views 33 secs 0 comments

ਸ੍ਰੀ ਗੁਰੂ ਅਰਜਨ ਦੇਵ ਜੀ: ਦੋਹਿਤਾ ਬਾਣੀ ਕਾ ਬੋਹਿਥਾ

ਲੇਖ
April 08, 2026

ਸੇਵਾ, ਸਿਮਰਨ ਤੇ ਨਿਮਰਤਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਸ਼ੀਰਵਾਦ ਦਿੰਦਿਆਂ ਫੁਰਮਾਇਆ ਸੀ, “ਦੋਹਿਤਾ ਬਾਣੀ ਕਾ ਬੋਹਿਥਾ”। ਇਹ ਘਟਨਾ ਓਦੋਂ ਦੀ ਹੈ ਜਦੋਂ ਬਚਪਨ ਵਿਚ ਆਪ ਇਕ ਦਿਨ ਰਿੜ੍ਹਦੇ-ਰਿੜ੍ਹਦੇ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਦੀ ‘ਤੇ ਚਲੇ ਗਏ ਸਨ। ਗੁਰੂ ਜੀ ਨੇ ਮੁਸਕਰਾਅ ਕੇ ਕਿਹਾ, ‘ਪੁੱਤਰਾ! ਅਜੇ ਵੇਲਾ ਨਹੀਂ ਆਇਆ’। ਮਾਤਾ ਭਾਨੀ ਜੀ ਤਾਂ ਸਮਝ ਗਏ ਸਨ ਕਿ ਇਹ ਮਨੋਹਰ ਬਾਲ ਧੁਰੋਂ ਹੀ ਗੁਰੂ-ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਨੀਯਤ ਹੋ ਕੇ ਆਇਆ ਹੈ। ਅਪ ਜੀ ਮੁੱਢ-ਕਦੀਮ ਤੋਂ ਹੀ ਸੰਤ-ਸਰੂਪ ਸਨ। ਡਾ. ਗੁਰਦੇਵ ਸਿੰਘ ਪੰਦੋਹਲ ਆਪਣੀ ਪੁਸਤਕ ‘ਰੰਗ ਬਰੰਗੀਆਂ’ ਵਿਚ ਦੱਸਦੇ ਹਨ ਕਿ ਇਸ ਆਸ਼ੀਰਵਾਦ ਸਦਕਾ ਹੀ ਗੁਰੂ ਜੀ ਨੇ ੨੨੧੮ ਸ਼ਬਦਾਂ ਦੀ ਰਚਨਾ ਕੀਤੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਸ ਮਹਾਨ ਧਾਰਮਿਕ ਗ੍ਰੰਥ ਦੀ ਸੰਪਾਦਨਾ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਲੋਕਾਈ ‘ਤੇ ਇੱਕ ਵੱਡ-ਉਪਕਾਰ ਦਾ ਕਾਰਜ ਕੀਤਾ ਹੈ, ਜਿਸ ਤੋਂ ਅੱਜ ਵੀ ਸਾਰਾ ਸੰਸਾਰ ਸਿੱਖਿਆ ਲੈ ਰਿਹਾ ਹੈ। ਸ੍ਰੀ ਗੁਰੂ ਅਮਰਦਾਸ ਜੀ, ਜੋ ਗੁਰੂ ਜੀ ਦੇ ਨਾਨਾ ਜੀ ਲੱਗਦੇ ਸਨ, ਨੇ ੧੯ ਰਾਗਾਂ ਵਿਚ ੯੦੭ ਸ਼ਬਦਾਂ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਕ ਅਨੁਭਵੀ ਕਲਾਵਾਨ, ਪਵਿੱਤਰਤਾ ਦੇ ਸੋਮੇ, ਸ਼ਹੀਦਾਂ ਦੇ ਸਿਰਤਾਜ, ਉੱਚ-ਕੋਟੀ ਦੇ ਸੰਪਾਦਕ, ਮਹਾਨ ਉੱਸਰਈਏ, ਗੰਭੀਰ ਚਿੰਤਕ, ਬ੍ਰਹਮ ਗਿਆਨੀ, ਸੰਗੀਤ-ਪ੍ਰੇਮੀ, ਮਹਾਂ-ਕਵੀ, ਭਾਸ਼ਾ-ਵਿਗਿਆਨੀ, ਬਹੁ-ਪੱਖੀ ਵਿਦਵਾਨ ਅਤੇ ਨਿਮਰਤਾ ਦੇ ਪੁੰਜ ਸਨ। ਆਪ ਜੀ ਦਾ ਨਾਂ ਸਿੱਖ ਇਤਿਹਾਸ ਵਿਚ ਹੀ ਨਹੀਂ, ਸਗੋਂ ਸਾਰੇ ਸੰਸਾਰ ਵਿਚ ਚੜ੍ਹਦੇ ਸੂਰਜ ਵਾਂਗ ਹਮੇਸ਼ਾ ਚਮਕਦਾ ਰਹੇਗਾ।

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ੧੫ ਅਪ੍ਰੈਲ, ੧੫੬੩ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਿਹ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਸ੍ਰੀ ਗੋਇੰਦਵਾਲ ਸਾਹਿਬ (ਸ੍ਰੀ ਅੰਮ੍ਰਿਤਸਰ) ਹੁਣ ਜ਼ਿਲ੍ਹਾ ਤਰਨ ਤਾਰਨ ਵਿਖੇ ਅਵਤਾਰ ਧਾਰਿਆ। ਆਪ ਜੀ ਦੀ ਧਰਮ ਪਤਨੀ ਮਾਤਾ ਗੰਗਾ ਜੀ ਧਾਰਮਿਕ ਖ਼ਿਆਲਾਂ ਦੇ ਮਾਲਕ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦੇ ਗ੍ਰਿਹ ਵਿਖੇ ਅਵਤਾਰ ਧਾਰਿਆ। ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰਗੱਦੀ ਆਪਣੇ ਘਰ ਵਿਚ ਲਿਆਉਣ ਲਈ ਬਾਲ ਹਰਿਗੋਬਿੰਦ ਸਾਹਿਬ ‘ਤੇ ਕਈ ਮਾਰੂ ਹਮਲੇ ਕਰਵਾਏ, ਪਰ ਸਭ ਵਿਅਰਥ ਗਏ।

ਗੁਰੂ ਸਾਹਿਬ ਜੀ ਹਿੰਦੀ, ਪੰਜਾਬੀ, ਫ਼ਾਰਸੀ, ਸੰਸਕ੍ਰਿਤ, ਬ੍ਰਜ, ਮੁਲਤਾਨੀ, ਕੇਂਦਰੀ ਪੰਜਾਬੀ, ਪੰਜਾਬੀ ਦੀਆਂ ਉਪ-ਬੋਲੀਆਂ, ਆਦਿ ਦੇ ਗਿਆਤਾ ਸਨ । ਆਪ ਜੀ ਦੀ ਅਣਥੱਕ ਮਿਹਨਤ, ਤਿਆਗ, ਨਿਸ਼ਕਾਮ ਸੇਵਾ, ਅਧਿਆਤਮਿਕ ਰੁਚੀ, ਆਦਿ ਨੂੰ
ਦੇਖਦੇ ਹੋਏ ੧ ਸਤੰਬਰ, ੧੫੮੧ ਨੂੰ ਗੁਰਿਆਈ ਸੌਂਪੀ ਗਈ, ਜਿਸ ਕਾਰਨ ਵੱਡਾ ਭਰਾ ਪ੍ਰਿਥੀ ਚੰਦ ਆਪ ਜੀ ਨਾਲ ਖਾਰ ਖਾਣ ਲੱਗਾ।

ਗੁਰੂ ਜੀ ਨੂੰ ਕਲਮ ਤੇ ਸੰਗੀਤ ਦੀ ਦਾਤ ਵਿਰਸੇ ਵਿਚ ਪ੍ਰਾਪਤ ਹੋਈ ਅਤੇ ਉਹ ਇਕ ਮਹਾਨ ਅਧਿਆਤਮਕ ਚਿੰਤਕ ਵੀ ਸਨ। ਆਪ ਜੀ ਨੇ ਆਪਣੇ ਪਿਤਾ ਵਾਂਗ ੩੦ ਰਾਗਾਂ ਵਿਚ ਬਾਣੀ ਰਚੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ‘ਸੁਖਮਨੀ’ ਹੈ। ਇਹ ਰਾਗੁ ਗਉੜੀ ਵਿਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਹੈ। ਇਹ ੨੪ ਅਸ਼ਟਪਦੀਆਂ ਵਿਚ ਰਚੀ ਗਹਿਨ ਅਧਿਆਤਮਕ ਰਸਵਾਲੀ ਅਤੇ ਉਪਦੇਸ਼ਾਤਮਿਕ ਬਾਣੀ ਹੈ। ਸੰਸਾਰ ਦੇ ਵਿਸ਼ੇ-ਵਿਕਾਰ, ਧਨ-ਦੌਲਤ, ਮੋਹ-ਮਾਇਆ, ਪੁੱਤਰ, ਧੀ, ਸੁੰਦਰ-ਇਸਤਰੀ, ਆਦਿ ਇਹ ਸਭ ਸੁਖ ਦੇ ਸਾਧਨ ਨਹੀਂ ਹਨ। ਇਹ ਸੰਸਾਰੀ ਪਦਾਰਥ ਮਨੁੱਖ ਦੇ ਮਨ ਦੀ ਭਟਕਣਾ ਨੇ, ਜੋ ਮਾਨਵੀ ਮਨ ਨੂੰ ਅਸ਼ਾਂਤ ਰੱਖਦੇ ਹਨ।

‘ਸੁਖਮਨੀ’ ਸਾਹਿਬ ਵਿਚ ਗੁਰੂ ਜੀ ਫੁਰਮਾਉਂਦੇ ਹਨ ਕਿ ਮਨ ਦੀ ਸ਼ਾਂਤੀ ਅਤੇ ਟਿਕਾਉ ਲਈ ‘ਸਿਮਰਨ’ ਹੀ ਉੱਤਮ ਸਾਧਨ ਹੈ, ਜੋ ਮਨ ਵਿੱਚੋਂ ਕਲ੍ਹਾ-ਕਲੇਸ਼ ਦਾ ਨਾਸ਼ ਕਰ ਕੇ ਸੁਖ ਪ੍ਰਦਾਨ ਕਰਦਾ ਹੈ, ਅਰਥਾਤ ਮਨੁੱਖ ਨੂੰ ਆਦਰਸ਼ ਜੀਵਨ ਦਾ ਰਾਹ ਦਰਸਾਉਂਦਾ ਹੈ:

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥

ਕਲਿ ਕਲੇਸ ਤਨ ਮਾਹਿ ਮਿਟਾਵਉ॥

(पैठा २६२)

‘ਸੁਖਮਨੀ’ ਸੱਚਮੁਚ ਹੀ ਸੁਖਾਂ ਦੀ ਮਣੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀਆਂ ਵਿੱਚੋਂ ਇਹ ਪ੍ਰਮੁੱਖ ਰਚਨਾ ਹੈ, ਜੋ ਹਰ ਇਨਸਾਨ ਨੂੰ ਅੰਦਰੂਨੀ ਸਕੂਨ, ਸੰਤੋਖ ਤੇ ਮਨ ਦੀ ਖੁਸ਼ੀ ਬਖਸ਼ਦੀ ਹੈ। ਕੇਵਲ ਸਿੱਖ ਕੌਮ ਹੀ ਨਹੀਂ, ਸਗੋਂ ਦੂਸਰੇ ਧਰਮਾਂ ਦੇ ਲੋਕ ਵੀ ਮਨ ਦੀ ਸ਼ਾਂਤੀ ਲਈ ਇਸ ਬਾਣੀ ਦਾ ਪਾਠ ਕਰਦੇ ਅਤੇ ਆਨੰਦਮਈ ਜੀਵਨ ਬਤੀਤ ਕਰਦੇ ਹਨ।

ਅਜੋਕੇ ਸਮੇਂ ਵਿਚ ਆਤਮਿਕ ਸੁਖਾਂ ਦਾ ਨਿਘਾਰ ਹੀ ਨਹੀਂ, ਸਗੋਂ ਮਨੁੱਖ ਮਤਲਬ-ਪ੍ਰਸਤੀ ਦੀ ਡੂੰਘੀ ਖਾਈ ਵਿਚ ਡਿੱਗ ਰਿਹਾ ਹੈ। ਆਪਣੀ ਜਾਇਦਾਦ ਸਾਂਭੀ ਨਹੀਂ ਜਾਂਦੀ, ਪਰ ਉਹ ਬੇਗਾਨੀ ਜਾਇਦਾਦ ‘ਤੇ ਵੀ ਅੱਖ ਰੱਖਦਾ ਹੈ, ਅਰਥਾਤ ਹਰ ਸ਼ੈਅ ਨੂੰ, ਕਿਸੇ ਵੀ ਕੀਮਤ ‘ਤੇ, ਹਥਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਥੋਂ ਤੀਕਰ ਮਨੁੱਖ ਉਸ ਕਰਤਾ-ਪੁਰਖ ਨੂੰ ਵੀ ਭੁਲਦਾ ਜਾ ਰਿਹਾ, ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ। ਭਾਵ ਮਨੁੱਖ ਦੀ ਅਕਲ ‘ਤੇ ਪਦਾਰਥਵਾਦ ਦਾ ਪਰਦਾ ਪੈ ਗਿਆ ਹੈ।

ਅਜੋਕਾ ਮਨੁੱਖ ਜਾਦੂ-ਟੂਣਿਆਂ ਅਤੇ ਵਿਖਾਵੇਬਾਜ਼ੀ ਵਿਚ ਪੂਰੀ ਤਰ੍ਹਾਂ ਗ੍ਰਸਿਆ ਗਿਆ ਹੈ। ਇਹੋ ਜਿਹੀਆਂ ਮ੍ਰਿਗ-ਤ੍ਰਿਸ਼ਨਾਵਾਂ ਹੀ ਮਨੁੱਖੀ ਮਨ ਵਿਚ ਆਪਣਾ ਪੱਕਾ ਆਲ੍ਹਣਾ ਬਣਾ ਲੈਂਦੀਆਂ ਹਨ। ਮਨੁੱਖ ਕਹਿੰਦਾ ਕੁਝ ਤੇ ਕਰਦਾ ਕੁਝ ਹੈ, ਅਰਥਾਤ ਉਸ ਦੀ ਕਹਿਣੀ ਤੇ ਕਰਨੀ ਵਿਚ ਬਹੁਤ ਫ਼ਰਕ ਹੈ। ਮਨੁੱਖ ਜੈਸਾ ਉੱਪਰੋਂ ਦਿਸਦਾ ਹੈ, ਵੈਸਾ ਹੈ ਨਹੀਂ। ਉਸ ਦੇ ਮਨ ਵਿਚ “ਮੈਂ” ਨੇ ਘਰ ਕਰ ਲਿਆ ਹੈ। ਜੇ ਕਿਧਰੇ ਪਰਮਾਤਮਾ ਆਪਣੀ ਦਿੱਤੀ ਹੋਈ ਬਖਸ਼ਿਸ਼ ‘ਚੋਂ ਇੱਕ ਵਸਤੂ ਵੀ ਵਾਪਸ ਲੈ ਲਏ ਤਾਂ ਅਸੀਂ ਸੌ ਗਿਲਾ-ਸ਼ਿਕਵਾ ਕਰਦੇ ਹਾਂ।
ਇੱਥੇ ਹੀ ਬਸ ਨਹੀਂ, ਮਨੁੱਖ ਨੇ ਪਹਾੜ ਜਿੱਡੇ ਵਿਤਕਰੇ ਖੜ੍ਹੇ ਕੀਤੇ ਹੋਏ ਹਨ, ਜਿਵੇਂ ਵੈਰ-ਵਿਰੋਧ, ਜਾਤ-ਪਾਤ, ਉਚ-ਨੀਚ, ਆਦਿ। ਇਸੇ ਕਰਕੇ ਹੀ ਮਨੁੱਖ ਦੇ ਮਨ ਦੀ ਭਟਕਣਾ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਪਰੰਤੂ ਸਬਰ-ਸੰਤੋਖ ਤੋਂ ਬਿਨਾਂ ਮਨ ਟਿਕਾਉ ਵਿਚ ਨਹੀਂ ਆਉਂਦਾ। ਗੁਰੂ ਜੀ ਦਾ ਫੁਰਮਾਨ ਹੈ:

ਬਿਨਾ ਸੰਤੋਖ ਨਹੀ ਕੋਉ ਰਾਜੈ॥

ਸੁਪਨ ਮਨੋਰਥ ਇਥੇ ਸਭ ਕਾਜੈ॥

(पेठा २०९)

ਗੁਰੂ ਜੀ ਫੁਰਮਾਉਂਦੇ ਹਨ ਕਿ ਸੱਚ ਅਤੇ ਈਮਾਨ ‘ਤੇ ਚੱਲਣਾ, ਮਿੱਠਾ ਬੋਲਣਾ, ਆਪਸੀ ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਦੀ ਭਾਵਨਾ ਬਣਾਈ ਰੱਖਣਾ ਹੀ ਮਨੁੱਖੀ-ਜੀਵਨ ਦਾ ਅਸਲੀ ਉਦੇਸ਼ ਹੋਣਾ ਚਾਹੀਦਾ ਹੈ। ਜੀਵਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਦਿ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਮਨੁੱਖ ਨੂੰ ਨਿਕੰਮਾ ਬਣਾ ਦਿੰਦੇ ਨੇ ਤੇ ਸਿੱਟੇ ਵਜੋਂ ਮਨੁੱਖ ਸਹੀ ਰਸਤੇ ਤੋਂ ਭਟਕ ਜਾਂਦਾ ਹੈ।

ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ। ਨਾਮ ਸਿਮਰਨ ਕੀਤਿਆਂ ਹੀ ਮਨੋ-ਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਇਸ ਲਈ ਸਮੇਂ ਨੂੰ ਸਾਰਥਕ ਬਣਾਉਣ ਦੀ ਲੋੜ ਹੈ। ਸਮੇਂ ਦਾ ਸਦ-ਉਪਯੋਗ ਕਰ ਕੇ ਹੀ ਅਜੋਕੀ ਜੀਵਨ-ਸ਼ੈਲੀ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ। ਹਰ ਮਨੁੱਖ ਨੂੰ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ, ਭਾਵੇਂ ਕੁਝ ਪਲ ਹੀ ਕਰੇ, ਪਰ ਇੱਕ-ਮਨ-ਇੱਕ ਚਿੱਤ ਹੋ ਕੇ ਕਰਨਾ ਚਾਹੀਦਾ ਹੈ, ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਹਰ ਮਨੁੱਖ ਨੂੰ ਸਬਰ-ਸੰਤੋਖ ਦਾ ਜੀਵਨ ਜਿਉਣਾ ਅਤੇ ਉਸ ਅਕਾਲ-ਪੁਰਖ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ। ਕਲ-ਕਲੇਸ਼, ਆਪਸੀ ਝਗੜੇ-ਝੇੜੇ ਅਤੇ ਜਾਤ-ਪਾਤ ਦਾ ਖੰਡਨ ਕਰਦਿਆਂ ਗੁਰੂ ਜੀ ਫੁਰਮਾਉਂਦੇ ਹਨ ਕਿ ਸਾਰੇ ਇਨਸਾਨ ਬਰਾਬਰ ਹਨ ਅਤੇ ਸਭਨਾਂ ਵਿਚ ਇੱਕ ਹੀ ਪਰਮਾਤਮਾ ਦੀ ਜੋਤ ਜਗ ਰਹੀ ਹੈ।

ਸੁਖਮਨੀ ਸਾਹਿਬ ਵਿਚ ਸਿਮਰਨ, ਸਾਧ-ਸੰਗਤ, ਸਬਰ-ਸੰਤੋਖ ਅਤੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਅਪਣਾ ਕੇ ਆਦਰਸ਼ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਗਈ ਹੈ। ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਇੱਕ ਸੱਚੇ-ਸੁੱਚੇ ਸੰਤ ਦੀ ਤਰ੍ਹਾਂ ਮਨੁੱਖ ਨੂੰ ਆਪਣਾ ਜੀਵਨ ਢਾਲਣਾ ਚਾਹੀਦਾ ਹੈ। ਮਨਮੁਖ ਦੀ ਭਾਵਨਾ ਨੂੰ ਤਿਆਗ ਕੇ ਗੁਰਮੁਖ ਦੀ ਭਾਵਨਾ ਅਪਣਾਉਣੀ ਚਾਹੀਦੀ ਹੈ। ਗੱਲ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖ ਨੂੰ ਆਦਰਸ਼ ਜੀਵਨ ਜਿਊਣ ਦੀ ਸਿੱਖਿਆ ਦਿੱਤੀ ਗਈ ਹੈ। ਇਹ ਮਾਨਵ ਜਾਤੀ ਦੇ ਲਈ ਸੌਗਾਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨਵੀ ਕਦਰਾਂ-ਕੀਮਤਾਂ ਦਾ ਖ਼ਜ਼ਾਨਾ ਹੈ। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਨਵੀ ਰਿਸ਼ਤੇ, ਕੁਦਰਤ ਦੀ ਸਾਂਭ-ਸੰਭਾਲ ਅਤੇ ਅਦਭੁਤ ਗਿਆਨ ‘ਤੇ ਚਾਨਣਾ ਪਾਇਆ ਹੈ, ਜੋ ਅੱਜ ਦੇ ਵਿਗਿਆਨੀ ਇਨ੍ਹਾਂ ਤੱਥਾਂ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੁਰੂ ਜੀ ਨੇ ਆਪਣੇ ਨਾਨਾ ਜੀ ਦੁਆਰਾ ਦਿੱਤੇ ਗਏ ਆਸ਼ੀਰਵਾਦ “ਦੋਹਿਤਾ ਬਾਣੀ ਕਾ ਬੋਹਿਥਾ” ‘ਤੇ ਫੁੱਲ ਚੜਾਏ ਹਨ। ਸੋ, ਸਾਨੂੰ ਸਾਰਿਆਂ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲਗ ਕੇ ਅਨੰਦਮਈ ਜੀਵਨ ਬਤੀਤ ਕਰਨਾ ਚਾਹੀਦਾ ਹੈ।

ਦਲਵੀਰ ਸਿੰਘ ਲੁਧਿਆਣਵੀ