ਪੁਰਾਣੇ ਜ਼ਮਾਨਿਆਂ ਵਿੱਚ ਜਦ ਅੱਜ ਦੇ ਬਣਾਓ ਸ਼ਿੰਗਾਰ ਦੇ ਸਾਧਨ ਉਪਲਬਧ ਨਹੀਂ ਸਨ ਹੁੰਦੇ, ਲੋਕੀਂ ਉਸ ਸਮੇਂ ਵੀ ਆਪਣੇ ਕੇਸਾਂ ਦੀ ਸੰਭਾਲ ਤੇ ਪ੍ਰਵਰਸ਼ ਲਈ ਘਰੇਲੂ ਟੋਟਕਿਆਂ ਦੀ ਕਾਫੀ ਮਾਤਰਾ ਵਿੱਚ ਵਰਤੋਂ ਕਰਦੇ ਸਨ ਤਾਂ ਜੋ ਕੁਦਰਤ ਵੱਲੋਂ ਮਨੁੱਖ ਨੂੰ ਸੌਂਪੀ ਇਹ ਅਨਮੋਲ ਦਾਤ ਵਧੇਰੇ ਸਮੇਂ ਤੱਕ ਸੁਰੱਖਿਅਤ ਤੇ ਸ਼ਕਤੀਸ਼ਾਲੀ ਰਹਿ ਸਕੇ। ਇਸ ਲਈ ਉਹ ਲੋਕੀਂ ਅੰਡੇ ਦੇ ਚਿੱਟੇ ਪਦਾਰਥ ਨਾਲ ਕੇਸਾਂ ਦੀ ਮਾਲਿਸ਼ ਕਰਕੇ ਇਹਨਾਂ ਨੂੰ ਧੋਂਦੇ ਸਨ, ਕਿਉਂਕਿ ਇਹ ਪਦਾਰਥ ਕੇਸਾਂ ਨੂੰ ਨਿਖਾਰ ਕੇ ਸਾਫ-ਸੁਥਰਾ ਕਰਨ ਲਈ ਬਹੁਤ ਉਪਯੋਗੀ ਸਾਬਤ ਹੋਇਆ ਹੈ । ਜਿਹੜੇ ਲੋਕੀਂ ਕੁਝ ਕਾਰਨਾਂ ਵਸ ਅੰਡੇ ਦਾ ਪ੍ਰਯੋਗ ਨਹੀਂ ਸਨ ਕਰਨਾ ਚਾਹੁੰਦੇ ਉਹ ਕੇਸਾਂ ਦੀ ਸਫਾਈ ਲਈ ਦਹੀਂ ਦਾ ਇਸਤੇਮਾਲ ਕਰਦੇ ਸਨ, ਜਿਹੜਾ ਕੇਸਾਂ ਨੂੰ ਸਾਫ ਕਰਨ ਤੋਂ ਇਲਾਵਾ ਉਹਨਾਂ ਨੂੰ ਤਾਕਤ ਤੇ ਨਰੋਆਪਨ ਪ੍ਰਦਾਨ ਕਰਨ ਦੀ ਵੀ ਬੇਮਿਸਾਲ ਸਮੱਰਥਾ ਰੱਖਦਾ ਹੈ । ਹੁਣ ਵੀ ਕੇਸਾਂ ਦੀ ਬਹੁਤ ਸੰਭਾਲ ਕਰਨ ਵਾਲੇ ਲੋਕੀਂ ਕੇਸਾਂ ਨੂੰ ਸਾਬਣ, ਸ਼ੈਂਪੂ ਜਾਂ ਕਿਸੇ ਹੋਰ ਅਜਿਹੇ ਮਸਾਲੇ ਨਾਲ ਧੋਣ ਦੀ ਥਾਂ ਇਹਨਾਂ ਨੂੰ ਦਹੀਂ ਜਾਂ ਅੰਡੇ ਨਾਲ ਹੀ ਧੋਂਦੇ ਹਨ । ਉਹਨਾਂ ਦੇ ਕੇਸਾਂ ਦੀ ਲਿਸ਼ਕ, ਚਮਕ, ਮੁਲਾਇਮਤਾ ਤੇ ਬਹੁਤਾਤ ਦੂਜਿਆਂ ਦੇ ਮੁਕਾਬਲੇ ਵਿੱਚ ਕਿਤੇ ਵੱਧ ਹੋਣੀ ਸੁਭਾਵਿਕ ਹੈ । ਵੇਦਾਂ ਦੇ ਸਮੇਂ ਲੋਕੀਂ ਕੇਸਾਂ ਨੂੰ ਜੰਡ ਦੇ ਪੱਤਿਆਂ ਨਾਲ ਵੀ ਧੋਂਦੇ ਸਨ । ਉਹਨਾਂ ਦਾ ਖਿਆਲ ਹੈ ਕਿ ਇਵੇਂ ਕੇਸ ਬਹੁਤ ਲੰਮੇ ਸਮੇਂ ਤੱਕ ਸਵੱਛ ਤੇ ਸੋਹਣੇ ਰਹਿ ਸਕਦੇ ਹਨ । ਸ਼ਾਇਦ ਇਸੇ ਕਾਰਨ ਉਹ ਲੋਕ ਜੰਡ ਦੇ ਰੁੱਖ ਅੱਗੇ ਖੜ੍ਹੋ ਕੇ ਆਪਣੇ ਲੰਮੇ ਸੋਹਣੇ ਕੇਸਾਂ ਲਈ ਅਰਦਾਸਾਂ ਕਰਦੇ ਤੇ ਮੰਨਤਾਂ ਮੰਨਦੇ ਹੁੰਦੇ ਸਨ । ਇਸ ਗੱਲ ਦਾ ਉਲੇਖ ਪੁਰਾਣੀਆਂ ਲਿਖਤਾਂ ਤੇ ਵੇਦਾਂ ਵਿੱਚ ਬੜੇ ਸਪੱਸ਼ਟ ਰੂਪ ਵਿੱਚ ਮਿਲਦਾ ਹੈ। ਕੇਸਾਂ ਦੀ ਸਾਂਭ-ਸੰਭਾਲ ਲਈ ਹੁਣ ਤਾਂ ਮੌਜੂਦਾ ਬਿਊਟੀ ਪਾਰਲਰ ਵੀ ਉਕਤ ਦੱਸੇ ਢੰਗਾਂ ਦੀ ਸਿਫ਼ਾਰਸ਼ ਕਰਦੇ ਹਨ ਤੇ ਇਸ ਤੋਂ ਇਲਾਵਾ ਉਬਲੀ ਹੋਈ ਚਾਹ-ਪੱਤੀ ਵਾਲੇ ਪਾਣੀ ਨਾਲ ਕੇਸ ਧੋਣੇ ਕੇਸਾਂ ਲਈ ਲਾਹੇਵੰਦ ਦੱਸੇ ਜਾਂਦੇ ਹਨ। ਉਕਤ ਸਾਰੇ ਟੋਟਕੇ ਆਯੁਰਵੈਦਿਕ ਮਾਹਿਰਾਂ ਵੱਲੋਂ ਪ੍ਰਮਾਣਿਤ ਕੀਤੇ ਜਾ ਚੁੱਕੇ ਹਨ ਅਤੇ ਇਹ ਭਾਰਤ ਦੇ ਪੇਂਡੂ ਜਨ-ਜੀਵਨ ਵਿੱਚ ਅੱਜ ਵੀ ਬਹੁਤ ਪ੍ਰਚਲਿਤ ਹਨ ਜਿਨ੍ਹਾਂ ਦੀ ਬਦੌਲਤ ਕੇਸ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚੇ ਹੋਏ ਹੋਣ ਕਾਰਨ ਆਪਣਾ ਕਾਰਜ ਚੰਗੀ ਤਰ੍ਹਾਂ ਕਰ ਰਹੇ ਹਨ । ਇਹ ਸਸਤੇ ਉਪਚਾਰ ਹਰ ਕੋਈ ਅਸਾਨੀ ਨਾਲ ਅਪਣਾ ਕੇ ਆਪਣੇ ਕੇਸਾਂ ਨੂੰ ਸਵੱਛਤਾ ਤੇ ਲੰਮੀ ਉਮਰ ਪ੍ਰਦਾਨ ਕਰ ਸਕਦਾ ਹੈ । ਪਤਾ ਨਹੀਂ ਕੇਸ ਕਟਵਾਉਣ ਵਾਲੇ ਸੱਜਣ ਇਨ੍ਹਾਂ ਗੱਲਾਂ ਨੂੰ ਕਿਵੇਂ ਅਣਗੌਲਿਆਂ ਕਰ ਦੇਂਦੇ ਹਨ ?
ਸਰੂਪ ਸਿੰਘ ਅਲੱਗ
