249 views 2 secs 0 comments

ਘੱਲੂਘਾਰਾ

ਲੇਖ
May 17, 2025
ਘੱਲੂਘਾਰਾ

ਗਿ.ਗੁਰਜੀਤ ਸਿੰਘ ਪਟਿਆਲਾ ਮੁੱਖ ਸੰਪਾਦਕ

ਸਿੱਖ ਇਤਿਹਾਸ ਅੰਦਰ 18ਵੀਂ ਸਦੀ ਦੇ ਵਿੱਚ ਵਾਪਰੀਆਂ ਦੋ ਘਟਨਾਵਾਂ ਦੇ ਨਾਲ ਘੱਲੂਘਾਰਾ ਸ਼ਬਦ ਪੜਨ ਨੂੰ ਮਿਲਦਾ ਹੈ, ਜੇਠ ਦੇ ਮਹੀਨੇ 1746 ਈਸਵੀ ਨੂੰ ਕਾਹਨੂੰਵਾਨ ਦੇ ਵਿੱਚ ਹੋਈ ਲੜਾਈ ਨੂੰ ਛੋਟਾ ਘੱਲੂਘਾਰਾ ਤੇ 5 ਫਰਵਰੀ, 1762 ਈਸਵੀ ਨੂੰ ਕੁਪ ਰਹੀੜੇ ਦੇ ਮੈਦਾਨ ਵਿੱਚ ਹੋਈ ਜੰਗ ਨੂੰ ਵੱਡਾ ਘੱਲੂਘਾਰਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਦੋਵੇਂ ਹੀ ਜੰਗਾਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਨੀਅਤ ਨਾਲ ਕੀਤੀਆਂ ਗਈਆਂ ਸਨ।

ਛੋਟਾ ਘੱਲੂਘਾਰਾ ਦੀਵਾਨ ਲਖਪਤ ਰਾਏ ਨੇ ਆਪਣੇ ਭਰਾ ਜਸਪਤ ਰਾਏ ਦੀ ਮੌਤ ਦਾ ਬਦਲਾ ਲੈਣ ਵਾਸਤੇ ਕੀਤਾ। ਜਸਪਤ ਰਾਏ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਪਾਕਿਸਤਾਨ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਗਈਆਂ ਸੰਗਤਾਂ ਦੇ ਕੋਲੋਂ ਮਾਲੀਆ ਇਕੱਠਾ ਕਰਨ ਦੇ ਨਾਮ ‘ਤੇ ਧਮਕਾ ਰਿਹਾ ਸੀ। ਸਿੱਖ ਸਰਦਾਰ ਚੜਤ ਸਿੰਘ ਦੀ ਅਗਵਾਈ ਵਿੱਚ ਸਨ ਤੇ ਉਹਨਾਂ ਨੇ ਆਖਿਆ ਕਿ ਇੱਕ ਰਾਤ ਠਹਿਰਨ ਤੋਂ ਬਾਅਦ ਉਥੋਂ ਚਲੇ ਜਾਣਗੇ, ਪਰ ਜਸਪਤ ਰਾਏ ਨੇ ਫੌਜ ਸੱਦ ਲਈ ਤੇ ਹਾਥੀ ‘ਤੇ ਬੈਠ ਕੇ ਸਿੰਘਾਂ ਦੇ ਉੱਪਰ ਹਮਲਾ ਕਰ ਦਿੱਤਾ, ਭਾਈ ਨਿਬਾਹੂ ਸਿੰਘ ਨੇ ਹਾਥੀ ‘ਤੇ ਬੈਠੇ ਜਸਪਤ ਰਾਏ ਦਾ ਤਲਵਾਰ ਦੇ ਵਾਰ ਨਾਲ ਸਿਰ ਕੱਟ ਲਿਆ ਤਾਂ ਫੌਜ ਦੌੜ ਗਈ।

ਲਖਪਤ ਰਾਏ ਨੇ ਆਪਣੇ ਭਰਾ ਜਸਪਤ ਦੀ ਮੌਤ ਤੋਂ ਬਾਅਦ ਲਾਹੌਰ ਦੇ ਗਵਰਨਰ ਯਹੀਆ ਖਾਨ ਦੇ ਕੋਲੋਂ ਫੌਜ ਮੰਗੀ ਤੇ ਸਿੱਖਾਂ ਦੇ ਖੁਰਾ-ਖੋਜ ਮਿਟਾਉਣ ਦਾ ਭਰੋਸਾ ਦਿੱਤਾ। 15-16 ਹਜ਼ਾਰ ਦੇ ਕਰੀਬ ਸਿੱਖ ਔਰਤਾਂ ਤੇ ਬੱਚਿਆਂ ਨੂੰ ਕਾਹਨੂੰਵਾਨ ਦੇ ਛੰਭ ਦੇ ਵਿੱਚ ਘੇਰ ਲਿਆ, ਦੋ ਮਹੀਨਿਆਂ ਦੇ ਘੇਰੇ ਤੋਂ ਬਾਅਦ ਅਖੀਰ ਛੰਭ ਨੂੰ ਅੱਗ ਲਗਾ ਦਿੱਤੀ, ਤਿੰਨ ਪਾਸਿਆਂ ਤੋਂ ਘਿਰਿਆ ਦੇਖ ਚੌਥੇ ਪਾਸੇ ਸੁਰੱਖਿਅਤ ਥਾਂ ਵੱਲ ਚਾਲੇ ਪਾਉਣ ਦਾ ਗੁਰਮੱਤਾ ਕੀਤਾ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ, ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਲਖਪਤ ਰਾਏ ਦੀ ਫੌਜ ਦੇ ਨਾਲ ਲੜਦਿਆਂ 7 ਹਜਾਰ ਦੇ ਕਰੀਬ ਸਿੰਘ ਸ਼ਹੀਦ ਹੋਏ ਤੇ 3000 ਨੂੰ ਗ੍ਰਿਫਤਾਰ ਕਰ ਕੇ ਲਾਹੌਰ ਲਿਆ ਕੇ ਸ਼ਹੀਦ ਕੀਤਾ ਗਿਆ। ਲਖਪਤ ਰਾਏ ਨੇ ਸਿੱਖਾਂ ਨੂੰ ਖਤਮ ਕਰ ਦੇਣ ਦਾ ਢੰਡੋਰਾ ਵੀ ਪਿਟਵਾਇਆ।
ਇਤਿਹਾਸ ਤੋਂ ਜਾਣਕਾਰ ਮਨੁੱਖ ਘੱਲੂਘਾਰਾ ਸ਼ਬਦ ਨੂੰ ਜਾਨਣ ਦੇ ਵਾਸਤੇ ਜਦੋਂ ਅਸੀਂ ਭਾਈ ਕਾਨ੍ਹ ਸਿੰਘ ਨਾਭਾ ਦਾ ਰਚਿਆ ਮਹਾਨ ਕੋਸ਼ ਪੜਦੇ ਹਾਂ ਤਾਂ ਅਰਥ: ਤਬਾਹੀ, ਗਾਰਤੀ ਤੇ ਸਰਵਨਾਸ਼ ਮਿਲਦੇ ਹਨ।

(ਘੱਲੂਘਾਰਾ = ਘਣਾ ਡੁੱਲਿਆ ਲਹੂ ਘੇਰ ਮਾਰਾ ਦਾ ਸੰਖੇਪ ਹੈ)