ਮਨੁੱਖ ਸਦੀਵਕਾਲ ਤੋਂ ਲੋੜਾਂ-ਥੁੜਾਂ ਮਾਰਿਆ ਹੈ। ਇਸੇ ਕਾਰਨ ਉਸਦਾ ਸਦਾ ਦੂਜਿਆਂ ਤੇ ਨਿਰਭਰ ਰਹਿੰਦਾ ਹੈ । ਉਹ ਦੂਜਿਆਂ ਪਾਸੋਂ ਆਸਰਾ ਭਾਲਦਾ ਹੈ, ਉਪਜੀਵਕਾ ਪ੍ਰਾਪਤ ਕਰਦਾ ਹੈ, ਸੁਰੱਖਿਆ ਲੱਭਦਾ ਹੈ, ਇਥੋਂ ਤਕ ਕਿ ਵਿਚਾਰ ਤੇ ਸਾਹਸ ਵੀ ਦੂਜਿਆਂ ਪਾਸੋਂ ਹੀ ਭਾਲਦਾ ਹੈ। ਇਸ ਨਾਤੇ ਮਨੁੱਖ ਸਦਾ ਮੰਗਤ ਹੈ । ਪਰ, ਜਦ ਉਹ ਮੰਗਣ ਨਿਕਲਦਾ ਹੈ ਤਾਂ ਉਸ ਨੂੰ ਪ੍ਰਤੀਤ ਆਉਂਦੀ ਹੈ ਕਿ ਜਿਨ੍ਹਾਂ ਪਾਸੋਂ ਉਹ ਮੰਗਣ ਤੁਰਿਆ ਹੈ, ਉਹ ਤਾਂ ਉਸ ਵਾਂਗੂੰ ਹੀ, ਆਪ ਵੀ ਮੰਗਤ ਹਨ । ਇਸ ਲਈ ਕਈ ਵਾਰ ਸੋਚਦਾ ਹੈ, ਇਹਨਾਂ ਪਾਸੋਂ ਕੀ ਮੰਗਣਾ ਹੈ।
ਐਸਾ ਇਹਸਾਸ ਜਾਗਣ ਨਾਲ ਉਹ ਪਰਮ ਦਾਤਾਰ ਵਾਹਿਗੁਰੂ ਜੀ ਵਲ ਪਰਤਦਾ ਹੈ ਤੇ ਉਸ ਅੱਗੇ ਆਪਣੀ ਯਾਚਨਾ-ਝੋਲੀ ਅੱਡਦਾ ਹੈ, ਕਿਉਂਕਿ ਉਹ ਕੇਵਲ ਦੇਂਦਾ ਹੀ ਨਹੀਂ, ਦੇ ਕੇ ਕਦੇ ਪਛਤਾਉਂਦਾ ਵੀ ਨਹੀਂ।(…ਦੇਹਿ ਨ ਪਛੋਤਾਇ) ਸਿੱਖ ਨੂੰ ਐਸੇ ‘ਇਕ ਦਾਤਾਰ’ ਪਾਸੋਂ ਮੰਗਣ ਦੀ ਤਾਕੀਦ ਹੈ। ਹੋਰਨਾਂ ਪਾਸੋਂ ਮੰਗਦਿਆਂ ਉਸ ਨੂੰ ਲਾਜ ਨਾਲ ਮਰਨਾ ਪੈਂਦਾ ਹੈ।(ਹਉ ਮਾਗਉ ਆਨ ਲਜਾਵਉ।। ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ।।) , (ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ।।ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ।। ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ।।)
ਪਰ, ਉਸ ਪਾਸੋਂ ਮੰਗੀਏ ਕੀ? ਉਹ ਤਾਂ ਜੋ ਚਾਹੋ ਦੇ ਦੇਂਦਾ ਹੈ।(ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ ਬਾਰਿਕੁ ਮੁਖਿ ਮਾਂਗੈ ਸੋ ਦੇਨਾ।।) ਕਿਰਸ ਨਹੀਂ ਕਰਦਾ । ਅਸੀਂ ਮੰਗਣ ਲਗਿਆਂ ਕਿਰਸ ਕਰ ਬਹਿੰਦੇ ਹਾਂ । ਕਹਿੰਦੇ ਹਨ ਇਕ ਰਾਜਾ ਕਿਸੇ ਬੰਦੇ ਉਪਰ ਪ੍ਰਸੰਨ ਹੋ ਗਿਆ ਤੇ ਕਹਿਣ ਲੱਗਾ, “ਮੰਗ ਲੈ ਜੋ ਮੰਗਣਾ ਈ ।” ਉਹ ਬੰਦਾ ਕਈ ਦਿਨ ਦਾ ਭੁੱਖਾ ਸੀ, ਕਹਿਣ ਲੱਗਾ, “ਇਕ ਪਰਾਤ ਹਲਵੇ ਦੀ ਦੇ ਦਿਓ।” ਰਾਜੇ ਪਾਸੋਂ ਐਸੀ ਨਿਗੂਣੀ ਮੰਗ ਮੰਗਣੀ ਉਸ ਦਾ ਅਪਮਾਨ ਕਰਨਾ ਹੈ। ਫਿਰ ਕੀ ‘ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ’ ਪਾਸੋਂ ਨਿਗੂਣੀਆਂ ਮੰਗਾਂ ਮੰਗਣੀਆਂ ਸੋਭਦੀਆਂ ਹਨ ? ਬਦਕਿਸਮਤੀ ਦੀ ਗੱਲ ਇਹ ਹੈ ਕਿ ਅਸੀਂ ਬਹੁਤੀ ਵਾਰ ਐਸੀਆਂ ਨਿਗੂਣੀਆਂ ਵਸਤਾਂ ਦੀ ਮੰਗ ਕਰਦੇ ਹਾਂ ਜੋ ਸਾਡੇ ਬੰਧਨ ਦਾ ਕਾਰਨ ਬਣਦੀਆਂ ਹਨ। ਅਸੀਂ ਕਮਾਈ ਮੰਗਦੇ ਹਾਂ, ਮਿਲਖ ਧਨ ਮੰਗਦੇ ਹਾਂ, ਧੀ-ਪੁੱਤ ਮੰਗਦੇ ਹਾਂ, ਸੰਸਾਰਕ ਕਾਮਯਾਬੀਆਂ ਮੰਗਦੇ ਹਾਂ, ਸਿਹਤ-ਯਾਬੀਆਂ ਮੰਗਦੇ ਹਾਂ, ਸੋਭਾ ਵਡਿਆਈ ਮੰਗਦੇ ਹਾਂ, ਪਦਵੀ ਮਰਾਤਬੇ ਮੰਗਦ ਹਾਂ। ਪਰ ਐਸਾ ਕੁਝ ਨਹੀਂ ਮੰਗਦੇ ਜਿਸ ਦੇ ਮੰਗਿਆਂ ਮੁੜ ਕਦੇ ਮੰਗਣ ਦੀ ਲੋੜ ਨ ਰਹੇ। ਐਸੀ ਵਸਤ ਤਾਂ ਕੇਵਲ ਵਾਹਿਗੁਰੂ ਦਾ ਨਾਮ, ਉਸ ਦੀ ਸਿਫ਼ਤ-ਸਲਾਹ ਹੈ। ਇਹੋ ਚੰਗਾ ਮੰਗਣ ਹੈ। ਇਹੋ ਦਾਨਾਂ ਸਿਰ ਦਾਨ ਹੈ। ਮਤਾਂ ਅਸੀਂ ਆਪਣੀਆਂ ਨਿਗੂਣੀਆਂ ਮੰਗਾਂ ਵਿਚ ਉਲਝ ਕੇ ਨਾਮ ਦੀ ਦਾਤ ਮੰਗਣੀ ਭੁੱਲ ਜਾਈਏ, ਇਸ ਲਈ ਇਹ ਮੰਗ ਅਰਦਾਸ ਦੇ ਰਚੈਤਿਆਂ ਨੇ ਅਰਦਾਸ ਵਿਚ ਅਗਾਊਂ ਹੀ ਸ਼ਾਮਿਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਹਿਤ, ਆਚਰਨ ਤੇ ਕੌਮੀ ਸਾਂਝ ਨਾਲ ਲਗਦੇ ਉਹ ਦਾਨ ਵੀ ਮੰਗ ਲਏ ਹਨ, ਜਿਨ੍ਹਾਂ ਨਾਲ ਨਾਮ ਪ੍ਰਪੱਕ ਹੁੰਦਾ ਹੈ। ਐਸੇ ਦਾਨ ਹਨ: (੧) ਸਿੱਖੀ ਦਾਨ, (੨) ਕੇਸ ਦਾਨ, (੩) ਰਹਿਤ ਦਾਨ, (੪) ਬਿਬੇਕ ਦਾਨ, (੫) ਵਿਸਾਹ ਦਾਨ, (੬) ਕਰੋਸਾ ਦਾਨ, ਤੇ (੭) ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਐਸੇ ਦਾਨ ਮੰਗਣ ਨਾਲ ਹੀ “ਧਰਮ ਕਾ ਜੈਕਾਰ” ਹੁੰਦਾ ਹੈ।
ਡਾ. ਜਸਵੰਤ ਸਿੰਘ ਨੇਕੀ
