ਸਾਡੇ ਪਿੰਡ ਇੱਕ ਕਿਸਾਨ ਸੀ ਭਾਈ ਸੁਵਰਨਾ। ਉਹ ਮੇਰੇ ਦਾਦਾ ਜੀ ਕੋਲ ਗੁਰਮੁਖੀ ਸਿੱਖਣ ਆਉਂਦਾ ਰਿਹਾ। ਜਦ ਪੈਂਤੀ ਪੱਕ ਗਈ ਤੇ ਮਾਤਰਾ ਦੀ ਵੀ ਸਮਝ ਆ ਗਈ ਤਾਂ ਆਪਣਾ ਨਾਂ ‘ਸਵਰਨ ਸਿੰਘ’ ਉਸ ਨੇ ਆਪ ਲਿਖਿਆ ਤੇ ਨੱਚ ਪਿਆ। ਕਹਿਣ ਲੱਗਾ, “ਮੈਂ ਅੱਜ ਪਹਿਲੀ ਵਾਰ ‘ਸੁਵਰਨੇ ਤੋਂ ਸਵਰਨ ਸਿੰਘ ਬਣਿਆ ਹਾਂ।”
ਫਿਰ ਉਹ ਗੁਟਕਾ ਲੈ ਆਇਆ ਤੇ ਜਪੁ ਜੀ ਸਾਹਿਬ ਦਾ ਪਾਠ ਕਰਨ ਲੱਗ ਪਿਆ। ਕੋਸ਼ਿਸ਼ ਕਰਨ ਲੱਗਾ ਤੇ ਹਰ ਹਫ਼ਤੇ ਇੱਕ ਪਉੜੀ ਕੰਠ ਵੀ ਕਰ ਲਵੇ। ਲੰਮੀਆਂ ਪਉੜੀਆਂ ’ਤੇ ਦੋ-ਦੋ, ਤਿੰਨ-ਤਿੰਨ ਹਫ਼ਤੇ ਲਗਦੇ ਸਨ, ਪਰ ਸਾਲ ਭਰ ਵਿਚ ਉਸ ਨੇ ਸਾਰਾ ਜਪੁ ਜੀ ਸਾਹਿਬ ਕੰਠ ਕਰ ਲਿਆ ਸੀ ।
ਹੁਣ ਉਹ ਮੇਰੇ ਦਾਦਾ ਜੀ ਪਾਸੋਂ ਇਸ ਬਾਣੀ ਦੇ ਅਰਥ ਸਮਝਣ ਆਉਂਦਾ ਸੀ, ਹਰ ਰੋਜ਼ ਬੜੇ ਨੇਮ ਨਾਲ । ਫਿਰ ਉਹ ਬਿਮਾਰ ਹੋ ਗਿਆ ਤੇ ਕਈ ਦਿਨ ਆਇਆ ਨਾ। ਮੇਰੇ ਦਾਦਾ ਜੀ ਉਸ ਨੂੰ ਵੇਖਣ ਚਲੇ ਗਏ। ਉਸ ਨੂੰ ਦੋ-ਤਿੰਨ ਦਿਨ ਤੋਂ ਬੁਖ਼ਾਰ ਚੜ੍ਹਦਾ ਰਿਹਾ ਸੀ, ਪਰ ਹੁਣ ਉਤਰਦਾ ਜਾਪਦਾ ਸੀ।