ਅਮਰੀਕਾ ਤੇ ਕੈਨੇਡਾ ਵਿੱਚ ਪੰਜਾਬੀ ਦੇ ਕੋਈ ਵੀਹ-ਬਾਈ ਪੇਪਰ ਨਿਕਲਦੇ ਨੇ । ਇਤਨੇ ਪੰਜਾਬ ਵਿੱਚ ਵੀ ਨਹੀਂ ਨਿਕਲਦੇ। ਇਹ ਸਾਰੇ ਦੇ ਸਾਰੇ ਜੋਤਸ਼ੀਆਂ ਨਾਲ ਭਰੇ ਪਏ ਨੇ ।
ਪੰਡਿਤ ਮਹਾਰਾਜ ਨਾਲ, ਪੀਰ ਸਾਈਂ ਨਾਲ, ਸੱਯਦ ਬਾਬੇ ਦੀਆਂ ਮਸ਼ਹੂਰੀਆਂ ਨਾਲ । ਇਹ ਪੰਜਾਬੀ ਦੇ ਪੇਪਰ ਕਿਉਂ ਭਰੇ ਹੋਏ ਨੇ? ਮੈਂ ਰੋਜ਼ਾਨਾ ਉਰਦੂ ਦਾ ਪੇਪਰ ਪੜ੍ਹਦਾ ਹਾਂ, ਮੈਨੂੰ ਧਾਲੀਵਾਲ ਜੀ ਲਿਆ ਦਿੰਦੇ ਨੇ । ਉਹਦੇ ‘ਚੋਂ ਮੈਨੂੰ ਜ਼ਰਾ ਪਾਕਿਸਤਾਨ ਤੇ ਹਿੰਦੋਸਤਾਨ ਦੀਆਂ ਖ਼ਬਰਾਂ ਦਾ ਪਤਾ ਚੱਲਦਾ ਹੈ । ਉਹਨਾਂ ਵਿੱਚ ਪੀਰ ਸਾਈਂ ਦੀ ਮਸ਼ਹੂਰੀ ਕੋਈ ਨਹੀਂ । ਉਹਨਾਂ ਵਿੱਚ ਪੰਡਿਤ ਜੀ ਮਹਾਰਾਜ ਵਗੈਰਾ ਦੀ ਕੋਈ ਮਸ਼ਹੂਰੀ ਨਹੀਂ । ਇਹਦਾ ਮਤਲਬ ਇਹਨਾਂ ਕੋਲ ਮੁਸਲਮਾਨ ਨਹੀਂ ਜਾਂਦੇ । ਸਾਰੇ ਸਿੱਖ ਜਾਂਦੇ ਨੇ । ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਜਾਂਦੇ ਪੀਰ ਸਾਈਂ ਕੋਲ ਨੇ । ਆਉਂਦੇ ਗੁਰਦਆਰੇ ਨੇ ਤੇ ਜਾਂਦੇ ਪੰਡਿਤ ਜੀ ਮਹਾਰਾਜ ਕੋਲ ਨੇ ਜਾਂ ਅਜਮੇਰੀ ਬਾਬੇ ਕੋਲ, ਸੱਯਦ ਬਾਬੇ ਕੋਲ। ਵੇਖੋ ਇਹ ਸੱਯਦ ਬਾਬੇ ਰੱਬ ਕੋਲੋਂ ਵੀ ਵੱਡੇ ਹੋ ਗਏ ! ਅੱਖੇ ! ਅਸੀਂ ਤਿੰਨ ਦਿਨਾਂ ਵਿੱਚ ਕੰਮ ਕਰ ਦੇਵਾਂਗੇ ਗਰੰਟੀ ਸ਼ੁਦਾ।
ਮੈਂ ਅਰਜ਼ ਕਰਾਂ, ਜੇਕਰ ਸੌ ਬੰਦੇ ਜਾਣ ਔਲਾਦ ਵਾਸਤੇ ਤਾਂ ਨੱਬਿਆਂ ਦੇ ਘਰ ਤਾਂ ਉਂਜ ਹੀ ਔਲਾਦ ਹੋ ਜਾਣੀ ਸੀ । ਇਹ ਕੀੜੇ ਮਕੌੜੇ, ਇਹ ਪਸ਼ੂ ਪੰਛੀ ਕਿਹੜੇ ਧਾਗੇ ਤਵੀਤ ਲੈਂਦੇ ਫਿਰਦੇ ਨੇ, ਇਹਨਾਂ ਦੇ ਵੀ ਔਲਾਦ ਹੁੰਦੀ ਹੈ। ਜਿਹਨਾਂ ਦੇ ਘਰ ਹੋ ਜਾਣਗੇ, ਉਹ ਕਹਿਣਗੇ ਕਿ ਪੀਰ ਸਾਈਂ ਦੀ ਬਖਸ਼ਿਸ਼ ਹੈ । ਬਾਕੀ ਕੰਮਾਂ ਬਾਰੇ ਵੀ ਇੰਜ ਹੀ ਸਮਝ ਲਵੋ । ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬੋਲ ਸੁਣਾਵਾਂ । ਜੇਕਰ ਇਸ ‘ਤੇ ਭਰੋਸਾ ਆਏ ਤਾਂ ਗੁਸਤਾਖੀ ਮੁਆਫ਼ ! ਮੈਨੂੰ ਕਹਿਣ ਦੇਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹੋ ਤੇ ਇਤਨਾ ਸੁਣ ਕੇ ਵੀ ਕੋਈ ਪੀਰ ਸਾਈਂ ਜਾਂ ਪੰਡਿਤਾਂ ਦੇ ਚੱਕਰਾਂ ਵਿੱਚ ਫਸਦਾ ਹੈ ਤਾਂ ਉਹ ਗੁਰਸਿੱਖ ਨਹੀਂ ਹੈ । ਗੁਰੂ ਨਾਨਕ ਜੀ ਦੇ ਬੋਲ ਤੁਹਾਨੂੰ ਸ੍ਰਵਣ ਕਰਾਵਾਂ, ਬੜੇ ਧਿਆਨ ਨਾਲ ਸੁਣੋ- ਹੋਰ ਕਿਸੇ ਦੇ ਕੁਝ ਹੱਥ ਵਿੱਚ ਨਹੀਂ ਹੈ । “ਦਾਤੈ ਦਾਤਿ ਰਖੀ ਹਥਿ ਅਪਣੈ” ਹੋਰ ਕਿਸੇ ਦੇ ਹੱਥ ਵਿੱਚ ਨਹੀਂ।
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥(ਅੰਗ ੧੬੮)
ਕੁਝ ਵੀ ਦੁੱਖ-ਸੁੱਖ ਬਿਨਾਂ ਹਰੀ ਤੋਂ ਨਹੀਂ ਲੱਗਦਾ । ਕੋਈ ਵੀ ਰੋਗ-ਸੋਗ ਹਾਦਸਾ ਬਿਨਾਂ ਪਰਮਾਤਮਾ ਤੋਂ ਨਹੀਂ ਹੁੰਦਾ । ਕੋਈ ਵੀ ਕਲਿ ਕਲੇਸ਼, ਸੁੱਖ ਅਨੰਦ ਬਿਨਾਂ ਪਰਮਾਤਮਾ ਦੇ ਹੱਥਾਂ ਤੋਂ ਹੋਰ ਕਿਸੇ ਪਾਸੇ ਤੋਂ ਨਹੀਂ ਆਉਂਦਾ।
ਟੀ.ਵੀ. ‘ਤੇ ਇਹਨਾਂ ਦੀ ਐਡ, ਰੇਡੀਓ ‘ਤੇ ਇਹਨਾਂ ਦੀ ਐਡ। ਮੈਂ ਤਾਂ ਦੇਖ ਕੇ ਦੰਗ ਰਹਿ ਜਾਨਾਂ ਕਿ ਅਖ਼ਬਾਰ ਪੰਜਾਬੀ ਦੇ ਤੇ ਇਹਨਾਂ ਨਾਲ ਭਰੇ ਹੋਏ ਨੇ । ਇਸ ਤੋਂ ਪਤਾ ਲੱਗਦਾ ਹੈ ਕਿ ਬਹੁਤੀ ਤਾਦਾਦ ਵਿੱਚ ਸਿੰਘ ਜਾਂਦੇ ਨੇ ਅਤੇ ਮੈਨੂੰ ਇਹ ਵੀ ਪਤਾ ਚੱਲਿਆ ਹੈ ਕਿ ਇਕ-ਇਕ ਪੀਰ ਬਾਬਾ, ਇਕ-ਇਕ ਪੰਡਿਤ ਇਕ ਹਫ਼ਤੇ ਵਿੱਚ ਕਮ ਸੇ ਕਮ ਚਾਰ-ਚਾਰ, ਪੰਜ-ਪੰਜ ਹਜ਼ਾਰ ਪੌਂਡ ਐਡ ‘ਤੇ ਖ਼ਰਚ ਕਰਦੇ ਨੇ। ਇੰਨਾ ਜ਼ਿਆਦਾ ਖ਼ਰਚ ਕਰਦੇ ਨੇ! ਇਕ ਸੁਆਲ ਪੁੱਛੋ ਤੇ ਪੰਜ ਸੌਂ ਪੌਂਡ ਮੰਗਦੇ ਨੇ, ਹਜ਼ਾਰ ਡਾਲਰ ਮੰਗਦੇ ਨੇ । ਅਖੇ ! ਤਿੰਨ ਦਿਨਾਂ ਵਿੱਚ ਤੁਹਾਡਾ ਕੰਮ ਕਰ ਦਿਆਂਗੇ । ਇੰਨੀ ਕੱਚੀ ਸ਼ਰਧਾ ਲੋਕਾਂ ਵਿੱਚ ਹੈ ਤੇ ਲੋਕੀਂ ਭਟਕ ਜਾਂਦੇ ਨੇ ।
ਗਿ. ਸੰਤ ਸਿੰਘ ਜੀ ਮਸਕੀਨ
