ਸਿੱਖ ਧਰਮ ਇਕ ਸੁਤੰਤਰ ਧਰਮ ਦੇ ਤੌਰ ‘ਤੇ ਸਥਾਪਤ ਹੋਇਆ ਧਰਮ ਹੈ। ਆਪਣੇ ਸਮਕਾਲੀ ਧਰਮਾਂ ਹਿੰਦੂ ਧਰਮ ਅਤੇ ਇਸਲਾਮ ਤੋਂ ਇਹ ਇਕੋ ਜਿਹੀ ਵਿੱਥ ‘ਤੇ ਹੈ, ਕਿਉਂਕਿ ਧਰਮ ਸੁਤੰਤਰ ਹੈ, ਇਸ ਲਈ ਇਸ ਨੂੰ ਮੰਨਣ ਵਾਲਾ ਸਿੱਖ ਸਮਾਜ ਵੀ ਸੁਤੰਤਰ ਸਮਾਜ ਹੈ। ਸੁਤੰਤਰ ਸਮਾਜ ਹੀ ਆਪਣੀਆਂ ਸੁਤੰਤਰ ਸੰਸਥਾਵਾਂ ਸਥਾਪਤ ਕਰਦਾ ਹੈ। ਗ਼ੁਲਾਮ ਸਮਾਜ ਵੱਲੋਂ ਕਦੇ ਵੀ ਸੁਤੰਤਰ ਸੰਸਥਾਵਾਂ ਨਹੀਂ ਸਿਰਜੀਆਂ ਜਾਂਦੀਆਂ। ਗ਼ੁਲਾਮੀ ਜ਼ਰੂਰੀ ਨਹੀਂ ਕਿ ਰਾਜਨੀਤਿਕ ਕਿਸਮ ਦੀ ਹੀ ਹੋਵੇ. ਇਹ ਸਿਧਾਂਤਕ ਵੀ ਹੋ ਸਕਦੀ ਹੈ ਅਤੇ ਮਾਨਸਿਕ ਵੀ ਸਿੱਖ ਧਰਮ ਦੁਆਰਾ ਸਿਰਜਿਆ ਗਿਆ ਗੁਰਮੁਖ, ਸਿਧਾਂਤਕ ਤੌਰ ‘ਤੇ ਵੀ ਸੁਤੰਤਰ ਸੀ ਅਤੇ ਮਾਨਸਿਕ ਤੌਰ ‘ਤੇ ਵੀ ਇਨ੍ਹਾਂ ਦੋਵਾਂ ਸਥਿਤੀਆਂ ਵਿੱਚੋਂ ਸੁਤੰਤਰ ਹੋਣ ਉਪਰੰਤ ਸੁਤੰਤਰਤਾ ਦੀ ਅਗਲੀ ਅਵਸਥਾ ਰਾਜਨੀਤਿਕ ਖੇਤਰ ਦੀ ਹੁੰਦੀ ਹੈ। ਸੰਸਥਾਵਾਂ ਆਪਣੀ ਕੌਮ ਦੀ ਸੋਚ ਦੀਆਂ ਪ੍ਰਤੀਕ ਹੁੰਦੀਆਂ ਹਨ। ਸੀ ਅਕਾਲ ਤਖਤ ਸਾਹਿਬ, ਸਿੱਖ ਧਰਮ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਸਭ ਤੋਂ ਸਿਰਮੌਰ ਅਤੇ ਸ੍ਰੇਸ਼ਟ ਸੰਸਥਾ ਹੈ। ਇਹ ਸੰਸਥਾ ਆਪਣੇ ਆਪ ਵਿਚ ਹੀ ਸੁਤੰਤਰ ਨਹੀਂ ਸਗੋਂ ਆਪਣੀ ਕੌਮ ਦੀ ਸੁਤੰਤਰਤਾ ਦੀ ਵੀ ਪ੍ਰਤੀਕ ਹੈ।
ਅੱਜ ਦੇ ਯੁੱਗ ਵਿਚ ਹਰ ਪਾਠਕ ਇਤਿਹਾਸਕ ਪਿਛੋਕੜ ਦੇ ਸਬੂਤ ਚਾਹੁੰਦਾ ਹੈ। ਪੱਛਮੀ ਢੰਗ ਦੀ ਵਿਦਿਆ ਨੇ, ਖਾਸ ਕਰਕੇ ਕਮਿਊਨਿਸਟ ਵਿਚਾਰਧਾਰਾ ਨੇ ਸਬੂਤਾਂ ਵਿੱਚੋਂ ਪਰੰਪਰਾਵਾਂ ਅਤੇ ਵਿਸ਼ਵਾਸ ਨੂੰ ਅਣਗੌਲਿਆਂ ਕਰ ਕੇ ਰੱਖਿਆ ਹੈ।
ਪੱਛਮੀ ਵਿਦਿਆ ਤਾਂ ਨਿਰੋਲ ਕਿਤਾਬੀ ਅਤੇ ਮਕੈਨਕੀ ਗਿਆਨ ਹੈ। ਇਸ ਕਰਕੇ ਇਹ ਸੁਤੇ-ਸਿੱਧ ਹੀ ਉਸ ਗਿਆਨ ਤੋਂ ਕੋਰੀ ਹੈ ਜਿਹੜਾ ਪਰੰਪਰਾਵਾਂ ਅਤੇ ਵਿਸ਼ਵਾਸ ਰਾਹੀਂ ਪ੍ਰਾਪਤ ਹੁੰਦਾ ਹੈ। ਕਮਿਊਨਿਸਟ ਵਿਚਾਰਧਾਰਾ ਜਾਣ-ਬੁੱਝ ਕੇ ਅਤੇ ਇਕ ਵਿਸ਼ੇਸ਼ ਪ੍ਰੋਗਰਾਮ ਤਹਿਤ ਪਰੰਪਰਾ ਅਤੇ ਵਿਸ਼ਵਾਸ ਨੂੰ ਰੱਦ ਕਰਦੀ ਹੈ। ਪਰੰਪਰਾ ਅਤੇ ਵਿਸ਼ਵਾਸ ਤੋਂ ਬਿਨਾਂ ਕੋਈ ਵੀ ਸਮਾਜ ਜਾਂ ਕੌਮ ਭਵਿੱਖ ਵਿਚ ਸਫਲਤਾ ਨਾਲ ਚੱਲ ਨਹੀਂ ਸਕਦਾ। ਪਰੰਪਰਾਵਾਂ ਅਤੇ ਵਿਸ਼ਵਾਸ ਕੌਮ ਦੀ ਨੀਂਹ ਹੁੰਦੀਆਂ ਹਨ। ਜਿਤਨੀਆਂ ਨੀਹਾਂ ਮਜ਼ਬੂਤ ਹੋਣਗੀਆਂ, ਉਸਾਰੀ ਵੀ ਉਤਨੀ ਹੀ ਜ਼ਿਆਦਾ ਮਜ਼ਬੂਤ ਹੋਵੇਗੀ। ਲਿਖਤਾਂ ਉੱਪਰ ਆਧਾਰਤ ਤਾਂ ਸਿਰਫ ਦਫ਼ਤਰੀ ਕਾਰਵਾਈ ਹੀ ਹੋ ਸਕਦੀ ਹੈ। ਜਿਹੜੀ ਕੌਮ ਲਗਾਤਾਰ ਸੰਘਰਸ਼ ਦੇ ਵਿਚ ਹੀ ਵਿਚਰੀ ਹੋਵੇ ਅਤੇ ਘਰੋਂ ਬੇਘਰ ਹੋਈ ਰਹੀ ਹੋਵੇ ਉਸ ਤਰ੍ਹਾਂ ਦੇ ਮਾਹੌਲ ਵਿਚ ਕਿਸ ਤਰ੍ਹਾਂ ਦਫ਼ਤਰੀ ਦਸਤਾਵੇਜ਼ਾਂ ਦੇ ਚੱਕਰ ਵਿਚ ਪਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਮਾਹੌਲ ਵਿਚ ਤਾਂ ਕੇਵਲ ਇਕ ਵਿਸ਼ਵਾਸ ਜਾਂ ਪਰੰਪਰਾ ਹੀ ਇਕੋ ਇਕ ਸੂਤਰ ਹੁੰਦੀ ਹੈ ਜਿਹੜੀ ਸਮੁੱਚੀ ਕੌਮ ਨੂੰ ਇਕੱਠਾ ਰੱਖਣ ਦਾ ਕੰਮ ਕਰਦੀ ਹੈ। ਇਹ ਸਭ ਕੁਝ ਲਿਖਣ ਦਾ ਭਾਵ ਸਿਰਫ ਇਹ ਹੀ ਹੈ ਕਿ ਜਦੋਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਵਰਣਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਲਿਖਤੀ ਗਵਾਹੀਆਂ। ਦੀ ਘਾਟ ਹੁੰਦੀ ਹੈ ਅਤੇ ਨਿਰੋਲ ਪਰੰਪਰਾਵਾਂ ਦੇ ਉੱਪਰ ਆਧਾਰਤ ਹੋ ਕੇ ਹੀ ਇਹ ਵਰਣਨ ਕੀਤਾ ਜਾਂਦਾ ਹੈ। ਸ਼ਰਾਰਤੀ ਕਿਸਮ ਦਾ ਮਨ ਸਵਾਲ ਖੜ੍ਹੇ ਕਰਦਾ ਹੈ ਕਿ ਕੋਈ ਨਿਮਨ ਲਿਖਤ ਸਬੂਤ ਦਿਖਾਓ। ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਜਨਮ ਦਾ ਦਿਨ ਅਤੇ ਸਮਾਂ ਉਹ ਹੀ ਦੱਸਦੀ ਹੈ। ਅੱਜਕੱਲ੍ਹ ਤਾਂ ਬੱਚੇ ਹਸਪਤਾਲਾਂ ਵਿਚ ਪੈਦਾ ਹੋਣ ਕਰਕੇ ਸਮੇਂ ਦੀ ਇਤਲਾਹ ਡਾਕਟਰ ਲੋਕ ਹੀ ਦੇਣ ਲੱਗ ਪਏ ਹਨ ਪਰ ਪਹਿਲੇ ਸਮਿਆਂ ਵਿਚ ਇਹ ਕੁਝ ਨਹੀਂ ਸੀ। ਬੱਚੇ ਦਾ ਪਿਤਾ ਕੌਣ ਹੈ ਇਸ ਦਾ ਨਿਰਣਾ ਵੀ ਮਾਂ ਹੀ ਕਰਦੀ ਸੀ। ਮਾਂ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਬੱਚੇ ਦਾ ਪਿਤਾ ਕੌਣ ਹੈ?
ਮਾਂ ਦੀਆਂ ਗੱਲਾਂ ‘ਤੇ ਹੀ ਵਿਸ਼ਵਾਸ ਕਰਕੇ ਇਹ ਮੰਨ ਲਿਆ ਜਾਂਦਾ ਹੈ ਕਿ ਬੱਚੇ ਦਾ ਜਨਮ ਫਲਾਣੇ ਸਮੇਂ ‘ਤੇ ਹੋਇਆ ਸੀ ਅਤੇ ਫਲਾਣਾ ਹੀ ਬੱਚੇ ਦਾ ਪਿਤਾ ਹੈ। ਇਥੇ ਵਿਸ਼ਵਾਸ ਕੰਮ ਕਰਦਾ ਹੈ। ਜਦੋਂ ਇਕ ਰੀਤ ਜਾਂ ਰਸਮ ਕਈ ਪੀੜੀਆਂ ਤਕ ਚਲਦੀ ਰਹਿੰਦੀ ਹੈ ਤਾਂ ਪਰਿਵਾਰ ਦੇ ਸੁਯੋਗ ਵਾਰਸ ਉਸੇ ਰੀਤ ਨੂੰ ਆਪਣੇ ਪਰਿਵਾਰ ਦੀ ਰਸਮ ਮੰਨ ਕੇ ਅੱਗੇ ਇਹ ਕਹਿ ਕੇ ਅਪਣਾਉਂਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਵੱਡੇ-ਵਡੇਰੇ ਇਸ ਰਸਮ ਨੂੰ ਮੰਨਦੇ ਆਏ ਹਨ ਜਾਂ ਮੰਨਦੇ ਨਹੀਂ ਆਏ ਹਨ, ਇਸ ਲਈ ਉਹ ਵੀ ਉਸੇ ਤਰ੍ਹਾਂ ਹੀ ਕਰਨਗੇ, ਇਹ ਪਰੰਪਰਾ ਹੈ। ਪਰੰਪਰਾ ਕਿਸੇ ਪਰਿਵਾਰ ਜਾਂ ਸਮਾਜ ਜਾਂ ਕੌਮ ਦੇ ਪਿਛੋਕੜ ਦਾ ਬਿਰਤਾਂਤ ਪੇਸ਼ ਕਰਦੀ ਹੈ। ਇਸ ਤਰ੍ਹਾਂ ਕਈ ਵਾਰ ਲਿਖਤੀ ਗਵਾਹੀਆਂ ਤਾਂ ਗਲਤ ਸਾਬਤ ਹੋ ਸਕਦੀਆਂ ਹਨ ਪਰ ਵਿਸ਼ਵਾਸ ਅਤੇ ਪਰੰਪਰਾ ਕਦੇ ਗ਼ਲਤ ਨਹੀਂ ਹੋ ਸਕਦੀ। ਸਭ ਤੋਂ ਵੱਧ ਕੇ ਮਹੱਤਵਪੂਰਨ ਗੱਲ ਇਹ ਹੈ ਕਿ ਪਰੰਪਰਾ ਸਿਧਾਂਤਕ ਵਿਸ਼ਵਾਸ ਵਿੱਚੋਂ ਹੀ ਪੈਦਾ ਹੁੰਦੀ ਹੈ।
ਸਿੱਖ ਧਰਮ ਦੇ ਸਿਧਾਂਤ ਸੁਤੰਤਰ ਜੀਵਨ ਜੀਉਣ ਦਾ ਸੰਦੇਸ਼ ਦਿੰਦੇ ਹਨ। ਸੁਤੰਤਰ ਜੀਵਨ ਜੀਉਣ ਵਾਲੇ ਵਿਅਕਤੀ (ਗੁਰਮੁਖ) ਸੁਤੰਤਰਤਾ ਦੀ ਹੀ ਮਿਸਾਲ ਪੇਸ਼ ਕਰਨਗੇ। ਜਦੋਂ ਅਜਿਹੇ ਵਿਅਕਤੀਆਂ ਦਾ ਸਿਰਜਿਆ ਸਮਾਜ ਕਿਸੇ ਸੰਸਥਾ ਦੇ ਰੂਪ ਵਿਚ ਕੰਮ ਕਰੇਗਾ ਤਾਂ ਉਹ ਸੰਸਥਾ ਖੁਦ ਵੀ ਆਤਮ-ਨਿਰਣਾਇਕ ਹੋਵੇਗੀ ਅਤੇ ਆਤਮ-ਨਿਰਣਾਇਕ ਹੋਣ ਦਾ ਸੰਦੇਸ਼ ਵੀ ਦੇਵੇਗੀ। ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਦੀ ਬੜੀ ਉੱਤਮ ਮਿਸਾਲ ਹੈ। ਗੁਰੂ ਸਾਹਿਬਾਨ ਦਾ ਨਿਰਣਾ ਸੀ ਕਿ ਲੰਗਰ ਵਿਚ ਬਿਨਾਂ ਕਿਸੇ ਊਚ-ਨੀਚ ਦੇ ਵਿਚਾਰ ਦੇ ਹੀ ਬੈਠਣਾ ਹੈ। ਇਹ ਅਸੂਲ ਸਭ ਉੱਪਰ ਲਾਗੂ ਹੁੰਦਾ ਸੀ। ਅਨੇਕਾਂ ਮਿਸਾਲਾਂ ਹਨ ਜਦੋਂ ਪ੍ਰਭੂਸੱਤਾ ਸੰਪੰਨ ਹਾਕਮ ਗੁਰੂ ਦੇ ਲੰਗਰ ਵਿਚ ਆਪਣੀ ਪ੍ਰਭੂਸੱਤਾ ਦਾ ਵਿਚਾਰ ਛੱਡ ਕੇ ਲੰਗਰ ਵਿਚ ਬੈਠੇ ਹਨ।
ਬਿਲਕੁਲ ਇਸੇ ਤਰ੍ਹਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਇਕ ਪ੍ਰਭੂਸੱਤਾ ਸੰਪੰਨ ਸੰਸਥਾ ਹੈ। ਇਹ ਮਹਾਨ ਸੰਸਥਾ ਸਿੱਖ ਸਮਾਜ ਦੇ ਉਸ ਵਿਕਾਸ ਦੀ ਪ੍ਰਤੀਕ ਹੈ ਜਿਹੜਾ ਇਸ ਦੀ ਸਥਾਪਨਾ ਦੇ ਸਮੇਂ ਤਕ (੧੬੦੬ ਈ.) ਹੋ ਚੁੱਕਿਆ ਸੀ। ਸਿੱਖ ਸੰਗਤਾਂ ਇਕ ਮਜ਼ਬੂਤ ਸੰਗਠਨ ਵਿਚ ਪਰੋਈਆਂ ਜਾ ਚੁੱਕੀਆਂ ਸਨ। ਇਹ ਸੰਗਠਨ ਸੀ ਪਹਿਲਾਂ ਮੰਜੀ ਸਿਸਟਮ ਤੇ ਪਿੱਛੋਂ ਮਸੰਦ ਸਿਸਟਮ। ਲੰਗਰ ਦੀ ਸਾਂਝ ਸਥਾਪਤ ਹੋ ਚੁੱਕੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਕ ਪੂਰਨ ਪ੍ਰਭੂਸੱਤਾ ਸੰਪੰਨ ਗ੍ਰੰਥ ਸਿਰਜਿਆ ਜਾ ਚੁੱਕਿਆ ਸੀ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਦੇ ਰੂਪ ਵਿਚ ਉਹ ਕੇਂਦਰੀ ਅਸਥਾਨ ਸਥਾਪਤ ਹੋ ਚੁੱਕਿਆ ਸੀ ਜਿਥੇ ਬੈਠ ਕੇ ਸਿੱਖ ਸਮਾਜ ਪੂਰੀ ਤਰ੍ਹਾਂ ਨਿਰਭੈ ਅਤੇ ਨਿਰਵੈਰ ਹੋ ਕੇ ਆਪਣੇ ਸਿਧਾਂਤਾਂ ਦੀ ਵਿਆਖਿਆ ਕਰ ਸਕਦਾ ਸੀ। ਇਸੇ ਵਿਕਾਸ ਦੀ ਕੜੀ ਵਿਚ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ। ਇਹ ਸਮੇਂ ਦੀ ਮੰਗ ਵੀ ਸੀ। ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਇਸ ਗੱਲ ਦੀ ਸਬੂਤ ਹੈ ਕਿ ਸਿੱਖ ਧਰਮ ਦੀ ਸੁਤੰਤਰਤਾ ਤੋਂ ਸਮੇਂ ਦੀ ਹਕੂਮਤ ਭੈ-ਭੀਤ ਸੀ। ਇਸੇ ਭੈ ਨੂੰ ਖਤਮ ਕਰਨ ਦੇ ਭੁਲੇਖੇ ਨਾਲ ਹਕੂਮਤ ਨੇ ਸਿੱਖ ਕੌਮ ਨੂੰ ਕੁਚਲਣਾ ਚਾਹਿਆ ਸੀ। ਕੁਚਲਣ ਲਈ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਈ ਗਈ ਸੀ ਪਰ ਸਿੱਖ ਸਮਾਜ ਇਸ ਮਾਰੂ ਵਾਰ ਤੋਂ ਭੈ-ਭੀਤ ਜਾਂ ਬੇ-ਦਿਲ ਹੋਣ ਦੀ ਬਜਾਏ ਦੁੱਗਣੀ-ਚੌਗਣੀ ਤਾਕਤ ਧਾਰਨ ਕਰ ਕੇ ਖੜ੍ਹਾ ਹੋਇਆ ਸੀ। ਇਸ ਦੁੱਗਣੀ-ਚੌਗਣੀ ਤਾਕਤ ਦਾ ਪ੍ਰਤੀਕ ਸੀ ਸ੍ਰੀ ਅਕਾਲ ਤਖਤ ਸਾਹਿਬ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਥੇ ਬਾਦਸ਼ਾਹਾਂ ਵਾਂਗ ਬੈਠ ਕੇ ਦਰਬਾਰ ਲਗਾਉਂਦੇ ਰਹੇ ਸਨ। ਬੇਸ਼ੱਕ ਬਾਦਸ਼ਾਹਾਂ ਵਾਂਗ ਵਿਚਰਨਾ ਅਤੇ ਰਹਿਣੀ-ਸਹਿਣੀ
ਰੱਖਣਾ ਸਿੱਖ ਧਰਮ ਦਾ ਮੁੱਖ ਸੰਦੇਸ਼ ਨਹੀਂ ਸੀ ਪਰ ਬਾਦਸ਼ਾਹੀ ਤੌਰ ਤਰੀਕੇ ਹਾਸਲ ਕਰਨ ਦਾ ਮਤਲਬ ਆਪਣੀ ਸੁਤੰਤਰਤਾ ਨੂੰ ਦਿਖਾਉਣ ਦਾ ਸੀ। ਇਥੇ ਬੈਠ ਕੇ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਦੇ ਆਪਸੀ ਝਗੜੇ ਨਿਬੇੜਨੇ ਸ਼ੁਰੂ ਕੀਤੇ ਸਨ ਜਿਹੜੇ ਇਸ ਗੱਲ ਦਾ ਪ੍ਰਤੀਕ ਸਨ ਕਿ ਸਿੱਖ ਸਮਾਜ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਚੀ ਅਤੇ ਅੰਤਮ ਅਦਾਲਤ ਹੈ। ਸਭ ਤੋਂ ਉੱਚੀ ਅਤੇ ਅੰਤਮ ਅਦਾਲਤ ਦਾ ਭਾਵ ਸੀ ਕਿ ਇਥੋਂ ਹੋਏ ਫ਼ੈਸਲੇ ਨੂੰ ਬਾਦਸ਼ਾਹ ਦੇ ਦਰਬਾਰ ਵਿਚ ਵੀ ਨਹੀਂ ਲਿਜਾਇਆ ਜਾ ਸਕਦਾ ਸੀ। ਬੇਸ਼ੱਕ ਇਥੋਂ ਕੀਤੇ ਫ਼ੈਸਲੇ ਅਤੇ ਇਥੇ ਲਾਏ ਗਏ ਦਰਬਾਰ ਮੁਗ਼ਲ ਹਕੂਮਤ ਤੋਂ ਵੱਖਰਾ ਮੁਲਕ ਨਹੀਂ ਬਣਾਉਂਦੇ ਸਨ ਪਰ ਸਿੱਖ ਸਮਾਜ ਨੂੰ ਆਤਮ-ਨਿਰਣੈ ਦੇ ਅਧਿਕਾਰ ਨੂੰ ਸਥਾਪਿਤ ਰੱਖਣ ਦਾ ਸੀ, ਕਿਸੇ ਹਕੂਮਤ ਦੀ ਤਾਕਤ ਨੂੰ ਹਰਾ ਕੇ ਆਪਣੀ ਹਕੂਮਤ ਕਾਇਮ ਕਰਨ ਦਾ ਨਹੀਂ ਸੀ। ਸਿਰਫ ਇੰਨਾ ਹੀ ਨਹੀਂ, ਗੁਰੂ ਸਾਹਿਬ ਨੇ ਆਪਣੀ ਰੱਖਿਆ ਲਈ ਆਪਣੀਆਂ ਫੌਜਾਂ ਵੀ ਕਾਇਮ ਕੀਤੀਆਂ ਸਨ। ਇਨ੍ਹਾਂ ਫੌਜਾਂ ਨੇ ਮੁਗ਼ਲ ਹਕੂਮਤ ਦੇ ਇਲਾਕੇ ਉੱਪਰ ਹਮਲੇ ਨਹੀਂ ਕਰਨੇ ਸਨ ਬਲਕਿ ਆਪਣੇ ਸਵੈਮਾਣ ਅਤੇ ਆਤਮ-ਨਿਰਣੈ ਦੇ ਅਧਿਕਾਰ ਦੀ ਰਾਖੀ ਕਰਨੀ ਸੀ। ਇਤਿਹਾਸ ਗਵਾਹ ਹੈ ਕਿ ਜਦੋਂ ਵਿਰੋਧੀਆਂ ਨੇ ਗੁਰੂ ਸਾਹਿਬ ਨੂੰ ਡਰਾਉਣ ਧਮਕਾਉਣ ਲਈ ਹਮਲੇ ਕਰਨੇ ਸ਼ੁਰੂ ਕੀਤੇ ਸਨ ਤਾਂ ਇਨ੍ਹਾਂ ਸਿੱਖ ਫੌਜਾਂ ਨੇ ਉਨ੍ਹਾਂ ਦਾ ਮੂੰਹ ਤੋੜ ਜਵਾਬ ਦਿੱਤਾ ਸੀ।
ਖਾਲਸਾ ਪੰਥ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ-ਉੱਚਤਾ ਮੰਨਣ ਵਾਲੀ ਪਰੰਪਰਾ ਸ਼ੁਰੂ ਹੋਈ ਹੈ। ਇਸ ਪਰੰਪਰਾ ਨੂੰ ਇਕ ਹੋਰ ਗੱਲ ਸਪੱਸ਼ਟ ਰੂਪ ਵਿਚ ਉਜਾਗਰ ਕਰ ਰਹੀ ਹੈ, ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਹੋਣਾ। ਅੰਮ੍ਰਿਤਸਰ ਮੁੱਢ ਤੋਂ ਹੀ ਸਮੁੱਚੇ ਸਿੱਖ ਜਗਤ ਦਾ ਕੇਂਦਰੀ ਅਸਥਾਨ ਹੈ। ਇਸ ਨੂੰ ਆਧੁਨਿਕ ਬੋਲੀ ਵਿਚ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਅੰਮ੍ਰਿਤਸਰ ਸਿੱਖ-ਪੰਥ ਦੀ ਰਾਜਧਾਨੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਰਾਜਧਾਨੀ ਦਾ ਉਹ ਕੇਂਦਰੀ ਅਸਥਾਨ ਹੈ ਜਿਥੋਂ ਸਿੱਖ-ਪੰਥ ਆਪਣੀ ਸਰਬ-ਉੱਚਤਾ ਨੂੰ ਦਰਸਾ ਸਕਦਾ ਹੈ।
ਖਾਲਸੇ ਦੀ ਸਾਜਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਸੀ। ਇਹ ਘਟਨਾ ਸਿੱਖ ਕੌਮ ਲਈ ਇਕ ਨਵਾਂ ਮੋੜ ਸੀ ਭਾਵ ਕਿ ਬੜੀ ਹੀ ਅਹਿਮ ਸੀ। ਜਿਉਂ ਹੀ ਸਿੱਖਾਂ ਨੂੰ ਅੰਮ੍ਰਿਤਸਰ ਜਾਣ ਦੀ ਖੁੱਲ੍ਹ ਮਿਲੀ ਤਾਂ ਉਹ ਇਹ ਸਭ ਗੱਲਾਂ ਯਾਦ ਰੱਖਣ ਦੇ ਬਾਵਜੂਦ ਵੀ ਅੰਮ੍ਰਿਤਸਰ ਪਹੁੰਚ ਕੇ ਇਕੱਠੇ ਹੋ ਰਹੇ ਸਨ? ਸਿੱਖਾਂ ਵੱਲੋਂ ਇਨ੍ਹਾਂ ਸਭ ਗੱਲਾਂ ਨੂੰ ਆਹਮਣੇ ਸਾਹਮਣੇ ਰੱਖਦੇ ਹੋਏ ਵੀ ਅੰਮ੍ਰਿਤਸਰ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਠੇ ਹੋਣਾ ਇਸੇ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਪਰੰਪਰਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਰਬ-ਉੱਚ ਸੰਸਥਾ ਦੇ ਤੌਰ ‘ਤੇ ਵਸਿਆ ਹੋਇਆ ਸੀ। ਕਿਉਂਕਿ ਸਿੱਖਾਂ ਵਿਚ ਪਰੰਪਰਾ ਪ੍ਰਚੱਲਤ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਦੀ ਸਰਬ-ਉੱਚਤਾ ਦਾ ਪ੍ਰਤੀਕ ਹੈ। ਇਸ ਲਈ ਉਹ ਆਪਣੀ ਪਰੰਪਰਾ ਤੋਂ ਸੇਧ ਲੈਂਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਇਕੱਠੇ ਹੋਣਾ। ਪਰੰਪਰਾ ਅਤੇ ਵਿਸ਼ਵਾਸ ਦੀ ਇਹ ਤਾਕਤ ਹੈ।
-ਡਾ. ਸੁਖਦਿਆਲ ਸਿੰਘ
