208 views 4 secs 0 comments

ਕੌਮੀ ਉੱਨਤੀ ਦੇ ਸਾਧਨ

ਲੇਖ
April 24, 2025

(ਖਾਲਸਾ ਅਖਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
-ਗਿ. ਦਿੱਤ ਸਿੰਘ

ਪਿਛਲੇ ਪਰਚੇ ਵਿਚ ਅਸੀਂ ਇਸ ਪ੍ਰਸੰਗ ਨੂੰ ਦੱਸ ਆਏ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਅਨਾਥਾਂ ਦੇ ਬਚਾਉਨ ਲਈ ਕੁਰਬਾਨ ਕੀਤਾ ਸੀ। ਇਸੀ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਖ਼ਾਲਸਾ ਕੌਮ ਦੀ ਉੱਨਤੀ ਦੇ ਵਾਸਤੇ ਅਪਨਾ ਤਨ, ਮਨ, ਧਨ ਅਤੇ ਘਰ-ਬਾਰ ਨੂੰ ਲੁਟਾਇਆ, ਜਿਸ ਪਰ ਆਪਨੇ ਪਿਆਰੇ ਚਾਰ ਸਾਹਿਬਜ਼ਾਦਿਆਂ ਨੂੰ ਭੀ ਇਸੀ ਕਾਰਜ ਪਰ ਕੁਰਬਾਨੀ ਦਿੱਤਾ।

ਦਸਵੇਂ ਪਾਤਸ਼ਾਹ ਨੇ ਇਨ੍ਹਾਂ ਕੁਰਬਾਨੀਆਂ ਦੇ ਕਰਨੇ ਪਰ ਅਪਨੇ ਚਿੱਤ ਵਿਚ ਰੰਚਕ ਮਾਤਰ ਭੀ ਸ਼ੋਕ ਨਹੀਂ ਕੀਤਾ ਸੀ ਸਗੋਂ ਇਸ ਦੇ ਉਲਟ ਅਪਨੀ ਸੂਰਬੀਰਤਾ ਅਤੇ ਧਰਮ ਦੇ ਭਾਵ ਨੂੰ ਚੌਗੁਨਾ ਕਰ ਕੇ ਦਿਖਾਯਾ ਸੀ- ਜੈਸਾ ਕਿ ਜਦ ਔਰੰਗਜ਼ੇਬ ਨੇ ਗੁਰੂ ਜੀ ਨੂੰ ਇਕ ਖ਼ਤ ਲਿਖ ਕੇ ਭੇਜਿਆ ਸੀ ਕਿ ਦੇਖ ਮੈਂ ਤੇਰੇ ਘਰ ਬਾਰ ਨੂੰ ਲੁੱਟ ਲੀਤਾ ਅਤੇ ਚਾਰੇ ਤੇਰੇ ਪਿਆਰੇ ਪੁੱਤ੍ਰ ਮਾਰ ਦਿੱਤੇ ਹਨ, ਜਿਸ ਪਰ ਅਜੇ ਭੀ ਹਠ ਨੂੰ ਤ੍ਯਾਗ ਦੇਹੁ ਇਸ ਪੱਤ੍ਰ ਨੂੰ ਸੁਨਦੇ ਹੀ ਗੁਰੂ ਜੀ ਨੇ ਉਸ ਨੂੰ ਅਜੇਹੇ ਉੱਤਰ ਦਿੱਤੇ ਸਨ, ਜਿਸ ਨੂੰ ਸੁਨ ਕੇ ਉਸ ਦੀ ਧੀਰਜ ਟੁੱਟ ਗਈ ਅਰ ਥੋੜੇ ਹੀ ਚਿਰ ਪਿੱਛੋਂ ਅਪਨੇ ਮਨੋਰਥ ‘ਤੇ ਨਿਰਾਸ਼ ਹੋ ਕੇ ਮਰ ਗਿਆ। ਜੈਸਾ ਕਿ ਜ਼ਫ਼ਰਨਾਮੇ ਵਿਚ ਜੋ ਫ਼ਾਰਸੀ ਜ਼ਬਾਨ ਵਿਚ ਹੈ ਕਥਨ ਹੈ ਕਿ :

ਇਸ ਦਾ ਅਰਥ ਇਹ ਹੈ ਕਿ ਹੇ ਔਰੰਗਜ਼ੇਬ! ਕ੍ਯਾ ਹੋਯਾ ਜੇ ਤੈਂ ਮੇਰੇ ਚਾਰ ਬੱਚੇ ਬੇਗੁਨਾਹ ਮਾਰ ਦਿੱਤੇ ਹਨ, ਪਰੰਤੂ ਜੋ ਬਾਕੀ ਮੇਰਾ ਪੰਥ ਪਿਆਰਾ ਪੁੱਤ੍ਰ ਹੈ ਸੋ ਤੇਰੇ ਨਾਸ਼ ਕਰਨ ਲਈ ਸੱਪ ਦੀ ਤਰਹ ਜ਼ਹਿਰੀਲਾ ਹੈ ਅਤੇ ਕਿਆ ਹੋਇਆ ਜੋ ਤੈਂ ਮੇਰੇ ਚਾਰੇ ਸਾਹਿਬਜ਼ਾਦੇ, ਜੋ ਇਕ ਅੱਗ ਦੇ ਚੰਗਿਆੜਿਆਂ ਦੇ ਬਰਾਬਰ ਸੇ, ਬੁਝਾ ਦਿੱਤੇ ਹਨ, ਪਰੰਤੂ ਤੈਨੂੰ ਯਾਦ ਰੱਖਨਾ ਚਾਹੀਦਾ ਹੈ, ਜੋ ਤੈਂ ਮੇਰੇ ਗ਼ੁੱਸੇ ਦੀ ਅੱਗ ਨੂੰ ਮੋਢਿਆਂ ਤੱਕ ਭੜਕਾ ਦਿੱਤਾ ਹੈ ਜੋ ਤੇਰਾ ਦਾਹ ਕਰੇਗੀ। ਗੁਰੂ ਜੀ ਨੇ ਇਸ ਬਚਨ ਨੂੰ ਪੂਰਾ ਕੀਤਾ ਜਿਸ ‘ਤੇ ਹਿੰਦੁਸਤਾਨ ਵਿੱਚੋਂ ਮੁਸਲਮਾਨਾਂ ਦੀ ਬਾਦਸ਼ਾਹਤ ਦਾ ਜੰਗਲ, ਜੋ ਵੱਡੇ-ਵੱਡੇ ਭਾਰੀ ਖ਼ਾਨਦਾਨਾਂ ਰੂਪੀ ਬ੍ਰਿਖਾਂ ਨਾਲ ਭਰਿਆ ਹੋਇਆ ਸੀ, ਅਪਨੀ ਸੂਰਬੀਰਤਾ ਦੀ ਅਗਨੀ ਨਾਲ ਸਾਰੇ ਦਾ ਸਾਰਾ ਜਲਾ ਕੇ ਖ਼ਾਕ ਕਰ ਦਿੱਤਾ, ਜਿਸ ‘ਤੇ ਅੱਜ ਕੱਲ ਕਿਤੇ ਉਸ ਖ਼ਾਨਦਾਨ ਦਾ ਤਾਰੀਖ਼ਾਂ ਤੇ ਸਵਾਇ ਨਾਮ ਤੱਕ ਭੀ ਨਹੀਂ ਰਿਹਾ ਹੈ।

ਪ੍ਯਾਰੇ ਪਾਠਕੋ ਕਿਆ ਇਹ ਛੋਟੀ ਕੁਰਬਾਨੀ ਹੈ?

(ਖ਼ਾਲਸਾ ਅਖ਼ਬਾਰ ਲਾਹੌਰ, 23 ਅਗਸਤ 1895, ਪੰਨਾ 3)