ਪਰਮਾਤਮਾ ਦੇ ਦੋ ਤਰ੍ਹਾਂ ਦੇ ਨਾਮ ਹਨ – ਕਿਰਤਮ ਤੇ ਪਰਾ ਪੂਰਬਲਾ।
ਜੋ ਪ੍ਰਭੂ ਪਿਆਰਿਆਂ ਨੇ ਪਰਮਾਤਮਾ ਦੇ ਗੁਣਾਂ ਨੂੰ ਵੇਖ ਕੇ ਨਾਮ ਰੱਖੇ ਨੇ ਉਹਨਾਂ ਨੂੰ ਕਿਰਤਮ ਨਾਮ ਆਖਿਆ ਜਾਂਦਾ, ਸਤਿਨਾਮ ਤੇਰਾ ਮੁੱਢ ਕਦੀਮਾਂ ਦਾ ਨਾਮ ਹੈ, ਤੇਰੀ ਇਹ ਹੋਂਦ ਜਗਤ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪਰਮਾਤਮਾ ਦੇ ਕਿਰਤਮ ਨਾਮ ਰੱਬ ਗੁਰੂ ਸਾਹਿਬਾਨ ਤੇ ਸ਼ੇਖ ਫਰੀਦ ਜੀ ਆਪਣੀ ਪਾਵਨ ਬਾਣੀ ਦੇ ਵਿੱਚ ਵਰਤਦੇ ਨੇ, ਦਰਿਆ ਦੇ ਕੰਢੇ ਤੇ ਬਗਲਾ ਮਸਤੀ ਦੇ ਵਿੱਚ ਮੱਛੀਆਂ ਫੜਨ ਦੀਆਂ ਕੇਲਾਂ ਕਰ ਰਿਹਾ ਸੀ, ਅਚਾਨਕ ਬਾਜ ਉਸਨੂੰ ਆ ਕਰਕੇ ਝਪਟ ਪਏ , ਰੱਬ ਦੇ ਬਾਜ ਪੈਣ ਦੇ ਸਦਕੇ ਕੇਲਾਂ ਵਿਸਰ ਗਈਆਂ, ਹੰਝ ਨੂੰ ਆਪਣੀ ਮੌਤ ਚਿੱਤ ਚੇਤੇ ਵੀ ਨਹੀਂ ਸੀ, ਰਬ ਨੇ ਉਹ ਗੱਲਾਂ ਕਰ ਦਿੱਤੀਆਂ:
ਫਰੀਦਾ ਦਰਿਆਵੈ ਕੰਨੈ੍ ਬਗੁਲਾ ਬੈਠਾ ਕੇਲ ਕਰੇ ।।
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ।।
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ।।
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ।। (ਸ੍ਰੀ ਗੁਰੂ ਗ੍ਰੰਥ ਸਾਹਿਬ,1382)
ਭਾਈ ਕਾਹਨ ਸਿੰਘ ਜੀ ਨਾਭਾ ‘ਮਹਾਨ ਕੋਸ਼’ ਦੇ ਵਿੱਚ ਰਬ ਅਰਬੀ ਭਾਸ਼ਾ ਦਾ ਸ਼ਬਦ ਤੇ ਅਰਥ ਪ੍ਰਤਿਪਾਲਕ, ਵਾਹਿਗੁਰੂ ਕਰਦੇ ਹਨ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਭਾਈ ਵੀਰ ਸਿੰਘ ਜੀ ਰਬ ਦੇ ਅਰਥ ਮਾਲਕ, ਪਾਲਣਹਾਰ,ਪਰਮੇਸ਼ਰ ਕਰਦੇ ਹਨ।
ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਰੱਬ ਦੀ ਵਿਆਖਿਆ ਰਬ ਹੀ ਕਰਦੇ ਹਨ। ਪਰਮਾਤਮਾ ਦੀ ਕਿਹੜੀ ਕਿਰਤ ਨੂੰ ਦੇਖ ਕੇ ਭਗਤਾਂ ਨੇ ਉਹਦਾ ਨਾਮ ਰਬ ਰੱਖਿਆ ਵਿਦਵਾਨਾਂ ਦੇ ਸਟੀਕ ਪੜ੍ਹ ਕੇ ਪਤਾ ਨਹੀਂ ਚੱਲਦਾ।
ਰਬ ਰਜਾਇ ਸਰਬ ਦਾ ਸੰਖੇਪ ਹੈ ।
ਜਗਤ ਦੇ ਵਿੱਚ ਸਭ ਕੁਝ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ ਰਿਹਾ, ਗੁਰੂ ਨਾਨਕ ਦੇਵ ਜੀ ਰਬ ਦੀ ਰਜ਼ਾ ਨੂੰ ਸਿਰ ਮੱਥੇ ਮੰਨਣਾ, ਕਰਤਾ ਨੂੰ ਮੰਨ ਕੇ ਤੇ ਆਪਾ ਭਾਵ ਗਵਾਉਣ , ਤੇ ਸਾਰੇ ਜੀਵਾਂ ਦਇਆ ਕਰਨ ਵਾਲਾ ਮਨੁੱਖ ਹੀ ਮੁਸਲਮਾਣ ਸਦਾ ਸਕਦਾ ਹੈ਼:
ਰਬ ਕੀ ਰਜਾਇ ਮੰਨੇ ਸਿਰ ਊਪਰਿ ਕਰਤਾ ਮੰਨੇ ਆਪੁ ਗਵਾਵੈ ।।
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਸਦਾਵੈ।। ( ਸ੍ਰੀ ਗੁਰੂ ਗ੍ਰੰਥ ਸਾਹਿਬ,141)
ਇਕ ਵਾਰ ਬਰਸਾਤਾਂ ਦੇ ਸਮੇਂ ਮੁਲਤਾਨ ਦੇ ਵਿੱਚ ਦਰਿਆ ਬੜਾ ਚੜਿਆ, ਕਿਨਾਰਿਆਂ ਨੂੰ ਢਾਹ ਲੱਗਣ ਲੱਗ ਪਈ, ਬਾਬਾ ਫਰੀਦ ਜੀ ਢੈਂਦੇ ਹੋਏ ਕਿਨਾਰਿਆਂ ਨੂੰ ਦੇਖ ਕੇ ਦਰਿਆ ਨੂੰ ਆਖਦੇ ਨੇ, ਦਰਿਆ ਕਿਨਾਰਿਆਂ ਨੂੰ ਨਾ ਢਾਹ ਤੈਨੂੰ ਵੀ ਲੇਖਾ ਦੇਣਾ ਪਵੇਗਾ, ਵਹਿਣ ਨੇ ਬਾਬਾ ਫਰੀਦ ਦੇ ਸਵਾਲ ਦਾ ਜਵਾਬ ਦਿੰਦੇ ਆਖਿਆ ਮੈਂ ਰੱਬ ਦੀ ਰਜ਼ਾ ਦੇ ਵਿੱਚ ਹੀ ਵਗ ਰਿਹਾ ਹਾਂ:
ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ।।
ਜਿਧਰ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ।।
(ਸ੍ਰੀ ਗੁਰੂ ਗ੍ਰੰਥ ਸਾਹਿਬ,1382)
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਕਾਲ ਉਸਤਤ ਦੇ ਵਿੱਚ ਫਰਮਾਨ ਕਰਦੇ ਹਨ ਕਿ , ਬੰਗਾਲੀ, ਫਿਰੰਗੀ, ਦਿੱਲੀ ਦੇ ਵਾਸੀ, ਰੁਹੇਲੇ, ਮਘੇਲੇ, ਬੁੰਦੇਲੇ, ਗੋਰਖੇ, ਚੀਨ, ਮਚੀਨ ਤੇ ਤਿਬਤੀ. ਸਾਰੇ ਤੇਰੀ ਆਗਿਆ ਦੇ ਵਿੱਚ ਚੱਲਦੇ ਹਨ:
ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੇ ਚਲਤ ਹੈ ।।
ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ।।
ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਿਯਾਵੈ ਤਿੱਬਤੀ ਧਿਆਇ ਦੋਖ ਦੇਹ ਕੋ ਦਲਤ ਹੈ।।
ਜਿਨੈ ਤੇਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ।। ( ਅਕਾਲ ਉਸਤਤਿ)
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ
