੧. ਜਦ ਪੁਰਸ਼ ਕਿਸੇ ਅਨੁਚਿਤ ਕੰਮ ਨੂੰ ਦੇਖ ਕੇ, ਜਾਂ ਕਿਸੇ ਨਾਲ ਲੜ ਭਿੜ ਕੇ ਨਰਾਜ ਅਥਵਾ ਗੁਸੇ ਹੁੰਦਾ ਹੈ ਤੇ ਵਿਚ ਗੁਸਾ ਚੜ੍ਹ ਜਾਂਦਾ ਹੈ । ਉਸ ਰੋਹ ਦਾ ਨਾਮ ‘ ਕ੍ਰੋਧ ‘ ਹੈ ।
੨. ਸਰੇਸ਼ਟ ਬੁਧੀ ਤਿਆਗ ਕੇ ਛਿਥੇ ਹੋ ਜਾਣ ਦਾ ਨਾਮ ਕ੍ਰੋਧ ਹੈ।
ਦੁਨੀਆਂ ਵਿਚ ਕ੍ਰੋਧ ਐਸਾ ਹੈ ਕਿ ਜਿਸਦੇ ਮਨ ਵਿਚ ਹੋਣੇ ਕਰਕੇ ਜੀਵ ਭਿਆਨਕ ਰੂਪ ਧਾਰ ਲੈਂਦਾ ਹੈ ਤੇ ਜੋ ਕੰਮ ਨਾ ਵੀ ਕਰਨ ਵਾਲਾ ਹੋਵੇ ਉਹ ਵੀ ਕਰ ਬੈਠਦਾ ਹੈ ਤੇ ਨੁਕਸਾਨ ਉਠਾ ਲੈਂਦਾ ਹੈ । ਇਸੀ ਵਾਸਤੇ ਕਰੋਧੀ ਆਦਮੀ ਸੁਭਾ ਦਾ ਸੜੀਅਲ ਤੇ ਕਮਜ਼ੋਰ ਹੋ ਜਾਂਦਾ ਹੈ ਤੇ ਮਿਠਾ ਬੋਲਣ ਦੀ ਆਦਤ ਹੀ ਹਟ ਜਾਂਦੀ ਹੈ ਤੇ ਹਰ ਵਕਤ ਹਿਰਦੇ ਵਿਚ ਗੁਸੇ ਦਾ ਭਾਂਬੜ ਹੀ ਮਚਿਆ ਰਹਿੰਦਾ ਹੈ। ਇਸੀ ਤਰ੍ਹਾਂ ਗੁਸਾ ਕਰਨ ਵਾਲਾ ਆਦਮੀ ਚੰਡਾਲ ਰੂਪ ਹੋ ਜਾਂਦਾ ਹੈ । ਜੈਸੇ ਗੁਰੂ ਜੀ ਨੇ ਆਪਣੀ ਬਾਣੀ ਵਿਚ ਦਸਿਆ ਹੈ :-
ਪਰ ਨਿੰਦਾ ਪਰਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
[ਸ੍ਰੀ ਰਾਗ ਮ: ੧ ਪੰਨਾ ੧੫
ਜੈਸੇ ਇਕ ਹੋਰ ਕਵੀ ਨੇ ਇਸ ਤਰ੍ਹਾਂ ਹੀ ਦਸਿਆ ਹੈ। ਯਥਾ:-
ਕਰੋਧ ਵਡਾ ਚੰਡਾਲ ਹੈ ਪਾਪ ਬਿਖ ਦੀ ਖਾਣ।
ਜਿਸ ਨੇ ਖਾਧਾ ਰਜ ਵੀ ਤਿਸਨੂੰ ਮੁਰਦਾ ਜਾਣ।੧
[ਮਿਡਲ ਕੋਰਸ ਹਿਸਾ ਤੀਜਾ
ਕਿਉਂਕਿ ਏਹ ਚੰਡਾਲ ਰੂਪ ਬਣਕੇ ਹੀ ਕਈਆਂ ਜੀਵਾਂ ਦਾ ਨਾਸ ਕਰਦਾ ਹੈ, ਬਲਕਿ ਸਭ ਤੋਂ ਪਿਆਰੇ ਸਕੇ ਭਰਾਵਾਂ ਦਾ ਖੂਨ ਕਰ ਦੇਂਦਾ ਹੈ ਤੇ ਪੁਤਰਾਂ ਨੂੰ ਮਾਰ ਦੇਂਦਾ ਹੈ, ਕਈ ਵੇਰ ਆਪਣੇ ਸਰੀਰ ਦਾ ਵੀ ਨਾਸ ਕਰ ਲੈਂਦਾ ਹੈ। (ਜੈਸੇ ਵਲਟੋਹੀ ਰਿਝਦੀ ਹੋਈ ਉਬਾਲਾ ਖਾ ਕੇ ਆਪਣੇ ਕੰਢੇ ਸਾੜ ਲੈਂਦੀ ਹੈ, ਤੈਸੇ ਕਰੋਧੀ ਪੁਰਸ਼ ਆਪਣਾ ਨਾਸ ਕਰ ਲੈਂਦਾ ਹੈ) ਇਸੀ ਵਾਸਤੇ ਗੁਰੂ ਜੀ ਨੇ ਇਸ ਤੋਂ ਬਚਣ ਦਾ ਉਪਦੇਸ਼ ਬਹੁਤ ਜਗ੍ਹਾ ਦਿਤਾ ਹੈ ਜੈਸੇ ਦਸਦੇ ਹਨ :-
ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥
(ਸੂਹੀ ਮ:੫, ਅੰਗ ੭੪੦)
ਸਾਖੀ-ਇਕ ਪੰਡਤ ਰਾਜੇ ਕੋਲ ਰੋਜ਼ ਕਥਾ ਕਰਨ ਜਾਂਦਾ ਹੁੰਦਾ ਸੀ । ਇਕ ਦਿਨ ਕਥਾ ਕਰਨ ਗਿਆ, ਤਾਂ ਰਾਜਾ ਉਸ ਵਕਤ ਆਪਣੇ ਧਿਆਨ ਵਿਚ ਬੈਠਾ ਸੀ ਇਸ ਵਾਸਤੇ ਪੰਡਤ ਜੀ ਦਾ ਉਠ ਕੇ ਆਦਰ ਨਾ ਕੀਤਾ । ਪੰਡਤ ਜੀ ਆਪਣਾ ਨਿਰਾਦਰ ਸਮਝ ਕੇ ਗੁਸੇ ਹੋਏ ਹੋਏ ਚੁਪ ਕਰਕੇ ਆਪਣੇ ਘਰ ਨੂੰ ਮੁੜ ਆਏ । ਜਦ ਰਾਜੇ ਨੇ ਲੋਕਾਂ ਨੂੰ ਪੁਛਿਆ, ਕਿ ਭਈ ਅਜ ਪੰਡਤ ਜੀ ਕਥਾ ਕਰਨ ਕਿਉਂ ਨਹੀਂ ਆਏ ਤਾਂ ਸਰੋਤਾ ਜਨਾਂ ਨੇ ਦਸਿਆ ਕਿ ਮਹਾਰਾਜ ਪੰਡਤ ਜੀ ਆਏ ਸਨ, ਪਰ ਤੁਸੀਂ ਆਪਣੇ ਧਿਆਨ ਵਿਚ ਬੈਠੇ ਰਹੇ ਤੇ ਓਨਾਂ ਦਾ ਉਠਕੇ ਸਤਿਕਾਰ ਨਾ ਕੀਤਾ, ਤਾਂ ਉਹ ਆਪਣਾ ਨਿਰਾਦਰ ਸਮਝ ਕੇ ਗੁਸੇ ਨਾਲ ਘਰ ਚਲੇ ਗਏ । ਜਦ ਰਾਜੇ ਨੇ ਇਹ ਗਲ ਸੁਣੀ ਤਾਂ ਪੰਡਤ ਜੀ ਦੇ ਲੈਣ ਲਈ ਇਕ ਆਦਮੀ ਭੇਜਿਆ, ਉਹ ਫੇਰ ਵੀ ਨਾ ਆਏ ਤਾਂ ਰਾਜਾ ਆਪ ਪੈਦਲ ਚਲਕੇ ਪੰਡਤ ਜੀ ਦੇ ਘਰ ਪੁਜਾ ਤੇ ਬੇਨਤੀ ਕੀਤੀ ਕਿ ਚਲ ਕੇ ਕਥਾ ਕਰੋ, ਪਰ ਪੰਡਤ ਜੀ ਬੜੇ ਕਰੋਧ ਵਿਚ ਸਨ, ਬਿਲਕੁਲ ਨਾ ਮੰਨੇ । ਰਾਜਾ ਆਪ ਮੁੜ ਆਇਆ ਇਕ ਦੋ ਹੋਰ ਆਦਮੀ ਭੇਜੇ, ਤਾਂ ਭੀ ਪੰਡਤ ਜੀ ਨਾ ਆਏ । ਆਖਰ ਇਕ ਭੰਗੀ ਨੇ ਸੁਣ ਕੇ ਕਿਹਾ, ਕਿ ਮਹਾਰਾਜ ਮੈਨੂੰ ਹੁਕਮ ਹੋਵੇ ਤਾਂ ਮੈਂ ਜਾ ਕੇ ਲੈ ਆਂਵਦਾ ਹਾਂ । ਤਾਂ ਰਾਜਾ ਕਹਿਣ ਲਗਾ, ਭਈ ਸਾਡੇ ਆਖੇ ਉਹ ਆਇਆ ਨਹੀਂ ਤੂੰ ਕੈਸੇ ਲੈ ਆਵੇਂਗਾ ?’ ਭੰਗੀ ਕਹਿਣ ਲਗਾ ਹਜ਼ੂਰ ! ਹੁਕਮ ਦਿਓ । ਤਾਂ ਰਾਜੇ ਨੇ ਕਿਹਾ ਜਾ ਲੈ ਆ । ਅਸੀਂ ਤਾਂ ਕਿਤਨੇ ਚਿਰ ਤੋਂ ਕਥਾ ਸੁਣਨ ਲਈ ਏਥੇ ਬੈਠੇ ਹਾਂ । ਤਾਂ ਭੰਗੀ ਆਗਿਆ ਪਾ ਕੇ ਪੰਡਤ ਜੀ ਦੇ ਘਰ ਦੇ ਬੂਹੇ ਅਗੇ ਪੁਜਾ ਤੇ ਜਾ ਆਵਾਜ਼ ਮਾਰੀ, ਪੰਡਤ ਜੀ ! ਪੰਡਤ ਜੀ !! ਛੇਤੀ ਬਾਹਰ ਆਓ । ਪੰਡਤ ਜੀ ਨੇ ਆਵਾਜ਼ ਸੁਣੀ ਤੇ ਅੰਦਰੋਂ ਹੀ ਪੁਛਿਆ, ਭਈ ਤੂੰ ਕੌਣ ਹੈਂ ? ਤਾਂ ਉਸ ਨੇ ਕਿਹਾ, ਜੀ ਮੈਂ ਭੰਗੀ ਹਾਂ ਤੇ ਆਪ ਦੇ ਪਾਸ ਅਰਜ ਕਰਨ ਆਇਆ ਹਾਂ । ਅਗੋਂ ਪੰਡਤ ਜੀ ਸੁਣ ਕੇ ਕਹਿਣ ਲਗੇ, ਭਈ ਮੈਂ ਚੰਡਾਲ ਦੇ ਮਥੇ ਨਹੀਂ ਲਗਦਾ । ਤਾਂ ਚੰਡਾਲ ਨੇ ਕਿਹਾ ਮਹਾਰਾਜ ਆਪ ਚੰਡਾਲ ਦੇ ਮਥੇ ਤੇ ਨਹੀਂ ਲਗਦੇ, ਪਰ ਆਪ ਨੇ ਮੇਰੇ ਭਰਾ ਨੂੰ ਕਿਉਂ ਅੰਦਰ ਰਖਿਆ ਹੋਇਆ ਹੈ,? ਪੰਡਤ ਜੀ ਸੁਣ ਕੇ ਬੜੇ ਕਰੋਧ ਵਿਚ ਆਏ ਤੇ ਕਹਿਣ ਲਗੇ, ਤੂੰ ਝੂਠ ਬੋਲਦਾ ਹੈਂ, ਤਾਂ ਭੰਗੀ ਨੇ ਕਿਹਾ ਜੀ ਮੈਂ ਸਚਾ ਹਾਂ । ਜਦ ਪੰਡਤ ਜੀ ਨੇ ਫੇਰ ਸੁਣਿਆ, ਤਾਂ ਅਗਾਂਹ ਵਧੇ ਤੇ ਵਧ ਕੇ ਕਹਿਣ ਲਗੇ, ਓ ਝੂਠੇ ਤੂੰ ਫੇਰ ਮੁੜ ਮੁੜ ਝੂਠ ਬੋਲਦਾ ਹੈ ? ਤਾਂ ਭੰਗੀ ਕਿਹਾ ਮਹਾਰਾਜ ਆਪ ਜਦ ਕਥਾ ਕਰਦੇ ਹੁੰਦੇ ਹੋ, ਤਾਂ ਮੈਂ ਦੂਰ ਖੜੋਤਾ ਕਈ ਵੇਰ ਕਥਾ ਸੁਣਦਾ ਹੁੰਦਾ ਹਾਂ ਤੇ ਆਪ ਕਈ ਵੇਰ ਕਹਿੰਦੇ ਹੁੰਦੇ ਹੋ ਕਿ ਕ੍ਰੋਧ ਚੰਡਾਲ ਰੂਪ ਹੈ ਤੇ ਜਿਸ ਦੇ ਹਿਰਦੇ ਵਿਚ ਵਸਦਾ ਹੈ, ਓਹਨੂੰ ਬੜੀ ਤਕਲੀਫ ਦੇਂਦਾ ਹੈ, ਸੋ ਪੰਡਤ ਜੀ ਕਰੋਧ ਰੂਪੀ ਚੰਡਾਲ ਮੇਰਾ ਭਰਾ ਆਪ ਦੇ ਹਿਰਦੇ ਰੂਪੀ ਘਰ ਵਿਖੇ ਇਸਥਿਤ ਹੈ ਸੋ ਆਪ ਇਸ ਨੂੰ ਬਾਹਰ ਕਢ ਦੇਵੋ ਤੇ ਚਲ ਕੇ ਕਥਾ ਕਰੋ, ਜਿਸ ਨੂੰ ਸੁਣ ਕੇ ਸਰੋਤਾ ਜਨ ਸੰਤੁਸ਼ਟ ਹੋਣ । ਤਾਂ ਪੰਡਤ ਜੀ ਇਤਨੀ ਗਲ ਸੁਣ ਕੇ, ਚੁਪ ਕਰ ਕੇ ਤੁਰ ਪਏ ਜਾ ਕੇ ਕਥਾ ਕੀਤੀ ਤੇ ਕਰੋਧ ਰੂਪੀ ਚੰਡਾਲ ਨੂੰ ਹਿਰਦੇ ਰੂਪੀ ਘਰ ਵਿਚੋਂ ਕੱਢ ਕੇ ਦੂਰ ਕੀਤਾ । ਤਾਂ ਤੇ ਇਸ ਤੋਂ ਸਦਾ ਬਚਣਾ ਚਾਹੀਦਾ ਹੈ।
ਇਸ ਵਾਸਤੇ ਸਤਿਗੁਰੂ ਜੀ ਆਪਣੀ ਬਾਣੀ ਵਿਚ ਇਸ ਦੇ ਸਵਰੂਪ ਦਾ ਵਰਨਣ ਕਰਦੇ ਹੋਏ ਐਉਂ ਦਸਦੇ ਹਨ ਤੇ ਕਹਿੰਦੇ ਹਨ ਕਿ ਕਰੋਧਵਾਨ ਪੁਰਸ਼ਾਂ ਤੋਂ ਸਦਾ ਬਚੋ । ਯਥਾ
ਗੁਰਵਾਕ :-
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥
[ਸ੍ਰੀ ਰਾਗ ਮ: ੪ ਪੰਨਾ ੪੦
ਸਲੋਕ
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥
[ਗਉੜੀ ਬਾਵਨ ਅਖਰੀ ਮ: ੫ ਪੰਨਾ ੨੫੯
ਇਨ੍ਹਾਂ ਤੁਕਾਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਕ੍ਰੋਧੀ ਪੁਰਸ਼ ਦੀ ਸੰਗਤ ਨਾ ਕਰੋ ਤੇ ਆਪ ਵੀ ਕਿਸੇ ਨਾਲ ਨਰਾਜ਼ ਨਾ ਹੋਵੋ, ਸਗੋਂ ਨਿਮਰਤਾ ਸਹਿਤ ਜਗਤ ਵਿਚ ਹਹੋ। ਸਹੰਸਕ੍ਰਿਤੀ ਸਲੋਕਾਂ ਵਿਚ ਗੁਰੂ ਜੀ ਕ੍ਰੋਧ ਨੂੰ ਕਹਿੰਦੇ ਹਨ, ਕਿ ਹੇ ਕ੍ਰੋਧ ! ਤੂੰ ਕਲਾ ਦਾ ਮੂਲ ਹੈਂ, ਤੇ ਪੁਰਖ ਤੋਂ ਮੰਦੇ ਕੰਮ ਕਰਾਉਂਦਾ ਹੋਇਆ ਅਧੋਗਤੀ ਨੂੰ ਪੁਚਾ ਦੇਂਦਾ ਹੈਂ ਪਰ ਤੇਰੇ ਕੋਲੋਂ ਛੁਡਾਉਣ ਵਾਲ਼ਾ ਕੇਵਲ ਇਕ ਵਾਹਿਗੁਰੂ ਹੀ ਹੈ,
ਯਥਾ ਗੁਰਵਾਕ :-
ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥ ਬਿਖਯੰਤ ਜੀਵੰ ਵਸੰ ਕਰੋਤਿ ਨਿਰੰਤੰ ਕਰੋਤਿ ਜਥਾ ਮਰਕਟਹ ॥ ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ ॥
ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖਾ ਕਰੋਤਿ ॥
[ਸਲੋਕ ਸਹਸਕ੍ਰਿਤੀ ਮ: ੫ ਪੰਨਾ ੧੧੫੮
ਸੋ ਜੀਵ ਨੂੰ ਚਾਹੀਏ ਕਿ ਇਸ ਕਰੋਧ ਚੰਡਾਲ ਤੋਂ ਸਦਾ ਹੀ ਬਚਿਆ ਰਹੇ ਤੇ ਪ੍ਰਮੇਸ਼ਰ ਦੀ ਭਗਤੀ ਕਰਕੇ ਆਪਣਾ ਜਨਮ ਸਫਲਾ ਕਰੇ ।
॥ ਬੈਂਤ॥
ਕਰੋਧ ਕਰਨ ਵਾਲੇ ਸਦਾ ਸੜਨ ਭੁਜਨ,
ਝਗੜੇ ਅਤੇ ਫਸਾਦ ਵਧਾਨ ਬੇਲੀ ।
ਰੂਪ ਧਾਰ ਕਰ ਸਦਾ ਚੰਡਾਲ ਵਾਲਾ,
ਕਰਦੇ ਆਪਣੇ ਆਪ ਦੀ ਹਾਨ ਬੇਲੀ।
ਜਪ, ਤਪ, ਬ੍ਰਤ ਆਦਿਕ ਸਾਰੇ ਰੁੜ੍ਹ ਜਾਂਦੇ,
ਚੰਗਾ ਕਰਮ ਨਾ ਕੋਈ ਕਮਾਨ ਬੇਲੀ ।
ਜਿਨ੍ਹਾਂ ਮਾਰ ਕਰੋਧ ਨੂੰ ਚੂਰ ਕੀਤਾ,
ਕਰਦੇ ‘ਭਗਤ’ ਹਰਿ ਚਰਨ ਸਮਾਨ ਬੇਲੀ ।
ਗਿਆਨੀ ਭਗਤ ਸਿੰਘ
