੧੬੯੯ ਈ: ਦੀ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਦੀਆਂ ਤੋਂ ਵਹਿਣ ਵਿਚ ਵਹਿ ਰਹੇ ਭਾਰਤੀ ਇਤਿਹਾਸ ਦਾ ਰੁਖ ਮੋੜ ਦਿੱਤਾ। ਇਤਿਹਾਸ ਦੇ ਪੰਨਿਆਂ ਵਿਚ ਇਸ ਦਿਨ ਤੋਂ ਪਹਿਲਾਂ ਅਤੇ ਬਾਅਦ ਦੇ ਭਾਰਤ ਵਿਚ ਜ਼ਮੀਨ-ਅਸਮਾਨ ਦਾ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਘਟਨਾਕ੍ਰਮ ਦੀ ਤਫਸੀਲ ਦੁਹਰਾਉਣ ਦੀ ਲੋੜ ਨਹੀਂ। ਸਾਰਾ ਵਿਸ਼ਵ ਜਾਣਦਾ ਹੈ ਇਸ ਇਤਿਹਾਸਿਕ ਵੈਸਾਖੀ ਵਾਲੇ ਦਿਨ ਹਜ਼ਾਰਾਂ ਸੰਗਤਾਂ ਦੇ ਇਕੱਠ ਸਾਹਮਣੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਤਾਂ ਉਨ੍ਹਾਂ ਦੇ ਚਿਹਰੇ ‘ਤੇ ਅਦੁੱਤੀ ਜਲਾਲ ਸੀ ਅਤੇ ਹੱਥ ਵਿਚ ਨੰਗੀ ਤੇਗ। ਆਪਣੇ ਮਨ-ਮੰਦਰ ਵਿਚ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਪਾਸੋਂ ਇਕ ਸਿਰ ਦੀ ਮੰਗ ਕੀਤੀ। ਸਾਰਾ ਇਕੱਠ ਇਸ ਵਚਿੱਤਰ ਮੰਗ ਨੂੰ ਸੁਣ ਕੇ ਇਕ ਵਾਰ ਤ੍ਰਭਕ ਗਿਆ, ਸਨਸਨੀ ਛਾ ਗਈ ਪਰ ਇਕ ਸਿੱਖ ਉੱਠਿਆ ਤੇ ਉਸ ਨੇ ਆਪਣਾ-ਆਪ ਗੁਰੂ ਜੀ ਦੀ ਭੇਟ ਕਰ ਦਿੱਤਾ। ਗੁਰੂ ਸਾਹਿਬ ਉਸ ਨੂੰ ਨਾਲ ਲੱਗੇ ਤੰਬੂ ਵਿਚ ਲੈ ਗਏ। ਥੋੜ੍ਹੀ ਦੇਰ ਬਾਅਦ ਨੰਗੀ ਕ੍ਰਿਪਾਨ ਲੈ ਕੇ ਤੰਬੂ ਤੋਂ ਬਾਹਰ ਆਏ ਅਤੇ ਇਕ ਹੋਰ ਸਿਰ ਦੀ ਮੰਗ ਕੀਤੀ। ਦੂਜੀ ਵਾਰ ਫਿਰ ਸੰਗਤ ਵਿਚ ਸਨਸਨੀ ਛਾ ਗਈ ਪਰ ਇਸ ਵਾਰ ਵੀ ਇਕ ਗੁਰੂ ਦਾ ਸਿੱਖ ਤੁਰ ਪਿਆ ਆਪਣਾ ਸੀਸ ਭੇਟ ਕਰਨ ਲਈ। ਇਸ ਤਰ੍ਹਾਂ ਪੰਜ ਵਾਰ ਗੁਰੂ ਸਾਹਿਬ ਨੇ ਸੰਗਤਾਂ ਦੇ ਇਕੱਠ ਵਿਚ ਕੁਰਬਾਨੀ ਦੀ ਮੰਗ ਕੀਤੀ ਅਤੇ ਪੰਜੇ ਵਾਰ ਗੁਰੂ ਦੀ ਸੰਗਤ ਪ੍ਰੀਖਿਆ ‘ਚੋਂ ਪਾਸ ਹੋਈ।
ਆਖਰ ਗੁਰੂ ਜੀ ਆਪਣੇ ਪੰਜਾਂ ਸਿੱਖਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਨਾਲ ਤੰਬੂ ਵਿੱਚੋਂ ਬਾਹਰ ਨਿਕਲੇ। ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਅਤੇ ਇਨ੍ਹਾਂ ਪੰਜ ਮਰਜੀਵੜਿਆਂ ਨੂੰ ਅੰਮ੍ਰਿਤ ਪਾਨ ਕਰਾ ਕੇ ‘ਪੰਜਾਂ ਪਿਆਰਿਆਂ’ ਦਾ ਖਿਤਾਬ ਦਿੱਤਾ ।
ਜਦੋਂ ਪੰਜਾਂ ਪਿਆਰਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਕ ਹੋਰ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਕਿਹਾ। ਅੰਮ੍ਰਿਤ ਤਿਆਰ ਹੋ ਜਾਣ ‘ਤੇ ਗੁਰੂ ਸਾਹਿਬ ਆਪਣੇ ਹੀ ਸਿੱਖਾਂ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਹੋ ਗਏ ਅਤੇ ਬੇਨਤੀ ਕੀਤੀ ਕਿ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖ਼ਸ਼ੋ। ਬੜੀ ਹੈਰਾਨੀ ਨਾਲ ਪੰਜਾਂ ਪਿਆਰਿਆਂ ਨੇ ਅੰਮ੍ਰਿਤ-ਦਾਤੇ ਗੁਰੂ ਵੱਲ ਸੁਆਲੀਆ
ਨਿਗਾਹਾਂ ਨਾਲ ਤੱਕਿਆ। ਗੁਰੂ ਸਾਹਿਬ ਨੇ ਉਨ੍ਹਾਂ ਦੀਆਂ ਸ਼ੰਕਾਵਾਂ ਨਿਵਿਰਤੀ ਕਰਦਿਆਂ ਫੁਰਮਾਇਆ ਕਿ ਖਾਲਸਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਪ੍ਰਗਟ ਹੋਇਆ ਹੈ ਅਤੇ ਉਨ੍ਹਾਂ ਦਾ ਵੀ ਇਸ ਵਿਚ ਸ਼ਾਮਲ ਹੋਣਾ ਲਾਜ਼ਮੀ ਹੈ। ਖਾਲਸਾ ਉਨ੍ਹਾਂ ਦੀ ਜਾਤੀ ਜਮਾਤ ਨਹੀਂ, ਸਗੋਂ ਅਕਾਲ ਪੁਰਖ ਦੀ ਫੌਜ ਹੈ ਅਤੇ ਉਹ ਆਪ ਇਸ ਫੌਜ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਸ ਤਰ੍ਹਾਂ ‘ਆਪੇ ਗੁਰ ਚੇਲਾ” ਕਹਾਉਣ ਵਾਲੇ ਗੁਰੂ ਨੇ ‘ਪੰਜਾਂ ਪਿਆਰਿਆਂ” ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪਣੇ-ਆਪ ਨੂੰ ਖਾਲਸੇ ਵਿਚ ਅਭੇਦ ਕਰ ਲਿਆ।
ਇਸ ਤੋਂ ਬਾਅਦ ਪੰਜ ਹੋਰ ਮਰਜੀਵੜਿਆਂ ਨੇ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਅੰਮ੍ਰਿਤ ਹਾਸਲ ਕਰਨ ਲਈ ਆਪਣੇ-ਆਪ ਨੂੰ ਪੇਸ਼ ਕੀਤਾ। ਇਨ੍ਹਾਂ ਪੰਜਾਂ ਸਿੱਖਾਂ ਦੇ ਨਾਂ ਕੁਝ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਦਰਜ ਕੀਤੇ ਹਨ—ਭਾਈ ਰਾਮ ਸਿੰਘ, ਭਾਈ ਦੇਸਾ ਸਿੰਘ, ਭਾਈ ਟਹਿਲ ਸਿੰਘ, ਭਾਈ ਈਸ਼ਰ ਸਿੰਘ ਤੇ ਭਾਈ ਫਤਹਿ ਸਿੰਘ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਨ੍ਹਾਂ ਪੰਜਾਂ ਨੂੰ ‘ਪੰਜ ਮੁਕਤੇ ਦਾ ਖ਼ਿਤਾਬ ਦਿੱਤਾ ਸੀ। ਇਤਿਹਾਸ ਸਾਖੀ ਹੈ ਕਿ ਇਸ ਸਾਰੇ ਵਰਤਾਰੇ ਤੋਂ ਬਾਅਦ ਹਜ਼ਾਰਾਂ ਸਿੱਖ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਖਾਲਸਾ ਜਥੇਬੰਦੀ ਵਿਚ ਸ਼ਾਮਲ ਹੋ ਗਏ। ਸਰ ਮੁਹੰਮਦ ਲਤੀਫ ਦੀ ‘ਹਿਸਟਰੀ ਆਫ਼ ਪੰਜਾਬ ਅਨੁਸਾਰ ਪਹਿਲੇ ਪੰਦਰਾਂ ਦਿਨਾਂ ਵਿਚ ਹੀ ੮੦ ਹਜ਼ਾਰ ਤੋਂ ਵੱਧ ਲੋਕੀਂ ਸ੍ਰੀ ਅਨੰਦਪੁਰ ਸਾਹਿਬ ਪੁੱਜ ਚੁੱਕੇ ਸਨ ਅਤੇ ਗੁਰੂ ਸਾਹਿਬ ਦਾ ਮਾਰਗ ਅਪਣਾਉਣ ਲਈ ਤਤਪਰਤਾ ਨਾਲ ਆਪਣਾ-ਆਪ ਪੇਸ਼ ਕਰ ਰਹੇ ਸਨ।
ਇਤਿਹਾਸ ਦੀ ਜੇ ਬਰੀਕੀ ਨਾਲ ਘੋਖ ਕਰੀਏ ਤਾਂ ਇਹ ਤੱਥ ਉਭਰ ਕੇ ਸਾਹਮਣੇ ਆਉਂਦਾ ਹੈ ਕਿ ‘ਪੰਜਾਂ ਪਿਆਰਿਆਂ’ ਦਾ ਸੰਕਲਪ ਸਿੱਖ ਪਰੰਪਰਾ ਦਾ ਇਕ ਅਦੁੱਤੀ ਕਿਸਮ ਦਾ ਸੰਕਲਪ ਹੈ ਅਤੇ ਕੋਈ ਅਤਿਕਥਨੀ ਨਹੀਂ ਕਿ ਇਹੋ ਜਿਹੇ ਇਨਕਲਾਬੀ ਸੰਕਲਪ ਦੀ ਹੋਰ ਮਿਸਾਲ ਸਾਨੂੰ ਦੁਨੀਆਂ ਦੇ ਇਤਿਹਾਸ ‘ਚੋਂ ਨਹੀਂ ਮਿਲਦੀ। ਕੁਝ ਐਸੇ ਸਿਧਾਂਤਕ ਨੁਕਤੇ ਹਨ, ਜਿਨ੍ਹਾਂ ਦਾ ਤਫਸੀਲ ਨਾਲ ਮੈਂ ਇੱਥੇ ਜ਼ਿਕਰ ਕਰ ਰਿਹਾ ال
ਇਸ ਮਹਾਨ ਕ੍ਰਿਸ਼ਮੇ ਬਾਰੇ ਜਿਹੜੀ ਸਭ ਤੋਂ ਪਹਿਲੀ ਗੋਲ ਮੇਰੇ ਜਿਹਨ ਵਿਚ ਆਉਂਦੀ ਹੈ, ਉਹ ਇਹ ਹੈ ਕਿ ਜੋ ਇਤਿਹਾਸਿਕ ਚਮਤਕਾਰ ੧੬੯੯ ਈ: ਦੀ ਵੈਸਾਖੀ ਨੂੰ ਵਾਪਰਿਆ, ਉਸ ਦੇ ਪਿਛੋਕੜ ਵਿਚ ਸਮੁੱਚੀ ਗੁਰੂ ਪਰੰਪਰਾ ਖੜ੍ਹੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਨਿਰੰਤਰਤਾ ਨਾਲ ਖਾਲਸਾ ਪੰਥ ਦੀ ਸਿਰਜਣਾ ਦਾ ਕਾਰਜ ਚੱਲ ਰਿਹਾ ਸੀ, ਜਿਸ ਨੂੰ ਅੰਤਿਮ ਛੋਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ। ਅਮਲੀ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਨੂੰ ਹੀ ‘ਪੰਜ ਪਿਆਰੇ’ ਸਿਰਜ ਕੇ ਪ੍ਰਤੱਖ ਰੂਪ ਵਿਚ ਪ੍ਰਗਟ ਕੀਤਾ ਗਿਆ ਸੀ।
ਦੋ ਗਵਾਹੀਆਂ ਕਾਫੀ ਹਨ ਇਸ ਤੱਥ ਦੀ ਪ੍ਰੋੜ੍ਹਤਾ ਕਰਨ ਲਈ। ਪਹਿਲੀ ਗੱਲ ਕਿ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਚੱਲ ਕੇ ਤਕਰੀਬਨ ੮੦ ਹਜ਼ਾਰ ਦੀ ਗਿਣਤੀ ਵਿਚ ਲੋਕਾਂ ਦਾ ਇਸ ਮੌਕੇ ‘ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਇਸ ਗੱਲ ਦਾ ਸਪਸ਼ਟ ਪ੍ਰਮਾਣ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਤੋਂ ਬਾਅਦ ਸਮੁੱਚੀ ਗੁਰੂ ਪਰੰਪਰਾ ਦੇ ਯਤਨਾਂ ਦੁਆਰਾ ਸਿੱਖੀ ਦਾ ਪ੍ਰਸਾਰ ਪੂਰੇ ਹਿੰਦੁਸਤਾਨ ਵਿਚ ਹੋ ਚੁੱਕਾ ਸੀ। ਕੋਈ ਸ਼ੱਕ ਨਹੀਂ ਕਿ ਇਹ ਇਕੱਠ ਉਸੇ ਸਿੱਖੀ ਦਾ ਸੀ, ਜਿਹੜੀ ਸਿੱਖੀ ਗੁਰੂ ਪਰੰਪਰਾ ਦੇ ਨਿਰੰਤਰ ਦੋ ਸਦੀਆਂ ਦੇ ਪ੍ਰਚਾਰ ਨਾਲ ਫੈਲੀ ਸੀ । ਫਿਰ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਰਾਂ ਦੀ ਮੰਗ ਸੰਗਤਾਂ ਦੇ ਇਕੱਠ ਵਿੱਚੋਂ ਪੂਰੀ ਹੋਈ, ਇਸ ਤੱਥ ਦੀ ਪ੍ਰੋੜ੍ਹਤਾ ਹੁੰਦੀ ਹੈ ਕਿ ਉਦੋਂ ਤਕ ਸਿੱਖ ਸਮਾਜ ਕੁਰਬਾਨੀ ਦਾ ਪਾਠ ਪੜ ਚੁੱਕਾ ਸੀ। ਸਪਸ਼ਟ ਹੈ ਕਿ ਜੋ ਕੁਝ ਵਚਿੱਤਰ ਵਿਹਾਰਕ ਰੂਪ ਵਿਚ ੧੬੯੯ ਈ: ਦੀ ਵੈਸਾਖੀ ਨੂੰ ਵਾਪਰਿਆ, ਉਹ ਬੀਜ ਰੂਪ ਵਿਚ, ਇਕ ਸਿਧਾਂਤ ਦੀ ਤਰ੍ਹਾਂ ਪਹਿਲਾਂ ਤੋਂ ਮੌਜੂਦ ਸੀ। ਮੇਰੀ ਤਾਂ ਮਾਨਤਾ ਹੈ ਕਿ ਜਿਹੜੀ ਪੰਜਾਂ ਪਿਆਰਿਆਂ ਦੀ ਸੰਸਥਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਦੁੱਤੀ ਵਿਧੀ ਰਾਹੀਂ ਲੋਕਾਂ ਦੇ ਸਨਮੁਖ ਪ੍ਰਗਟ ਕੀਤਾ ਸੀ, ਦਾ ਵਿਚਾਰਧਾਰਕ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬੰਨ੍ਹਿਆ ਗਿਆ ਸੀ।
ਦੂਜੀ ਗੱਲ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਸ ਵਿਚਾਰਧਾਰਾ ਅਤੇ ਦ੍ਰਿੜ ਇਰਾਦੇ ਦੇ ਪ੍ਰਤੀਬੱਧਤਾ ਦੀ ਕਰ ਰਿਹਾ ਹਾਂ, ਜਿਹੜੀ ਪੰਜ ਪਿਆਰਿਆਂ ਦੀ ਸਿਰਜਣਾ ਪਿੱਛੇ ਕਾਰਜਸ਼ੀਲ ਸੀ। ਇਤਿਹਾਸਿਕ ਪ੍ਰਵਾਹ ਸਾਨੂੰ ਦੱਸਦਾ ਹੈ ਕਿ ਇਸ ਵਿਚਾਰਧਾਰਾ ਦਾ ਕੇਂਦਰੀ ਧੁਰਾ ਸੀ-ਸਦੀਆਂ ਤੋਂ ਸ਼ੋਸ਼ਣ ਤੇ ਵਿਤਕਰਿਆਂ ਦੀ ਸ਼ਿਕਾਰ ਆਮ ਜਨਤਾ, ਜਿਸ ਨੂੰ ਭਾਰਤੀ ਸਮਾਜੀ ਵਿਵਸਥਾ ਨੇ ਪੈਰਾਂ ਥੱਲੇ ਰੋਂਦਿਆ ਸੀ. ਨੂੰ ਸੱਤਾ ਦੇ ਸਿੰਘਾਸਨ ‘ਤੇ ਪਹੁੰਚਾਉਣਾ। ਉਨ੍ਹਾਂ ਦੀ ਪਾਤਸ਼ਾਹੀ ਸਥਾਪਤੀ ਕਰਨੀ, ਜਿਨ੍ਹਾਂ ਨੇ ਰਾਜਨੀਤਿਕ ਸੱਤਾ ਵਿਚ ਭਾਗੀਦਾਰੀ ਦਾ ਸੁਖ ਤਾਂ ਕੀ ਭੋਗਣਾ ਸੀ, ਕਦੇ ਸਮਾਜ ਵਿਚ ਸਮਾਨਤਾ ਦੇ ਅਹਿਸਾਸ ਦਾ ਸੁਖ ਵੀ ਨਹੀਂ ਸੀ ਭੋਗਿਆ। ਤਿਰਸਕਾਰ ਤੇ ਬੇਪਤੀ ਜਿਨ੍ਹਾਂ ਦੇ ਜੀਵਨ ਦੀ ਜ਼ਰੂਰੀ ਸ਼ਰਤ ਬਣ ਚੁੱਕੀ ਸੀ। ਆਪਣੇ ਨਾਲ ਹੋ ਰਹੇ ਅਨਿਆਂ ਨੂੰ ਜਿਨ੍ਹਾਂ ਅਪਣੀ ਕਿਸਮਤ ਤੇ ਰੱਬੀ ਇੱਛਾ ਮੰਨ ਲਿਆ ਸੀ। ਭਾਈ ਕੁਇਰ ਸਿੰਘ ਦੇ ਗੁਰ ਬਿਲਾਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਦ੍ਰਿੜ੍ਹ ਇਰਾਦੇ ਦਾ ਜ਼ਿਕਰ ਮਿਲਦਾ ਹੈ। ਜੇ ਬਾਜ ਚਿੜੀ ਨੂੰ ਮਾਰੇ ਤਾਂ ਇਹ ਕੋਈ ਪ੍ਰਭੁਤਾ ਵਾਲੀ ਗੱਲ ਨਹੀਂ, ਮੇਰਾ ਇਰਾਦਾ ਤਾਂ ਚਿੜੀਆਂ ਪਾਸੋਂ ਬਾਜ ਤੁੜਾਉਣ ਦਾ ਹੈ:
ਮੈ ਅਸਿਪਾਨਿਜ ਤਬ ਲਖੋ ਕਰੋ ਐਸ ਯੋ ਕਾਮ।
ਚਿੜੀਅਨ ਬਾਜ ਤੁਰਾਯ ਹੋ ਸਸੇ ਕਰੋ ਸਿੰਘ ਸਾਮ
ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭੁਤਾ ਕਛੁ ਨਾਹ। ਤਾਤੈ ਕਾਲ ਕੀਓ ਇਹੈ ਬਾਜ ਹਨੈ ਚਿੜੀਆਹ॥੩੯॥
ਪਰ ਭਾਰਤੀ ਸਮਾਜ ਦੀ ਬਦਕਿਸਮਤੀ ਇਹ ਸੀ ਕਿ ਉਹ ਸਦੀਆਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਇਆ ਸੀ ਅਤੇ ਉਸ ਨੂੰ ਇਹ ਗੁਲਾਮੀ ਓਪਰੀ ਨਹੀਂ ਸੀ ਜਾਪਦੀ। ਸ਼ਾਇਦ ਇਸ ਲਈ ਕਿ ਸਰੀਰ ਦੇ ਮੋਹ ਤੇ ਪਦਾਰਥਕ ਸੁਖਾਂ ਦੀ ਤ੍ਰਿਸ਼ਨਾ ਕਾਰਨ ਉਸ ਦੀ ਆਤਮਾ ਮਰ ਚੁੱਕੀ ਸੀ। ਅਸਲ ਵਿਚ ਸਰੀਰ ਦੇ ਮੋਹ ਕਾਰਨ ਮਨੁੱਖ ਗੁਲਾਮੀ ਸਹਿੰਦਾ ਹੈ, ਮਜ਼ਲੂਮ ਬਣ ਕੇ ਤਰਸਯੋਗ ਹਾਲਤ ਵਿਚ ਜਿਊਂਦਾ ਹੈ, ਸ਼ੋਸ਼ਣ ਦਾ ਕਸ਼ਟ ਭੋਗਦਾ ਹੈ। ਧਰਮ, ਭਾਸ਼ਾ ਤੇ ਸਭਿਆਚਾਰ ਦੀ ਬਲੀ ਦੇ ਕੇ ਆਪਣੇ ਸਰੀਰ ਦੇ ਸੁੱਖ ਦੇ ਸਾਧਨ ਜੁਟਾਉਂਦਾ ਹੈ। ਪਹਿਲੀ ਵਾਰ ਇਹੋ ਜਿਹੇ ਗ਼ੁਲਾਮ ਸਮਾਜ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਹਲੂਣਿਆ ਸੀ ਤੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦਾ ਸੱਦਾ ਦਿੱਤਾ ਸੀ।
ਗੁਰੂ ਪਰੰਪਰਾ ਨੇ ਸੇਧ ਦਿੱਤੀ ਕਿ ਜੇ ਆਪਾ ਵਾਰਨ ਦੀ ਜਾਚ ਤੇ ਸਮਰੱਥਾ ਆ ਜਾਵੇ ਤਾਂ ਅਣਖ ਨਾਲ ਜਿਉਂਣਾ ਵੀ ਆ ਜਾਂਦਾ ਹੈ। ਰੋਜ਼ ਮਰਨ ਨਾਲੋਂ ਇਕ ਵਾਰ ਮਰਨਾ ਕਿਤੇ ਚੰਗਾ ਹੈ। ਇਸ ਤਰ੍ਹਾਂ ਦਾ ਇਕ ਵਾਰ ਮਰਨਾ ਸਦੀਵੀ ਜੀਵਨ ਬਣ ਜਾਂਦਾ ਹੈ ਅਤੇ ਹਜ਼ਾਰਾਂ-ਲੱਖਾਂ ਹੋਰਨਾਂ ਨੂੰ ਸੁਤੰਤਰ ਜ਼ਿੰਦਗੀ ਦੇ ਜਾਂਦਾ ਹੈ। ਇਹੋ ਸਾਰ-ਤੱਤ ਸੀ ਵੈਸਾਖੀ ਵਾਲੇ ਦਿਨ ਪੰਜ ਸਿਰਾਂ ਦੀ ਮੰਗ ਕਰ ਕੇ ‘ਪੰਜ ਪਿਆਰੇ’ ਸਿਰਜਣ ਦੀ ਘਟਨਾ ਦਾ। ਇਸ ਕ੍ਰਿਸ਼ਮਈ ਘਟਨਾ ਰਾਹੀਂ ਸਿਰੁ ਧਰਿ ਤਲੀ ਗਲੀ ਮੇਰੀ ਆਉਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ, ਵਿਹਾਰਕ ਰੂਪ ਵਿਚ ਖਾਲਸਾ ਪੰਥ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ। ਫਿਰ ਕੀ ਸੀ ‘ਮਰਣੁ ਕਬੂਲਿ’ ਕਰਕੇ ਪ੍ਰਾਪਤ ਹੋਈ ਜ਼ਿੰਦਗੀ ਹੀ ਖਾਲਸਾ ਪੰਥ ਦੀ ਜੀਵਨ-ਜਾਚ ਬਣ ਗਈ ਅਤੇ ਇਹੋ ਖਾਲਸਾਈ ਜੀਵਨ-ਜਾਚ ਇਕ ਵੱਡੇ ਇਨਕਲਾਬ ਦਾ ਸਬਬ ਹੋ ਨਿਬੜੀ।
-ਡਾ. ਜਸਪਾਲ ਸਿੰਘ
