views 3 secs 0 comments

ਸਿੱਖਾਂ ਦੇ ਸਿਰਾਂ ਤੇ ਕੇਸਾਂ ਦਾ ਮੁੱਲ

ਲੇਖ
March 06, 2026

ਅੰਗਰੇਜ਼ ਇਤਿਹਾਸਕਾਰ ਮੈਲਕਮ ਨੇ ਸਿੱਖਾਂ ਦੇ ਸੰਖੇਪ ਇਤਿਹਾਸ ਵਿੱਚ ਲਿਖਿਆ ਹੈ ਕਿ 18ਵੀਂ ਸਦੀ ਵਿੱਚ ਕਿਸੇ ਹਿੰਦੂ ਜਾਂ ਸਿੱਖ ਨੂੰ ਲੰਮੇ ਕੇਸ ਜਾਂ ਦਾਹੜੀ ਰੱਖਣ ਦੀ ਆਗਿਆ ਨਹੀਂ ਸੀ ਪਰ ਜਿਹੜਾ ਕੇਸ ਅਤੇ ਦਾਹੜੀ ਮੁਨਾਉਣ ਤੋਂ ਇਨਕਾਰ ਕਰਦਾ ਸੀ ਉਸ ਲਈ ਸਿੱਧੀ ਮੌਤ ਦੀ ਸਜ਼ਾ ਸੀ। ਅਜਿਹੇ ਸੰਗੀਨ ਆਦੇਸ਼ਾਂ ਦੇ ਬਾਵਜੂਦ ਵੀ ਕੇਸ-ਦਾਹੜੀਆਂ ਦੇ ਉਪਾਸ਼ਕ ਸਿੱਖ ਆਪਣੇ ਮੰਤਵ ਦੀ ਪੂਰਤੀ ਲਈ ਵੱਡੇ ਤੋਂ ਵੱਡੇ ਭੈ-ਭੀਤੀ ਆਦੇਸ਼ਾਂ ਦੀ ਪ੍ਰਵਾਹ ਨਾ ਕਰਦੇ। ਇਹੀ ਇਤਿਹਾਸਕਾਰ ਮੈਲਕਮ ਅੱਗੇ ਹੋਰ ਲਿਖਦਾ ਹੈ ਕਿ ਸਿੱਖਾਂ ਦੇ ਕੇਸ ਰੱਖਣ ਕਰਕੇ ਇਨ੍ਹਾਂ ਦੇ ਸਿਰਾਂ ਦੇ ਮੁੱਲਾਂ ਬਾਰੇ ਆਦੇਸ਼ਾਂ ਦੀ ਪ੍ਰਵਾਹ ਨਾ ਕਰਦੇ ਹੋਏ ਲੋਕਾਂ ਵੱਲੋਂ ਸਿੰਘ ਸਜਣਾ ਜਾਰੀ ਰਿਹਾ। ਇਸ ਸਿਲਸਿਲੇ ਵਿੱਚ ਉਸ ਨੇ ਪੰਜਾਬ ਵਿੱਚ ਉਸ ਸਮੇਂ ਪ੍ਰਚਲਿਤ ਇਕ ਰਵਾਇਤ ਦਾ ਜ਼ਿਕਰ ਕੀਤਾ ਜੋ ਇਵੇਂ ਹੈ: ਜੇਕਰ ਕਿਸੇ ਪੰਜਾਬਣ ਮਾਂ ਪਾਸੋਂ ਕੋਈ ਦੂਜੀ ਔਰਤ ਪੁੱਛੇ ਕਿ ਭੈਣੇ ਤੇਰੇ ਕਿਤਨੇ ਪੁੱਤਰ ਹਨ ਤਾਂ ਉਹ ਜਵਾਬ ਦਿੰਦੀ ਹੈ ਕਿ ਹਨ ਤਾਂ ਸੁੱਖ ਨਾਲ ਚਾਰ ਪਰ ਉਹਨਾਂ ਵਿੱਚੋਂ ਇਕ ਸਿੰਘ ਸਜ ਗਿਆ ਹੈ। ਭਾਵ ਇਹ ਕਿ ਸਿੰਘ ਸਜਣਾ ਮੌਤ ਨੂੰ ਸਿੱਧੀ ਅਵਾਜ਼ ਮਾਰਨਾ ਸੀ ਪਰ ਕਿਉਂਕਿ ਗੁਰੂ ਦੇ ਸੂਰਬੀਰ ਸਪੁੱਤਰ ਸਿੰਘ ਸੂਰਮੇ ਦੇਸ਼-ਕੌਮ ਦੀ ਰਾਖੀ ਲਈ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਰਹੇ ਸਨ, ਇਸ ਲਈ ਹਰ ਘਰ ਵਿੱਚੋਂ ਇਕ-ਦੋ ਪੁੱਤਰਾਂ ਨੂੰ ਮਾਵਾਂ ਚਾਵਾਂ ਨਾਲ ਸਿੰਘ ਸਜਾਉਂਦੀਆਂ ਅਤੇ ਇਨ੍ਹਾਂ ਕਾਰਨਾਮਿਆਂ ‘ਤੇ ਮਾਣ ਕਰਦੀਆਂ ਸਨ । ਜਦ ਕਦੀ ਇਹ ਸੂਰਮੇ ਦੁਸ਼ਮਣ ਨਾਲ ਲੋਹਾ ਲੈਣ ਉਪਰੰਤ ਆਪਣੇ ਘਰਾਂ ਵੱਲ ਚੱਕਰ ਮਾਰਦੇ ਤਾਂ ਪੰਜਾਬੀ ਮਾਵਾਂ ਆਪਣੇ ਇਨ੍ਹਾਂ ਸਪੁੱਤਰਾਂ ਦਾ ਤਿਆਗ, ਇਖਲਾਕ ਤੇ ਕੁਰਬਾਨੀ ਦੇ ਜਜ਼ਬੇ ਦੀ ਕਦਰਦਾਨੀ ਵਜੋਂ ਮਾਣ ਨਾਲ ਕਹਿੰਦੀਆਂ ਸਨ “ਆ ਗਏ ਨਿਹੰਗ, ਬੂਹੇ ਖੋਲ੍ਹ ਦਿਓ ਨਿਸੰਗ’ ਭਾਵ ਇਹ ਕਿ ਜਦ ਇਹੋ ਜਿਹੇ ਬਹਾਦਰ ਸੂਰਮੇ ਘਰ ਵਿੱਚ ਹੋਣ ਤਾਂ ਡਰ ਕੇ ਬੂਹੇ ਬੰਦ ਰੱਖਣ ਦੀ ਲੋੜ ਨਹੀਂ । ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਸਿੰਘਾਂ ਨੇ ਅਤਿਅੰਤ ਖਤਰੇ ਭਰੀ ਜ਼ਿੰਦਗੀ ਜੀਉ ਕੇ ਭੀ ਜ਼ਾਲਮਾਂ ਹੱਥੋਂ ਦੇਸ਼ ਦੀ ਆਜ਼ਾਦੀ ਲੈਣ ਦੀ ਸ਼ਮ੍ਹਾ ਨੂੰ ਜਗਾਈ ਰੱਖਿਆ ਤੇ ਮੁਗਲੀਆ ਜ਼ਾਲਮ ਰਾਜ ਦਾ ਖਾਤਮਾ ਕਰ ਕੇ ਹੀ ਸਾਹ ਲਿਆ।

ਸਰੂਪ ਸਿੰਘ ਅਲੱਗ