ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਸ੍ਰੀ (ਗੁਰੂ) ਗ੍ਰੰਥ ਸਾਹਿਬ ਦਾ ਪਾਠ ਆਰੰਭ ਕਰਵਾਇਆ ਅਤੇ ਇਸ ਉਦੇਸ਼ ਲਈ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ । ਹਰਿਮੰਦਰ ਸਾਹਿਬ ਦੇ ਰਾਗੀਆਂ ਨੇ ਆਪਣੇ ਸਾਜ਼ਾਂ ਨਾਲ ਗੁਰੂ ਸਾਹਿਬਾਨ ਦੇ ਸ਼ਬਦਾਂ ਦਾ ਗਾਇਨ ਕੀਤਾ । ਸ੍ਰੀ (ਗੁਰੂ) ਗ੍ਰੰਥ ਸਾਹਿਬ ਦਾ ਪਾਠ ਅਤੇ ਗਾਇਨ ਦਸ ਦਿਨ ਤੱਕ ਚਲਦਾ ਰਿਹਾ। ਜਦੋਂ ਸਾਰੇ ਅੰਤਮ ਸੰਸਕਾਰ ਪੂਰੇ ਹੋ ਗਏ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਹਰਿਗੋਬਿੰਦ ਜੀ ਨੂੰ ਨਵੇਂ ਬਸਤਰ ਪਵਾਏ ਅਤੇ ਉਨ੍ਹਾਂ ਦੇ ਸਾਹਮਣੇ ਉੱਨ ਦੀ ਗੁੰਦੀ ਹੋਈ ਅਤੇ ਗਲ ਵਿੱਚ ਪਾਉਣ ਵਾਲੀ ਜਾਂ ਪਹਿਲੇ ਗੁਰੂ ਸਾਹਿਬਾਨ ਦੁਆਰਾ ਸਿਰ ਦੇ ਚਾਰ ਚੁਫ਼ੇਰੇ ਬੰਨ੍ਹੀ ਜਾਣ ਵਾਲੀ ਸੇਲ੍ਹੀ ਅਤੇ ਦਿਬਤਾ ਦੀ ਸੂਚਕ ਇੱਕ ਪੱਗ ਰੱਖੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਗਿਆ ਕੀਤੀ ਕਿ ਸੇਲ੍ਹੀ ਨੂੰ ਖਜ਼ਾਨੇ ਵਿੱਚ ਰੱਖ ਦਿੱਤਾ ਜਾਵੇ ਕਿਉਂਕਿ ਸਿੱਖਾਂ ਦੇ ਬਦਲੇ ਹੋਏ ਰਾਜਨੀਤਿਕ ਹਾਲਾਤ ਲਈ ਇਹ ਹੁਣ ਸਾਰਥਕ ਨਹੀਂ ਸੀ। ਫਿਰ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਕਿਹਾ, “ਮੇਰੇ ਯਤਨ ਤੁਹਾਡੀ ਭਵਿੱਖ ਬਾਣੀ ਨੂੰ ਪੂਰਾ ਕਰਨਗੇ । ਕਿਰਪਾਨ ਦਾ ਗਾਤਰਾ ਮੇਰੀ ਸੇਲ੍ਹੀ ਹੋਵੇਗੀ ਅਤੇ ਮੈਂ ਆਪਣੀ ਪਗੜੀ ਸ਼ਾਹੀ ਕਲਗੀ ਨਾਲ ਧਾਰਨ ਕਰਾਂਗਾ।” ਉਨ੍ਹਾਂ ਨੇ ਆਪਣੇ ਸ਼ਸਤਰ ਮੰਗਵਾਏ ਅਤੇ ਸੂਰਬੀਰਤਾ ਵਾਲੇ ਢੰਗ ਨਾਲ ਉਨ੍ਹਾਂ ਨੂੰ ਧਾਰਨ ਕੀਤਾ ਅਤੇ ਜਿਵੇਂ ਕਿ ਇਕ ਸਿੱਖ ਇਤਿਹਾਸਕਾਰ ਲਿਖਦਾ ਹੈ ਕਿ ਉਨ੍ਹਾਂ ਦਾ ਠਾਠ-ਬਾਠ ਸੂਰਜ ਵਾਂਗ ਚਮਕ ਉੱਠਿਆ।
ਇਸ ਤੋਂ ਬਾਅਦ ਅਜਿਹੇ ਸਮੇਂ ਲਈ ਪਰੰਪਰਾ ਅਨੁਸਾਰ, ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਬੁਲਾਇਆ ਅਤੇ ਅੰਮ੍ਰਿਤਸਰ ਦੇ ਪ੍ਰਮੁੱਖ ਨਿਵਾਸੀਆਂ ਨੂੰ ਇੱਕ ਭੋਜ ਲਈ ਸੱਦਾ ਦਿੱਤਾ । ਭਾਰੀ ਮਾਤਰਾ ਵਿੱਚ ਉਨ੍ਹਾਂ ਨੇ ਪ੍ਰਾਹੁਣਿਆਂ ਲਈ ਪਵਿੱਤਰ ਲੰਗਰ ਤਿਆਰ ਕਰਕੇ ਹਰਿਮੰਦਰ ਸਾਹਿਬ ਲੈ ਆਂਦਾ । ਸੰਗਤ ਦੇ ਭਾਰੀ ਇਕੱਠ ਦੇ ਵਿਚਕਾਰ ਬਾਬਾ ਬੁੱਢਾ ਜੀ ਨੇ ਸ੍ਰੀ (ਗੁਰੂ) ਗ੍ਰੰਥ ਸਾਹਿਬ ਦਾ ਪਾਠ ਕੀਤਾ ਅਤੇ ਭਾਈ ਗੁਰਦਾਸ ਜੀ ਪਵਿੱਤਰ ਬੀੜ ਉੱਪਰ ਵਿਸ਼ਾਲ
ਚੌਰ ਕਰ ਰਹੇ ਸਨ । ਜਦੋਂ ਪਾਠ ਸਮਾਪਤ ਹੋਇਆ ਤਾਂ ਸਾਰਿਆਂ ਨੇ ਸ਼ਰਧਾਪੂਰਵਕ ਮੱਥਾ ਟੇਕਿਆ ਅਤੇ ਰਾਗੀਆਂ ਨੇ ਮੁੜ ਗੁਰੂ-ਸ਼ਬਦਾਂ ਦਾ ਗਾਇਨ ਆਰੰਭ ਕਰ ਦਿੱਤਾ । ‘ਸਦੁ’ ਦਾ ਗਾਇਨ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ। ਗੁਰੂ ਜੀ ਨੇ ਫਿਰ ਆਦੇਸ਼ ਸੁਣਾਇਆ ਤਾਂ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅੰਤਮ ਸੰਸਕਾਰਾਂ ਪ੍ਰਤੀ ਮਾਰਗ-ਦਰਸ਼ਨ ਮਿਲ ਸਕੇ :
‘ਜਦੋਂ ਕੋਈ ਸਿੱਖ ਅਕਾਲ-ਚਲਾਣਾ ਕਰਦਾ ਹੈ ਤਾਂ ਅੰਤਮ ਸੰਸਕਾਰਾਂ ਸਮੇਂ ਹਿੰਦੂ ਰਸਮਾਂ ਨਾ ਕੀਤੀਆਂ ਜਾਣ । ਪਵਿੱਤਰ ਲੰਗਰ ਤਿਆਰ ਕੀਤਾ ਜਾਵੇ ਅਤੇ ਵਰਤਾਇਆ ਜਾਵੇ, ਸ੍ਰੀ (ਗੁਰੂ) ਗ੍ਰੰਥ ਸਾਹਿਬ ਦਾ ਗਾਇਨ ਕੀਤਾ ਜਾਵੇ ਅਤੇ ਅਰਦਾਸ ਕੀਤੀ ਜਾਵੇ ਜਿਵੇਂ ਕਿ ਮੈਂ ਆਪਣੇ ਪਿਤਾ ਜੀ ਦੇ ਜੋਤੀ-ਜੋਤਿ ਸਮਾਉਣ ਸਮੇਂ ਕੀਤਾ ਹੈ। ਮਿਰਤਕ ਲਈ ਸਚਖੰਡ ਲਈ ਰਾਹ ਪੱਧਰਾ ਕਰਨ ਦਾ ਇਹ ਹੀ ਢੰਗ ਹੈ।
ਉਨ੍ਹਾਂ ਦੇ ਗੁਰਗੁੱਦੀ ਸੰਭਾਲਣ ‘ਤੇ ਪੈਰੋਕਾਰਾਂ ਦਾ ਇੱਕ ਹਿੱਸਾ ਸੰਤੁਸ਼ਟ ਨਹੀਂ ਸੀ। ਸਿੱਖਾਂ ਤੋਂ ਕਾਰ ਭੇਟ ਅਤੇ ਦਸਵੰਧ ਇਕੱਠਾ ਕਰਨ ਵਾਲੇ ਮਸੰਦ ਕਾਫ਼ੀ ਬੇਈਮਾਨ ਅਤੇ ਭ੍ਰਿਸ਼ਟ ਹੋ ਚੁਕੇ ਸਨ ਅਤੇ ਉਹੀ ਹੁਣ ਆਪਣੇ ਕੁਕਰਮਾਂ ਕਾਰਨ ਕੰਬ ਰਹੇ ਸਨ । ਉਹ ਗੁਰੂ ਜੀ ਦੇ ਮਾਤਾ ਜੀ ਪਾਸ ਗਏ ਤੇ ਕਹਿਣ ਲੱਗੇ, “ਇਹ ਮੁਗਲਾਂ ਦਾ ਰਾਜ ਹੈ। ਸਾਡੇ ਕੋਲ ਮਾਰਗ- ਦਰਸ਼ਨ ਦੇਣ ਲਈ ਕੋਈ ਵੀ ਹੰਢਿਆ-ਵਰਤਿਆ ਵਿਅਕਤੀ ਨਹੀਂ ਹੈ ਅਤੇ ਗੁਰੂ ਜੀ ਅਜੇ ਬਾਲਕ ਅਵਸਥਾ ਵਿੱਚ ਹਨ। ਚੰਦੂ ਅਜੇ ਵੀ ਦੁਸ਼ਮਨ ਹੈ । ਗੁਰੂ ਜੀ ਨੇ ਸ਼ਸਤਰ ਧਾਰਨ ਕੀਤੇ ਹੋਏ ਹਨ ਪਰੰਤੂ ਫ਼ਕੀਰਾਂ ਵਲੋਂ ਵਿਅਕਤੀਆਂ ‘ਤੇ ਹਕੂਮਤ ਕਰਨਾ ਖਤਰਾ ਸਹੇੜਨ ਵਾਲਾ ਰਾਹ ਹੈ।
ਪਿਛਲੇ ਪੰਜ ਗੁਰੂ ਸਾਹਿਬਾਨ ਨੇ ਕਦੀ ਸ਼ਸਤਰ ਨਹੀਂ ਵਰਤੇ। ਜਹਾਂਗੀਰ ਨੂੰ ਜੇਕਰ ਸਾਡੇ ਗੁਰੂ ਜੀ ਦੇ ਕੰਮਾਂ ਦਾ ਪਤਾ ਲੱਗਾ ਤਾਂ ਉਹ ਨਾਰਾਜ਼ ਹੋ ਜਾਵੇਗਾ, ਅਸੀਂ ਆਪਣੇ ਆਪ ਨੂੰ ਕਿੱਥੇ ਲੁਕਾਉਂਦੇ ਫਿਰਾਂਗੇ ?’ ਗੁਰੂ-ਮਾਤਾ ਨੇ ਜੁਆਬ ਦਿੱਤਾ, ‘ਚਿੰਤਾ ਨਾ ਕਰੋ । ਬਾਬਾ ਬੁੱਢਾ ਜੀ ਦੇ ਬਚਨ ਕਿ ਗੁਰੂ ਹਰਿਗੋਬਿੰਦ ਸੰਸਾਰਕ ਅਤੇ ਅਧਿਆਤਮਕ ਸ਼ਾਸਕ ਹੋਵੇਗਾ ਅਤੇ ਦੋ ਕਿਰਪਾਨਾਂ ਧਾਰਨ ਕਰੇਗਾ, ਪੂਰੇ ਹੋਣ ਵਾਲੇ ਹਨ । ਮਸੰਦਾਂ ਨੂੰ ਸਾਹਸਪੂਰਨ ਜਵਾਬ ਦੇਣ ਦੇ ਬਾਵਜੂਦ ਉਨ੍ਹਾਂ ਨੇ ਨੌਜੁਆਨ ਗੁਰੂ ਜੀ ਪਾਸ ਰੋਸ ਪ੍ਰਗਟ ਕੀਤਾ, ”ਮੇਰੇ ਲਾਲ ਜੀ, ਸਾਡੇ ਕੋਲ ਕੋਈ ਖ਼ਜ਼ਾਨਾ, ਕੋਈ ਰਾਜਸੀ ਆਮਦਨ, ਕੋਈ ਜ਼ਮੀਨੀ ਜਾਇਦਾਦ ਜਾਂ ਫ਼ੌਜ ਨਹੀਂ ਹੈ। ਜੇਕਰ ਤੁਸੀਂ ਆਪਣੇ ਪਿਤਾ ਅਤੇ ਦਾਦਾ ਜੀ ਦੇ ਰਸਤੇ ‘ਤੇ ਚਲੋਗੇ ਤਾਂ ਖੁਸ਼ ਰਹੋਗੇ” । ਗੁਰੂ ਸਾਹਿਬ ਨੇ ਉੱਤਰ ਦਿੱਤਾ, ”ਮੇਰੇ ਪ੍ਰਤੀ ਕੋਈ ਵੀ ਚਿੰਤਾ ਨ ਕਰੋ, ਸਭ ਕੁਝ ਪਰਮਾਤਮਾ ਦੇ ਭਾਣੇ ਵਿੱਚ ਹੀ ਹੋਵੇਗਾ।”
ਇਸ ਤੋਂ ਬਾਅਦ ਗੁਰੂ ਸਾਹਿਬ ਨੇ ਮਸੰਦਾਂ ਨੂੰ ਇੱਕ ਹੁਕਮਨਾਮਾ ਜਾਰੀ ਕੀਤਾ ਕਿ ਗੁਰੂ ਉਨ੍ਹਾਂ ਉਤੇ ਪ੍ਰਸੰਨ ਹੋਣਗੇ ਜਿਹੜੇ ਧਨ ਦੀ ਬਜਾਇ ਸ਼ਸਤਰਾਂ ਅਤੇ ਘੋੜਿਆਂ ਦੀ ਭੇਟਾ ਲਿਆਉਣਗੇ ਦਿਨ ਸੋਮਵਾਰ, ਹਾੜ ਸੁਦੀ ਪੰਜ ਸੰਮਤ 1663 ਨੂੰ ਉਨ੍ਹਾਂ ਨੇ ਤਖ਼ਤ ਅਕਾਲ ਬੁੰਗੇ ਦੀ ਨੀਂਹ ਰੱਖੀ। ਜਦੋਂ ਇਹ ਪੱਕੀਆਂ ਇੱਟਾਂ ਨਾਲ ਬਣ ਕੇ ਤਿਆਰ ਹੋ ਗਿਆ ਤਾਂ ਗੁਰੂ ਸਾਹਿਬ ਉਥੇ ਬਿਰਾਜਮਾਨ ਹੋ ਗਏ ਇਹ ਹਰਿਮੰਦਰ ਸਾਹਿਬ ਜਾਣਾ ਵਾਸਤੇ ਉਹ ਲਾਂਘਾ ਹੈ ਜਿੱਥੇ ਅਕਾਲੀ ਸਿੰਘ ਹੁਣ ਬੈਠਦੇ ਹਨ ਅਤੇ ਜਿੱਥੇ ਗੁਰੂ ਸਾਹਿਬਾਨ ਦੇ ਸ਼ਸਤਰ ਸੰਭਾਲੇ ਪਏ ਹਨ।
ਨੌਜੁਆਨ ਗੁਰੂ ਜੀ ਨੂੰ ਫ਼ੌਜੀ ਲਿਬਾਸ ਵਿੱਚ ਵੇਖ ਕੇ ਬਾਬਾ ਬੁੱਢਾ ਜੀ ਨੇ ਵੀ ਹਲਕਾ ਜਿਹਾ ਰੋਸ ਪ੍ਰਗਟ ਕੀਤਾ। ਗੁਰੂ ਸਾਹਿਬ ਨੇ ਉੱਤਰ ਦਿੱਤਾ, ‘ਤੁਹਾਡੇ ਦਖਲ ਕਾਰਨ ਹੀ ਮੇਰਾ ਜਨਮ ਹੋਇਆ ਹੈ; ਅਤੇ ਤੁਹਾਡੇ ਅਸ਼ੀਰਵਾਦ ਨੂੰ ਪੂਰਿਆਂ ਕਰਨ ਲਈ ਹੀ ਮੈਂ ਮੀਰੀ ਅਤੇ ਪੀਰੀ ਅਧਿਕਾਰ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਹਨ। ਗੁਰੂ-ਘਰ ਵਿੱਚ ਧਰਮ ਅਤੇ ਸੰਸਾਰ ਦੇ ਸੁੱਖ ਮਿਲ ਕੇ ਚਲਣਗੇ; ਦੇਗ ਗਰੀਬਾਂ ਲਈ ਹੋਵੇਗੀ ਅਤੇ ਤੇਗ ਅਤਿਆਚਾਰੀਆਂ ਦਾ ਨਾਸ ਕਰਨ ਲਈ ਹੋਵੇਗੀ।’
ਗੁਰੂ ਸਾਹਿਬ ਦੀ ਪ੍ਰਸਿੱਧੀ ਸੁਣਕੇ ਅਨੇਕਾਂ ਸੂਰਬੀਰ ਅਤੇ ਪਹਿਲਵਾਨ ਉਨ੍ਹਾਂ ਦੀ ਸੇਵਾ ਵਿੱਚ ਆ ਹਾਜ਼ਰ ਹੋਏ। ਉਨ੍ਹਾਂ ਨੇ ਬਵੰਜਾ ਸੂਰਬੀਰਾਂ ਨੂੰ ਸੁਰੱਖਿਆ ਦਸਤੇ ਦੇ ਤੌਰ ‘ਤੇ ਭਰਤੀ ਕਰ ਲਿਆ ਅਤੇ ਉਨ੍ਹਾਂ ਨੇ ਹੀ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ । ਇਹ ਭਵਿੱਖ ਦੀ ਫ਼ੌਜ ਦਾ ਆਧਾਰ ਬਣ ਗਏ। ਇਸ ਤੋਂ ਉਪਰੰਤ ਮਾਝੇ, ਦੁਆਬੇ ਅਤੇ ਮਾਲਵੇ ਵਿਚੋਂ ਪੰਜ ਸੌ ਜਵਾਨ ਹੋਰ ਭਰਤੀ ਹੋਣ ਲਈ ਆਏ। ਇਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਕੋਲ ਗੁਰੂ ਨੂੰ ਭੇਟ ਕਰਨ ਲਈ ਜੀਵਨ ਤੋਂ ਸਿਵਾ ਹੋਰ ਕੁਝ ਨਹੀਂ ਹੈ; ਕੇਵਲ ਗੁਰੂ ਦੇ ਧਰਮ ਵਿੱਚ ਸ਼ਾਮਲ ਹੋਣਾ ਹੀ ਉਨ੍ਹਾਂ ਲਈ ਤਨਖਾਹ ਸੀ । ਉਨ੍ਹਾਂ ਦ੍ਰਿੜਤਾ-ਪੂਰਬਕ ਕਿਹਾ ਕਿ ਉਹ ਗੁਰੂ ਦੀ ਸੇਵਾ ਵਿੱਚ ਹੀ ਪ੍ਰਾਣ ਦੇ ਦੇਣ ਲਈ ਤਿਆਰ ਹਨ। ਗੁਰੂ ਜੀ ਨੇ ਉਨ੍ਹਾਂ ਵਿਚੋਂ ਹਰ ਇੱਕ ਨੂੰ ਇਕ ਘੋੜਾ ਅਤੇ ਸ਼ਸਤਰ ਦਿੱਤੇ ਅਤੇ ਖੁਸ਼ੀ ਨਾਲ ਉਨ੍ਹਾਂ ਨੂੰ ਆਪਣੀ ਫ਼ੌਜ ਵਿੱਚ ਭਰਤੀ ਕਰ ਲਿਆ। ਬਿਧੀ ਚੰਦ, ਪਿਰਾਨਾ, ਜੇਠਾ, ਪੈੜਾ ਹਰ ਇੱਕ ਨੂੰ ਉਨ੍ਹਾਂ ਨੇ ਸੌ ਘੋੜਸਵਾਰਾਂ ਦਾ ਨਾਇਕ ਬਣਾ ਦਿੱਤਾ।
ਇਸ ਤੋਂ ਬਾਅਦ ਕਈ ਬੇਰੁਜ਼ਗਾਰ ਵਿਅਕਤੀ ਗੁਰੂ ਦੇ ਝੰਡੇ ਥੱਲੇ ਆ ਇਕੱਠੇ ਹੋਏ । ਜਦੋਂ ਲੋਕਾਂ ਨੂੰ ਹੈਰਾਨੀ ਹੋ ਰਹੀ ਸੀ ਕਿ ਅਜਿਹੀ ਵੱਡੀ ਫ਼ੌਜ ਦੀ ਦੇਖਭਾਲ ਕਿਸ ਤਰ੍ਹਾਂ ਹੋਵੇਗੀ ਤਾਂ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦੀ ਪੰਗਤੀ ਦਾ ਉਚਾਰਨ ਕੀਤਾ :
“ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਿਜਕੁ ਆਗੈ ਕਰਿ ਧਰਿਆ ।।” (੧੦)
ਅਜਿਹੇ ਪਦਿਆਂ ਦਾ ਉਦਾਹਰਣ ਦਿੰਦੇ ਹੋਏ ਅਤੇ ਆਪਣੇ ਚਰਿੱਤਰ ਦੀ ਸ਼ਕਤੀ ਅਤੇ ਆਸ਼ਾਵਾਦਿਤਾ ਦੇ ਨਾਲ ਉਹ ਲੋਕਾਂ ਦੇ ਡਰ ਦੂਰ ਕਰਿਆ ਕਰਦੇ ਸਨ। ਥੋੜ੍ਹੇ ਸਮੇਂ ਵਿੱਚ ਨਿਯਮਿਤ ਰੂਪ ਵਿੱਚ ਤਨਖਾਹ ਲੈਣ ਵਾਲਿਆਂ ਤੋਂ ਇਲਾਵਾ ਲੋਕਾਂ ਦੇ ਝੁੰਡਾਂ ਦੇ ਝੁੰਡ ਉਨ੍ਹਾਂ ਦੇ ਚਾਰ-ਚੁਫ਼ੇਰੇ ਇਕੱਠੇ ਹੋ ਗਏ ਜਿਨ੍ਹਾਂ ਦੀ ਲੋੜ ਕੇਵਲ ਦੋ ਵੇਲੇ ਦਾ ਖਾਣਾ ਤੇ ਛੇ ਮਹੀਨਿਆਂ ਬਾਅਦ ਇੱਕ ਵਰਦੀ ਮਾਤਰ ਸੀ।
ਇੰਜ ਲਗਦਾ ਹੈ ਕਿ ਗੁਰੂ ਹਰਿਗੋਬਿੰਦ ਜੀ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਬਾਕਾਇਦਾ ਤੌਰ ‘ਤੇ ਸ਼ਿਕਾਰ ਵੱਲ ਧਿਆਨ ਦਿੱਤਾ । ਉਹ ਦਿਨ ਚੜ੍ਹਨ ਤੋਂ ਪਹਿਲਾਂ ਉਠਦੇ, ਇਸ਼ਨਾਨ ਕਰਦੇ, ਸ਼ਸਤਰ-ਬਸਤਰ ਧਾਰਨ ਕਰਦੇ ਅਤੇ ਫਿਰ ਸ਼ਰਧਾ ਭੇਟ ਕਰਨ ਪਰਮਾਤਮਾ ਦੇ ਘਰ ਹਰਿਮੰਦਰ ਸਾਹਿਬ ਵਿਖੇ ਜਾਂਦੇ ਸਨ । ਉਥੇ ਉਹ ਜਪੁਜੀ ਤੇ ਆਸਾ ਦੀ ਵਾਰ ਸੁਣਦੇ ਸਨ ਅਤੇ ਫਿਰ ਸਿੱਖਾਂ ਨੂੰ ਉਪਦੇਸ਼ ਦਿੰਦੇ ਸਨ । ਉਨ੍ਹਾਂ ਦੇ ਉਪਦੇਸ਼ ਤੋਂ ਬਾਅਦ ਗੁਰੂ ਅਮਰਦਾਸ ਜੀ ਦਾ ਆਨੰਦ ਸਾਹਿਬ ਪੜ੍ਹਿਆ ਜਾਂਦਾ ਤੇ ਸਮਾਪਤੀ ਦੀ ਅਰਦਾਸ ਹੁੰਦੀ । ਇਸ ਤੋਂਉਪਰੰਤ ਸਾਰੇ ਸਵੇਰ ਦਾ ਖਾਣਾ ਖਾਂਦੇ ਜਿਹੜਾ ਕਿ ਪੰਗਤ ਵਿੱਚ ਬੈਠੇ ਹੋਏ ਫ਼ੌਜੀਆਂ ਅਤੇ ਹੋਰ ਪੈਰੋਕਾਰਾਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਵਰਤਾਇਆ ਜਾਂਦਾ ਸੀ । ਬਾਅਦ ਵਿੱਚ ਗੁਰੂ ਜੀ ਲਗਭਗ ਇੱਕ ਘੰਟੇ ਤੱਕ ਬਿਸਰਾਮ ਕਰਦੇ ਹੁੰਦੇ ਸਨ ਅਤੇ ਫਿਰ ਸ਼ਿਕਾਰ ਦੀ ਤਿਆਰੀ ਕਰਦੇ ਹੁੰਦੇ ਸਨ । ਜੰਗਲ ਵਿੱਚ ਹੋਕਾ ਦੇਣ ਵਾਲੇ, ਕੁੱਤੇ, ਪਾਲਤੂ ਭੇੜੀਏ, ਅਤੇ ਹਰ ਕਿਸਮ ਦੇ ਬਾਜ ਨਾਲ ਲੈ ਕੇ ਗੁਰੂ ਜੀ ਜਾਂਦੇ ਹੁੰਦੇ ਸਨ ਅਤੇ ਲੰਮਾ ਫਾਸਲਾ ਤੈਅ ਕਰਦੇ ਹੁੰਦੇ ਸਨ।
ਇੱਕ ਵਾਰ ਇੱਕ ਹਿੰਦੂ ਸਾਧੂ ਨੇ ਗੁਰੂ ਜੀ ਨੂੰ ਇਸ ਤਰ੍ਹਾਂ ਜਾਂਦੇ ਹੋਏ ਵੇਖ ਕੇ ਉਨ੍ਹਾਂ ਨੂੰ ਜੀਵਨ ਦਾ ਨਾਸ ਕਰਨ ਵਾਲੇ ਕਿਹਾ। ਇਸ ‘ਤੇ ਗੁਰੂ ਜੀ ਨੇ ਮਾਸ ਸੰਬੰਧੀ ਗੁਰੂ ਨਾਨਕ ਸਾਹਿਬ ਦੇ ਪਦੇ ਦਾ ਉਚਾਰਣ ਕਰਕੇ ਇਸ ਬਾਬਤ ਉਸ ਸਾਧੂ ਨੂੰ ਦੱਸਿਆ। ਸੁਣ ਕੇ ਉਸ ਪਵਿੱਤਰ ਵਿਅਕਤੀ ਨੂੰ ਆਪਣੀ ਨਿੰਦਿਆ ਦਾ ਅਹਿਸਾਸ ਹੋਇਆ।
ਦੁਪਹਿਰ ਤੋਂ ਬਾਅਦ ਗੁਰੂ ਜੀ ਆਪਣੇ ਤਖਤ ‘ਤੇ ਬਿਰਾਜਮਾਨ ਹੁੰਦੇ ਅਤੇ ਆਉਣ ਵਾਲੇ ਆਪਣੇ ਸ਼ਰਧਾਲੂਆਂ ਦੀ ਗੱਲਬਾਤ ਸੁਣਦੇ ਸਨ । ਰਾਗੀ ਗੁਰ-ਸ਼ਬਦਾਂ ਦਾ ਗਾਇਨ ਕਰਦੇ ਤੇ ਸੰਧਿਆ ਵੇਲੇ ਸੋਦਰੁ ਦਾ ਪਾਠ ਕੀਤਾ ਜਾਂਦਾ ਸੀ । ਫਿਰ ਸਾਰੇ ਹੱਥ ਜੋੜ ਕੇ ਖੜ੍ਹੇ ਹੋ ਜਾਂਦੇ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ। ਇਸ ਬਾਰੇ ਕਾਰਜ ਦੇ ਅੰਤ ਵਿੱਚ ਅਨੇਕਾਂ ਪ੍ਰਕਾਰ ਦੇ ਸੰਗੀਤ ਦੇ ਯੰਤਰ ਵਜਾਏ ਜਾਂਦੇ ਸਨ । ਸੰਗਤ ਇਸ ਤੋਂ ਬਾਅਦ ਗੁਰੂ ਜੀ ਨੂੰ ਪ੍ਰਣਾਮ ਕਰਦੀ ਤੇ ਸਾਰੇ ਇਕੱਠੇ ਹੀ ਸ਼ਾਮ ਦੇ ਖਾਣੇ ਵਾਸਤੇ ਚਲੇ ਜਾਂਦੇ । ਫਿਰ ਇੱਕ ਪਵਿੱਤਰ ਦਰਬਾਰ ਲਗਦਾ ਅਤੇ ਉਸ ਵਿੱਚ ਕਲਿਆਣ ਤੇ ਕਾਨੜਾ ਰਾਗ ਵਿਚ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ।
ਇਸ ਤੋਂ ਬਾਅਦ ਢਾਡੀ ਅਬਦੁੱਲਾ ਸੂਰਬੀਰਤਾ ਦੇ ਗੀਤ ਗਾਉਂਦਾ। ਸਿੱਖਾਂ ਨੂੰ ਸੂਰਬੀਰਾਂ ਦੇ ਕਾਰਨਾਮੇ ਸੁਣਾ ਕੇ ਪ੍ਰੇਰਣਾ ਦਿੰਦਾ ਅਤੇ ਅਜਿਹੀਆਂ ਭਾਵਨਾਵਾਂ ਨੂੰ ਦੂਰ ਕਰਦਾ ਜਿਹੜੀਆਂ ਕਿ ਸੂਰਬੀਰਾਂ ਦੇ ਲਈ ਠੀਕ ਨਹੀਂ ਹੁੰਦੀਆਂ।
ਇਸ ਤੋਂ ਬਾਅਦ ਸੋਹਿਲੇ ਦਾ ਪਾਠ ਹੁੰਦਾ ਅਤੇ ਫਿਰ ਗੁਰੂ ਜੀ ਆਪਣੇ ਨਿੱਜੀ ਸਥਾਨ ‘ਤੇ ਚਲੇ ਜਾਂਦੇ। ਸੌਣ ਤੋਂ ਪਹਿਲਾਂ ਉਹ ਸਤਿਕਾਰ ਵਜੋਂ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਮਾਤਾ ਜੀ ਦੇ ਚਰਨਾਂ ਵਿਚ ਮੱਥਾ ਟੇਕਦੇ।
ਗੁਰੂ ਜੀ ਆਪਣੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਇਹ ਪੰਕਤੀਆਂ ਖਾਸ ਤੌਰ ‘ਤੇ ਸੁਣਾਉਂਦੇ ਹੁੰਦੇ ਸਨ :
ਆਪੇ ਕਰਤਾ ਪੁਰਖੁ ਬਿਧਾਤਾ ॥ ਜਿਨਿ ਆਪੇ ਆਪਿ ਉਪਾਇ ਪਛਾਤਾ ॥ ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧ ॥ ਆਪੇ ਨੇੜੈ ਨਾਹੀ ਦੂਰੇ ॥ ਬੂਝਹਿ ਗੁਰਮੁਖਿ ਸੇ ਜਨ ਪੂਰੇ ॥ ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨ ॥ ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ਹਰਿ ਗੁਣ ਗਾਵਹਿ ਰਸਨ ਰਸੇਰੇ ॥ ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩ ॥ ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥ ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥ ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥ ਬੂਝਹੁ ਹਰਿ ਜਨ ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫ ॥ ਛੋਡਹੁ ਪ੍ਰਾਣੀ ਕੂੜ ਕਬਾੜਾ ।॥ ਕੂੜ ਮਾਰੇ ਕਾਲੁ ਉਛਾਹੜਾ ॥ ਸਾਕਤ ਕੂੜ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥ ੬ ॥ ਛੋਡਹੁ ਨਿੰਦਾ ਤਾਤਿ ਪਰਾਈ ॥ ਪੜਿ ਪੜਿ ਦਝਹਿ ਸਾਤਿ ਨ ਆਈ ॥ ਮਿਲਿ ਸਤ ਸੰਗਤਿ ਨਾਮੁ ਸਲਾਹਹੁ ਆਤਮਰਾਮੁ ਸਖਾਈ ਹੇ ॥੭॥ ਛੋਡਹੁ ਕਾਮ ਕ੍ਰੋਧ ਬੁਰਿਆਈ ॥ ਹਉਮੈ ਧੰਧੁ ਛੋਡਹੁ ਲੰਪਟਾਈ ॥ ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥ ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥ ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥ ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੯॥ ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥ ਜਿਨਿ ਪਾਇਆ ਸੋਈ ਬਿਧਿ ਜਾਣੈ ॥ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦ ॥ ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥ ਜਮ ਸਿਰਿ ਮਾਰੇ ਕਰੇ ਖੁਆਰਾ ॥ ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੧੧ ॥ ਬੋਲਹੁ ਸਾਚੁ ਪਛਾਣਹੁ ਅੰਦਰਿ ॥ ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥ ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥ ਦੇਹੀ ਅੰਦਰਿ ਨਾਮੁ ਨਿਵਾਸੀ ॥ ਆਪੇ ਕਰਤਾ ਹੈ ਅਬਿਨਾਸੀ !। ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੧੩ ॥ ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥ ਓਹੁ ਆਪੇ ਤਖਤਿ ਬਹੈ ਸਚਿਆਰਾ ॥ ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥੧੪ ॥ ਗੁਰ ਕੇ ਸੇਵਕ ਸਤਿਗੁਰ ਪਿਆਰੇ । ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥ ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥੧੫॥ ਆਪਿ ਤਰੈ ਜਨੁ ਪਿਤਰਾ ਤਾਰੇ ॥ ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥ ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬ ॥
(ਸ੍ਰੀ ਗੁਰੂ ਗ੍ਰੰਥ ਸਾਹਿਬ,੧੦੨੫-੨੬)
(ਪੁਸਤਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਚੋਂ)
ਮੂਲ ਲੇਖਕ : ਮਿਸਟਰ ਐਮ ਏ ਮੈਕਾਲਿਫ
ਅਨੁ: ਡਾ. ਜੋਧ ਸਿੰਘ
