views 2 secs 0 comments

31 ਜੁਲਾਈ ਨੂੰ ਸ਼ਹੀਦੀ ਦਿਹਾੜੇ ਮੌਕੇ; ਸ਼ਹੀਦ ਊਧਮ ਸਿੰਘ

ਲੇਖ
June 30, 2026

ਊਧਮ ਸਿੰਘ ਦਾ ਜਨਮ 26 ਦਸੰਬਰ 1899 ਈ. ਨੂੰ ਪਟਿਆਲਾ ਰਿਆਸਤ ਦੇ ਸੁਨਾਮ ਕਸਬੇ ਵਿਚ ਇਕ ਗਰੀਬ ਕੰਬੋਜ ਘਰਾਣੇ ਵਿਚ ਹੋਇਆ। ਪਿਤਾ ਦਾ ਨਾਮ ਚੂਹੜ ਰਾਮ ਤੇ ਮਾਤਾ ਦਾ ਨਾਮ ਨਰਾਇਣੀ ਸੀ, ਜੋ ਸਿੱਖ ਧਰਮ ਧਾਰਨ ਕਰਨ ਪਿਛੋਂ ਟਹਿਲ ਸਿੰਘ ਤੇ ਹਰਨਾਮ ਕੌਰ ਬਣ ਗਏ । ਊਧਮ ਸਿੰਘ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ। ਇਸ ਦੇ ਮਾਤਾ ਜੀ ਛੋਟੀ ਉਮਰ ਵਿਚ ਹੀ ਚਲਾਣਾ ਕਰ ਗਏ। ਅਕਤੂਬਰ 1907 ਈ. ਵਿਚ ਪਿਤਾ ਜੀ ਵੀ ਚਲਾਣਾ ਕਰ ਗਏ ਤਾਂ ਊਧਮ ਸਿੰਘ ਨੂੰ ਯਤੀਮਖਾਨਾ ਅੰਮ੍ਰਿਤਸਰ ਵਿਚ ਦਾਖ਼ਲ ਕਰਵਾ ਦਿੱਤਾ। 13 ਅਪ੍ਰੈਲ 1919 ਈ. ਨੂੰ ਜਲਿਆਂਵਾਲੇ ਬਾਗ ਵਿਚ ਹੋਏ ਇਕੱਠ ਉਪਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਦੇ ਕਹਿਣ ‘ਤੇ ਰੈਜੀਨਾਲਡ ਐਡਵਰਡ ਹੈਰੀ ਡਾਇਰ ਨੇ ਗੋਲੀ ਚਲਾ ਦਿੱਤੀ, ਜਿਸ ਵਿਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ। ਲਾਸ਼ਾਂ ਨੂੰ ਚੁਕਣ ‘ਤੇ ਜ਼ਖ਼ਮੀਆਂ ਦੀ ਦੇਖਭਾਲ ਲਈ ਯਤੀਮਖਾਨੇ ਦੇ ਬੱਚੇ ਲਾਏ ਗਏ ਜਿਨ੍ਹਾਂ ਵਿਚ ਊਧਮ ਸਿੰਘ ਵੀ ਸ਼ਾਮਿਲ ਸੀ । ਊਧਮ ਸਿੰਘ ਇਸ ਕਤਲੇਆਮ ਨੂੰ ਵੇਖ ਕੇ ਅਸ਼ਾਂਤ ਹੋ ਗਿਆ ਸੀ । 10 ਅਪ੍ਰੈਲ 1920 ਈ. ਨੂੰ ਐਡਵਰਡ ਹੈਰੀ ਡਾਇਰ ਨੂੰ ਬਰਖਾਸਤ ਕਰਕੇ ਵਾਪਸ ਇੰਗਲੈਂਡ ਭੇਜ ਦਿੱਤਾ ਗਿਆ ਜਿਥੇ ਉਹ 23 ਜੁਲਾਈ 1927 ਈ. ਨੂੰ ਅਧਰੰਗ ਦੀ ਬੀਮਾਰੀ ਨਾਲ ਪੀੜਤ ਹੋ ਕੇ ਮਰਿਆ। 30 ਮਈ 1919 ਈ. ਨੂੰ ਉਡਵਾਇਰ ਵੀ ਇੰਗਲੈਂਡ ਜਾ ਚੁਕੇ ਸਨ। 1933 ਈ. ਵਿਚ ਊਧਮ ਸਿੰਘ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੇ ਨਾਂ ਦਾ ਪਾਸਪੋਰਟ ਬਣਾ ਕੇ ਯੂਰਪ ਪਹੁੰਚ ਗਿਆ। ਇਥੇ ਇਸ ਨੇ 13 ਮਾਰਚ 1940 ਈ. ਨੂੰ ਇਕ ਨੋਟਿਸ ਵੇਖਿਆ ਜਿਸ ਵਿਚ ਕੈਕਸਟਨ ਹਾਲ ਵਿਚ ਹੋ ਰਹੀ ਮੀਟਿੰਗ ਵਿਚ ਉਡਵਾਇਰ ਵੀ ਪਹੁੰਚ ਰਿਹਾ ਸੀ। ਊਧਮ ਸਿੰਘ ਵੀ ਪਹੁੰਚ ਗਿਆ। ਜਦ ਮੀਟਿੰਗ ਖਤਮ ਹੋਈ ਤਾਂ ਊਧਮ ਸਿੰਘ ਅਗੇ ਵਧਿਆ ‘ਤੇ ਉਡਵਾਇਰ ਉਪਰ ਗੋਲੀ ਚਲਾ ਦਿੱਤੀ। ਉਡਵਾਇਰ ਦੀ ਛਾਤੀ ਦੇ ਸੱਜੇ ਪਾਸੇ ਦੋ ਗੋਲੀਆਂ ਲੱਗਣ ਨਾਲ ਮਰਿਆ। ਊਧਮ ਸਿੰਘ ਨੂੰ ਫੜ ਲਿਆ ਗਿਆ। ਊਧਮ ਸਿੰਘ ਨੂੰ ਪੈਂਟਨਵਿਲ ਜੇਲ੍ਹ ਵਿਚ 31 ਜੁਲਾਈ 1940 ਨੂੰ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਜਲ੍ਹਿਆਵਾਲੇ ਬਾਗ ਦਾ ਬਦਲਾ ਊਧਮ ਸਿੰਘ ਨੇ ਉਡਵਾਇਰ ਦੇ ਘਰ ਇੰਗਲੈਂਡ ਜਾ ਕੇ ਲਿਆ।

ਡਾ. ਗੁਰਪ੍ਰੀਤ ਸਿੰਘ