ਪੰਥ ਵਿਰੋਧੀ ਤਾਕਤਾਂ ਖਿਲਾਫ਼ ਸਮੁੱਚੀਆਂ ਸੰਪਰਦਾਵਾਂ ਤੇ ਜਥੇਬੰਦੀਆਂ ਨੂੰ ਇੱਕ ਨਿਸ਼ਾਨ ਹੇਠ ਇਕੱਠੇ ਹੋਣ ਦੀ ਲੋੜ: ਸਿੰਘ ਸਾਹਿਬ ਬਾਬਾ ਟੇਕ ਸਿੰਘ
ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਦੋਖੀ ਐਲਾਨੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸੱਦੇ ਵਿਸ਼ਾਲ ਪੰਥਕ ਇਕੱਠ ਵਿੱਚ ਗੂੰਜਿਆ ‘ਏਕੇ’ ਦਾ ਹੋਕਾ
ਸਰਕਾਰਾਂ ਚਾਰ ਦਿਨਾਂ ਦੀਆਂ, ਖਾਲਸਾ ਪੰਥ ਸਦੀਵੀ: ਜਥੇਦਾਰ ਦਮਦਮਾ ਸਾਹਿਬ
ਅੰਮ੍ਰਿਤਸਰ/ਤਲਵੰਡੀ ਸਾਬੋ (ਜੁਲਾਈ 2026) : ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਤੋਂ ਬਾਅਦ ਪੈਦਾ ਹੋਏ ਹਾਲਾਤ ਅਤੇ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਉਨ੍ਹਾਂ ਨੂੰ ‘ਪੰਥ ਦੋਖੀ’ ਤੇ ‘ਖਾਲਸਾ ਪੰਥ ਵਿਰੋਧੀ’ ਐਲਾਨੇ ਜਾਣ ਦੇ ਫੈਸਲੇ ਨੇ ਪੰਥਕ ਸਫ਼ਾਂ ਵਿੱਚ ਤਲਖ਼ੀ ਵਧਾ ਦਿੱਤੀ ਹੈ। ਇਸ ਬੇਹੱਦ ਸੰਵੇਦਨਸ਼ੀਲ ਅਤੇ ਗੰਭੀਰ ਮਸਲੇ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵੱਲੋਂ ਜਿੱਥੇ ਇਸ ਹੁਕਮਨਾਮੇ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਦੀ ਲਹਿਰ ਵਿੱਢੀ ਗਈ ਹੈ, ਉੱਥੇ ਹੀ ਅੱਜ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ ਅਤੇ ਸੰਤ ਸਮਾਜ ਦਾ ਇੱਕ ਵਿਸ਼ਾਲ ਪੰਥਕ ਇਕੱਠ ਸੱਦਿਆ ਗਿਆ। ਇਸ ਇਕੱਠ ਵਿੱਚ ਮੌਜੂਦਾ ਸਿਆਸੀ ਦਖ਼ਲਅੰਦਾਜ਼ੀ ਅਤੇ ਪੰਥਕ ਪ੍ਰਭੂਸੱਤਾ ਨੂੰ ਲੱਗ ਰਹੀਆਂ ਸੱਟਾਂ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ ਗਿਆ।
ਇਸ ਇਤਿਹਾਸਕ ਇਕੱਠ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਮੌਜੂਦਾ ਹਕੂਮਤ ਨੂੰ ਸਖ਼ਤ ਲਹਿਜੇ ਵਿੱਚ ਵੰਗਾਰਿਆ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿਆਸੀ ਸੱਤਾ ਨਾਸ਼ਵਾਨ ਹੈ, ਜਦਕਿ ਖਾਲਸੇ ਦਾ ਪ੍ਰਤਾਪ ਅਟੱਲ ਹੈ। ਆਪਣੇ ਬਿਆਨ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਇਹ ਸਰਕਾਰਾਂ ਚਾਰ ਦਿਨਾਂ ਦੀਆਂ ਪ੍ਰਾਹੁਣੀਆਂ ਹੁੰਦੀਆਂ ਹਨ, ਅੱਜ ਇਹ ਸੱਤਾ ਹੈ, ਕੱਲ੍ਹ ਨਹੀਂ ਹੋਵੇਗੀ। ਪਰ ਖਾਲਸਾ ਪੰਥ ਅਤੇ ਸਿੱਖ ਸੰਸਥਾਵਾਂ ਸਦੀਵੀ ਹਨ। ਹਕੂਮਤ ਦੇ ਨਸ਼ੇ ਵਿੱਚ ਚੂਰ ਹੋ ਕੇ ਪੰਥਕ ਮਰਿਆਦਾਵਾਂ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਇਤਿਹਾਸ ਵਿੱਚ ਹਮੇਸ਼ਾ ਖ਼ਾਮਿਆਜ਼ਾ ਭੁਗਤਣਾ ਪਿਆ ਹੈ।”
ਸਿੰਘ ਸਾਹਿਬ ਨੇ ਸਮੁੱਚੀ ਕੌਮ ਨੂੰ ਅੰਦਰੂਨੀ ਮੱਤਭੇਦ ਭੁਲਾ ਕੇ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਆਖਿਆ ਕਿ ਅੱਜ ਦੇ ਨਾਜ਼ੁਕ ਦੌਰ ਵਿੱਚ ‘ਏਕੇ’ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਜੇਕਰ ਅਸੀਂ ਸਾਰੇ ਵਖਰੇਵੇਂ ਤਿਆਗ ਕੇ, ਗੁਰੂ ਸਾਹਿਬ ਦੇ ਇੱਕ ਨਿਸ਼ਾਨ ਸਾਹਿਬ ਹੇਠਾਂ ਇਕੱਠੇ ਹੋ ਜਾਈਏ, ਤਾਂ ਸੰਸਾਰ ਦੀਆਂ ਵੱਡੀਆਂ ਤੋਂ ਵੱਡੀਆਂ ਸਰਕਾਰਾਂ ਨੂੰ ਵੀ ਝੁਕਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਸਾਡੀ ਸ਼ਕਤੀ ਸਾਡੀ ਇੱਕਜੁੜਤਾ ਵਿੱਚ ਹੈ, ਅਤੇ ਜਦੋਂ ਵੀ ਪੰਥ ‘ਤੇ ਭੀੜ ਬਣੀ ਹੈ, ਖਾਲਸੇ ਨੇ ਹਮੇਸ਼ਾ ਇੱਕਮੁਠ ਹੋ ਕੇ ਹਰ ਚੁਣੌਤੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ।”
ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਸਿੰਘ ਸਾਹਿਬਾਨ ਭਾਵੇਂ ਕਦੋਂ ਵੀ ਇਕੱਤਰਤਾ ਬੁਲਾ ਲੈਣ ਪਰ ਉਹ ਪੇਸ਼ ਨਹੀਂ ਹੋਣਗੇ ਇਸ ਤੇ ਉਨ੍ਹਾਂ ਇਤਿਹਾਸ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਜੋ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਂਦਾ ਹੈ ਉਸ ਦਾ ਹਸ਼ਰ ਬੁਰਾ ਹੁੰਦਾ ਹੈ । ਬੁਲਾਰਿਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਕਿਸੇ ਵੀ ਸੂਰਤ ਵਿੱਚ ਢਾਹ ਨਹੀਂ ਲੱਗਣ ਦਿੱਤੀ ਜਾਵੇਗੀ ਅਤੇ ਪਿੰਡ ਪੱਧਰ ‘ਤੇ ਸੰਗਤ ਨੂੰ ਜਾਗਰੂਕ ਕਰਕੇ ਇਸ ਪੰਥ ਵਿਰੋਧੀ ਸਿਆਸੀ ਪੈਂਸੇਬੰਦੀ ਦਾ ਪਰਦਾਫਾਸ਼ ਕੀਤਾ ਜਾਵੇਗਾ।
ਇਸ ਮੌਕੇ ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਮੁਖੀ, ਦਮਦਮੀ ਟਕਸਾਲ ਦੇ ਪ੍ਰਤੀਨਿਧ, ਸੰਤ ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿੱਚ ਪੰਥਕ ਦਰਦੀ ਹਾਜ਼ਰ ਸਨ।
