ਗੁਰਮਤਿ ਨੂੰ ਸਾਹਮਣੇ ਰੱਖ ਲੈਣਾ, ਅਨਮਤਿ ਨੂੰ ਸਾਹਮਣੇ ਰੱਖ ਲੈਣਾ; ਫਿਰ ਸਚਾਈ ਨੂੰ ਖੋਜਣਾ ਕਿ ਸੱਚ ਕੀ ਐ? ਸੱਚ ਦੇ ਪੱਖ ਵਿਚ ਅਨਮਤਿ ਖੜਾ ਹੈ ਜਾਂ ਗੁਰਮਤਿ ਖੜੀ ਐ। ਜਿਵੇਂ ਗੁਰਮਤਿ ਕਹਿੰਦੀ ਏ, ਧੂਮਰਪਾਨ ਬੱਜਰ ਕੁਰਹਿਤ ਹੈ। ਇਹਦੇ ਨਾਲ ਸਿੱਖ ਪਤਿਤ ਹੋ ਜਾਂਦਾ ਹੈ । ਧੂਮਰਪਾਨ, ਧੂੰਆਂ ਪੀਣਾ। ਮੈਂ ਹੈਰਾਨ ਹਾਂ; ਐਹ ਤ੍ਰਿਗਦ ਤੋਂ ਤ੍ਰਿਗਦ ਜਿਹੜੀਆਂ ਜੂਨਾਂ ਹਨ, ਉਹਨਾਂ ਨੂੰ ਕਹੋ ਧੂੰਆਂ ਪੀਣ। ਧੂੰਆਂ ਸੂਅਰ ਨਹੀਂ ਪੀਂਦਾ, ਧੂੰਆਂ ਖੋਤਾ ਨਹੀਂ ਪੀਂਦਾ, ਧੂੰਆਂ ਕੁੱਤਾ ਨਹੀਂ ਪੀਂਦਾ। ਪਸ਼ੂ ਵੀ ਦੁੱਧ ਤਾਂ ਪੀਂਦੇ ਨੇ, ਪਾਣੀ ਵੀ ਪੀਂਦੇ ਨੇ। ਗੁਸਤਾਖ਼ੀ ਮੁਆਫ਼, ਧੂੰਆਂ ਕੇਵਲ ਬੰਦੇ ਹੀ ਪੀਂਦੇ ਨੇ, ਮਨੁੱਖ ਪੀਂਦੇ ਨੇ, ਪਸ਼ੂ ਨਹੀਂ ਪੀਂਦੇ। ਪਸ਼ੂ ਵੀ ਸਿਆਣੇ ਨੇ ਪਈ ਧੂੰਆਂ ਕੋਈ ਪੀਣ ਦੀ ਚੀਜ਼ ਆ ? ਧੂੰਆਂ ਕੀ ਪੀਣੈ ! ਪਾਣੀ ਪੀਤਾ ਜਾ ਸਕਦਾ ਹੈ, ਦੁੱਧ ਪੀਤਾ ਜਾ ਸਕਦਾ ਹੈ। ਧੂੰਆਂ! ਧੂਮਰਪਾਨ! ਹੱਦ ਹੋ ਗਈ ! ਧੂੰਆਂ ਪੀਣ ਦੀ ਕੋਈ ਚੀਜ਼ ਐ! ਗਲੇ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਤੇ ਹੋਰ ਸੈਂਕੜੇ ਰੋਗ। ਅੱਜ ਸਾਇੰਸ ਇਸ ਦੀ ਤਸਦੀਕ ਪਈ ਕਰਦੀ ਹੈ। ਤਿੰਨ ਸੌ ਸਾਲ ਪਹਿਲੇ ਕਲਗੀਧਰ ਪਾਤਸ਼ਾਹ ਨੇ ਇਸ ਨੂੰ ਬੱਜਰ ਕੁਰਹਿਤ ਕਰਾਰ ਦੇ ਦਿੱਤਾ, ਪਈ ਉਹ ਸਿੱਖ ਹੀ ਨਹੀਂ ਜੇਕਰ ਇਸ ਦਾ ਪਾਨ ਕਰਦਾ ਹੈ। ਇਸ ਨੂੰ ਜੇ ਪੀਂਦਾ ਹੈ। ਇਹ ਮੈਂ ਇਕ ਨਿੱਕਾ ਜਿਹਾ ਉਦਾਹਰਣ ਦਿੱਤਾ ਹੈ। ਉਂਜ ਬਹੁਤ ਸਾਰੇ ਉਦਾਹਰਣ ਹਨ ਇਸ ਦੇ ਸੰਬੰਧ ਵਿੱਚ।
ਗਿਆਨੀ ਸੰਤ ਸਿੰਘ ਮਸਕੀਨ
