗਾ, ਤਾਂ ਉਨ੍ਹਾਂ ਝੱਟ ਹੀ ਹਰ ਪਾਸੇ ਹਰਕਾਰੇ ਦੌੜਾ ਦਿੱਤੇ, ਤਾਂ ਜੋ ਜਿੱਥੇ-ਜਿੱਥੇ ਵੀ ਸਿੱਖ ਹਨ, ਉਨ੍ਹਾਂ ਤਕ ਇਸ ਸਾਜ਼ਿਸ਼ ਦੀ ਸੂਹ ਪੁੱਜ ਜਾਏ ਤੇ ਉਹ ਸ੍ਰੀ ਅੰਮ੍ਰਿਤਸਰ ਵੱਲ ਕੂਚ ਕਰਨ ਤੋਂ ਰੁਕ ਜਾਣ । ਇਸ ਉਪਰਾਲੇ ਦੇ ਬਾਵਜੂਦ ਸਾਰੇ ਸਿੱਖਾਂ ਤਕ ਖ਼ਬਰ ਨਾ ਪੁੱਜ ਸਕੀ ਤੇ ਵੱਡੀ ਗਿਣਤੀ ਵਿਚ ਸਿੱਖ ਸ੍ਰੀ ਅੰਮ੍ਰਿਤਸਰ ਪੁੱਜ ਗਏ। ਲਖਪਤ ਰਾਏ ਨੇ ਪਹਿਲਾਂ ਤੋਂ ਨਿਸ਼ਚਿਤ ਸਾਜ਼ਿਸ਼ ਅਨੁਸਾਰ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਕਈ ਸਿੱਖ ਸ਼ਹੀਦ ਹੋ ਗਏ। ਫਲਸਰੂਪ ਸਿੱਖਾਂ ਦਾ ਇਕੱਠ ਨਾ ਹੋ ਸਕਿਆ।
ਭਾਈ ਮਨੀ ਸਿੰਘ ਜੀ ਨੇ ਹਾਕਮਾਂ ਦੀ ਇਸ ਕਾਰਵਾਈ ਦੇ ਵਿਰੁੱਧ ਸਖ਼ਤ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਜ਼ਕਰੀਆ ਖਾਨ ਨੇ ਫੌਜ ਭੇਜ ਕੇ ਕੇਵਲ ਵਿਸ਼ਵਾਸਘਾਤ ਹੀ ਨਹੀਂ ਕੀਤਾ, ਸਗੋਂ ਉਹ ਬੇਗੁਨਾਹਵਾਂ ਦੇ ਕਤਲ ਕਰਨ ਦੀ ਸਾਜ਼ਿਸ਼ ਦਾ ਵੀ ਗੁਨਾਹਗਾਰ ਬਣਿਆ ਹੈ। ਉਨ੍ਹਾਂ ਦੀ ਗੱਲ ਸੁਣਨਾ ਤਾਂ ਦੂਰ ਰਿਹਾ, ਉਲਟੇ ਜ਼ਕਰੀਆ ਖਾਨ ਨੇ ਉਨ੍ਹਾਂ ਪਾਸੋਂ ਕਰ ਦੀ ਰਕਮ ਪੰਜ ਹਜ਼ਾਰ ਦੀ ਮੰਗ ਕਰ ਦਿੱਤੀ। ਭਾਈ ਮਨੀ ਸਿੰਘ ਜੀ ਨੇ ਇਹ ਆਖਦਿਆਂ ਕਰ ਦੀ ਰਕਮ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸਰਕਾਰ ਆਪਣੇ ਵਾਇਦੇ ਪੁਰ ਕਾਇਮ ਨਹੀਂ ਰਹੀ ਤੇ ਇਸ ਕਾਰਨ ਉਹ ਕਰ ਮੰਗਣ ਦੀ ਹੱਕਦਾਰ ਨਹੀਂ ਰਹਿ ਗਈ।
ਭਾਈ ਮਨੀ ਸਿੰਘ ਜੀ ਦੇ ਇਸ ਉੱਤਰ ਨੂੰ ਸੁਣ ਕੇ ਜ਼ਕਰੀਆ ਖਾਨ ਨੇ ਭਾਈ ਮਨੀ ਸਿੰਘ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਭਾਈ ਸਾਹਿਬ ਨੂੰ ਉਨ੍ਹਾਂ ਦੇ ਦੋ ਸਾਥੀਆਂ, ਭਾਈ ਗੁਲਜ਼ਾਰ ਸਿੰਘ ਅਤੇ ਭਾਈ ਦੀਵਾਨ ਸਿੰਘ ਸਮੇਤ ਪਕੜ ਕੇ ਲਾਹੌਰ ਲਿਜਾਇਆ ਗਿਆ।
ਜ਼ਕਰੀਆ ਖਾਨ ਨੇ ਉਨ੍ਹਾਂ ਨੂੰ ਕਰ ਅਦਾ ਕਰਨ ਜਾਂ ਇਸਲਾਮ ਕਬੂਲ ਕਰਨ ਲਈ ਕਿਹਾ। ਭਾਈ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਨ੍ਹਾਂ ਦੋਹਾਂ ਸ਼ਰਤਾਂ ਵਿੱਚੋਂ ਇਕ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਇਨਕਾਰ ਤੋਂ ਬਾਅਦ ਜ਼ਕਰੀਆ ਖਾਨ ਨੇ ਉਨ੍ਹਾਂ ਨੂੰ ਸ਼ਹੀਦ ਕਰਨ ਅਤੇ ਕਾਜ਼ੀ ਨੇ ਭਾਈ ਮਨੀ ਸਿੰਘ ਜੀ ਦੇ ਬੰਦ-ਬੰਦ ਕੱਟਣ ਅਤੇ ਉਨ੍ਹਾਂ ਦੇ ਸਾਥੀ ਦੀਵਾਨ ਸਿੰਘ ਨੂੰ ਚੀਰਨ ਤੇ ਭਾਈ ਗੁਲਜ਼ਾਰ ਸਿੰਘ ਨੂੰ ਅਸਹਿ ਤਸੀਹੇ ਦੇਣ ਦਾ ਹੁਕਮ ਦੇ ਦਿੱਤਾ।
ਇਤਿਹਾਸ ਅਨੁਸਾਰ ਜਦੋਂ ਜੱਲਾਦ ਨੇ ਭਾਈ ਜੀ ਦੀ ਬਿਰਧ ਅਵਸਥਾ ਵੇਖਦਿਆਂ ਸਰੀਰ ਦੇ ਕੇਵਲ ਕੁਝ ਹਿੱਸੇ ਹੀ ਕੱਟਣੇ ਚਾਹੇ, ਤਾਂ ਭਾਈ ਸਾਹਿਬ ਨੇ ਉਸ ਨੂੰ ਆਪਣੇ ਮਾਲਕ ਦਾ ਹੁਕਮ ਵਜਾਣ ਲਈ ਕਿਹਾ। ਸੋ ਪਹਿਲਾਂ ਉਂਗਲੀਆਂ ਦੇ ਪੋਟੇ ਕੱਟੇ ਗਏ, ਫਿਰ ਹਥੇਲੀ ਤੇ ਗੁਟ ਆਦਿ। ‘ਸ੍ਰੀ ਗੁਰ ਪੰਥ ਪ੍ਰਕਾਸ਼ ਅਨੁਸਾਰ:
ਪਹਿਲੇ ਉਂਗਲੀਓਂ ਪੋਟੇ ਕਟਾਏ, ਫਿਰ ਮਧ ਗੰਢੋਂ ਬੰਦ ਛੁਡਾਏ॥੪੬॥ ਫਿਰ ਉਂਗਲੀ ਤਿਈ ਵਾਰ ਕਟਾਈ, ਫਿਰ ਪੌਂਚੇ ਸੁ ਬੀਣੀ ਛੁਡਾਈ। ਚੰਡਾਲ ਚਾਹੇ ਫਿਰ ਮੋਢਿਯੋਂ ਲਹਾਈ, ਮਨੀ ਸਿੰਘ ਦਈ ਕੂਹਨੀ ਅੜਾਈ ॥੪੭॥ ਕੂਹਣੀ ਕਟਾਇ ਫਿਰ ਮੋਢਿਯੋਂ ਲਹਾਈ, ਸੱਜੀ ਕਟਾਇ ਫਿਰ ਖੱਬੀ ਫੜਾਈ। ਤਿਸ ਦੀ ਪੋਟਯੋਂ ਬੰਦ ਕਟਾਯੋ, ਗਠ ਗਠ ਉਂਗਲ ਗੁਠੋ ਬਢਾਯੋ॥੪੮॥
ਇਧਰ ਬੰਦ-ਬੰਦ ਕਟੇ ਜਾ ਰਹੇ ਸਨ ਤੇ ਉਧਰ ਭਾਈ ਸਹਿਬ ਅਡੋਲ ਹੋ ‘ਸੁਖਮਨੀ ਸਾਹਿਬ’ ਦਾ ਪਾਠ ਕਰ ਰਹੇ ਸਨ। ਸ੍ਰੀ ਗੁਰ ਪੰਥ ਪ੍ਰਕਾਸ਼ ਅਨੁਸਾਰ :
‘ਸਿੰਘ ਜੀ ਮੁਖ ਗੁਰ ਪੜ੍ਹਤੋ ਬਾਨੀ, ਨਹਿ ਕੁਛ ਪੀੜ ਦੇਹ ਉਨ ਜਾਨੀ । … ਪਾਠ ਸੁਖਮਨੀ ਮੁਖੋ ਉਚਰੈ, ਨਹਿ ਕਿਛੁ ਜਨਮੈ ਨਹਿ ਕਿਛੁ ਮਰੈ’।
ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੇ ਸਿੱਖਾਂ ਵਿਚ ਭਾਰੀ ਰੋਹ ਪੈਦਾ ਕਰ ਦਿੱਤਾ। ਇਸ ਦਾ ਕਾਰਨ ਇਹ ਸੀ ਕਿ ਭਾਈ ਮਨੀ ਸਿੰਘ ਜੀ ਇਕ ਅਜਿਹੀ ਧਾਰਮਿਕ ਸ਼ਖ਼ਸੀਅਤ ਸਨ, ਜਿਸ ਦਾ ਹਰ ਸਿੱਖ ਸਤਿਕਾਰ ਕਰਦਾ ਸੀ। ਇਸ ਦੇ ਨਾਲ ਹੀ ਭਾਈ ਮਨੀ ਸਿੰਘ ਜੀ ਉਨ੍ਹਾਂ ਦੇ ਮਾਰਗ-ਦਰਸ਼ਕ ਵੀ ਸਨ। ਭਾਈ ਸਾਹਿਬ ਦਾ ਭਤੀਜਾ ਭਾਈ ਅਘੜ ਸਿੰਘ, ਭਾਈ ਸਾਹਿਬ ਦੀ ਸ਼ਹਾਦਤ ਬਾਰੇ ਸੁਣਦਿਆਂ ਹੀ, ਇਤਨਾ ਗੁੱਸੇ ਵਿਚ ਆ ਗਿਆ ਕਿ ਉਸ ਨੇ ਝੱਟ ਸ੍ਰੀ ਅੰਮ੍ਰਿਤਸਰ ਪੁੱਜ ਉੱਥੋਂ ਦੇ ਹਾਕਮ ਅਬਦੁਲ ਰਜ਼ਾਕ ਪੁਰ ਹਮਲਾ ਕਰ ਉਸ ਨੂੰ ਥਾਂ ‘ਤੇ ਹੀ ਮਾਰ ਮੁਕਾਇਆ ਅਤੇ ਨਾਲ ਹੀ ਭਾਈ ਜੀ ਵਿਰੁੱਧ ਫਤਵਾ ਦੇਣ ਵਾਲੇ ਕਾਜ਼ੀ ਨੂੰ ਵੀ ਜਾ ਥਾਂ ਰੱਖਿਆ।
-ਸ. ਜਸਵੰਤ ਸਿੰਘ ‘ਅਜੀਤ’
